You’re viewing a text-only version of this website that uses less data. View the main version of the website including all images and videos.
ਕੋਰੋਨਾ ਟੈਸਟ ਪੌਜ਼ੀਟਿਵ ਆਇਆ ਤਾਂ ਮਹਿਲਾ ਨੂੰ ਕਈ ਘੰਟੇ ਜਹਾਜ਼ ਦੇ ਬਾਥਰੂਮ ਵਿੱਚ ਹੀ ਰਹਿਣਾ ਪਿਆ ਕੈਦ- ਪ੍ਰੈੱਸ ਰਿਵੀਊ
ਯੂਐੱਸ ਦੇ ਇੱਕ ਮਹਿਲਾ ਸਕੂਲ ਟੀਚਰ ਦਾ ਕਹਿਣਾ ਹੈ ਕਿ ਜਹਾਜ਼ ਵਿੱਚ ਸਫ਼ਰ ਦੌਰਾਨ ਜਦੋਂ ਉਨ੍ਹਾਂ ਨੂੰ ਕੋਵਿਡ -19 ਦੀ ਲਾਗ ਹੋਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਪੂਰੇ ਸਫ਼ਰ ਦੌਰਾਨ ਜਹਾਜ਼ ਦੇ ਟਾਇਲਟ 'ਚ ਹੀ ਰਹਿਣ ਦਾ ਫੈਸਲਾ ਕੀਤਾ।
ਬੀਬੀਸੀ ਡਾਟ ਕਾਮ ਦੀ ਖ਼ਬਰ ਮੁਤਾਬਕ, ਮਾਰੀਸਾ ਫੋਟਿਓ ਨਾਮ ਦੀ ਇਸ ਮਹਿਲਾ ਦਾ ਕਹਿਣਾ ਹੈ ਕਿ 20 ਦਸੰਬਰ ਨੂੰ ਸ਼ਿਕਾਗੋ ਤੋਂ ਆਈਸਲੈਂਡ ਦੇ ਰੇਕਜਾਵਿਕ ਤੱਕ ਯਾਤਰਾ ਕਰਦੇ ਸਮੇਂ ਉਨ੍ਹਾਂ ਨੂੰ ਆਪਣੇ ਗਲ਼ੇ ਵਿੱਚ ਕੁਝ ਦਿੱਕਤ ਮਹਿਸੂਸ ਹੋਈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਨਾਲ ਲਿਆਂਦੀ ਇੱਕ ਰੈਪਿਡ ਕਿੱਟ ਨਾਲ ਕੋਰੋਨਾ ਦਾ ਟੈਸਟ ਕੀਤਾ, ਜਿਸ ਵਿੱਚ ਨਤੀਜਾ ਇਹ ਆਇਆ ਕਿ ਉਨ੍ਹਾਂ ਨੂੰ ਕੋਵਿਡ ਹੋ ਗਿਆ ਸੀ।
ਇਸ ਲਈ ਬਾਕੀ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਨੇ ਆਪ ਹੀ ਸਭ ਤੋਂ ਵੱਖ, ਜਹਾਜ਼ ਦੇ ਟਾਇਲਟ ਵਿੱਚ ਰਹਿਣ ਦਾ ਫੈਸਲਾ ਕੀਤਾ।
ਉਨ੍ਹਾਂ ਨੇ ਐੱਨਬੀਸੀ ਨਿਊਜ਼ ਨੂੰ ਦੱਸਿਆ, "ਇਹ ਬਹੁਤ ਵੱਖਰਾ ਅਨੁਭਵ ਸੀ। ਜਹਾਜ਼ ਵਿੱਚ 150 ਲੋਕ ਸਨ ਅਤੇ ਮੇਰਾ ਸਭ ਤੋਂ ਵੱਡਾ ਡਰ ਇਹ ਸੀ ਕਿ ਮੈਂ ਉਨ੍ਹਾਂ ਨੂੰ ਵੀ ਲਾਗ ਨਾ ਦੇ ਦੇਵਾਂ।''
ਉਨ੍ਹਾਂ ਨੇ ਇਸ ਬਾਰੇ ਟਿਕਟੌਕ 'ਤੇ ਵੀ ਇੱਕ ਪੋਸਟ ਕੀਤੀ, ਜਿਸ ਨੂੰ ਚਾਰ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ।
ਇਸ ਮੁਸ਼ਕਿਲ ਸਮੇਂ ਦੌਰਾਨ ਜਹਾਜ਼ ਦੇ ਕਰਮਚਾਰੀਆਂ ਦੁਆਰਾ ਵਿਸ਼ੇਸ਼ ਧਿਆਨ ਰੱਖਣ ਲਈ ਉਨ੍ਹਾਂ ਨੇ ਕਰਮਚਾਰੀਆਂ ਦੀ ਪ੍ਰਸ਼ੰਸਾ ਵੀ ਕੀਤੀ।
ਇਹ ਵੀ ਪੜ੍ਹੋ:
'ਇੱਕ ਵਾਰ ਕਮਿਊਨਿਟੀ 'ਚ ਆ ਗਿਆ ਤਾਂ ਜੰਗਲ ਦੀ ਅੱਗ ਵਾਂਗ ਫੈਲੇਗਾ ਓਮੀਕਰੋਨ'
ਦੇਸ਼ ਵਿੱਚ ਪਿਛਲੇ ਦਿਨਾਂ 'ਚ ਕੋਵਿਡ ਦੇ ਮਾਮਲੇ, ਖਾਸਕਰ ਓਮੀਕਰੋਨ ਵੇਰੀਐਂਟ ਦੀ ਲਾਗ ਦੇ ਮਾਮਲਿਆਂ ਵਿੱਚ ਤੇਜ਼ੀ ਆਈ ਹੈ। ਦਿੱਲੀ ਦੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦੇ ਡਾਇਰੈਕਟਰ-ਪ੍ਰੋਫੈਸਰ ਡਾ. ਨਰੇਸ਼ ਗੁਪਤਾ ਨੇ ਇਸ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ।
ਲਾਈਵ ਮਿੰਟ ਦੀ ਖ਼ਬਰ ਮੁਤਾਬਕ, ਉਨ੍ਹਾਂ ਨੇ ਵੀਰਵਾਰ ਨੂੰ ਚੇਤਾਵਨੀ ਦਿੱਤੀ ਕਿ ਓਮੀਕਰੋਨ ਵੇਰੀਐਂਟ ਜਦੋਂ ਇੱਕ ਵਾਰ ਸਮਾਜ ਵਿੱਚ ਆ ਗਿਆ ਤਾਂ ਇਹ ਜੰਗਲ ਦੀ ਅੱਗ ਵਾਂਗ ਫੈਲ ਜਾਵੇਗਾ।
ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਅਨੁਸਾਰ, ਉਨ੍ਹਾਂ ਨੇ ਅਜਿਹੀਆਂ ਰਿਪੋਰਟਾਂ ਦਾ ਹਵਾਲਾ ਦਿੱਤਾ ਜੋ ਦੱਸਦੀਆਂ ਹਨ ਕਿ 70% ਓਮੀਕਰੋਨ ਮਰੀਜ਼ਾਂ ਵਿੱਚ ਲਾਗ ਦੇ ਲੱਛਣ ਨਹੀਂ ਹਨ ਅਤੇ ਦੂਜੇ ਵਿਅਕਤੀ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਸਾਹਮਣੇ ਵਾਲੇ ਨੂੰ ਲਾਗ ਲੱਗੀ ਹੈ।
ਇਸ ਤੋਂ ਪਹਿਲਾਂ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼), ਦਿੱਲੀ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਬੁੱਧਵਾਰ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਹੋਏ ਲੋਕਾਂ ਨੂੰ "ਘਬਰਾਉਣ ਦੀ ਨਹੀਂ, ਸਗੋਂ ਚੌਕਸ ਰਹਿਣ" ਦੀ ਸਲਾਹ ਦਿੱਤੀ ਹੈ।
ਦੇਸ਼ ਦੇ 14 ਸ਼ਹਿਰਾਂ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ ਅਚਾਨਕ ਵਾਧੇ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰ ਨੇ ਸੂਬਿਆਂ ਨੂੰ ਪੱਤਰ ਲਿਖ ਕੇ ਇਸ ਵਾਧੇ ਨੂੰ ਰੋਕਣ ਲਈ ਤੁਰੰਤ ਉਪਾਅ ਕਰਨ ਦੀ ਅਪੀਲ ਕੀਤੀ ਹੈ।
ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਸੂਤਰਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੇਂਦਰ ਨੇ ਸੂਬਿਆਂ ਨੂੰ ਸਲਾਹ ਦਿੱਤੀ ਹੈ ਕਿ "ਵਧਦੀ ਮੌਤ ਦਰ ਤੋਂ ਬਚਣ ਲਈ ਤੁਰੰਤ ਕਦਮ ਚੁੱਕੋ"।
ਸਰਕਾਰ ਦੇ ਕੋਵਿਡ ਟਾਸਕ ਫੋਰਸ ਦੇ ਮੁਖੀ ਵੀਕੇ ਪਾਲ ਨੇ ਕਿਹਾ ਕਿ ਹੁਣ ਤੱਕ 22 ਸੂਬਿਆਂ 'ਚ ਬਹੁਤ ਜ਼ਿਆਦਾ ਛੂਤ ਵਾਲੇ ਵੇਰੀਐਂਟ ਦੇ 961 ਮਾਮਲੇ ਸਾਹਮਣੇ ਆਏ ਹਨ। ਸਭ ਤੋਂ ਵੱਧ ਪ੍ਰਭਾਵਿਤ ਸੂਬੇ ਦਿੱਲੀ, ਮਹਾਰਾਸ਼ਟਰ, ਗੁਜਰਾਤ, ਰਾਜਸਥਾਨ, ਕੇਰਲ ਅਤੇ ਤੇਲੰਗਾਨਾ ਹਨ ਅਤੇ ਕੇਂਦਰ ਨੇ ਇਨ੍ਹਾਂ ਨੂੰ ਪੱਤਰ ਲਿਖ ਕੇ ਉਪਾਅ ਕਰਨ ਲਈ ਕਿਹਾ ਹੈ।
ਚੀਨ ਨੇ ਅਰੁਣਾਚਲ ਪ੍ਰਦੇਸ਼ ਦੀਆਂ 15 ਥਾਵਾਂ ਦੇ ਨਾਮ ਬਦਲੇ, ਭਾਰਤ ਨੇ ਕੀਤੇ ਰੱਦ
ਚੀਨ ਦੇ ਨਾਗਰਿਕ ਮਾਮਲਿਆਂ ਦੇ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ ਅਰੁਣਾਚਲ ਪ੍ਰਦੇਸ਼ ਦੇ ਚੀਨੀ ਨਾਮ ਜ਼ੰਗਨਾਨ ਵਿੱਚ 15 ਸਥਾਨਾਂ ਦੇ ਨਾਮ ਚੀਨੀ ਅੱਖਰਾਂ, ਤਿੱਬਤੀ ਅਤੇ ਰੋਮਨ ਵਰਣਮਾਲਾ ਵਿੱਚ ਮਾਨਕੀਕਰਨ ਕੀਤੇ ਹਨ।
ਇੰਡੀਆ ਟੁਡੇ ਦੀ ਖ਼ਬਰ ਮੁਤਾਬਕ, ਉਨ੍ਹਾਂ ਅਨੁਸਾਰ ਇਹ ਮਾਨਕੀਕਰਨ ਸਟੇਟ ਕੌਂਸਲ ਚੀਨ ਦੀ ਕੈਬਨਿਟ ਦੁਆਰਾ ਜਾਰੀ ਭੂਗੋਲਿਕ ਨਾਵਾਂ ਦੇ ਨਿਯਮਾਂ ਦੇ ਅਨੁਸਾਰ ਹੈ।
ਵੀਰਵਾਰ ਨੂੰ, ਭਾਰਤ ਨੇ ਇਸ 'ਤੇ ਪ੍ਰਤੀਕਿਰਿਆ ਦਿੰਦਿਆਂ ਜ਼ੋਰ ਦੇ ਕੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਹਮੇਸ਼ਾ ਹੀ ਭਾਰਤ ਦਾ ਅਨਿੱਖੜਵਾਂ ਅੰਗ ਰਿਹਾ ਹੈ ਅਤੇ ਹਮੇਸ਼ਾ ਰਹੇਗਾ। ਅਰੁਣਾਚਲ ਪ੍ਰਦੇਸ਼ ਵਿੱਚ ਸਥਾਨਾਂ ਨੂੰ 'ਖੋਜੇ ਗਏ' ਨਾਮ ਦੇਣ ਨਾਲ ਇਹ ਤੱਥ ਨਹੀਂ ਬਦਲਦਾ।
ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, "ਅਸੀਂ ਅਜਿਹਾ ਦੇਖ ਚੁੱਕੇ ਹਾਂ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਚੀਨ ਨੇ ਅਰੁਣਾਚਲ ਪ੍ਰਦੇਸ਼ ਸੂਬੇ ਵਿੱਚ ਸਥਾਨਾਂ ਦੇ ਅਜਿਹੇ ਨਾਮ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਚੀਨ ਨੇ ਅਪ੍ਰੈਲ 2017 ਵਿੱਚ ਵੀ ਅਜਿਹੇ ਨਾਮ ਦੇਣ ਦੀ ਕੋਸ਼ਿਸ਼ ਕੀਤੀ ਸੀ।"
ਜਿਨ੍ਹਾਂ 15 ਸਥਾਨਾਂ ਦੇ ਨਾਮ ਬਦਲਣ ਦੀ ਗੱਲ ਕਹੀ ਗਈ ਹੈ, ਉਨ੍ਹਾਂ ਵਿੱਚੋਂ ਅੱਠ ਰਿਹਾਇਸ਼ੀ ਖੇਤਰ ਹਨ, ਚਾਰ ਪਹਾੜ ਹਨ, ਦੋ ਨਦੀਆਂ ਹਨ ਅਤੇ ਇੱਕ ਪਹਾੜੀ ਦੱਰਾ ਹੈ।
ਇਹ ਦੂਜੀ ਵਾਰ ਹੈ ਜਦੋਂ ਚੀਨ ਨੇ ਅਰੁਣਾਚਲ ਪ੍ਰਦੇਸ਼ ਵਿੱਚ ਸਥਾਨਾਂ ਦੇ ਨਾਮਾਂ ਬਾਰੇ ਸੂਚੀ ਦਿੱਤੀ ਹੈ। ਇਸ ਤੋਂ ਪਹਿਲਾਂ ਸਾਲ 2017 ਵਿੱਚ ਵੀ ਚੀਨ ਛੇ ਸਥਾਨਾਂ ਦੇ ਨਾਵਾਂ ਦਾ ਪਹਿਲਾ ਬੈਚ ਜਾਰੀ ਕਰ ਚੁੱਕਿਆ ਹੈ।
ਬੀਜਿੰਗ ਵਿੱਚ ਚੀਨ ਤਿੱਬਤ ਵਿਗਿਆਨ ਖੋਜ ਕੇਂਦਰ ਦੇ ਇੱਕ ਮਾਹਰ, ਲਿਆਨ ਜ਼ਿਆਂਗਮਿਨ ਨੇ ਵੀਰਵਾਰ ਨੂੰ ਗਲੋਬਲ ਟਾਈਮਜ਼ ਨੂੰ ਕਿਹਾ ਕਿ ਇਹ ਇੱਕ ਜਾਇਜ਼ ਕਦਮ ਹੈ ਅਤੇ ਉਨ੍ਹਾਂ ਨੂੰ ਪ੍ਰਮਾਣਿਤ ਨਾਮ ਦੇਣਾ ਚੀਨ ਦੀ ਪ੍ਰਭੂਸੱਤਾ ਦਾ ਅਧਿਕਾਰ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਵਿੱਖ ਵਿੱਚ ਖੇਤਰ ਵਿੱਚ ਹੋਰ ਪ੍ਰਮਾਣਿਤ ਸਥਾਨਾਂ ਦੇ ਨਾਮ ਵੀ ਐਲਾਨੇ ਜਾਣਗੇ।
ਇਹ ਵੀ ਪੜ੍ਹੋ:
ਇਹ ਵੀ ਦੇਖੋ: