ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੋਣਾਂ ਨੂੰ 6 ਦਿਨ ਮੁਲਤਵੀ ਕਰਨ ਦੀ ਮੰਗ ਕਿਉਂ ਕਰ ਰਹੇ ਹਨ - ਪ੍ਰੈੱਸ ਰਿਵੀਊ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਾਰਤੀ ਚੋਣ ਕਮਿਸ਼ਨ ਨੂੰ ਗੁਰੂ ਰਵਿਦਾਸ ਜਯੰਤੀ ਦੇ ਮੱਦੇਨਜ਼ਰ 14 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਛੇ ਦਿਨਾਂ ਲਈ ਮੁਲਤਵੀ ਕਰਨ ਦੀ ਅਪੀਲ ਕੀਤੀ ਹੈ।

ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ 14 ਫਰਵਰੀ ਨੂੰ ਵੋਟਾਂ ਪੈਣੀਆਂ ਹਨ ਅਤੇ ਇਨ੍ਹਾਂ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।

ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਮੁੱਖ ਮੰਤਰੀ ਚੰਨੀ ਨੇ 13 ਜਨਵਰੀ ਨੂੰ ਇਸ ਬਾਰੇ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰ ਨੂੰ ਇੱਕ ਪਤੱਰ ਵੀ ਲਿਖਿਆ ਹੈ।

ਇਸ ਪੱਤਰ 'ਚ ਸੀਐੱਮ ਨੇ ਕਿਹਾ ਹੈ ਕਿ ਸੂਬੇ ਦੀ ਆਬਾਦੀ ਦਾ 32 ਫੀਸਦੀ ਹਿੱਸਾ ਰੱਖਣ ਵਾਲੇ ਅਨੁਸੂਚਿਤ ਜਾਤੀ ਭਾਈਚਾਰੇ ਦੇ ਕੁਝ ਨੁਮਾਇੰਦਿਆਂ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਗੁਰੂ ਰਵਿਦਾਸ ਦਾ ਪ੍ਰਕਾਸ਼ ਪੁਰਬ 16 ਫਰਵਰੀ ਨੂੰ ਆਉਂਦਾ ਹੈ।

"ਇਸ ਮੌਕੇ ਸੰਭਾਵਨਾ ਹੈ, 10 ਤੋਂ 16 ਫਰਵਰੀ ਤੱਕ ਵੱਡੀ ਗਿਣਤੀ ਵਿੱਚ ਅਨੁਸੂਚਿਤ ਜਾਤੀ ਦੇ ਸ਼ਰਧਾਲੂ (ਲਗਭਗ 20 ਲੱਖ) ਸੂਬੇ ਤੋਂ ਉੱਤਰ ਪ੍ਰਦੇਸ਼ ਦੇ ਬਨਾਰਸ ਵਿੱਚ ਪਹੁੰਚ ਸਕਦੇ ਹਨ।"

"ਅਜਿਹੀ ਸਥਿਤੀ ਵਿੱਚ, ਇਸ ਭਾਈਚਾਰੇ ਦੇ ਬਹੁਤ ਸਾਰੇ ਲੋਕ ਵਿਧਾਨ ਸਭਾ ਚੋਣਾਂ ਲਈ ਆਪਣੀ ਵੋਟ ਨਹੀਂ ਪਾ ਸਕਣਗੇ, ਜੋ ਕਿ ਉਨ੍ਹਾਂ ਦਾ ਸੰਵਿਧਾਨਕ ਅਧਿਕਾਰ ਹੈ।''

ਆਪਣੇ ਪੱਤਰ 'ਚ ਉਨ੍ਹਾਂ ਅੱਗੇ ਲਿਖਿਆ, "ਇਹ ਨਿਰਪੱਖ ਅਤੇ ਉਚਿਤ ਮੰਨਿਆ ਜਾਂਦਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਵੋਟਿੰਗ, ਘੱਟੋ-ਘੱਟ ਛੇ ਦਿਨਾਂ ਲਈ ਮੁਲਤਵੀ ਕੀਤੀ ਜਾ ਸਕਦੀ ਹੈ, ਜਿਸ ਨਾਲ ਲਗਭਗ 20 ਲੱਖ ਲੋਕ ਸੂਬਾ ਵਿਧਾਨ ਸਭਾ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ।"

ਇਹ ਵੀ ਪੜ੍ਹੋ:

ਦਿੱਲੀ ਵਿੱਚ ਓਮੀਕਰੋਨ ਦਾ ਕਮਿਊਨਿਟੀ ਸਪਰੈਡ

ਇੱਕ ਨਵੇਂ ਅਧਿਐਨ ਮੁਤਾਬਕ, ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਓਮੀਕਰੋਨ ਵੇਰੀਐਂਟ ਦੇ ਕਮਿਊਨਿਟੀ ਟ੍ਰਾਂਸਮਿਸ਼ਨ ਹੋਣ ਦੇ ਸਬੂਤ ਹਨ।

ਇਸਦੇ ਨਾਲ ਹੀ ਅਧਿਐਨ ਵਿੱਚ ਪ੍ਰਤੀਰੋਧਕ ਸ਼ਕਤੀ ਘੱਟ ਹੋਣ ਅਤੇ ਲਾਗ ਦੀਆਂ ਲੱਛਣਾਂ ਵਾਲੀਆਂ ਦਰਾਂ ਘੱਟ ਹੋਣ ਬਾਰੇ ਵੀ ਦੱਸਿਆ ਗਿਆ ਹੈ।

ਇੰਡੀਆ ਟੁਡੇ ਦੀ ਖ਼ਬਰ ਮੁਤਾਬਕ, ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਸਾਇੰਸਜ਼ ਦੇ ਵਿਗਿਆਨੀਆਂ ਦਾ ਇਹ ਅਧਿਐਨ, ਓਮੀਕਰੋਨ ਨੂੰ ਵਿਸ਼ਵ ਸਿਹਤ ਸੰਗਠਨ ਦੁਆਰਾ ''ਚਿੰਤਾ ਦੇ ਵੇਰੀਐਂਟ'' ਵਜੋਂ ਕਹੇ ਜਾਣ ਦੇ ਦਿਨ ਤੋਂ 264 ਮਾਮਲਿਆਂ ਦੇ ਮਹਾਂਮਾਰੀ ਵਿਗਿਆਨ, ਕਲੀਨਿਕਲ ਅਤੇ ਜੀਨੋਮ ਸੀਕਵੇਂਸ ਵਿਸ਼ਲੇਸ਼ਣ 'ਤੇ ਅਧਾਰਤ ਹੈ।

ਹਾਲਾਂਕਿ, ਇਸ ਅਧਿਐਨ ਦੀ ਹੋਰ ਸਮੀਖਿਆ ਕੀਤੀ ਜਾਣੀ ਬਾਕੀ ਹੈ।

ਰਾਜਧਾਨੀ ਵਿੱਚ ਓਮੀਕਰੋਨ ਦੇ 60.9 ਪ੍ਰਤੀਸ਼ਤ ਤੋਂ ਵੱਧ ਮਾਮਲਿਆਂ ਵਿੱਚ ਅੰਤਰਰਾਸ਼ਟਰੀ ਯਾਤਰਾ ਦਾ ਕੋਈ ਮਾਮਲਾ ਨਹੀਂ ਦੇਖਿਆ ਗਿਆ। ਜਿਸਦਾ ਮਤਲਬ ਇਹ ਹੈ ਕਿ ਲੋਕਾਂ ਨੂੰ ਇਹ ਸਥਾਨਕ ਤੌਰ 'ਤੇ ਹੀ ਲਾਗ ਲੱਗੀ।

ਇਹੀ ਗੱਲ ਕਮਿਊਨਿਟੀ ਸਪਰੈਡ ਨੂੰ ਦਰਸਾਉਂਦੀ ਹੈ ਅਤੇ ਮਹਾਂਮਾਰੀ ਦੇ ਨਿਯੰਤਰਣ ਵਿੱਚ ਹੋਰ ਚੁਣੌਤੀਆਂ ਖੜ੍ਹੀਆਂ ਕਰਦੀ ਹੈ।

ਔਰਤਾਂ 'ਤੇ ਅਸ਼ਲੀਲ ਟਿੱਪਣੀਆਂ ਕਰਨ ਦੇ ਮਾਮਲੇ 'ਚ ਯਤੀ ਨਰਸਿਮਹਾਨੰਦ ਗ੍ਰਿਫਤਾਰ

ਹਰਿਦੁਆਰ ਪੁਲਿਸ ਨੇ ਹਿੰਦੂਵਾਦੀ ਨੇਤਾ ਯਤੀ ਨਰਸਿਮਹਾਨੰਦ ਨੂੰ ਔਰਤਾਂ 'ਤੇ ਅਸ਼ਲੀਲ ਟਿੱਪਣੀ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ।

ਯਤੀ ਨਰਸਿਮਹਾਨੰਦ ਦੀ ਇਹ ਗ੍ਰਿਫਤਾਰੀ ਸ਼ਨੀਵਾਰ ਰਾਤ ਨੂੰ ਕੀਤੀ ਗਈ।

ਹਰਿਦੁਆਰ ਵਿੱਚ ਹੋਈ ਧਰਮ ਸੰਸਦ ਦੌਰਾਨ ਘੱਟ ਗਿਣਤੀ ਮੁਸਲਮਾਨਾਂ ਵਿਰੁੱਧ ਭੜਕਾਊ ਭਾਸ਼ਣ ਦਿੱਤੇ ਗਏ ਸਨ ਅਤੇ ਇਸ ਦੌਰਾਨ ਆਪਣੇ ਭੜਕਾਊ ਭਾਸ਼ਣ ਨੂੰ ਲੈ ਕੇ ਵੀ ਉਨ੍ਹਾਂ 'ਤੇ ਮਾਮਲਾ ਦਰਜ ਹੈ।

ਬੀਬੀਸੀ ਹਿੰਦੀ ਦੀ ਖ਼ਬਰ ਮੁਤਾਬਕ, ਹਰਿਦੁਆਰ ਦੇ ਪੁਲਿਸ ਸੁਪਰਰੀਟੇਂਡੇਂਟ ਯੋਗੇਂਦਰ ਸਿੰਘ ਰਾਵਤ ਨੇ ਬੀਬੀਸੀ ਨੂੰ ਯੇਤੀ ਨਰਸਿਮਹਾਨੰਦ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।

ਹਰਿਦੁਆਰ ਪੁਲਿਸ ਦੇ ਬੁਲਾਰੇ ਇੰਸਪੈਕਟਰ ਵਿਪਿਨ ਪਾਠਕ ਨੇ ਬੀਬੀਸੀ ਨੂੰ ਦੱਸਿਆ, "ਹਰਿਦੁਆਰ ਪੁਲਿਸ ਵਿੱਚ ਸਵਾਮੀ ਯੇਤੀ ਨਰਸਿਮਹਾਨੰਦ ਦੇ ਖਿਲਾਫ ਕਈ ਮਾਮਲੇ ਦਰਜ ਹਨ। ਉਨ੍ਹਾਂ ਨੂੰ ਕੇਸ ਨੰਬਰ 18/22 ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਰੁਚਿਕਾ ਨਾਮ ਦੀ ਇੱਕ ਕੁੜੀ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਸੀ।"

ਵਿਪਿਨ ਪਾਠਕ ਦੇ ਮੁਤਾਬਕ, "ਸਵਾਮੀ ਯੇਤੀ ਨਰਸਿਮਹਾਨੰਦ ਨੂੰ ਔਰਤਾਂ 'ਤੇ ਅਸ਼ਲੀਲ ਟਿੱਪਣੀਆਂ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ 'ਤੇ 'ਧਰਮ ਸੰਸਦ' ਦੌਰਾਨ ਭੜਕਾਊ ਭਾਸ਼ਣ ਦੇਣ ਦਾ ਵੀ ਮਾਮਲਾ ਦਰਜ ਹੈ।"

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)