ਕਰਨਾਟਕ ਹਿਜਾਬ ਵਿਵਾਦ: 'ਮੇਰੇ ਨਾਲ ਪੜ੍ਹਨ ਵਾਲੇ ਹੀ ਮੇਰੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਸਨ' - ਉਡੁਪੀ ਤੋਂ ਗ੍ਰਾਊਂਡ ਰਿਪੋਰਟ

ਹਿਜਾਬ
    • ਲੇਖਕ, ਦਿਵਿਆ ਆਰਿਆ
    • ਰੋਲ, ਬੀਬੀਸੀ ਪੱਤਰਕਾਰ, ਉਡੂਪੀ ਤੋਂ

ਮੂੰਹ 'ਤੇ ਕਾਲਾ ਮਾਸਕ, ਗਲੇ 'ਚ ਭਗਵਾ ਕੱਪੜਾ/ਸ਼ਾਲ ਅਤੇ ਨਾਅਰਾ, "ਜੈ ਸ੍ਰੀ ਰਾਮ"। ਅੱਠ ਫਰਵਰੀ ਨੂੰ ਅਕਾਂਕਸ਼ਾ ਐਸ ਹੰਚੀਨਾਮੱਠ ਉਨ੍ਹਾਂ ਸੈਂਕੜੇ ਹੀ ਵਿਦਿਆਰਥੀਆਂ 'ਚ ਸ਼ਾਮਲ ਸੀ ਜੋ ਹਿਜਾਬ ਦੀ ਮੰਗ ਕਰ ਰਹੀਆਂ ਮੁਸਲਿਮ ਵਿਦਿਆਰਥੀਆਂ ਦੇ ਸਾਹਮਣੇ ਖੜ੍ਹੇ ਸਨ।

ਕਰਨਾਟਕ ਦੇ ਤੱਟੀ ਸ਼ਹਿਰ ਉਡੁਪੀ 'ਚ ਮਹਾਤਮਾ ਗਾਂਧੀ ਮੈਮੋਰੀਅਲ, ਐਮਜੀਐਮ ਕਾਲਜ ਦੇ ਕੈਂਪਸ 'ਚ ਅਗਲੀ ਕਲਾਸ ਲਈ ਅਜੇ ਘੰਟੀ ਵੱਜੀ ਹੀ ਸੀ ਕਿ ਇਹ ਵਿਦਿਆਰਥੀ ਆਹਮੋ-ਸਾਹਮਣੇ ਹੋ ਗਏ।

ਉਸ ਦਿਨ ਐਮਜੀਐਮ ਕਾਲਜ ਸਮੇਤ ਕਰਨਾਟਕ ਦੇ ਹੋਰ ਕਈ ਕਾਲਜਾਂ 'ਚ ਭਗਵਾ ਸ਼ਾਲ ਅਤੇ ਪੱਗ ਬੰਨ੍ਹੀ ਵਿਦਿਆਰਥੀ ਹਿਜਾਬ ਪਹਿਨਣ ਵਾਲਿਆਂ ਦਾ ਵਿਰੋਧ ਕਰ ਰਹੇ ਸਨ। ਜਦੋਂ ਅਸੀਂ ਅਕਾਂਕਸ਼ਾ ਦੇ ਘਰ 'ਚ ਉਸ ਨਾਲ ਮੁਲਾਕਾਤ ਕੀਤੀ ਤਾਂ ਉਸ ਨੇ ਆਪਣਾ ਭਗਵਾ ਸ਼ਾਲ ਵਿਖਾਉਂਦਿਆਂ ਕਿਹਾ ਕਿ ਉਹ ਉਸ ਦਿਨ ਪੂਰੀ ਤਿਆਰੀ ਨਾਲ ਕਾਲਜ ਗਈ ਸੀ।

ਉਸ ਨੇ ਕਿਹਾ, "ਅਸੀਂ ਸਾਰਿਆਂ ਨੇ ਮਿਲ ਕੇ ਇਹ ਫੈਸਲਾ ਲਿਆ ਸੀ। ਮੈਂ ਵੀ ਆਪਣੇ ਬੈਗ 'ਚ ਭਗਵਾ ਸ਼ਾਲ ਰੱਖ ਲਿਆ ਸੀ। ਅਸੀਂ ਇਹ ਵਿਖਾਉਣਾ ਚਾਹੁੰਦੇ ਸੀ ਕਿ ਧਰਮ ਨੂੰ ਸ਼ਾਮਲ ਕਰਨ ਦਾ ਕੀ ਨਤੀਜਾ ਹੋਵੇਗਾ।"

ਪਿਛਲੇ ਕਈ ਦਿਨਾਂ ਦੌਰਾਨ ਹਿੰਦੂ ਵਿਦਿਆਰਥੀਆਂ ਨੇ ਪ੍ਰਿੰਸੀਪਲ ਨੂੰ ਕਿਹਾ ਸੀ ਕਿ ਜੇ ਇਸੇ ਤਰ੍ਹਾਂ ਹੀ ਮੁਸਲਿਮ ਕੁੜੀਆਂ ਹਿਜਾਬ ਪਾ ਕੇ ਕਾਲਜ ਆਉਂਦੀਆਂ ਰਹੀਆਂ ਤਾਂ ਉਹ ਵੀ ਭਗਵਾ ਸ਼ਾਲ ਪਾ ਕੇ ਕਾਲਜ ਆਉਣਗੇ। ਇਸ ਤੋਂ ਬਾਅਦ ਪ੍ਰਿੰਸੀਪਲ ਨੇ ਮੁਸਲਿਮ ਕੁੜੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹੁਣ ਤੋਂ ਕਲਾਸ 'ਚ ਹਿਜਾਬ ਨਾ ਪਹਿਨ ਕੇ ਆਉਣ ਦੀ ਗੁਜਾਰਿਸ਼ ਕੀਤੀ।

ਇਸ ਤੋਂ ਇੱਕ ਦਿਨ ਪਹਿਲਾਂ ਤੱਕ ਐਮਜੀਐਮ ਕਾਲਜ ਦੀਆਂ ਕਲਾਸਾਂ 'ਚ ਹਿਜਾਬ ਪਾਉਣ ਦੀ ਇਜਾਜ਼ਤ ਸੀ।

ਇਹ ਵੀ ਪੜ੍ਹੋ:

ਕੁਝ ਮੁਸਲਿਮ ਕੁੜੀਆਂ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਪ੍ਰਿੰਸੀਪਲ ਨਾਲ ਹੋਈ ਆਪਣੀ ਮੁਲਾਕਾਤ ਦੌਰਾਨ ਇਸ ਗੱਲਬਾਤ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਉਹ ਪ੍ਰਿੰਸੀਪਲ ਦੀ ਇਸ ਗੁਜ਼ਾਰਿਸ਼ ਤੋਂ "ਹੈਰਾਨ" ਰਹਿ ਗਈਆਂ ਹਨ।

ਉਡੂਪੀ ਦੀ ਮਸਜਿਦ

ਇੱਕ ਮੁਸਲਿਮ ਵਿਦਿਆਰਥਣ ਨੇ ਕਿਹਾ, "ਉਨ੍ਹਾਂ ਨੇ ਦਾਖਲੇ ਮੌਕੇ ਕਿਹਾ ਸੀ ਕਿ ਹਿਜਾਬ ਪਾਉਣ 'ਤੇ ਕੋਈ ਪਾਬੰਦੀ ਨਹੀਂ ਹੈ। ਸਿਰਫ ਇਸੇ ਕਰਕੇ ਮੈਂ ਕਿਸੇ ਹੋਰ ਕਾਲਜ 'ਚ ਦਾਖਲਾ ਨਹੀਂ ਲਿਆ ਸੀ। ਹੁਣ ਕੋਰਸ ਦੇ ਦਰਮਿਆਨ ਹੀ ਨਵੇਂ ਨਿਯਮਾਂ ਨੂੰ ਬਣਾਉਣਾ ਸਰਾਸਰ ਗਲਤ ਹੈ।

ਇਹ ਸਾਡੀ ਪਛਾਣ ਅਤੇ ਸੰਵਿਧਾਨਕ ਅਧਿਕਾਰ ਦਾ ਮਾਮਲਾ ਹੈ। ਇਹ ਅੱਲ੍ਹਾ ਦਾ ਹੁਕਮ ਹੈ।"

ਅਕਾਂਕਸ਼ਾ ਦੀ ਕਲਾਸ 'ਚ ਵੀ ਤਿੰਨ ਕੁੜੀਆਂ ਹਿਜਾਬ ਪਾ ਕੇ ਆਉਂਦੀਆਂ ਰਹੀਆਂ ਹਨ।

ਅਕਾਂਕਸ਼ਾ
ਤਸਵੀਰ ਕੈਪਸ਼ਨ, ਅਕਾਂਕਸ਼ਾ ਕਹਿੰਦੇ ਹਨ, "ਮੈਂ ਕਦੇ ਵੀ ਆਪਣੇ ਦੋਸਤਾਂ ਨੂੰ ਧਰਮ ਦੇ ਅਧਾਰ 'ਤੇ ਨਹੀਂ ਵੰਡਿਆ।''

ਅਕਾਂਕਸ਼ਾ ਅਨੁਸਾਰ ਉਨ੍ਹਾਂ ਨੂੰ ਉਨ੍ਹਾਂ ਮੁਸਲਿਮ ਕੁੜੀਆਂ ਦੇ ਨਾਲ ਕਦੇ ਵੀ ਅਸਹਿਜ ਮਹਿਸੂਸ ਨਹੀਂ ਹੋਇਆ ਸੀ।

ਅਕਾਂਕਸ਼ਾ ਕਹਿੰਦੇ ਹਨ, "ਮੈਂ ਕਦੇ ਵੀ ਆਪਣੇ ਦੋਸਤਾਂ ਨੂੰ ਧਰਮ ਦੇ ਅਧਾਰ 'ਤੇ ਨਹੀਂ ਵੰਡਿਆ। ਆਪਣੀ ਪਸੰਦ ਨਾ-ਪਸੰਦ ਅਨੁਸਾਰ ਹੀ ਦੋਸਤ ਬਣਾਏ ਹਨ। ਹਿੰਦੂ-ਮੁਸਲਿਮ ਕੋਈ ਮੁੱਦਾ ਨਹੀਂ ਸੀ।"

ਫਿਰ ਅਚਾਨਕ ਇਹ ਮੁੱਦਾ ਕਿਵੇਂ ਬਣ ਗਿਆ?

ਵਿਵਾਦ ਦੀ ਸ਼ੁਰੂਆਤ

ਉਡੁਪੀ ਦੇ ਕਾਲਜਾਂ 'ਚ ਹਿਜਾਬ ਪਹਿਣਨ ਬਾਰੇ ਕੋਈ ਇੱਕ ਨੀਤੀ ਨਹੀਂ ਹੈ।

ਐਮਜੀਐਮ ਕਾਲਜ ਦੀ ਤਰ੍ਹਾਂ ਹੀ ਹੋਰ ਬਹੁਤ ਸਾਰੇ ਨਿੱਜੀ ਕਾਲਜ ਆਪਣੇ ਨਿਯਮਾਂ 'ਚ ਹਿਜਾਬ ਦੀ ਇਜਾਜ਼ਤ ਜਾਂ ਪਾਬੰਦੀ ਬਾਰੇ ਸਪੱਸ਼ਟ ਤੌਰ 'ਤੇ ਜ਼ਿਕਰ ਕਰਦੇ ਹਨ। ਉੱਥੇ ਹੀ ਦੂਜੇ ਪਾਸੇ ਸਰਕਾਰੀ ਕਾਲਜਾਂ 'ਚ ਇਹ ਨਿਯਮ ਹਰ ਸਾਲ ਤੈਅ ਹੁੰਦਾ ਹੈ।

ਕਰਨਾਟਕ 'ਚ ਵਿਦਿਅਕ ਅਦਾਰਿਆਂ ਲਈ ਨਿਯਮ
ਤਸਵੀਰ ਕੈਪਸ਼ਨ, ਕਰਨਾਟਕ 'ਚ ਵਿਦਿਅਕ ਅਦਾਰਿਆਂ ਲਈ ਨਿਯਮ

ਪਿਛਲੇ ਸਾਲ ਦਸੰਬਰ ਮਹੀਨੇ ਜਿਸ ਕਾਲਜ 'ਚ ਹਿਜਾਬ ਦੀ ਮੰਗ ਸ਼ੁਰੂ ਹੋਈ ਸੀ, ਉੱਥੇ ਪਿਛਲੇ ਹੀ ਸਾਲ ਹਿਜਾਬ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।

ਕੋਵਿਡ ਕਾਰਨ ਲੱਗੇ ਲਾਕਡਾਊਨ ਤੋਂ ਬਾਅਦ ਜਦੋਂ ਸਰਕਾਰੀ ਪੀਯੂ ਕਾਲਜ ਫਾਰ ਗਰਲਜ਼ ਖੁੱਲ੍ਹਿਆ ਅਤੇ 11ਵੀਂ ਜਮਾਤ (ਜਾਂ ਪ੍ਰੀ-ਯੂਨੀਵਰਸਿਟੀ) 'ਚ ਦਾਖਲਾ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀਆਂ ਸੀਨੀਅਰ ਵਿਦਿਆਰਥਣਾਂ ਹਿਜਾਬ ਪਾਉਂਦੀਆਂ ਰਹੀਆਂ ਹਨ ਤਾਂ ਉਨ੍ਹਾਂ ਨੇ ਵੀ ਹਿਜਾਬ ਪਹਿਨਣ ਦੀ ਇਜਾਜ਼ਤ ਮੰਗੀ।

ਸਾਰੇ ਸਰਕਾਰੀ ਪ੍ਰੀ-ਯੂਨੀਵਰਸਿਟੀ ਕਾਲਜਾਂ 'ਚ ਵਰਦੀਆਂ ਤੈਅ ਕਰਨ ਦਾ ਫੈਸਲਾ ਇਲਾਕੇ ਦੇ ਵਿਧਾਇਕ ਦੀ ਅਗਵਾਈ ਵਾਲੀ ਕਾਲਜ ਵਿਕਾਸ ਕਮੇਟੀ ਵੱਲੋਂ ਲਿਆ ਜਾਂਦਾ ਹੈ। ਉਡੁਪੀ ਦੇ ਭਾਜਪਾ ਵਿਧਾਇਕ ਰਘੂਵੀਰ ਭੱਟ ਨੇ ਵਿਦਿਆਰਥਣਾਂ ਦੀ ਗੱਲ ਨਾ ਮੰਨ੍ਹੀ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ "ਅਨੁਸ਼ਾਸਨ ਦਾ ਮਾਮਲਾ ਹੈ ਅਤੇ ਸਾਰਿਆਂ ਨੂੰ ਇੱਕੋ ਜਿਹੀ ਵਰਦੀ ਪਹਿਨਣੀ ਪਵੇਗੀ।"

ਉਹ ਇਸ ਗੱਲ ਤੋਂ ਮੁਨਕਰ ਹੁੰਦੇ ਹਨ ਕਿ ਉਨ੍ਹਾਂ ਦਾ ਇਹ ਫੈਸਲਾ ਉਨ੍ਹਾਂ ਦੀ ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ।

ਭੱਟ ਦਾ ਕਹਿਣਾ ਹੈ, "ਰਾਜਨੀਤੀ ਕਰਨ ਲਈ ਹੋਰ ਕਈ ਮੁੱਦੇ ਹਨ, ਇਹ ਤਾਂ ਸਿੱਖਿਆ ਦਾ ਮਾਮਲਾ ਹੈ।"

ਹਾਲਾਂਕਿ ਉਨ੍ਹਾਂ ਨੇ ਮੰਨਿਆ ਕਿ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਅਤੇ ਹਿੰਦੂ ਜਾਗਰਣ ਵੇਦਿਕੇ ਵਰਗੇ ਹਿੰਦੂਵਾਦੀ ਸੰਗਠਨਾਂ ਨੇ ਹਿੰਦੂ ਵਿਦਿਆਰਥੀਆਂ ਵੱਲੋਂ ਧਾਰਮਿਕ ਚਿੰਨ੍ਹਾਂ ਨਾਲ ਪ੍ਰਦਰਸ਼ਨ ਕਰਨ ਦਾ ਸਮਰਥਨ ਕੀਤਾ ਹੈ।

ਰਘੁਵੀਰ ਭੱਟ
ਤਸਵੀਰ ਕੈਪਸ਼ਨ, ਭਾਜਪਾ ਵਿਧਾਇਕ ਰਘੁਵੀਰ ਭੱਟ

ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਗਈਆਂ ਕਈ ਵੀਡੀਓਜ਼ ਵਿੱਚ ਵੇਖਿਆ ਗਿਆ ਹੈ ਕਿ ਭਗਵੇ ਰੰਗ ਦੀਆਂ ਪੱਗਾਂ ਨੂੰ ਨਵੇਂ ਪੈਕੇਟਾਂ 'ਚੋਂ ਕੱਢ ਕੇ ਵੰਡਿਆ ਜਾ ਰਿਹਾ ਹੈ।

ਭੱਟ ਨੇ ਕਿਹਾ, "ਮੈਡਮ, ਐਕਸ਼ਨ ਦਾ ਰਿਐਕਸ਼ਨ ਤਾਂ ਹੁੰਦਾ ਹੀ ਹੈ। ਜਦੋਂ ਕੈਂਪਸ ਫਰੰਟ ਆਫ ਇੰਡੀਆ ਵਰਗੀ ਫਿਰਕੂ ਜਥੇਬੰਦੀ ਮਾਹੌਲ ਖਰਾਬ ਕਰ ਰਹੀ ਹੈ, ਕੁੜੀਆਂ ਨੂੰ ਨਿਯਮ ਤੋੜਨ ਲਈ ਕਿਹਾ ਜਾ ਰਿਹਾ ਹੈ ਤਾਂ ਕਿ ਸਾਡੀਆਂ ਜਥੇਬੰਦੀਆਂ ਜਾਂ ਸਾਡੀਆਂ ਹਿੰਦੂ ਕੁੜੀਆਂ ਬੈਠ ਕੇ ਇਹ ਸਭ ਵੇਖਣਗੀਆਂ?"

ਉਨ੍ਹਾਂ ਨੇ ਇੱਕ ਕਾਲਜ ਤੋਂ ਸ਼ੁਰੂ ਹੋਏ ਇਸ ਵਿਵਾਦ ਨੂੰ ਪੂਰੇ ਸੂਬੇ 'ਚ ਫੈਲਾਉਣ ਦੀ ਜ਼ਿੰਮੇਵਾਰੀ 'ਕੈਂਪਸ ਫਰੰਟ ਆਫ ਇੰਡੀਆ' ਦੇ ਸਿਰ ਮੜੀ ਹੈ।

ਕਾਰਵਾਈ ਅਤੇ ਪ੍ਰਤੀਕਰਮ

ਐਕਸ਼ਨ ਅਤੇ ਰਿਐਕਸ਼ਨ- ਉਡੁਪੀ 'ਚ ਇਹ ਸ਼ਬਦ ਵਾਰ-ਵਾਰ ਸੁਣਨ ਨੂੰ ਮਿਲ ਰਹੇ ਹਨ। ਮੰਦਰਾਂ ਦੇ ਸ਼ਹਿਰ ਵਜੋਂ ਜਾਣੇ ਜਾਂਦੇ ਉਡੁਪੀ 'ਚ 10 ਫੀਸਦੀ ਮੁਸਲਮਾਨ ਅਤੇ 6 ਫੀਸਦੀ ਇਸਾਈ ਰਹਿੰਦੇ ਹਨ।

ਮੁਸਲਮਾਨ ਅਤੇ ਗੈਰ-ਮੁਸਲਮਾਨ ਵੱਖੋ-ਵੱਖ ਇਲਾਕਿਆਂ 'ਚ ਨਹੀਂ ਰਹਿੰਦੇ ਹਨ। ਸਾਰੇ ਧਰਮਾਂ ਦੇ ਲੋਕ ਇੱਕ ਹੀ ਮੁੱਹਲੇ 'ਚ ਇਕੱਠੇ ਮਿਲ ਕੇ ਰਹਿੰਦੇ ਹਨ। ਕਈ ਪੇਸ਼ਿਆਂ 'ਚ ਤਾਂ ਉਹ ਇੱਕਠੇ ਕੰਮ ਵੀ ਕਰਦੇ ਹਨ ਅਤੇ ਇੱਥੇ ਸੜਕਾਂ 'ਤੇ ਹਿਜਾਬ ਜਾਂ ਬੁਰਕਾ ਪਾਉਣ ਵਾਲੀਆਂ ਔਰਤਾਂ ਆਮ ਹੀ ਵਿਖਾਈ ਦਿੰਦੀਆਂ ਹਨ।

ਪਰ ਮੌਜੂਦਾ ਤਣਾਅਪੂਰਨ ਮਾਹੌਲ 'ਚ ਇੱਕੋ ਸਮੇਂ ਮੁਸਲਿਮ ਅਤੇ ਹਿੰਦੂ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਦੀਆਂ ਸਾਰੀਆਂ ਹੀ ਕੋਸ਼ਿਸ਼ਾਂ ਨਾਕਾਮ ਰਹੀਆਂ ਹਨ।

ਐਮਜੀਐਮ ਦੀ ਇੱਕ ਮੁਸਲਿਮ ਵਿਦਿਆਰਥਣ ਨੇ ਕਿਹਾ ਅੱਠ ਫਰਵਰੀ ਨੂੰ ਜੋ ਕੁਝ ਵੀ ਵਾਪਰਿਆਂ ਉਹ ਸਭ ਉਸ ਦੇ ਦਿਮਾਗ 'ਚ ਤਾਜ਼ਾ ਹੈ।

ਉਸ ਨੇ ਕਿਹਾ, "ਉਹ ਸਾਰੇ ਹੀ ਸਾਡੇ ਕਾਲਜ ਤੋਂ ਸੀ। ਵਧੇਰੇਤਰ ਤਾਂ ਮੇਰੀ ਹੀ ਕਲਾਸ 'ਚੋਂ ਸਨ। ਇਸ ਕਰਕੇ ਮੇਰਾ ਮਨ ਬਹੁਤ ਹੀ ਦੁਖੀ ਹੋਇਆ ਸੀ, ਕਿਉਂਕਿ ਮੇਰੇ ਨਾਲ ਪੜ੍ਹਨ ਵਾਲੇ ਹੀ ਮੇਰੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਸਨ।"

8 ਫਰਵਰੀ ਨੂੰ ਐਮਜੀਐਮ ਕਾਲਜ ਸਮੇਤ ਹੋਰ ਕਈ ਥਾਵਾਂ 'ਤੇ ਵਿਦਿਆਰਥੀਆਂ ਵੱਲੋਂ ਭਗਵੇਂ ਪਟਕੇ ਪਹਿਨਣ ਅਤੇ ਨਾਅਰੇਬਾਜ਼ੀ ਕਰਨ ਕਰਕੇ ਕਰਨਾਟਕ ਸਰਕਾਰ ਨੇ ਸਾਰੇ ਕਾਲਜ ਬੰਦ ਕਰ ਦਿੱਤੇ ਅਤੇ ਹੁਣ ਕਾਲਜਾਂ ਦੇ ਖੁੱਲ੍ਹਣ ਦਾ ਖਿਆਲ ਵੀ ਸ਼ੱਕ ਦੇ ਘੇਰੇ 'ਚ ਹੈ।

ਉਸ ਵਿਦਿਆਰਥਣ ਨੇ ਕਿਹਾ, "ਜ਼ਾਹਿਰ ਹੈ ਕਿ ਇਸ ਨਾਲ ਨਫਰਤ ਫੈਲੇਗੀ। ਅਸੀਂ ਸੋਚਾਂਗੇ ਕਿ ਉਹ ਹਿੰਦੂ ਹਨ ਅਤੇ ਉਹ ਸੋਚਣਗੇ ਕਿ ਇਹ ਮੁਸਲਮਾਨ ਹਨ, ਇਸ ਲਈ ਦੋਵੇਂ ਇੱਕ ਦੂਜੇ ਦੇ ਖਿਲਾਫ ਹਨ। ਇਸ ਨਾਲ ਤਾਂ ਨਫਰਤ ਦਾ ਮਾਹੌਲ ਬਣ ਜਾਵੇਗਾ।"

'ਕਰਨਾਟਕ ਕਮਿਊਨਲ ਹਾਰਮਨੀ ਫੋਰਮ' ਪਿਛਲੇ 30 ਸਾਲਾਂ ਤੋਂ ਕਰਨਾਟਕ 'ਚ ਵੱਧ ਰਹੀ ਫਿਰਕਾਪ੍ਰਸਤੀ ਵਿਰੁੱਧ ਕੰਮ ਕਰ ਰਹੀ ਹੈ।

ਫੋਰਮ ਦੇ ਸੀਨੀਅਰ ਮੈਂਬਰ ਪ੍ਰੋ. ਫਣੀਰਾਜ ਕੇ ਦਾ ਕਹਿਣਾ ਹੈ ਕਿ ਕਰਨਾਕਟ ਦੇ ਕਈ ਖੇਤਰਾਂ 'ਚ ਹੌਲੀ-ਹੌਲੀ ਫਿਰਕੂ ਤਾਕਤਾਂ ਮਜ਼ਬੂਤ ਹੋਈਆਂ ਹਨ ਅਤੇ ਮੌਜੂਦਾ ਵਿਵਾਦ 'ਚ ਐਕਸ਼ਨ-ਰਿਐਕਸ਼ਨ ਨੂੰ ਇਤਿਹਾਸਕ ਨਜ਼ਰ ਤੋਂ ਵੇਖਣਾ ਜ਼ਰੂਰੀ ਹੈ।

ਫਿਰਕਾਪ੍ਰਸਤੀ ਦਾ ਇਤਿਹਾਸ ਅਤੇ ਵਰਤਮਾਨ

ਫਣੀਰਾਜ ਦੇ ਸੰਗਠਨ ਨੇ ਸਾਲ 2010 ਤੋਂ ਦੱਖਣੀ ਕਰਨਾਕਟ ਅਤੇ ਉਡੁਪੀ ਜ਼ਿਲ੍ਹੇ 'ਚ ਫਿਰਕਾਪ੍ਰਸਤੀ ਦੀਆਂ ਘਟਨਾਵਾਂ ਦੀ ਜਾਣਕਾਰੀ ਇੱਕਠੀ ਕੀਤੀ ਹੈ।

ਹਰ ਸਾਲ ਦੇ ਅੰਕੜਿਆਂ 'ਚ 'ਮੋਰਲ ਪੁਲਿਸਿੰਗ', ਸਰੀਰਕ ਹਮਲੇ, ਧਾਰਮਿਕ ਥਾਂਵਾਂ ਨੂੰ ਨੁਕਸਾਨ, ਨਫਰਤ ਵਾਲੇ ਭਾਸ਼ਣ, ਕੈਟਲ ਵਿਜ਼ਿਲਾਂਟਿਜ਼ਮ ਸਮੇਤ ਲਗਭਗ 100 ਮਾਮਲਿਆਂ ਦੀ ਜਾਣਕਾਰੀ ਹੈ।

ਪ੍ਰੋਫ਼ੈਸਰ ਫਣੀਰਾਜ ਕੇ

ਪ੍ਰੋਫ਼ੈਸਰ ਫਣੀਰਾਜ ਦਾ ਕਹਿਣਾ ਹੈ, "1990 ਤੋਂ ਬਾਅਦ, ਰਾਮ ਜਨਮ ਭੂਮੀ ਅੰਦੋਲਨ ਤੋਂ ਬਾਅਦ, ਤੁਸੀਂ ਜਿੱਥੇ ਏਬੀਵੀਪੀ ਦਾ ਤੇਜ਼ੀ ਨਾਲ ਉਭਾਰ ਵੇਖਦੇ ਹੋ ਅਤੇ ਨਾਲ ਹੀ ਪਹਿਲਾਂ ਐਸਐਫਆਈ ਅਤੇ ਫਿਰ ਐਨਐਸਯੂਆਈ ਦਾ ਪਤਨ ਹੁੰਦਾ ਹੈ। ਇਸ ਤੋਂ ਸਪੱਸ਼ਟ ਹੈ ਕਿ ਹਿੰਦੂਤਵ ਦੀ ਕੱਟੜਪੰਥੀ ਵਿਚਾਰਧਾਰਾ ਵਿਦਿਆਰਥੀਆਂ ਦੇ ਮਨਾਂ 'ਚ ਘਰ ਕਰ ਗਈ ਹੈ।"

ਉਨ੍ਹਾਂ ਅਨੁਸਾਰ ਇਸ ਦਾ ਇੱਕ ਹੋਰ ਪ੍ਰਤੀਕਰਮ ਹੈ- ਸਿਰਫ ਮੁਸਲਿਮ ਵਿਦਿਆਰਥੀਆਂ ਦੇ ਅਧਿਕਾਰਾਂ ਲਈ ਬਣ ਰਹੇ ਸੰਗਠਨ, ਜਿਵੇਂ ਕਿ ਕੈਂਪਸ ਫਰੰਟ ਆਫ ਇੰਡੀਆ।

ਕੱਟੜਪੰਥੀ ਇਸਲਾਮੀ ਸੰਗਠਨ 'ਪਾਪੂਲਰ ਫਰੰਟ ਆਫ ਇੰਡੀਆ ਦੇ ਸਿਆਸੀ ਵਿੰਗ ਮੰਨੇ ਜਾਣ ਵਾਲੇ ਸੀਐਫਆਈ 'ਤੇ ਰਾਜਨੀਤਿਕ ਫਾਇਦੇ ਲਈ ਇਸ ਮੁੱਦੇ ਨੂੰ ਤੂਲ ਦੇਣ ਅਤੇ ਅਦਾਲਤ ਦਾ ਦਰਵਾਜ਼ਾ ਖੜਕਾਉਣ ਵਾਲੀਆਂ ਮੁਸਲਿਮ ਕੁੜੀਆਂ ਨੂੰ ਵਿਚਾਲੇ ਦਾ ਰਾਹ ਅਪਣਾਉਣ ਤੋਂ ਰੋਕਣ ਦਾ ਇਲਜ਼ਾਮ ਲੱਗਿਆ ਹੈ।

ਸੀਐਫਆਈ ਦੇ ਕੌਮੀ ਜਨਰਲ ਸਕੱਤਰ ਅਸ਼ਵਾਨ ਸਾਦਿਕ ਨੇ ਇਸ ਗੱਲ ਨੂੰ ਰੱਦ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਇਸ ਮਾਮਲੇ 'ਚ ਕੋਈ ਭੜਕਾਊ ਬਿਆਨਬਾਜ਼ੀ ਨਹੀਂ ਹੋਈ ਹੈ।

ਸਾਦਿਕ ਦਾ ਕਹਿਣਾ ਹੈ, "ਜਦੋਂ ਕੇਸਰੀ ਸ਼ਾਲ ਸਾਹਮਣੇ ਆਏ, ਏਬੀਵੀਪੀ ਨੇ ਦਖਲ ਦਿੱਤਾ, ਭਾਜਪਾ ਐਮਪੀ ਅਤੇ ਐਮਐਲਏ ਨੇ ਸਿਆਸੀ ਬਿਆਨ ਦੇਣੇ ਸ਼ੁਰੂ ਕੀਤੇ ਤਾਂ ਉਸ ਸਮੇਂ ਇਹ ਮਾਮਲਾ ਵਿਗੜਦਾ ਚਲਾ ਗਿਆ।"

ਸਾਦਿਕ ਨੇ ਇਸ ਮਾਹੌਲ ਦੇ ਖਰਾਬ ਹੋਣ ਪਿੱਛੇ ਦੋ ਬਿਆਨਾਂ ਦਾ ਹਵਾਲਾ ਦਿੱਤਾ ਹੈ।

ਅਸ਼ਵਾਨ ਸਾਦਿਕ
ਤਸਵੀਰ ਕੈਪਸ਼ਨ, ਸੀਐਫਆਈ ਦੇ ਕੌਮੀ ਜਨਰਲ ਸਕੱਤਰ ਅਸ਼ਵਾਨ ਸਾਦਿਕ

ਪਹਿਲਾ, ਮੰਤਰੀ ਸੁਨੀਲ ਕੁਮਾਰ ਦਾ ਬਿਆਨ, ਜਿਸ 'ਚ ਉਨ੍ਹਾਂ ਕਿਹਾ , "ਅਸੀਂ ਕਰਨਾਟਕ ਨੂੰ ਤਾਲਿਬਾਨ ਨਹੀਂ ਬਣਨ ਦੇਵਾਂਗੇ।"

ਅਤੇ ਦੂਜਾ ਭਾਜਪਾ ਆਗੂ ਵਾਸਨਗੌੜਾ ਪਾਟਿਲ ਦਾ ਬਿਆਨ ਕਿ "ਹਿਜਾਬ ਚਾਹੀਦਾ ਹੈ ਤਾਂ ਪਾਕਿਸਤਾਨ ਚਲੇ ਜਾਵੋ।"

ਕੰਨੜ ਨਿਊਜ਼ ਚੈਨਲਾਂ 'ਤੇ ਇਸ ਮਾਮਲੇ ਨੂੰ ਲੈ ਕੇ ਕਾਫ਼ੀ ਬਹਿਸ ਹੋ ਰਹੀ ਹੈ ਅਤੇ ਸੋਸ਼ਲ ਮੀਡੀਆ 'ਤੇ ਮੀਮਜ਼ ਵੀ ਅਜਿਹੀਆਂ ਭਾਵਨਾਵਾਂ ਨੂੰ ਭੜਕਾ ਰਹੇ ਹਨ।

ਪਹਿਲਾਂ ਵੀ ਹਿਜਾਬ 'ਤੇ ਸਵਾਲ ਉੱਠੇ ਹਨ

ਉਡੁਪੀ 'ਚ ਜੋ ਕੁਝ ਵੀ ਹੋਇਆ, ਉਹ ਕੋਈ ਪਹਿਲਾ ਮਾਮਲਾ ਨਹੀਂ ਹੈ। ਤੱਟਵਰਤੀ ਕਰਨਾਟਕ 'ਚ ਸਾਲ 2005 ਤੋਂ ਮੁਸਲਮਾਨ ਕੁੜੀਆਂ ਦੇ ਕਾਲਜ 'ਚ ਹਿਜਾਬ ਪਾਉਣ 'ਤੇ ਸਵਾਲ ਉੱਠਦੇ ਆ ਰਹੇ ਹਨ।

ਹੁਣ ਤੱਕ ਤਾਂ ਇਹ ਮਾਮਲੇ ਪ੍ਰਿੰਸੀਪਲ, ਕਾਲਜ ਕਮੇਟੀ ਅਤੇ ਵਿਦਿਆਰਥੀ ਆਗੂਆਂ ਵਿਚਾਲੇ ਆਪਸੀ ਗੱਲਬਾਤ ਜ਼ਰੀਏ ਹੀ ਸੁਲਝਾਏ ਗਏ ਸਨ ਅਤੇ ਮੀਡੀਆ ਨੇ ਵੀ ਇੰਨ੍ਹਾਂ ਮਾਮਲਿਆਂ ਨੂੰ ਵਧੇਰੇ ਅਹਿਮੀਅਤ ਜਾਂ ਤੂਲ ਨਹੀਂ ਦਿੱਤੀ ਸੀ।

ਪਰ ਇਸ ਵਾਰ ਤਾਂ ਮਾਮਲਾ ਐਨਾਂ ਗੰਭੀਰ ਹੋ ਗਿਆ ਕਿ ਅਦਾਲਤ ਤੱਕ ਪਹੁੰਚ ਗਿਆ ਅਤੇ ਧਰਮ ਦੀ ਆਜ਼ਾਦੀ ਦੇ ਸੰਵਿਧਾਨਕ ਅਧਿਕਾਰ ਦਾ ਸਵਾਲ ਬਣ ਗਿਆ।

ਇੱਕ ਬੁਨਿਆਦੀ ਸਵਾਲ ਇਹ ਵੀ ਹੈ ਕਿ ਹਿਜਾਬ ਅਤੇ ਭਗਵਾ ਸ਼ਾਲ ਪਹਿਨਣ ਦੀ ਇਹ 'ਚੋਣ' ਕਿੰਨੀ ਕੁ ਆਜ਼ਾਦ ਹੈ, ਭਾਵ ਇਹ ਫੈਸਲੇ ਵਿਦਿਆਰਥੀਆਂ ਦੇ ਕਿੰਨੇ ਆਪਣੇ ਹਨ ਅਤੇ ਕਿੰਨੇ ਰਵਾਇਤਾਂ, ਸਮਾਜ, ਪਰਿਵਾਰ ਅਤੇ ਧਾਰਮਿਕ ਆਗੂਆਂ ਤੋਂ ਪ੍ਰਭਾਵਿਤ ਹਨ।

ਮਹਿਲਾ ਮੁੰਨਾਡੇ ਨਾਮ ਦੇ ਇੱਕ ਔਰਤਾਂ ਦੇ ਅਧਿਕਾਰ ਸੰਗਠਨ ਦੀ ਮਾਲਿਗੇ ਸ਼੍ਰੀਮਾਨੇ ਮੁਤਾਬਕ ਧਾਰਮਿਕ ਚਿੰਨ੍ਹਾਂ ਦੀ ਵਰਤੋਂ ਉਸ ਸਮੇਂ ਵੱਧਦੀ ਹੈ, ਜਦੋਂ ਭਾਈਚਾਰੇ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਹਿਜਾਬ

ਤਸਵੀਰ ਸਰੋਤ, Getty Images

ਉਹ ਅੱਗੇ ਕਹਿੰਦੇ ਹਨ, "ਕਰਨਾਟਕ 'ਚ ਬੁਰਕੇ ਦੀ ਪ੍ਰਥਾ, ਰਿਵਾਜ ਨਹੀਂ ਸੀ, ਸਿਰਫ ਸਿਰ 'ਤੇ ਚੁੰਨੀ ਲਈ ਜਾਂਦੀ ਸੀ, ਪਰ ਬਾਬਰੀ ਮਸਜਿਦ ਤੋਂ ਬਾਅਦ ਇਹ ਬਦਲ ਗਿਆ ਅਤੇ ਇਹ ਸਭ ਕੁਝ ਨੌਜਵਾਨ ਪੀੜ੍ਹੀ ਸਿੱਖ ਰਹੀ ਹੈ।"

ਕਰਨਾਟਕ 'ਚ ਅੰਤਰ-ਧਾਰਮਿਕ ਪਿਆਰ, ਬੀਫ਼ ਖਾਣ, ਗਾਵਾਂ ਨੂੰ ਲੈ ਕੇ ਜਾਣ ਵਰਗੇ ਮੁੱਦਿਆਂ 'ਤੇ ਵਾਰ-ਵਾਰ ਹਮਲਿਆਂ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ ਹਨ।

ਮਾਲਿਗੇ ਅਨੁਸਾਰ, "ਹਿਜਾਬ ਅਤੇ ਬੁਰਕੇ ਵਰਗੀਆਂ ਧਾਰਮਿਕ ਰੀਤਾਂ 'ਤੇ ਸਵਾਲ ਚੁੱਕਣਾ ਜ਼ਰੂਰੀ ਹੈ ਪਰ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਘੱਟ ਗਿਣਤੀ ਭਾਈਚਾਰੇ 'ਤੇ ਲਗਾਤਾਰ ਹੋ ਰਹੇ ਹਮਲਿਆਂ ਦੀ ਨਜ਼ਰ ਤੋਂ ਵੀ ਇਸ 'ਤੇ ਝਾਤ ਪਾਈ ਜਾਵੇ।

ਐਮਜੀਐਮ ਦੀ ਅਕਾਂਕਸ਼ਾ ਤੋਂ ਅਸੀਂ ਪੁੱਛਿਆ ਕਿ ਜਦੋਂ ਹਿਜਾਬ ਨੇ ਉਸ ਨੂੰ ਕਦੇ ਵੀ ਤੰਗ ਪ੍ਰੇਸ਼ਾਨ ਨਹੀਂ ਕੀਤਾ ਤਾਂ ਉਸ ਨੂੰ ਭਗਵਾ ਸ਼ਾਲ ਪਹਿਨਣ ਦੀ ਜ਼ਰੂਰਤ ਕਿਉਂ ਪਈ?

ਤਾਂ ਉਸ ਨੇ ਜਵਾਬ ਦਿੱਤਾ, "ਸ਼ਾਲ ਵਿਰੋਧ ਨਹੀ ਬਲਕਿ ਪ੍ਰਤੀਕਰਮ ਹੈ।"

ਉਹ ਜਿਸ ਪ੍ਰਤੀਕਰਮ ਜਾਂ ਰਿਐਕਸ਼ਨ ਦੀ ਗੱਲ ਕਰ ਰਹੀ ਹੈ, ਉਸ ਨੂੰ ਅਤੇ ਉਸ ਵਰਗੀਆਂ ਵਿਦਿਆਰਥਣਾਂ ਨੂੰ ਵੇਖ ਕੇ ਸਮਝ ਆਇਆ।

ਹੁਣ ਉਹ ਬਰਾਬਰੀ ਚਾਹੁੰਦੀਆਂ ਹਨ, ਜੋ ਕਿ ਉਨ੍ਹਾਂ ਦੀਆਂ ਨਜ਼ਰ 'ਚ ਇੱਕੋ ਜਿਹੀ ਵਰਦੀ ਨਾਲ ਹੀ ਯਕੀਨੀ ਹੋਵੇਗੀ।

ਮੁਸਲਿਮ ਵਿਦਿਆਰਥਣਾਂ ਲਈ ਬਰਾਬਰੀ ਦਰਸਾਉਂਦੀ ਵਰਦੀ ਧਾਰਮਿਕ ਭੇਦਭਾਵ ਦਾ ਪ੍ਰਤੀਕ ਹੈ।

ਉਨ੍ਹਾਂ ਨੇ ਕਿਹਾ, "ਸਾਨੂੰ ਕੈਂਪਸ 'ਚ ਸ਼ਾਂਤੀ ਬਹਾਲ ਹੋਣ ਅਤੇ ਸਭ ਕੁਝ ਪਹਿਲਾਂ ਵਾਂਗਰ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ।"

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

ISWOTY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)