You’re viewing a text-only version of this website that uses less data. View the main version of the website including all images and videos.
ਬੁੱਲੀ ਬਾਈ ਅਤੇ ਸੁੱਲੀ ਡੀਲਸ: ‘ਨਿਲਾਮੀ ਤੁਹਾਨੂੰ ਮਨੁੱਖ ਤੋਂ ਇੱਕ ਚੀਜ਼ ਬਣਾ ਦਿੰਦੀ ਹੈ, ਜਿਸ ਨੂੰ ਵੰਡਿਆ ਜਾ ਰਿਹਾ ਹੈ’ - ਬਲੌਗ
- ਲੇਖਕ, ਦਿਵਿਆ ਆਰਿਆ
- ਰੋਲ, ਬੀਬੀਸੀ ਪੱਤਰਕਾਰ
ਇਸ ਲੇਖ ਦੀ ਕੁੱਝ ਸਮੱਗਰੀ ਤੁਹਾਨੂੰ ਕੁਝ ਪ੍ਰੇਸ਼ਾਨ ਕਰ ਸਕਦੀ ਹੈ।
'ਬੁੱਲੀ ਬਾਈ' ਅਤੇ 'ਸੁੱਲੀ ਡੀਲਸ' ਦੀ ਨਿਲਾਮੀ ਤੋਂ ਕਈ ਮਹੀਨੇ ਪਹਿਲਾਂ ਹੀ ਸਾਨਿਆ ਸੱਈਦ ਦੀ ਮੁਸਲਮਾਨ ਅਤੇ ਔਰਤ ਹੋਣ ਦੀ ਦੋਹਰੀ ਪਛਾਣ ਦੀ ਵਜ੍ਹਾ ਕਾਰਨ ਸੋਸ਼ਲ ਮੀਡੀਆ ਉੱਪਰ ਸੈਕਸ਼ੂਅਲ ਹਰਾਸਮੈਂਟ ਸ਼ੁਰੂ ਹੋ ਗਈ ਸੀ, ਜੋ ਨਵੇਂ ਸਾਲ ਵਿੱਚ ਵੀ ਬਾਦਸਤੂਰ ਜਾਰੀ ਹੈ।
ਜਨਵਰੀ 2022 ਵਿੱਚ 'ਬੁੱਲੀ ਬਾਈ' ਅਤੇ ਜੁਲਾਈ 2021 ਵਿੱਚ 'ਸੁੱਲੀ ਡੀਲਸ' ਨਾਮ ਨਾਲ ਬਣਾਈ ਗਈ ਐਪ ਉੱਪਰ ਸਾਨਿਆ ਸਮੇਤ ਦਰਜਨਾਂ ਮੁਸਲਮਾਨ ਔਰਤਾਂ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਦੀਆਂ ਤਸਵੀਰਾਂ ਦੀ ਵਰਤੋਂ ਕਰਕੇ ਉਨ੍ਹਾਂ ਦੀ ਨਿਲਾਮੀ ਕੀਤੀ ਗਈ।
ਹੁਣ ਇਸ ਮਾਮਲੇ ਵਿੱਚ ਵਿਆਪਕ ਆਲੋਚਨਾ ਹੋਣ ਤੋਂ ਬਾਅਦ ਚਾਰ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਹਾਲਾਂਕਿ ਸਾਨਿਆ ਦੀ ਨਿਲਾਮੀ ਇਸ ਤੋਂ ਪਹਿਲਾਂ ਵੀ ਹੋਈ ਸੀ।
ਉਨ੍ਹਾਂ ਨੇ ਦੱਸਿਆ,"ਸੁੱਲੀ-ਬੁੱਲੀ ਤਾਂ ਬਾਅਦ ਵਿੱਚ ਹੋਇਆ। ਨਵੰਬਰ 2020 ਵਿੱਚ ਕੁਝ ਅਕਾਊਂਟ ਸਨ ਜੋ ਟਾਰਗੇਟਡ ਤਰੀਕੇ ਨਾਲ ਮੇਰੇ ਚਿਹਰੇ ਨੂੰ ਫਾਹਸ਼ ਤਸਵੀਰਾਂ ਨਾਲ ਮਾਰਫ਼ ਕਰ ਕੇ ਟਵਿੱਟਰ 'ਤੇ ਪਾ ਰਹੇ ਸਨ।”
“ਮੇਰੇ ਵਰਗੇ ਨਾਮ ਦੀ ਮੇਰੀ ਪੱਤਰਕਾਰ ਸਹੇਲੀ ਦੀ ਤਸਵੀਰ ਨਾਲ ਟਵਿੱਟਰ ਉੱਪਰ ਪੋਲ ਕੀਤਾ ਗਿਆ ਅਤੇ ਪੁੱਛਿਆ ਗਿਆ,'ਆਪਣੇ ਹਰਮ ਲਈ ਕਿਹੜੀ ਸਾਨਿਆ ਪਸੰਦ ਕਰੋਗੇ?', ਉਸ ਉੱਪਰ ਸੌ ਜਣਿਆਂ ਨੇ ਵੋਟ ਵੀ ਕੀਤਾ।”
“ਫਿਰ ਉਹ ਡਾਇਰੈਕਟ ਮੈਸਜ ਉੱਪਰ ਗਰੁੱਪ ਬਣਾ ਕੇ ਸਾਡੇ ਨਾਲ ਜਿਣਸੀ ਸੰਬੰਧ ਬਣਾਉਣ, ਗੰਦੀਆਂ ਹਰਕਤਾਂ ਕਰਨ ਬਾਰੇ ਚਰਚਾ ਕਰਨ ਲੱਗੇ।"
ਇਹ ਵੀ ਪੜ੍ਹੋ:
ਸਾਨਿਆ ਮੁੰਬਈ ਵਿੱਚ ਟੀਵੀ ਸੀਰੀਅਲਾਂ ਦੇ ਪਟਕਥਾ ਲੇਖਿਕਾ ਹਨ। ਉਹ ਟਵਿੱਟਰ ਉੱਪਰ ਖੁੱਲ੍ਹ ਕੇ ਬੋਲਦੇ ਹਨ ਤੇ ਆਪਣੀ ਰਾਇ ਰੱਖਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਦੱਖਣ ਪੰਥੀ ਵਿਚਾਰਧਾਰਾ ਵੱਲ ਰੁਝਾਨ ਰੱਖਣ ਵਾਲੇ ਉਨ੍ਹਾਂ ਨੂੰ ਜਿਣਸੀ ਤੌਰ ’ਤੇ ਪ੍ਰੇਸ਼ਾਨ ਕਰਦੇ ਹਨ।
ਫ਼ੋਨ ’ਤੇ ਹੋਈ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ, "ਮੈਂ ਅਜਿਹੀ ਬਹੁਤ ਸਾਰੀ ਗੰਦੀ ਟਰੋਲਿੰਗ ਨੂੰ ਨਜ਼ਰਅੰਦਾਜ ਕਰਦੀ ਰਹੀ ਪਰ ਜਦੋਂ ਕੁਝ ਅਕਾਊਂਟਸ ਰਿਪੋਰਟ ਕੀਤੇ ਤਾਂ ਜਿਵੇਂ ਉਹ ਬਦਲਾਖੋਰੀ ਨਾਲ ਮੇਰੇ ਮਗਰ ਹੀ ਪੈ ਗਏ।”
“ਮੈਂ ਅਤੇ ਸਾਨਿਆ ਇਨ੍ਹਾਂ ਖਾਤਿਆਂ ਨੂੰ ਰਿਪੋਰਟ ਕਰਦੇ, ਉਹ ਸਸਪੈਂਡ ਹੁੰਦੇ ਪਰ ਫਿਰ ਨਵੇਂ ਬਣ ਜਾਂਦੇ ਅਤੇ ਇੱਕ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਪਰ ਇਹ ਸਿਲਸਿਲਾ ਰੁਕਦਾ ਹੀ ਨਹੀਂ ਹੈ।"
ਸੁੱਲੀ ਤੇ ਬੁੱਲੀ ਡੀਲਸ: ਅਵਾਜ਼ ਚੁੱਕਣ ਦੀ ਕੀਮਤ
ਫਿਰ ਮਈ 2021 ਵਿੱਚ ਜਿਸ ਦਿਨ ਪਾਕਿਸਤਾਨ ਵਿੱਚ ਈਦ ਮਨਾਈ ਗਈ, ਉਦੋਂ ਭਾਰਤ ਵਿੱਚ ਇੱਕ ਯੂਟਿਊਬ ਚੈਨਲ ਉੱਪਰ ਪਾਕਿਸਤਾਨੀ ਮੁਸਲਮਾਨ ਔਰਤਾਂ ਦੀਆਂ ਤਸਵੀਰਾਂ ਦੀ ਵਰਤੋਂ ਕਰਕੇ ਨਕਲੀ ਨਿਲਾਮੀ ਕੀਤੀ ਗਈ। ਹੁਣ ਇੱਕ ਜਾਂ ਦੋ ਔਰਤਾਂ ਨੂੰ ਹੀ ਨਹੀਂ ਸਗੋਂ ਪੂਰੇ ਫਿਰਕੇ ਨੂੰ ਨਿਸ਼ਾਨਾ ਬਣਾਇਆ ਗਿਆ।
ਸਾਨਿਆ ਕਹਿੰਦੇ ਹਨ, "ਮੈਨੂੰ ਯਾਦ ਹੈ, ਸਾਡੇ ਇੱਥੇ ਭਾਰਤ ਵਿੱਚ ਉਸ ਤੋਂ ਅਗਲੇ ਦਿਨ ਈਦ ਸੀ ਅਤੇ ਅਸੀਂ ਸਾਰੇ ਡਰੇ ਹੋਏ ਸੀ ਕਿ ਤਿਉਹਾਰ ਦੇ ਲਈ ਤਿਆਰ ਹੋ ਕੇ ਖਿੱਚੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਪਾਵਾਂਗੇ ਤਾਂ ਕਿਤੇ ਉਨ੍ਹਾਂ ਨੂੰ ਮੁਸਲਮਾਨ ਔਰਤਾਂ ਦੀ ਨਿਲਾਮੀ ਲਈ ਨਾ ਵਰਤਿਆ ਜਾਵੇ।"
ਉਸ ਚੈਨਲ ਨੂੰ ਵੀ ਰਿਪੋਰਟ ਕੀਤਾ ਗਿਆ, ਉਹ ਵੀ ਸਸਪੈਂਡ ਹੋਇਆ ਪਰ ਮੁਸਲਮਾਨ ਔਰਤਾਂ ਨੂੰ ਨਿਸ਼ਾਨਾ ਬਣਾਉਣ ਦੀ ਪਹਿਲ ਇੱਕ ਵਾਰ ਫਿਰ ਹੋਈ।
ਜੁਲਾਈ 2020 ਵਿੱਚ 'ਸੁੱਲੀ ਡੀਲਸ' ਨਾਮ ਦੀ ਐਪ ਬਣਾਈ ਗਈ ਅਤੇ ਉਸ ਨਕਲੀ ਨਿਲਾਮੀ ਵਿੱਚ ਸਾਨਿਆ ਅਤੇ ਉਨ੍ਹਾਂ ਦੀ ਹਮਨਾਮ ਸਹੇਲੀ ਸਾਨਿਆ ਸਮੇਤ ਦਰਜਣਾਂ ਹੋਰ ਮੁਸਲਮਾਨ ਔਰਤਾਂ ਦੀ ਬੋਲੀ ਲਗਾਈ ਗਈ।
ਵੱਖ-ਵੱਖ ਪੇਸ਼ਿਆਂ ਤੋਂ ਆਉਣ ਵਾਲੀਆਂ ਇਨ੍ਹਾਂ ਔਰਤਾਂ ਵਿੱਚ ਕਈ ਅਜਿਹੀਆਂ ਵੀ ਸਨ, ਜੋ ਨਾ ਹੀ ਸੋਸ਼ਲ ਮੀਡੀਆ ਉੱਪਰ ਆਪਣੀ ਰਾਇ ਰੱਖਦੀਆਂ ਸਨ ਅਤੇ ਨਾ ਹੀ ਉਨ੍ਹਾਂ ਦੀ ਕੋਈ ਖ਼ਾਸ ਫਾਲਵਿੰਗ ਸੀ।
ਸਾਨਿਆ ਮੁਤਾਬਕ ਉਨ੍ਹਾਂ ਨੂੰ ਸਿਰਫ਼ ਇਸ ਲਈ ਸ਼ਾਮਲ ਕੀਤਾ ਗਿਆ ਕਿਉਂਕਿ ਉਹ ਮੁਸਲਮਾਨ ਸਨ।
ਕਈ ਲੋਕਾਂ ਨੇ ਸਵਾਲ ਚੁੱਕੇ। ਇੱਕ ਸੋਸ਼ਲ ਮੀਡੀਆ ਪਲੇਟਫਾਰਮ ਉੱਪਰ ਬਣੀ ਇੱਕ ਐਪ ਉੱਪਰ ਮੁਸਲਮਾਨ ਔਰਤਾਂ ਦੀ ਝੂਠੀ ਜਾਂ ਮਨਘੜਤ ਨਿਲਾਮੀ ਹੋਈ ਤਾਂ ਇਸ ਨਾਲ ਕੀ ਫ਼ਰਕ ਪੈਂਦਾ ਹੈ?
ਇਹ ਨਿਲਾਮੀ ਸੱਚ-ਮੁੱਚ ਤਾਂ ਨਹੀਂ ਹੋ ਰਹੀ ਸੀ, ਨਾ ਇਸ ਵਿੱਚ ਇਨ੍ਹਾਂ ਔਰਤਾਂ ਦੀਆਂ ਅਸ਼ਲੀਲ ਤਸਵੀਰਾਂ ਸਨ, ਨਾ ਹੀ ਕਿਸੇ ਨੂੰ ਸਰੀਰਕ ਨੁਕਸਾਨ ਪਹੁੰਚਿਆ।
ਇਸ ਬਾਰੇ ਇੰਨੀ ਚਰਚਾ ਨਾ ਹੁੰਦੀ ਤਾਂ ਘਟਨਾ ਦੀ ਜਾਣਕਾਰੀ ਵੀ ਸੀਮਤ ਹੀ ਰਹਿੰਦੀ। ਇਸ ਨੂੰ ਮਜ਼ਾਕ ਜਾਂ ਗੈਰ-ਜ਼ਰੂਰੀ ਮੰਨ ਕੇ ਟਾਲ਼ਿਆ ਕਿਉਂ ਨਹੀਂ ਜਾ ਸਕਦਾ ਸੀ?
ਸਾਨਿਆ ਦਾ ਕਹਿਣਾ ਹੈ, "ਨਾ ਬੋਲਣਾ ਤਾਂ ਕੋਈ ਰਸਤਾ ਹੀ ਨਹੀਂ ਹੈ । ਇਸ ਲਈ ਔਰਤਾਂ ਨੇ ਬੋਲਣਾ ਸ਼ੁਰੂ ਕੀਤਾ ਅਤੇ ਫਿਰ ਐਫ਼ਆਈਆਰ ਵੀ ਦਰਜ ਹੋਈਆਂ।"
ਸੁੱਲੀ ਤੇ ਬੁੱਲੀ ਡੀਲਸ: ਜਾਂਚ ਵਿੱਚ ਦੇਰੀ ਕਿਉਂ?
ਸਾਨਿਆ ਦੀ ਹਮਨਾਮ ਸਹੇਲੀ ਤੋਂ ਇਲਾਵਾ, ਕਾਂਗਰਸ ਦੀ ਸੋਸ਼ਲ ਮੀਡੀਆ ਟੀਮ ਦੀ ਕਨਵੀਨਰ ਹਸੀਬਾ ਅਮੀਨ, ਪਾਇਲਟ ਹਨਾ ਮੋਹਸਿਨ ਖ਼ਾਨ, ਕਵਿੱਤਰੀ ਨਾਬਿਆ ਖ਼ਾਨ ਨੇ ਵੀ ਦਿੱਲੀ ਪੁਲਿਸ ਵਿੱਚ ਐਫ਼ਆਈਆਰ ਦਰਜ ਕਰਵਾਈ।
ਹਾਲਾਂਕਿ ਉਨ੍ਹਾਂ ਦੀਆਂ ਅਵਾਜ਼ਾਂ ਦੇ ਆਸਪਾਸ ਖ਼ਾਮੋਸ਼ ਰਹੀ। ਮਹੀਨਿਆਂ ਤੱਕ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਅੱਜ ਤੱਕ ਸੰਗਿਆਨ ਨਹੀਂ ਲਿਆ।
ਦਿੱਲੀ ਪੁਲਿਸ ਦੇ ਪੀਆਰਓ ਤੋਂ ਮੈਂ ਇਸ ਦੇਰੀ ਦੀ ਵਜ੍ਹਾ ਪੁੱਛੀ ਤਾਂ ਉਨ੍ਹਾਂ ਨੇ ਇਸ ਦੀ ਵਜ੍ਹਾ ਐਪ ਦੇ ਇੱਕ ਕੌਮਾਂਤਰੀ ਪਲੇਟਫਾਰਮ ਗਿਟਹਬ ਉੱਪਰ ਹੋਸਟ ਕੀਤਾ ਜਾਣਾ ਦੱਸਿਆ।
ਡੀਸੀਪੀ ਚਿਨਮਿਆ ਬਿਸਵਾਲ ਨੇ ਕਿਹਾ,"ਕੌਮਾਂਤਰੀ ਪਲੇਟਫਾਰਮ ਸਾਡੀ ਤਹਿਕੀਕਾਤ ਵਿੱਚ ਪੂਰੀ ਤਰ੍ਹਾਂ ਸਹਿਯੋਗ ਕਰੇ ਇਸ ਦੇ ਲਈ ਅਸੀਂ ਐਸਐਲਏਟੀ ਨਾਮ ਦੇ ਇੱਕ ਕੌਮਾਂਤਰੀ ਸਮਝੌਤੇ ਰਾਹੀਂ ਉਨ੍ਹਾਂ ਨਾਲ ਸੰਪਰਕ ਕਰਨਾ ਹੁੰਦਾ ਹੈ ਤਾਂਕਿ ਸਾਰਾ ਡੇਟਾ ਸਾਨੂੰ ਮਿਲ ਸਕੇ। ਇਸ ਦੀ ਆਗਿਆ ਸਾਨੂੰ ਹੁਣ ਮਿਲ ਗਈ ਹੈ ਅਤੇ ਅਸੀਂ ਕਾਰਵਾਈ ਕਰ ਰਹੇ ਹਾਂ।"
'ਬੁੱਲੀ' ਮਾਮਲੇ ਵਿੱਚ ਕੁਝ ਹੀ ਦਿਨਾਂ ਵਿੱਚ ਕਾਰਵਾਈ ਅਤੇ 'ਸੁੱਲੀ' ਮਾਮਲੇ ਵਿੱਚ ਇੰਨੇ ਲੰਬੇ ਸਮੇਂ ਲਈ ਕੌਮਾਂਤਰੀ ਪ੍ਰਕਿਰਿਆ ਦੀ ਸਫ਼ਾਈ ਦੇਣਾ ਨਾਕਾਫ਼ੀ ਲਗਦਾ ਹੈ। ਕੀ ਇਸ ਦੀ ਵਜ੍ਹਾ 'ਬੁੱਲੀ' ਮਾਮਲੇ ਵਿੱਚ ਜ਼ਿਆਦਾ ਉੱਚੀ ਬੁਲੰਦੀ ਨਾਲ ਉੱਠੀ ਅਵਾਜ਼ ਨੂੰ ਮੰਨਿਆ ਜਾਵੇ?
ਡੀਸੀਪੀ ਬਿਸਵਾਲ ਅਜਿਹਾ ਨਹੀਂ ਮੰਨਦੇ। ਉਨ੍ਹਾਂ ਨੇ ਕਿਹਾ,"ਅਸੀਂ ਵਿਰੋਧ ਜਾਂ ਸੋਸ਼ਲ ਮੀਡੀਆ ਉੱਪਰ ਨਿੰਦਾ ਹੋਣ ਕਾਰਨ ਕੰਮ ਨਹੀਂ ਕਰਦੇ। ਸਾਡੀ ਜ਼ਿੰਮੇਵਾਰੀ ਹੈ ਮੁਜਰਮ ਤੱਕ ਪਹੁੰਚਣਾ ਅਤੇ ਉਸ ਦੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ।”
“ਕੁਝ ਕੇਸਾਂ ਵਿੱਚ ਸਾਨੂੰ ਸਫ਼ਲਤਾ ਜਲਦੀ ਮਿਲਦੀ ਹੈ ਅਤੇ ਕੁਝ ਵਿੱਚ ਸਮਾਂ ਲਗਦਾ ਹੈ। ਉਮੀਦ ਹੈ ਸੁੱਲੀ ਮਾਮਲੇ ਵਿੱਚ ਵੀ ਅਸੀਂ ਜਲਦੀ ਅੱਗੇ ਵਧ ਸਕਾਂਗੇ।"
ਹਾਲਾਂਕਿ ਕਾਰਵਾਈ ਦੀ ਸੁਸਤ ਰਫ਼ਤਾਰ ਨਾਲ ਹਾਲਾਤ ਹੋਰ ਬਦਤਰ ਹੋ ਗਏ। ਸਾਨਿਆ ਦੱਸਦੇ ਹਨ,"ਕਾਰਵਾਈ ਨਾ ਹੋਣ ਦਾ ਨਤੀਜਾ ਇਹ ਹੈ ਕਿ ਲੋਕ ਬੇਖ਼ੌਫ਼ ਹੋ ਗਏ ਅਤੇ ਹੁਣ ਸਿੱਧਾ ਸਾਡੀ ਟਾਈਮਲਾਈਨ ਉੱਪਰ ਆ ਕੇ, ਸਾਡੇ ਦੋਸਤਾਂ ਨੂੰ ਟੈਗ ਕਰਕੇ, ਸਾਨੂੰ ਬਲਾਤਕਾਰ ਦੀਆਂ ਧਮਕੀਆਂ ਦੇਣ ਲੱਗੇ ਹਨ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਅਜਿਹੇ ਵਿੱਚ ਤੁਸੀਂ ਕੀ ਕਰੋਗੇ, ਤੁਸੀਂ ਥੱਕ ਕੇ ਚੁੱਪ ਹੋ ਜਾਂਦੇ ਹਨ, ਤੁਹਾਨੂੰ ਵਾਰ-ਵਾਰ ਦੱਸਿਆ ਜਾ ਰਿਹਾ ਹੈ ਕਿ ਤੁਹਾਡੀ ਪਛਾਣ ਕਾਰਨ ਕੁਝ ਲੋਕ ਤੁਹਾਨੂੰ ਨਫ਼ਰਤ ਕਰਦੇ ਹਨ ਅਤੇ ਉਨ੍ਹਾਂ ਦੇ ਖ਼ਿਲਾਫ਼ ਕੁਝ ਨਹੀਂ ਹੁੰਦਾ, ਤਾਂ ਤੁਸੀਂ ਬੱਸ ਦੁਆ ਕਰਦੇ ਹੋ ਕਿ ਤੁਸੀਂ ਰਿਐਕਟ ਨਹੀਂ ਕਰੋਗੇ ਤਾਂ ਸ਼ਾਇਦ ਸਭ ਰੁਕ ਜਾਵੇਗਾ। ਜਦਕਿ ਕੁਝ ਵੀ ਰੁੱਕਦਾ ਨਹੀਂ ਹੈ। ਅਜੇ ਵੀ ਨਹੀਂ ਰੁਕਿਆ ਹੈ।"
ਸੁੱਲੀ ਤੇ ਬੁੱਲੀ ਡੀਲਸ: ‘ਤੂੰ ਹੀ ਕੁਝ ਕੀਤਾ ਹੋਵੇਗਾ’
ਜਨਵਰੀ 2022 ਵਿੱਚ ਜਦੋਂ ਦੋਵਾਂ ਸਾਨਿਆ ਦੀਆਂ ਤਸਵੀਰਾਂ 'ਸੁੱਲੀ' ਤੋਂ ਬਾਅਦ 'ਬੁੱਲੀ' ਐਪ ਉੱਪਰ ਵਰਤੀਆਂ ਗਈਆਂ ਤਾਂ ਪੱਤਰਕਾਰ ਸਾਨਿਆ ਅਹਿਮਦ ਨੇ ਟਵੀਟ ਕੀਤਾ, "ਦੋ ਸਾਲ ਤੋਂ ਲਗਾਤਾਰ ਹਰਾਸਮੈਂਟ ਅਤੇ ਧਮਕੀਆਂ ਝੱਲਣ ਤੋਂ ਬਾਅਦ ਆਖ਼ਰਕਾਰ ਮੈਨੂੰ ਲਗਦਾ ਹੈ ਕਿ ਇਸ ਵਾਰ ਆਪਣੀ ਤਸਵੀਰ ਦੇਖ ਕੇ ਮੈਨੂੰ ਕੁਝ ਮਹਿਸੂਸ ਨਹੀਂ ਹੋਇਆ। ਪੱਥਰ ਵਾਂਗ ਠੰਡੀ, ਨਾ ਸਦਮਾ, ਨਾ ਡਰ। ਮੈਨੂੰ ਕੁਝ ਵੀ ਮਹਿਸੂਸ ਨਹੀਂ ਹੋ ਰਿਹਾ।"
ਅਜਿਹਾ ਹੀ ਠੰਡੇ ਪੈਣ ਦਾ ਅਹਿਸਾਸ ਪੱਤਰਕਾਰ ਕੁਰਾਤੁਲੈਨ ਰਹਿਬਰ ਨੂੰ ਕਸ਼ਮੀਰ ਵਿੱਚ ਹੋਇਆ। 'ਸੁੱਲੀ' ਵਾਲੀ ਘਟਨਾ ਤੋਂ ਬਾਅਦ ਉਨ੍ਹਾਂ ਨੇ ਕਈ ਔਰਤਾਂ ਦਾ ਇੰਟਰਵਿਊ ਕਰਕੇ ਲੇਖ ਲਿਖਿਆ ਸੀ ਅਤੇ ਹੁਣ ਇਸ ਵਾਰ ਉਨ੍ਹਾਂ ਦੀ ਤਸਵੀਰ ਵੀ ਇਸ ਸੂਚੀ ਵਿੱਚ ਸ਼ਾਮਲ ਸੀ।
ਫ਼ੋਨ ਉੱਪਰ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ,"ਮੈਂ ਮੁਸਲਮਾਨ ਔਰਤ ਹੀ ਨਹੀਂ, ਕਸ਼ਮੀਰੀ ਵੀ ਹਾਂ। ਅਜਿਹੀ ਸਾਈਬਰ ਹਿੰਸਾ ਦੇ ਲਈ ਮੈਂ ਕਿਵੇਂ ਨਿਆਂ ਮੰਗਾਂ? ਮੈਨੂੰ ਨਹੀਂ ਲਗਦਾ ਕਿ ਮੈਂ ਪੁਲਿਸ ਕੋਲ ਜਾ ਸਕਦੀ ਹਾਂ ਜੋ ਆਏ ਦਿਨ ਮੇਰੀ ਪਛਾਣ ਦੇ ਦਸਤਾਵੇਜ਼ ਮੰਗਦੀ ਰਹਿੰਦੀ ਹੈ, ਪੁੱਛਦੇ ਰਹਿੰਦੇ ਹਨ ਕਿ ਮੈਂ ਕਦੇ ਪਾਕਿਸਤਾਨ ਗਈ ਸੀ ਜਾਂ ਨਹੀਂ, ਮੇਰੇ ਪਰਿਵਾਰ ਅਤੇ ਗੁਆਂਢੀਆਂ ਤੋਂ ਮੇਰੇ ਬਾਰੇ ਤਹਿਕੀਕਾਤ ਕਰਦੇ ਹਨ।"
ਕਸ਼ਮੀਰ ਵਿੱਚ ਬਹੁਤ ਥੋੜ੍ਹੀਆਂ ਮਹਿਲਾ ਪੱਤਰਕਾਰ ਹਨ ਅਤੇ ਖ਼ਤਰਿਆਂ ਨੂੰ ਦੇਖਦੇ ਹੋਏ ਕਈ ਪਰਿਵਾਰ ਆਪਣੀਆਂ ਬੇਟੀਆਂ ਨੂੰ ਇਸ ਪੇਸ਼ੇ ਵਿੱਚ ਭੇਜਣਾ ਨਹੀਂ ਚਾਹੁੰਦੇ। ਅਜਿਹੇ ਵਿੱਚ ਜਿਣਸੀ ਪ੍ਰੇਸ਼ਾਨੀ ਦੀ ਗੱਲ ਕਰਨਾ ਹੋਰ ਮੁਸ਼ਕਲ ਹੋ ਜਾਂਦਾ ਹੈ।
ਕੁਰਾਤੁਲੈਨ ਨੇ ਕਿਹਾ,"ਪਹਿਲਾਂ ਤਾਂ ਮੈਂ ਖ਼ੁਦ ਨੂੰ ਹੀ ਸਵਾਲ ਕਰਨ ਲੱਗੀ ਕਿ ਮੈਂ ਅਜਿਹਾ ਕੀ ਕੀਤਾ ਕਿ ਅਜਿਹੀ ਐਪ ਉੱਪਰ ਮੇਰੀ ਤਸਵੀਰ ਆ ਗਈ ਫਿਰ ਲੋਕ ਵੀ ਸਾਨੂੰ ਔਰਤਾਂ ਨੂੰ ਹੀ ਪੁੱਛਦੇ ਹਨ ਕਿ ਅਸੀਂ ਹੀ ਕੁਝ ਕੀਤਾ ਹੋਵੇਗਾ।"
ਆਖ਼ਰ ਉਨ੍ਹਾਂ ਨੂੰ ਪੱਤਰਕਾਰ ਸੰਗਠਨਾਂ ਤੋਂ ਹਿੰਮਤ ਮਿਲੀ, ਜਿਵੇਂ ਨੈਟਵਰਕ ਫਾਰ ਵੁਮੇਨ ਇਨ ਮੀਡੀਆ, ਇੰਡੀਆ, ਜਰਨਲਿਸਟ ਫੈਡਰੇਸ਼ਨ ਆਫ਼ ਕਸ਼ਮੀਰ ਅਤੇ ਰਿਪੋਟਰਜ਼ ਵਿਦਾਊਟ ਬਾਰਡਰਜ਼ ਨੇ ਐਪ ਦੀ ਆਲੋਚਨਾ ਕਰਦਿਆਂ ਕਾਰਵਾਈ ਦੀ ਮੰਗ ਕੀਤੀ ਅਤੇ ਬਿਆਨ ਜਾਰੀ ਕੀਤੇ।
ਕਈ ਨਾਰਾਜ਼ ਮੁਸਲਮਾਨ ਔਰਤਾਂ ਸਾਹਮਣੇ ਆਈਆਂ
'ਬੁੱਲੀ' ਐਪ ਦੀ ਨਿਲਾਮੀ ਵਿੱਚ ਸਾਨਿਆ ਵਰਗੀਆਂ ਕਈ ਔਰਤਾਂ ਸਨ ਜਿਨ੍ਹਾਂ ਦੀਆਂ ਤਸਵੀਰਾਂ 'ਸੁੱਲੀ' ਐਪ ਦੇ ਸਮੇਂ ਵੀ ਵਰਤੀਆਂ ਗਈਆਂ ਸਨ। ਇਨ੍ਹਾਂ ਵਿੱਚੋਂ ਕਈ ਨਾਮ ਨਵੇਂ ਵੀ ਸਨ ਅਤੇ ਕਈ ਅੱਗੇ ਵਧ ਕੇ ਬੋਲਣ ਨੂੰ ਤਿਆਰ ਸਨ।
ਇਨ੍ਹਾਂ ਵਿੱਚੋਂ ਰੇਡੀਓ ਜੌਕੀ ਸਾਯਮਾ, ਪੱਤਰਕਾਰ ਅਤੇ ਲੇਖਕ ਰਾਣਾ ਅਯੂਬ, ਇਤਿਹਾਸਕਾਰ ਆਰਾ ਸਕਵੀ ਅਤੇ ਸਮਾਜਿਕ ਕਾਰਕੁਨ ਖ਼ਾਲਿਦਾ ਪਰਵੀਨ ਸ਼ਾਮਲ ਸਨ। ਇਨ੍ਹਾਂ ਵਿੱਚੋਂ ਕਈਆਂ ਦੀ ਉਮਰ 60 ਪਾਰ ਕਰ ਚੁੱਕੀ ਹੈ ਪਰ ਉਨ੍ਹਾਂ ਦੀ ਵੀ ਇਸ ਜਿਣਸੀ ਪ੍ਰੇਸ਼ਾਨੀ ਲਈ ਨਿਸ਼ਾਨਦੇਹੀ ਕੀਤੀ ਗਈ।
ਸੁੱਲੀ ਤੇ ਬੁੱਲੀ ਡੀਲਸ: ਆਨਲਾਈਨ, ਆਫ਼ਲਾਈਨ ਹਿੰਸਾ
'ਬੁੱਲੀ' ਦੀ ਲਿਸਟ ਵਿੱਚ ਆਉਣ ਵਾਲੀ ਪੱਤਰਕਾਰ ਇਸਮਤ ਆਰਾ ਉਨ੍ਹਾਂ ਪਹਿਲੀਆਂ ਔਰਤਾਂ ਵਿੱਚੋਂ ਸਨ ਜਿਨ੍ਹਾਂ ਨੇ ਟਵਿੱਟਰ ਉੱਪਰ ਲਿਖਣਾ ਸ਼ੁਰੂ ਕੀਤਾ ਅਚੇ ਫਿਰ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।
ਉਨ੍ਹਾਂ ਦੇ ਮੁਤਾਬਕ, "ਇਹ ਇੱਕ ਸਮੂਹਿਕ ਗੁੱਸਾ ਸੀ ਜੋ ਉਬਲ ਪਿਆ। ਉਨ੍ਹਾਂ ਦੱਖਣਪੰਥੀ ਟਰੋਲਾਂ ਦੇ ਨਿਸ਼ਾਨੇ ਉੱਪਰ 60-70 ਸਾਲ ਦੀਆਂ ਬਜ਼ੁਰਗ ਔਰਤਾਂ ਵੀ ਹਨ, ਜੇ ਅਸੀਂ ਹੁਣ ਨਹੀਂ ਬੋਲਾਂਗੇ ਤਾਂ ਇਹ ਆਮ ਹੋ ਜਾਵੇਗਾ। ਸੜਕ ’ਤੇ ਨਿਕਲ ਕੇ ਪੱਤਰਕਾਰੀ ਕਰਨੀ ਹੋਰ ਮੁਸ਼ਕਲ ਹੋ ਜਾਵੇਗੀ।"
ਸਾਈਬਰ-ਬੁਲਿੰਗ ਅਤੇ ਧਰਮਿਕ ਅਧਾਰ ’ਤੇ ਨਿਸ਼ਾਨਾ ਬਣਾਏ ਜਾਣ ਦੇ ਪਿੱਛੇ ਵੀ ਇਨ੍ਹਾਂ ਸ਼ਿਕਾਇਤਾਂ ਦਾ ਡਰ ਹੈ ਕਿ ਇੰਟਰਨੈਟ ਵਿੱਚੋਂ ਨਿਕਲ ਕੇ ਧਮਕੀਆਂ ਸੜਕ ਉੱਪਰ ਹਿੰਸਾ ਦੇ ਰੂਪ ਵੀ ਲੈ ਸਕਦੀਆਂ ਹਨ।
ਮੁੰਬਈ ਦੀ ਸਾਨਿਆ ਸਯਦ ਯਤੀ ਨਰਸਿੰਮਹਾਨੰਦ ਦੇ ਤਾਜ਼ਾ ਬਿਆਨ ਦੀ ਮਿਸਾਲ ਦਿੰਦੇ ਹਨ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ,"ਮੁਸਲਮਾਨ ਔਰਤਾਂ ਇਸਲਾਮ ਦੀ ਸੇਵਾ ਵਿੱਚ ਕਿੰਨੀਆਂ ਪਿੱਛੇ ਰਹਿ ਜਾਂਦੀਆਂ ਹਨ" ਜਾਂ ਜਾਮੀਆ ਮਿਲੀਆ ਇਸਲਾਮੀਆ ਵਿੱਚ ਸ਼ੂਟਿੰਗ ਕਰਨ ਵਾਲੇ ਰਾਮ ਭਗਤ ਗੋਪਾਲ ਦਾ ਇੱਕ ਹਿੰਦੂ ਮਹਾਂਪੰਚਾਇਤ ਵਿੱਚ ਦਿੱਤਾ ਬਿਆਨ ਜਿਸ ਵਿੱਚ ਉਹ ਮੁਸਲਮਾਨ ਔਰਤਾਂ ਨੂੰ ਅਗਵਾ ਕਰਨ ਦਾ ਸੱਦਾ ਦਿੰਦੇ ਹਨ।
ਰਾਮ ਭਗਤ ਗੋਪਾਲ ਨੂੰ ਨਫ਼ਰਤ ਫ਼ੈਲਾਉਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਇੱਕ ਮਹੀਨੇ ਦੇ ਅੰਦਰ ਹੀ ਜ਼ਮਾਨਤ ਦੇ ਦਿੱਤੀ ਗਈ।
ਸਾਨਿਆ ਦੇ ਮੁਤਾਬਕ, "ਅਸਲ ਜ਼ਿੰਦਗੀ ਵਿੱਚ ਅਜਿਹੇ ਨਫ਼ਰਤ ਭਰੇ ਬਿਆਨ ਦੇਣ ਵਾਲੇ ਜਦੋਂ ਤੱਕ ਖੁੱਲ੍ਹੇ ਘੁੰਮਦੇ ਰਹਿਣਗੇ, ਆਨਲਾਈਨ ਦੁਨੀਆਂ ਵਿੱਚ ਮੁਸਲਮਾਨ ਔਰਤਾਂ ਨੂੰ ਪ੍ਰੇਸ਼ਾਨ ਕਰਨ ਵਾਲਿਆਂ ਨੂੰ ਸ਼ਹਿ ਮਿਲਦੀ ਰਹੇਗੀ।"
ਇਸਮਤ ਨੇ ਆਪਣੀ ਸ਼ਿਕਾਇਤ ਵਿੱਚ 'ਮੁਸਲਮਾਨ ਔਰਤਾਂ ਦੇ ਖ਼ਿਲਾਫ਼ ਸਾਜਿਸ਼' ਸ਼ਬਦਾਵਲੀ ਦੀ ਵਰਤੋਂ ਕੀਤੀ।
ਬੀਬੀਸੀ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ, "ਇੱਕ ਜਾਂ ਦੋ ਮੁਸਲਮਾਨ ਔਰਤਾਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਨੇ ਹੁਣ ਵਿਉਂਤਬੱਧ ਤਰੀਕੇ ਨਾਲ ਮੁਸਲਮਾਨ ਔਰਤਾਂ ਦੇ ਖ਼ਿਲਾਫ਼ ਸਾਜਿਸ਼ ਦੇ ਤਹਿਤ ਲਿਸਟ ਬਣਾ ਕੇ, ਨਾਵਾਂ ਦੀ ਚੋਣ ਕਰਕੇ ਅਜਿਹਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਇੱਕ ਅਜਿਹੇ ਜੁਰਮ ਵਜੋਂ ਦੇਖਣਾ ਜ਼ਰੂਰੀ ਹੈ।"
ਇੱਕ ਤੋਂ ਬਾਅਦ ਇੱਕ ਕਈ ਔਰਤਾਂ ਟਵਿੱਟਰ ਉੱਪਰ ਲਿਖਣ ਲੱਗੀਆਂ। ਉਹ ਇੱਕ ਦੂਜੇ ਨੂੰ ਜਾਣਦੀਆਂ ਅਤੇ ਹੌਂਸਲਾ ਲੈ ਰਹੀਆਂ ਸਨ।
ਹਾਲਾਂਕਿ ਦੋਵਾਂ ਸੂਚੀਆਂ ਵਿੱਚੋਂ ਕੁਝ ਹੀ ਨਾਮ ਸਾਹਮਣੇ ਆਏ ਹਨ। ਮੈਨੂੰ ਕਈ ਔਰਤਾਂ ਨੇ ਦੱਸਿਆ ਕਿ ਐਪਸ ਉੱਪਰ 15-16 ਸਾਲ ਦੀਆਂ ਬੱਚੀਆਂ ਦੀਆਂ ਤਸਵੀਰਾਂ ਵੀ ਪਾਈਆਂ ਗਈਆਂ ਹਨ। ਹਾਲਾਂਕਿ ਉਨ੍ਹਾਂ ਦੇ ਸਾਹਮਣੇ ਨਾ ਆਉਣ ਦੀ ਸੂਰਤ ਵਿੱਚ ਇਸ ਦੀ ਪੁਸ਼ਟਾ ਕਰਨਾ ਮੁਸ਼ਕਲ ਹੈ।
ਸੁੱਲੀ ਤੇ ਬੁੱਲੀ ਡੀਲਸ: ਗ੍ਰਿਫ਼ਤਾਰੀਆਂ
ਡਰ, ਨਿਰਾਸ਼ਾ ਅਤੇ ਗੁੱਸੇ ਦੇ ਇਸ ਮਾਹੌਲ ਵਿੱਚ 'ਬੁੱਲੀ' ਐਪ ਦੀ ਘਟਨਾ ਤੋਂ ਬਾਅਦ ਜਦੋਂ ਮੁਸਲਮਾਨ ਔਰਤਾਂ ਸਾਹਮਣੇ ਆਈਆਂ ਤਾਂ ਮੁੰਬਈ ਪੁਲਿਸ ਵਿੱਚ ਕੁਝ ਸ਼ਿਕਾਇਤਾਂ ਦਰਜ ਹੋਈਆਂ ਤੋਂ ਗ੍ਰਿਫ਼ਤਾਰੀਆਂ ਵੀ ਹੋਣ ਲੱਗੀਆਂ।
ਸ਼ਿਵ ਸੇਨਾ ਦੀ ਮੈਂਬਰ ਪਾਰਲੀਮੈਂਟ ਪ੍ਰਿਅੰਕਾ ਚਤੁਰਵੇਦੀ ਨੇ ਵੀ ਇਸ ਮੁੱਦੇ ਨੂੰ ਖੂਬ ਚੁੱਕਿਆ। ਮੁੰਬਈ ਪੁਲਿਸ ਨੇ 18 ਚੋਂ 21 ਸਾਲ ਦੀ ਉਮਰ ਦੇ ਤਿੰਨ ਲੋਕਾਂ ਨੂੰ ਇਸ ਨਿਲਾਮੀ ਦੇ ਪਿੱਛੇ ਹੋਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਵੀ ਅਸਾਮ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਨੂੰ "ਮੁੱਖ ਸਾਜਿਸ਼ਕਾਰ" ਦੱਸਿਆ ਹੈ।
ਇਹ ਸਾਰੀਆਂ ਗ੍ਰਿਫ਼ਤਾਰੀਆਂ 'ਬੁੱਲੀ' ਐਪ ਦੇ ਮਾਮਲੇ ਵਿੱਚ ਹੋਈਆਂ ਹਨ।
ਕਾਂਗਰਸ ਦੀ ਸੋਸ਼ਲ ਮੀਡੀਆ ਟੀਮ ਦੀ ਕਨਵੀਨਰ ਹਸੀਬਾ ਆਮੀਨ ਨੇ 'ਸੁੱਲੀ' ਐਪ ਦੇ ਸਮੇਂ ਦਿੱਲੀ ਪੁਲਿਸ ਵਿੱਚ ਐਫ਼ਆਈਆਰ ਦਰਜ ਕਰਵਾਈ ਸੀ।
ਬੀਬੀਸੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ,"ਅਜਿਹੇ ਕੰਮ ਕਰਨ ਵਾਲਿਆਂ ਨੂੰ ਰੋਕਣ ਦੀ ਸਿਆਸੀ ਇੱਛਾ ਸ਼ਕਤੀ ਨਹੀਂ ਹੈ। ਵਰਨਾ ਅਜਿਹੀਆਂ ਗ੍ਰਿਫ਼ਤਾਰੀਆਂ ਪਹਿਲੀ ਵਾਰ ਵਿੱਚ ਵੀ ਹੋ ਸਕਦੀਆਂ ਸਨ। ਨਿਲਾਮੀ ਦੀ ਪ੍ਰਕਿਰਿਆ ਤੁਹਾਨੂੰ ਮਨੁੱਖ ਤੋਂ ਇੱਕ ਚੀਜ਼ ਬਣਾ ਕੇ ਰੱਖ ਦਿੰਦੀ ਹੈ, ਜਿਸ ਨੂੰ ਮਰਦ ਆਪਸ ਵਿੱਚ ਵੰਡ ਰਹੇ ਹਨ।”
“ਅੱਜ ਵੀ ਸਾਡੇ ਸਕਰੀਨ ਸ਼ਾਟ ਸੋਸ਼ਲ ਮੀਡੀਆ ਉੱਪਰ ਮੌਜੂਦ ਹਨ ਅਤੇ ਸਾਨੂੰ ਇੱਕ ਵਸਤੂ ਵਾਂਗ ਮਹਿਸੂਸ ਕਰਵਾਉਂਦੇ ਰਹਿੰਦੇ ਹਨ।"
ਮੁੰਬਈ ਪੁਲਿਸ ਦੇ ਸ਼ਿਵ ਸੇਨਾ ਸਰਕਾਰ ਅਧੀਨ ਅਤੇ ਦਿੱਲੀ ਪੁਲਿਸ ਦੇ ਕੇਂਦਰ ਦੀ ਭਾਜਪਾ ਸਰਕਾਰ ਦੇ ਅਧੀਨ ਕੰਮ ਕਰਨ ਬਾਰੇ ਸਵਾਲ ਚੁੱਕੇ ਜਾ ਰਹੇ ਹਨ। ਇਹ ਸਵਾਲ ਵੀ ਮੈਂ ਦਿੱਲੀ ਪੁਲਿਸ ਦੇ ਪੀਆਰਓ ਦੇ ਸਾਹਮਣੇ ਰੱਖਿਆ।
ਡੀਸੀਪੀ ਚਿਨਮਿਆ ਬਿਸਵਾਲ ਨੇ ਕਿਹਾ, "ਸਿਆਸੀ ਇੱਛਾ ਸ਼ਕਤੀ ਦਾ ਇਲਜ਼ਾਮ ਬੇਬੁਨਿਆਦ ਹੈ, ਛੇ ਮਹੀਨੇ ਵਿੱਚ ਸੱਤਾ ਬਦਲੀ ਨਹੀਂ ਹੈ ਅਤੇ ਅਸੀਂ 'ਬੁੱਲੀ' ਮਾਮਲੇ ਵਿੱਚ ਮਾਸਟਰਮਾਈਂਡ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜੋ ਅੱਜ ਨਿੰਦਾ ਕਰ ਰਹੇ ਹਾਂ ਉਹ ਕੱਲ ਨੂੰ ਤਰੀਫ਼ ਕਰਨਗੇ।"
'ਸੁੱਲੀ' ਦੀ ਸੂਚੀ ਵਿੱਚ ਇੱਕ ਹੋਰ ਨਾਮ, ਨਬਿਆ ਖ਼ਾਨ ਦੇ ਮੁਤਾਬਕ ਪੰਜ ਮਹੀਨਿਆਂ ਬਾਅਦ ਵੀ ਉਨ੍ਹਾਂ ਨੂੰ ਹੁਣ ਤੱਕ ਉਨ੍ਹਾਂ ਦੀ ਸ਼ਿਕਾਇਤ ਉੱਪਰ ਐਫ਼ਆਈਆਰ ਦੀ ਕਾਪੀ ਦਿੱਲੀ ਪੁਲਿਸ ਨੇ ਨਹੀਂ ਦਿੱਤੀ।
ਸਾਨਿਆ ਸਯਦ ਦੇ ਮੁਤਾਬਕ ਕਾਰਵਾਈ ਨਾ ਹੋਣ ਦਾ ਅਸਰ ਇਹ ਰਿਹਾ ਕਿ 'ਸੁੱਲੀ' ਤੋਂ ਬਾਅਦ ਕਈ ਮੁਸਲਮਾਨ ਔਰਤਾਂ ਨੇ ਟਵਿੱਟਰ ਛੱਡ ਦਿੱਤਾ।
ਕੋਲੰਬੀਆ ਯੂਨੀਵਰਸਿਟੀ ਵਿੱਚ ਪੜ੍ਹ ਰਹੀ, ਸਾਬਕਾ ਪੱਤਰਕਾਰ ਹਿਬਾ ਬੇਗ ਦੀ ਤਸਵੀਰ ਦੋਵਾਂ ਨਿਲਾਮੀਆਂ ਵਿੱਚ ਵਰਤੀ ਗਈ। ਉਨ੍ਹਾਂ ਨੇ ਕਿਹਾ 'ਸੁੱਲੀ' ਤੋਂ ਬਾਅਦ ਹੁਣ ਉਹ ਜ਼ਿਆਦਾ ਖੁੱਲ੍ਹ ਕੇ ਨਹੀਂ ਬੋਲਦੇ ਹਨ, ਖ਼ੁਦ ਨੂੰ ਸੈਂਸਰ ਕਰਦੇ ਸਨ ਅਤੇ ਫਿਰ ਵੀ 'ਬੁੱਲੀ' ਵਿੱਚ ਉਨ੍ਹਾਂ ਦੀ ਤਸਵੀਰ ਆਉਣ ਤੋਂ ਉਹ ਅਸੁਰੱਖਿਅਤ ਮਹਿਸੂਸ ਕਰਦੇ ਹਨ।
ਮੀਡੀਆ ਰਿਪੋਰਟਾਂ ਦੇ ਮੁਤਾਬਕ ਤਿੰਨ ਜਣਿਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੀ ਇੱਕ ਟਵਿੱਟਰ ਹੈਂਡਲ ਨੇ ਦਾਅਵਾ ਕੀਤਾ ਕਿ ਫੜੇ ਗਏ ਤਿੰਨੇ ਜਣੇ ਬੇਕਸੂਰ ਹਨ ਅਤੇ ਉਹ ਖ਼ੁਦ ਇਨ੍ਹਾਂ ਨਿਲਾਮੀਆਂ ਦੇ ਪਿੱਛੇ ਹੈ।
ਸਾਨਿਆ ਅਹਿਮਦ ਨੇ ਟਵੀਟ ਕੀਤਾ ਹੈ ਕਿ ਇਹ ਟਵਿੱਟਰ ਹੈਂਡਲ ਉਨ੍ਹਾਂ ਨੂੰ ਫਿਰ ਤੋਂ ਪਰੇਸ਼ਾਨ ਕਰ ਰਿਹਾ ਤੇ "ਬੁੱਲੀ ਬਾਈ 2.0" ਦੀ ਧਮਕੀ ਦੇ ਰਿਹਾ ਹੈ।
ਸਾਨਿਆ ਸਯਦ ਕਹਿੰਦੇ ਹਨ,"ਇਨ੍ਹਾਂ ਨੂੰ ਪਤਾ ਹੈ ਕਿ ਛੁੱਟ ਤਾਂ ਜਾਵਾਂਗੇ ਜਾਂ ਇਨ੍ਹਾਂ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਵੇਗੀ ਅਤੇ ਫ਼ਿਰ ਸਾਨੂੰ ਮੁਸਲਮਾਨ ਅਤੇ ਔਰਤ ਹੋਣ ਕਾਰਨ ਨਿਸ਼ਾਨਾ ਬਣਾਇਆ ਜਾਵੇਗਾ। ਦੇਸ਼ ਦਾ ਜੋ ਮਾਹੌਲ ਹੈ ਮੈਨੂੰ ਹੈਰਾਨੀ ਨਹੀਂ ਹੋਵੇਗੀ ਕਿ ਕੁਝ ਮਹੀਨਿਆਂ ਬਾਅਦ ਇੱਕ ਹੋਰ ਨਿਲਾਮੀ ਦੀ ਖ਼ਬਰ ਆ ਜਾਏ।"
ਇਹ ਵੀ ਪੜ੍ਹੋ:
ਇਹ ਵੀ ਦੇਖੋ: