ਕੈਨੇਡਾ: ਟਰੱਕਾਂ ਵਾਲਿਆਂ ਦੇ ਮੁਜ਼ਾਹਰੇ 'ਚ ਪੰਜਾਬੀ ਸ਼ਾਮਲ ਕਿਉਂ ਨਹੀਂ

    • ਲੇਖਕ, ਖ਼ੁਸ਼ਹਾਲ ਲਾਲੀ
    • ਰੋਲ, ਬੀਬੀਸੀ ਪੱਤਰਕਾਰ

ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਕੈਨੇਡਾ ਦੀ ਕੌਮੀ ਰਾਜਧਾਨੀ ਓਟਵਾ ਵਿੱਚ ਡੇਰਾ ਜਮਾਈ ਬੈਠੇ ਟਰੱਕਾਂ ਵਾਲਿਆਂ ਦਾ ਸ਼ੰਘਰਸ਼ ਜਾਰੀ ਹੈ।

ਜਸਟਿਨ ਟਰੂਡੋ ਸਰਕਾਰ ਨਾਲ ਇਨ੍ਹਾਂ ਦੀ ਗੱਲਬਾਤ ਦੀ ਕੋਸ਼ਿਸ਼ ਕਿਸੇ ਤਣ-ਪੱਤਣ ਨਹੀਂ ਲੱਗੀ ਹੈ।

ਓਟਵਾ ਪ੍ਰਸ਼ਾਸ਼ਨ ਨੇ ਸ਼ਹਿਰ ਵਿੱਚ ਐਮਰਜੈਂਸੀ ਲਗਾ ਦਿੱਤੀ ਹੈ ਪਰ ਟਰੱਕਾਂ ਵਾਲੇ ਸ਼ੰਘਰਸ਼ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਹਨ।

ਤਲਵਿੰਦਰ ਮੰਡ ਬਰੈਂਪਟਨ ਵਿੱਚ ਟਰਕਿੰਗ ਸਨਅਤ ਨਾਲ ਜੁੜੇ ਹੋਏ ਹਨ।

ਉਨ੍ਹਾਂ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਦੱਸਿਆ ਕਿ ਜਸਟਿਨ ਟਰੂਡੋ ਸਰਕਾਰ ਵੱਲੋਂ ਕੁਝ ਹਫ਼ਤੇ ਪਹਿਲਾਂ ਕੌਮਾਂਤਰੀ ਸਰਹੱਦ ਦੇ ਆਰ-ਪਾਰ ਜਾਣ ਵਾਲੇ ਟਰੱਕਾਂ ਵਾਲਿਆਂ ਲਈ ਕੋਰੋਨਾ ਟੀਕਾ ਲਗਵਾਉਣਾ ਲਾਜ਼ਮੀ ਕੀਤਾ ਗਿਆ ਹੈ।

  • ਕੈਨੇਡਾ ਵਿਚ ਕੋਵਿਡ ਵੈਕਸੀਨ ਲਾਜ਼ਮੀ ਕੀਤੇ ਜਾਣ ਖ਼ਿਲਾਫ਼ ਸੈਂਕੜੇ ਟਰੱਕਾਂ ਵਾਲੇ ਕੌਮੀ ਰਾਜਧਾਨੀ ਓਟਵਾ ਨੂੰ ਜਾਮ ਕਰੀ ਬੈਠੇ ਹਨ।
  • ਕੌਮਾਂਤਰੀ ਸਰਹੱਦ ਦੇ ਆਰ-ਪਾਰ ਜਾਣ ਵਾਲਿਆਂ ਲਈ ਟਰੂਡੋ ਸਰਕਾਰ ਨੇ ਵੈਕਸੀਨ ਲੁਆਉਣੀ ਲਾਜ਼ਮੀ ਕੀਤੀ ਹੈ।
  • ਮਹਾਮਾਰੀ ਦੌਰਾਨ ਟਰੱਕਾਂ ਵਾਲਿਆਂ ਦੀ ਸਰਵਿਸ ਜਰੂਰੀ ਸੇਵਾ ਸਮਝੀ ਗਈ ਤੇ ਅਵਾਜਾਈ ਲਈ ਕੋਈ ਨਿਯਮ ਨਹੀਂ ਸੀ
  • ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਨ੍ਹਾਂ ਨੂੰ ਮੱਠੀ ਭਰ ਲੋਕਾਂ ਦਾ ਮੁਜ਼ਾਹਰਾ ਕਹਿ ਰਹੇ ਹਨ
  • ਪ੍ਰਧਾਨ ਮੰਤਰੀ ਦੇ ਪਰਿਵਾਰ ਨੂੰ ਸੁਰੱਖਿਆ ਕਾਰਨਾਂ ਕਰਕੇ ਅਣਦੱਸੀ ਥਾਂ ਲਿਜਾਇਆ ਗਿਆ ਹੈ
  • ਪਰ ਹੁਣ ਟਰੱਕਾਂ ਵਾਲਿਆਂ ਨੇ ਅਮਰੀਕਾ ਕੈਨੇਡਾ ਵਿਚਕਾਰਲਾ ਅਹਿਮ ਅੰਬੈਸਡਰ ਪੁਲ਼ ਜਾਮ ਕਰ ਦਿੱਤਾ ਹੈ
  • ਮੁਜ਼ਾਹਰੇ ਦਾ ਘੇਰਾ ਲਗਾਤਾਰ ਵਧ ਰਿਹਾ ਹੈ ਅਤੇ ਓਵਟਾ ਵਿਚ ਐਮਰਜੈਂਸੀ ਵੀ ਲਗਾਈ ਗਈ ਹੈ।

ਜੇਕਰ ਕੋਈ ਵੈਕਸੀਨ ਨਹੀਂ ਲੁਆਉਂਦਾ ਤਾਂ ਉਸ ਨੂੰ ਘਰ ਵਿਚ 14 ਦਿਨ ਕੁਆਰੰਟੀਨ ਰਹਿਣਾ ਪਵੇਗਾ।

ਮੰਡ ਮੁਤਾਬਕ ਵੱਡੀ ਗਿਣਤੀ ਟਰੱਕਰ ਭਾਈਚਾਰਾ ਇਸ ਲਾਜ਼ਮੀ ਸ਼ਰਤ ਦਾ ਵਿਰੋਧ ਕਰ ਰਿਹਾ ਹੈ। ਟਰੱਕਾਂ ਵਾਲਿਆਂ ਦਾ ਮੰਨਣਾ ਹੈ ਕਿ ਵੈਕਸੀਨ ਬਹੁਤੀ ਫਾਇਦੇਮੰਦ ਨਹੀਂ ਹੈ।

ਟਰੱਕਾਂ ਵਾਲੇ ਅਮਰੀਕਾ-ਕੈਨੇਡਾ ਦੀ ਸਰਹੱਦ ਦੇ ਜਦੋਂ ਆਰ-ਪਾਰ ਜਾਂਦੇ ਹਨ ਤਾਂ ਉਨ੍ਹਾਂ ਨੂੰ ਸੁਰੱਖਿਆ ਏਜੰਸੀਆਂ ਹੱਥੋਂ ਖੱਜਲ ਖੁਆਰ ਹੋਣਾ ਪੈਂਦਾ ਹੈ। ਇਹੀ ਇਸ ਸੰਘਰਸ਼ ਦਾ ਮੂਲ ਕਾਰਨ ਹੈ।

ਟਰੱਕਾਂ ਵਾਲਿਆਂ ਦੀ ਦਲੀਲ ਹੈ ਕਿ ਜਦੋਂ ਮਹਾਂਮਾਰੀ ਸਿਖ਼ਰ ਉੱਤੇ ਸੀ, ਉਦੋਂ ਟਰਕਿੰਗ ਜ਼ਰੂਰੀ ਸੇਵਾਵਾਂ ਵਿੱਚ ਸ਼ਾਮਲ ਸੀ ਅਤੇ ਕੋਈ ਰੋਕ-ਟੋਕ ਨਹੀਂ ਸੀ। ਹੁਣ ਜਦੋਂ ਮਹਾਂਮਾਰੀ ਖ਼ਤਮ ਹੋਣ ਕਿਨਾਰੇ ਆ ਗਈ ਤਾਂ ਟੀਕਾ ਲਾਜ਼ਮੀ ਕੀਤਾ ਗਿਆ ਹੈ।

ਕਿਸਾਨ ਅੰਦੋਲਨ ਵਰਗਾ ਹੈ ਮੁਜ਼ਾਹਰਾ

ਜਸਬੀਰ ਸ਼ਮੀਲ ਟੋਰਾਂਟੋ ਏਰੀਏ ਦੇ ਸੀਨੀਅਰ ਪੱਤਰਕਾਰ ਹਨ। ਸ਼ਮੀਲ ਕਹਿੰਦੇ ਹਨ ਕਿ ਟਰੱਕਾਂ ਵਾਲਿਆਂ ਦਾ ਸੰਘਰਸ਼ ਭਾਰਤੀ ਕਿਸਾਨਾਂ ਦੇ ਸੰਘਰਸ਼ ਤੋਂ ਪ੍ਰਭਾਵਿਤ ਲੱਗਦਾ ਹੈ ਅਤੇ ਉਹ ਵੀ ਪੱਕੇ ਡੇਰੇ ਲਾ ਕੇ ਬੈਠ ਗਏ ਹਨ।

ਇਹ ਸ਼ੰਘਰਸ਼ ਮੁੱਖ ਤੌਰ ਉੱਤੇ ਅਲਬਰਟਾ ਅਤੇ ਸਸਕੈਚਵਨ ਸੂਬਿਆਂ ਦੇ ਟਰੱਕਾਂ ਵਾਲਿਆਂ ਦਾ ਹੈ, ਜਿਹੜੇ ਕੋਰੋਨਾ ਵੈਕਸੀਨ ਲਾਜ਼ਮੀ ਕੀਤੇ ਜਾਣ ਦੇ ਵਿਰੋਧੀ ਹਨ।

ਸ਼ਮੀਲ ਕਹਿੰਦੇ ਹਨ, ''ਇਹ ਲੋਕ ਆਪਣੇ ਪਰਿਵਾਰਾਂ ਨਾਲ ਇੱਥੇ ਪਹੁੰਚੇ ਹੋਏ ਹਨ ਅਤੇ ਪੁਲਿਸ ਸੂਤਰ ਦੱਸਦੇ ਹਨ ਕਿ 25 ਫ਼ੀਸਦ ਟਰੱਕਾਂ ਵਿੱਚ ਬੱਚੇ ਵੀ ਆਏ ਹੋਏ ਹਨ।''

''ਅਜ਼ਾਦ ਕਾਫ਼ਲਾ'' ਵੀ ਪੰਜਾਬੀ ਤੇ ਹਰਿਆਣਵੀ ਕਿਸਾਨਾਂ ਦੇ ਦਿੱਲੀ ਕੂਚ ਵਰਗਾ ਹੀ ਹੈ।

ਸ਼ਮੀਲ ਕਹਿੰਦੇ ਹਨ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਜਸਟਿਨ ਟਰੂਡੋ ਸਰਕਾਰ ਵੀ ਸ਼ੰਘਰਸ਼ਕਾਰੀਆਂ ਉੱਤੇ ਉਸੇ ਤਰ੍ਹਾਂ ਦੇ ਇਲਜ਼ਾਮ ਲਗਾ ਰਹੀ ਹੈ, ਜਿਵੇਂ ਮੋਦੀ ਸਰਕਾਰ ਕਿਸਾਨਾਂ ਉੱਤੇ ਲਾਉਂਦੀ ਸੀ।

''ਅੰਦੋਲਨਕਾਰੀ ਟਰੱਕਾਂ ਵਾਲਿਆਂ ਨੂੰ ਇੱਕ-ਦੁੱਕਾ ਨਾਜ਼ੀ ਚਿੰਨ੍ਹ ਦੇਖ ਕੇ ਜਾਂ ਕੁਝ ਲੋਕਾਂ ਦੀ ਹੁੱਲੜਬਾਜ਼ੀ ਦੇਖ ਕੇ ਕੱਟੜਵਾਦੀ ਅਤੇ ਮੁਲਕ ਵਿਰੋਧੀ ਕਰਾਰ ਦਿੱਤਾ ਜਾ ਰਿਹਾ ਹੈ।''

''ਉਨ੍ਹਾਂ ਨਾਲ ਗੱਲਬਾਤ ਕਰਕੇ ਮਸਲੇ ਨੂੰ ਨਿਬੇੜਨ ਬਾਰੇ ਪ੍ਰਧਾਨ ਮੰਤਰੀ ਟਰੂਡੋ ਨੇ ਗੰਭੀਰਤਾ ਨਹੀਂ ਦਿਖਾਈ ਹੈ। ਇਹੀ ਕਾਰਨ ਹੈ ਕਿ ਸੰਘਰਸ਼ ਦਾ ਘੇਰਾ ਹੋਰ ਵੱਧ ਰਿਹਾ ਹੈ।''

ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ, ਸਰੀ ਦੇ ਆਗੂ ਰਣਜੀਤ ਸਿੰਘ ਖਾਲਸਾ ਇਸ ਸੰਘਰਸ਼ ਨੂੰ ਮਨੁੱਖੀ ਅਧਿਕਾਰਾਂ ਨਾਲ ਜੋੜਦੇ ਹਨ।

ਖਾਲਸਾ ਕਹਿੰਦੇ ਹਨ ਕਿ ਕੈਨੇਡਾ ਮਨੁੱਖੀ ਅਧਿਕਾਰਾਂ ਦਾ ਅਲੰਬਦਾਰ ਹੈ, ਟਰੂਡੋ ਸਰਕਾਰ ਨੂੰ ਮਸਲਾ ਜਲਦ ਤੋਂ ਜਲਦ ਹੱਲ ਕਰਨਾ ਚਾਹੀਦਾ ਹੈ।

ਉਹ ਕਹਿੰਦੇ ਹਨ ਕਿ ਟਰੱਕਾਂ ਵਾਲਿਆਂ ਦੀ ਜ਼ਿੰਦਗੀ ਕਾਫ਼ੀ ਸਖ਼ਤ ਹੁੰਦੀ ਹੈ, ਉਨ੍ਹਾਂ ਉੱਤੇ ਪਹਿਲਾਂ ਹੀ ਮਾਨਸਿਕ ਦਬਾਅ ਰਹਿੰਦੇ ਹੈ ਅਤੇ ਸਰਕਾਰ ਦਬਾਅ ਹੋਰ ਪਾਈ ਜਾ ਰਹੀ ਹੈ।

''ਜੇਕਰ ਕੋਈ ਵੈਕਸੀਨ ਨਹੀਂ ਲੁਆਉਣੀ ਚਾਹੁੰਦਾ ਤਾਂ ਨਾ ਲੁਆਏ। ਇਹ ਉਨ੍ਹਾਂ ਉੱਤੇ ਛੱਡ ਦੇਣਾ ਚਾਹੀਦਾ ਹੈ।''

ਪੰਜਾਬੀਆਂ ਦੀ ਸੰਘਰਸ਼ ਵਿੱਚ ਸ਼ਮੂਲੀਅਤ

ਬ੍ਰਿਟਿਸ਼ ਕੋਲੰਬਾਈ ਸੂਬੇ ਵੱਸਦੇ ਪੰਜਾਬੀ ਟਰੱਕ ਡਰਾਈਵਰ ਵਾਸੂਦੇਵ ਸੈਣੀ ਕੈਨੇਡਾ-ਅਮਰੀਕਾ ਵਿਚਾਲੇ ਮਾਲ ਦੀ ਢੋਅ-ਢੁਆਈ ਲਈ ਆਮ ਹੀ ਜਾਂਦੇ ਹਨ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਇਹ ਮਸਲਾ ਜ਼ਿਆਦਾਤਰ ਉਨ੍ਹਾਂ ਟਰੱਕ ਡਰਾਈਵਰਾਂ ਨਾਲ ਜੁੜਿਆ ਹੈ ਜੋ ਅਮਰੀਕਾ-ਕੈਨੇਡਾ ਦੀ ਸਰਹੱਦ ਦੇ ਆਰ-ਪਾਰ ਜਾਂਦੇ ਹਨ। ਜਿਹੜੇ ਡਰਾਈਵਰ ਕੈਨੇਡਾ ਵਿੱਚ ਹੀ ਟਰੱਕ ਚਲਾਉਂਦੇ ਹਨ, ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਹੈ।

ਉਹ ਦੱਸਦੇ ਹਨ ਕਿ ਕੋਵਿਡ ਮਹਾਂਮਾਰੀ ਦੌਰਾਨ ਜਦੋਂ ਵੈਕਸੀਨ ਲੱਗਣੀ ਸ਼ੁਰੂ ਹੋਈ ਤਾਂ ਪੰਜਾਬੀ ਭਾਈਚਾਰਾ ਇਸ ਵਿੱਚ ਮੋਹਰੀ ਸੀ। ਬਹੁਤ ਸਾਰੀਆਂ ਸਿੱਖ ਸੰਸਥਾਵਾਂ ਅਤੇ ਗੁਰਦੁਆਰਿਆਂ ਵਿੱਚ ਬਕਾਇਦਾ ਵੈਕਸੀਨ ਕੈਂਪ ਲਗਾਏ ਗਏ।

ਇਸ ਲ਼ਈ ਜਦੋਂ ਪੰਜਾਬੀ ਭਾਈਚਾਰੇ ਜਾਂ ਇੰਡੀਅਨ ਭਾਈਚਾਰੇ ਦੇ ਜ਼ਿਆਦਾਤਰ ਲੋਕ ਪਹਿਲਾਂ ਹੀ ਵੈਕਸੀਨ ਲੁਆ ਚੁੱਕੇ ਹਨ ਤਾਂ ਉਹ ਵੈਕਸੀਨ ਵਿਰੋਧੀ ਸੰਘਰਸ਼ ਵਿਚ ਸ਼ਾਮਲ ਨਹੀਂ ਹੋ ਰਹੇ।

ਨਵਜੋਤ ਸਿੱਧੂ ਬਰੈਂਪਟਨ ਰਹਿੰਦੇ ਹਨ ਅਤੇ ਪੜ੍ਹਾਈ ਦੇ ਨਾਲ-ਨਾਲ ਟਰੱਕ ਚਲਾਉਂਦੇ ਹਨ।

ਨਵਜੋਤ ਦਾ ਕਹਿਣਾ ਹੈ, ''ਇਕੱਲਾ ਪੰਜਾਬੀ ਭਾਈਚਾਰਾ ਹੀ ਨਹੀਂ ਬਲਕਿ ਦੱਖਣੀ ਏਸ਼ੀਆਈ ਭਾਈਚਾਰਾ ਹੀ ਟੀਕੇ ਲੁਆਉਣ ਦੀ ਮੁਹਿੰਮ ਵਿੱਚ ਮੋਹਰੀ ਸੀ।''

''ਦੱਖਣੀ ਏਸ਼ੀਆਈ ਭਾਈਚਾਰੇ ਨਾਲ ਸਬੰਧਤ ਵੱਡੀਆਂ ਕੰਪਨੀਆਂ ਨੇ ਤਾਂ ਆਪਣੇ ਡਰਾਈਵਰਾਂ ਅਤੇ ਸਟਾਫ਼ ਨੂੰ ਭੱਤੇ ਦੇ-ਦੇ ਕੇ ਵੈਕਸੀਨ ਲੁਆਈ।''

ਨਵਜੋਤ ਕਹਿੰਦੇ ਹਨ, ''ਸਰਕਾਰੀ ਅੰਕੜਿਆਂ ਮੁਤਾਬਕ ਵੀ ਕੈਨੇਡਾ ਵਿੱਚ 90 ਫ਼ੀਸਦ ਲੋਕਾਂ ਨੇ ਕੋਰੋਨਾ ਟੀਕੇ ਲੁਆ ਲਏ ਹਨ। ਇਸ ਲਈ ਉਹ ਸੰਘਰਸ਼ ਵਿੱਚ ਸਿੱਧੇ ਤੌਰ ਉੱਤੇ ਸ਼ਾਮਲ ਨਹੀਂ ਹਨ।''

ਤਲਵਿੰਦਰ ਮੰਡ ਪੰਜਾਬੀ ਭਾਈਚਾਰੇ ਦੀ ਸੰਘਰਸ਼ ਵਿੱਚ ਘੱਟ ਸ਼ਮੂਲੀਅਤ ਦਾ ਇੱਕ ਅਹਿਮ ਕਾਰਨ ਇਨ੍ਹਾਂ ਦੀ ਆਰਥਿਕਤਾ ਨੂੰ ਦੱਸਦੇ ਹਨ।

ਮੰਡ ਕਹਿੰਦੇ ਹਨ, ''ਸਾਡੇ ਭਾਈਚਾਰੇ ਵਿੱਚ ਵੱਧ ਤੋਂ ਵੱਧ ਕੰਮ ਕਰਨ ਦੀ ਰੂਚੀ ਅਤੇ ਪੈਸੇ ਪ੍ਰਤੀ ਖਾਸ ਤਰ੍ਹਾਂ ਦੀ ਖਿੱਚ ਹੈ। ਉਨ੍ਹਾਂ ਦੇ ਘਰਾਂ ਤੇ ਗੱਡੀਆਂ ਦੇ ਕਰਜ਼/ਬੀਮੇ ਦੀਆਂ ਕਿਸ਼ਤਾਂ ਅਤੇ ਖ਼ਰਚੇ ਆਪਣੀਆਂ ਤਨਖ਼ਾਹਾਂ ਉੱਤੇ ਹੀ ਨਿਰਭਰ ਹਨ।''

''ਇਸ ਲਈ ਉਹ ਟਰੱਕ ਖੜ੍ਹੇ ਕਰਕੇ ਸੰਘਰਸ਼ ਵਿੱਚ ਸ਼ਾਮਲ ਨਹੀਂ ਹੋ ਰਹੇ। ਪੰਜਾਬੀ ਡਰਾਈਵਰ ਤਾਂ ਜਿਹੜੀਆਂ ਸੜ੍ਹਕਾਂ ਉੱਤੇ ਜਾਮ ਹੈ, ਉਨ੍ਹਾਂ ਦੇ ਬਦਲਵੇਂ ਰੂਟਾਂ ਰਾਹੀ ਲਗਾਤਾਰ ਟਰੱਕ ਚਲਾ ਰਹੇ ਹਨ।''

''ਪਰ ਲੋਕ ਇਸ ਮਸਲੇ ਦਾ ਜਲਦੀ ਹੱਲ ਚਾਹੁੰਦੇ ਹਨ ਕਿਉਂਕਿ ਇਸ ਨਾਲ ਉਨ੍ਹਾਂ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ।''

ਸ਼ੰਘਰਸ਼ ਨਾਲ ਵਧ ਰਹੀ ਹਮਦਰਦੀ

ਸ਼ਮੀਲ ਕਹਿੰਦੇ ਹਨ, ''ਕੈਨੇਡਾ ਦੀ ਟਰੂਡੋ ਸਰਕਾਰ ਜਿਵੇਂ-ਜਿਵੇਂ ਮਸਲੇ ਨੂੰ ਲਟਕਾ ਰਹੀ ਹੈ, ਉਸ ਨਾਲ ਇਸ ਸੰਘਰਸ਼ ਦਾ ਘੇਰਾ ਵੱਧ ਰਿਹਾ ਹੈ ਅਤੇ ਪੰਜਾਬੀਆਂ ਦੀ ਵੀ ਹਮਦਰਦੀ ਵੱਧ ਰਹੀ ਹੈ।''

ਸ਼ਮੀਲ ਮੁਤਾਬਕ ਇਸ ਵੀਕਐਂਡ ਉੱਤੇ ਟੋਰਾਂਟੋ ਵਿੱਚ ਵੀ ਟਰੱਕਾਂ ਵਾਲੇ ਆਪਣੇ ਰੋਹ ਦਾ ਮੁਜ਼ਾਹਰਾ ਕਰਨ ਜਾ ਰਹੇ ਹਨ।

ਲੋਕ ਚਾਹੁੰਦੇ ਹਨ ਕਿ ਜਸਟਿਨ ਟਰੂਡੋ ਸਰਕਾਰ ਛੇਤੀ ਇਸ ਮਸਲੇ ਨੂੰ ਹੱਲ ਕਰੇ, ਕਿਉਂਕਿ ਟਰੱਕਾਂ ਦੀ ਹੜਤਾਲ ਦਾ ਅਸਰ ਲੋਕਾਂ ਦੇ ਕੰਮਾਂ ਕਾਰਾਂ ਉੱਤੇ ਵੀ ਪੈ ਰਿਹਾ ਹੈ।

ਟਰੱਕਾਂ ਦੀ ਆਵਾਜਾਈ ਵਧਣ ਕਾਰਨ ਫ਼ਲ, ਸਬਜ਼ੀਆਂ, ਕਰਿਆਨਾ ਅਤੇ ਹੋਰ ਵਸਤਾਂ ਦੇ ਭਾਅ ਵਧ ਗਏ ਹਨ, ਜਿਸ ਕਾਰਨ ਲੋਕਾਂ ਵਿੱਚ ਬੈਚੇਨੀ ਵੱਧ ਗਈ ਹੈ।

ਖਾਸ ਤੌਰ ਉੱਤੇ ਅਮਰੀਕਾ ਅਤੇ ਕੈਨੇਡਾ ਵਿਚਾਲੇ ਕਾਰਾਂ ਦੀਆਂ ਕੰਪਨੀਆਂ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।

ਟਰੱਕਾਂ ਵਾਲਿਆਂ ਨੂੰ ਹੁਣ ਦੂਜੇ ਵਰਗਾਂ ਦਾ ਵੀ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਹੈ। ਕੋਵਿਡ ਦੀਆਂ ਪਾਬੰਦੀਆਂ ਕਾਰਨ ਪ੍ਰੇਸ਼ਾਨ ਲੋਕਾਂ ਨੂੰ ਸਰਕਾਰ ਖ਼ਿਲਾਫ਼ ਰੋਹ ਪ੍ਰਗਟਾਉਣ ਦਾ ਮੰਚ ਮਿਲ ਗਿਆ ਹੈ।

ਕੈਨੇਡਾ ਦੇ ਕਈ ਹੋਰ ਪੰਜਾਬੀ ਟਰੱਕ ਡਰਾਈਵਰਾਂ ਨਾਲ ਬੀਬੀਸੀ ਪੰਜਾਬੀ ਵੱਲੋਂ ਗੱਲਬਾਤ ਕੀਤੀ ਗਈ। ਉਨ੍ਹਾਂ ਕੈਮਰੇ ਉੱਤੇ ਆਉਣ ਤੋਂ ਇਨਕਾਰ ਕਰ ਦਿੱਤਾ।

ਉਨ੍ਹਾਂ ਦਾ ਕਹਿਣਾ ਸੀ ਕਿ ਭਾਵੇਂ ਨਿੱਜੀ ਮਜਬੂਰੀਆਂ ਕਾਰਨ ਉਹ ਅੰਦੋਲਨ ਵਿੱਚ ਸਿੱਧੇ ਤੌਰ ਉੱਤੇ ਸ਼ਾਮਲ ਨਹੀਂ ਹਨ, ਪਰ ਉਹ ਸ਼ੰਘਰਸ਼ ਕਰ ਰਹੇ ਲੋਕਾਂ ਦੇ ਵਿਰੋਧੀ ਨਹੀਂ ਹਨ।

ਉਹ ਚਾਹੁੰਦੇ ਹਨ ਕਿ ਟਰੱਕਾਂ ਵਾਲਿਆਂ ਦੀਆਂ ਮੰਗਾਂ ਮੰਨੀਆਂ ਜਾਣ ਅਤੇ ਇਹ ਅੰਦੋਲਨ ਜਲਦ ਖ਼ਤਮ ਕਰਵਾਇਆ ਜਾਵੇ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)