ਜਦੋਂ 88 ਸਾਲ ਪਹਿਲਾਂ ਭਾਰਤ ਵਿੱਚ ਪਲੇਗ ਦੇ ਕਲਚਰ ਨਾਲ ਹੋਏ ਅਨੋਖੇ ਕਤਲ ਨੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਸੀ

- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
26 ਨਵੰਬਰ 1933 ਦੀ ਦੁਪਹਿਰ ਨੂੰ ਕੋਲਕਾਤਾ (ਉਸ ਸਮੇਂ ਦੇ ਕਲਕੱਤਾ) ਦੇ ਇੱਕ ਭੀੜ੍ਹ-ਭੜੱਕੇ ਵਾਲੇ ਰੇਲਵੇ ਸਟੇਸ਼ਨ 'ਤੇ ਇੱਕ ਮਧਰਾ ਜਿਹਾ ਵਿਅਕਤੀ ਇੱਕ ਗੱਭਰੂ ਜ਼ਿਮੀਦਾਰ ਨੂੰ ਖਹਿ ਕੇ ਲੰਘਿਆ ਅਤੇ ਭੀੜ ਵਿੱਚ ਗੁਆਚ ਗਿਆ।
ਉਸ 20 ਸਾਲਾ ਜ਼ਿਮੀਂਦਾਰ ਅਮਰੇਂਦਰ ਚੰਦਰ ਪਾਂਡੇ ਨੇ ਆਪਣੀ ਸੱਜੀ ਬਾਂਹ 'ਚ ਟੀਕੇ ਵਰਗਾ ਦਰਦ ਮਹਿਸੂਸ ਕੀਤਾ ਅਤੇ ਨਾਲ ਹੀ ਵੇਖਿਆ ਕਿ ਮੋਟੇ ਘਰੇਲੂ ਸੂਤੀ ਦੇ ਪਹਿਰਾਵੇ ਵਾਲਾ ਉਹ ਬੰਦਾ ਹਾਵੜਾ ਸਟੇਸ਼ਨ ਦੀ ਗਹਿਮਾ-ਗਹਿਮੀ ਵਿੱਚ ਗੁਆਚ ਗਿਆ ਸੀ।
ਉਸ ਨੇ ਕਿਹਾ, "ਕਿਸੇ ਨੇ ਮੈਨੂੰ ਕੁਝ ਖੋਭਿਆ ਹੈ" ਪਰ ਉਸ ਨੇ ਪਾਕੁਰ 'ਚ ਆਪਣੀ ਜੱਦੀ ਜਾਇਦਾਦ ਵੱਲ ਦੀ ਆਪਣੀ ਯਾਤਰਾ ਜਾਰੀ ਰੱਖਣ ਦਾ ਫੈਸਲਾ ਲਿਆ। ਇਹ ਖੇਤਰ ਹੁਣ ਗੁਆਂਢੀ ਰਾਜ ਝਾਰਖੰਡ 'ਚ ਪੈਂਦਾ ਹੈ।
ਉਸ ਨਾਲ ਆਏ ਰਿਸ਼ਤੇਦਾਰਾਂ ਨੇ ਅਮਰੇਂਦਰ ਨੂੰ ਵਾਪਸ ਚਲੇ ਜਾਣ ਆਪਣਾ ਖੂਨ ਦਾ ਟੈਸਟ ਕਰਵਾਉਣ ਲਈ ਕਿਹਾ।
ਪਰ ਉਨ੍ਹਾਂ ਤੋਂ ਦਸ ਸਾਲ ਵੱਡੇ ਮਤਰਏ ਭਰਾ ਬੇਨੋਯੇਂਦਰ, ਜੋ ਬਿਨ੍ਹਾ ਬੁਲਾਏ ਹੀ ਸਟੇਸ਼ਨ 'ਤੇ ਪਹੁੰਚੇ ਸਨ, ਨੇ 'ਘਟਨਾ ਬਾਰੇ ਚਾਨਣਾ ਪਾਇਆ' ਅਤੇ ਉਸ ਨੂੰ ਜਲਦ ਤੋਂ ਜਲਦ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ।
ਬੁਖਾਰ ਹੋਣ ਦੇ ਕਾਰਨ ਅਮਰੇਂਦਰ ਕੋਲਕਾਤਾ ਤੋਂ ਵਾਪਸ ਆ ਗਏ ਸੀ ਜਿੱਥੇ ਅਤੇ ਤਿੰਨ ਦਿਨਾਂ ਬਾਅਦ ਇੱਕ ਡਾਕਟਰ ਨੇ ਉਨ੍ਹਾਂ ਦੀ ਜਾਂਚ ਕੀਤੀ। ਅਮਰੇਂਦਰ ਨੂੰ ਜਿੱਥੇ ਚੁਬਣ ਮਹਿਸੂਸ ਹੋਈ ਸੀ ਉੱਥੇ ਇੱਕ ਹਾਈਪੋਡਰਮਿਕ ਸੂਈ ਦੇ ਨਿਸ਼ਾਨ ਵਰਗਾ ਕੁਝ ਸੀ।
ਅਗਲੇ ਪੰਜ ਦਿਨਾਂ 'ਚ ਮਰੀਜ਼ ਨੂੰ ਤੇਜ਼ ਬੁਖਾਰ, ਕੱਛਾਂ 'ਚ ਸੋਜ ਅਤੇ ਫੇਫੜਿਆਂ ਦੀ ਬਿਮਾਰੀ ਦੇ ਸ਼ੁਰੂਆਤੀ ਲੱਛਣ ਵਿਖਾਈ ਦੇਣ ਲੱਗ ਪਏ ਸਨ। 3 ਦਸੰਬਰ ਦੀ ਰਾਤ ਨੂੰ ਉਹ ਕੋਮਾ 'ਚ ਚਲੇ ਗਏ ਅਤੇ ਅਗਲੀ ਸਵੇਰ ਮੌਤ ਹੋ ਗਈ।
ਡਕਟਰਾਂ ਨੇ ਪੁਸ਼ਟੀ ਕੀਤੀ ਕਿ ਅਮਰੇਂਦਰ ਦੀ ਮੌਤ ਨਿਮੋਨੀਆ ਕਰਕੇ ਹੋਈ ਹੈ। ਹਾਲਾਂਕਿ ਮੌਤ ਤੋਂ ਬਾਅਦ ਆਈਆਂ ਲੈਬ ਰਿਪੋਰਟਾਂ ਨੇ ਖੂਨ 'ਚ ਯਰਸੀਨੀਆ ਪੈਸਟੀਸਾਈਡ, ਜੋ ਕਿ ਘਾਤਕ ਬੈਕਟੀਰੀਆ ਹੈ ਅਤੇ ਪਲੇਗ ਦਾ ਕਾਰਨ ਬਣਦਾ ਹੈ ਦੀ ਮੌਜਦੂਗੀ ਵੱਲ ਇਸ਼ਾਰਾ ਕੀਤਾ।
ਚੂਹਿਆਂ ਅਤੇ ਪਿੱਸੂਆਂ ਤੋਂ ਫੈਲਣ ਵਾਲੇ ਪਲੇਗ ਨੇ 1896 ਅਤੇ 1918 ਦੇ ਅਰਸੇ ਦੌਰਾਨ ਭਾਰਤੀ ਉਪ ਮਹਾਂਦੀਪ 'ਚ 1.2 ਕਰੋੜ ਤੋਂ ਵਧੇਰੇ ਜਾਨਾਂ ਲਈਆਂ ਸਨ।
1929 ਅਤੇ 1938 ਦੇ ਵਿਚਾਲੇ ਪਲੇਗ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਲਗਭਗ ਪੰਜ ਲੱਖ ਤੱਕ ਘੱਟ ਗਈਆਂ ਸਨ ਅਤੇ ਕੋਲਕਾਤਾ 'ਚ ਅਮਰੇਂਦਰ ਦੀ ਮੌਤ ਤੱਕ ਤਿੰਨ ਸਾਲਾਂ 'ਚ ਪਲੇਗ ਦਾ ਇੱਕ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ ਸੀ।
ਇੱਕ ਅਮੀਰ ਅਤੇ ਰਸੂਖਦਾਰ ਜ਼ਿਮੀਦਾਰ ਪਰਿਵਾਰ ਦੇ ਵਾਰਿਸ ਦੀ ਸਨਸਨੀਖੇਜ਼ ਮੌਤ ਨੇ ਦੇਸ਼-ਵਿਦੇਸ਼ ਦੇ ਲੋਕਾਂ ਨੂੰ ਹੈਰਾਨੀ 'ਚ ਪਾ ਦਿੱਤਾ ਸੀ।
ਕੁਝ ਲੋਕਾਂ ਨੇ ਇਸ ਨੂੰ 'ਆਧੁਨਿਕ ਵਿਸ਼ਵ ਇਤਿਹਾਸ 'ਚ ਵਿਅਕਤੀਗਤ ਜੈਵਿਕ-ਦਹਿਸ਼ਤਗਰਦੀ ਦੇ ਮਾਮਲਿਆਂ 'ਚੋਂ ਇੱਕ ਵੱਜੋਂ ਦਰਸਾਇਆ ਸੀ।
ਇਹ ਵੀ ਪੜ੍ਹੋ:

ਤਸਵੀਰ ਸਰੋਤ, EASTERN RAILWAY
ਪ੍ਰਕਾਸ਼ਨਾਂ ਨੇ ਨਜ਼ਦੀਕ ਤੋਂ ਕਹਾਣੀ ਦਾ ਨਿਰੀਖਣ ਕੀਤਾ। ਟਾਈਮ ਮੈਗਜ਼ੀਨ ਨੇ ਇਸ ਨੂੰ "ਕੀਟਾਣੂਆਂ ਨਾਲ ਕਤਲ" ("murder with germs") ਦਾ ਨਾਂਅ ਦਿੱਤਾ ਜਦਕਿ ਸਿੰਗਾਪੁਰ ਦੇ ਸਟਰੇਟਸ ਟਾਈਮਜ਼ ਨੇ ਇਸ ਨੂੰ “ਪੈਂਚਰ ਕੀਤੀ ਗਈ ਬਾਂਹ ਦਾ ਰਹਿਸ” ਕਿਹਾ।
ਕੋਲਕਾਤਾ ਪੁਲਿਸ ਨੇ ਆਪਣੀ ਜਾਂਚ 'ਚ ਸਾਜਿਸ਼ ਦੇ ਇੱਕ ਗੁੰਝਲਦਾਰ ਨੈੱਟਵਰਕ ਅਤੇ ਇੱਕ ਮਜਬੂਤ ਸਾਜਿਸ਼ ਦਾ ਪਰਦਾਫਾਸ਼ ਕੀਤਾ ਸੀ, ਜਿਸ 'ਚ ਤਕਰੀਬਨ 1900 ਕਿਲੋਮੀਟਰ (1100 ਮੀਲ) ਬੰਬਈ ਦੇ ਇੱਕ ਹਸਪਤਾਲ ਤੋਂ ਘਾਤਕ ਬੈਕਟੀਰੀਆ ਲੀਕ ਕੀਤਾ ਗਿਆ ਸੀ।
ਅਪਰਾਧ ਪਿੱਛੇ ਦਾ ਮੁੱਖ ਕਾਰਨ ਪਰਿਵਾਰਕ ਜਾਇਦਾਦ ਨੂੰ ਲੈ ਕੇ ਸ਼ਰੀਕੇਬਾਜ਼ੀ ਸੀ।
ਅਮਰੇਂਦਰ ਦੇ ਸੌਤੇਲੇ ਭਰਾ ਪਾਕੁਰ 'ਚ ਆਪਣੇ ਮ੍ਰਿਤਕ ਪਿਤਾ ਵੱਲੋਂ ਪਿੱਛੇ ਛੱਡੀ ਗਈ ਵਿਸ਼ਾਲ ਜਾਇਦਾਦ ਦੀ ਮੁਖ਼ਤਿਆਰੀ ਲੈਣ ਲਈ ਦੋ ਸਾਲਾਂ ਤੋਂ ਇੱਕ ਦੂਜੇ ਨਾਲ ਲੜ ਰਹੇ ਸਨ। ਇਹ ਖੇਤਰ ਕੋਲੇ ਦੀਆਂ ਖਾਣਾਂ ਅਤੇ ਪੱਥਰ ਦੀਆਂ ਖੱਡਾਂ ਲਈ ਮਸ਼ਹੂਰ ਹੈ।
ਝਗੜਾਲੂ ਭਰਾਵਾਂ ਦੀ ਕਹਾਣੀ ਨੂੰ ਪ੍ਰਸਿੱਧ ਮੀਡੀਆ ਰਿਪੋਰਟਾਂ 'ਚ ਚੰਗੇ ਅਤੇ ਬੁਰੇ ਦੇ ਪਹਿਲੂ ਹੇਠ ਪੇਸ਼ ਕੀਤਾ ਗਿਆ ਸੀ।
ਇੱਕ ਬਿਰਤਾਂਤ ਦੇ ਅਨੁਸਾਰ ਅਮਰੇਂਦਰ ਇੱਕ ਸੱਜਣ ਪੁਰਸ਼, ਉੱਚ ਨੈਤਿਕ ਅਤੇ ਸਿਧਾਂਤਾਂ ਦਾ ਧਾਰਨੀ, ਉੱਚ ਸਿੱਖਿਆ ਹਾਸਲ ਕਰਨ ਦਾ ਇੱਛੁਕ, ਨਿਯਮਤ ਤੰਦਰੁਸਤੀ ਵੱਲ ਧਿਆਨ ਦੇਣ ਵਾਲਾ ਅਤੇ ਸਥਾਨਕ ਲੋਕਾਂ ਦਾ ਪ੍ਰਿਅ ਸੀ। ਦੂਜੇ ਪਾਸੇ ਬੇਨੋਯੇਂਦਰ ਇਸ ਦੇ ਉਲਟ ਸੁਭਾਅ ਵਾਲਾ ਸੀ। ਉਹ ਸ਼ਰਾਬ ਪੀਣ ਅਤੇ ਪਰਾਈਆਂ ਔਰਤਾਂ ਦਾ ਬਹੁਤ ਜ਼ਿਆਦਾ ਸ਼ੌਕੀਨ ਸੀ।
ਅਦਾਲਤੀ ਦਸਤਾਵੇਜ਼ਾਂ ਅਨੁਸਾਰ ਅਮਰੇਂਦਰ ਨੂੰ ਮਾਰਨ ਦੀ ਸਾਜਿਸ਼ ਸੰਭਾਵਤ ਤੌਰ 'ਤੇ 1932 'ਚ ਰਚੀ ਗਈ ਸੀ, ਜਦੋਂ ਬੇਨੋਯੇਂਦਰ ਦੇ ਦੋਸਤ ਅਤੇ ਡਾਕਟਰ ਤਰਨਾਥ ਭੱਟਾਚਾਰੀਆ ਨੇ ਮੈਡੀਕਲ ਪ੍ਰਯੋਗਸ਼ਾਲਾ 'ਚੋਂ ਪਲੇਗ ਬੈਕਟੀਰੀਆ ਦੇ ਕਲਚਰ ਨੂੰ ਹਾਸਲ ਕਰਨ ਦਾ ਅਸਫਲ ਯਤਨ ਕੀਤਾ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਹਾਲਾਂਕਿ ਕੁਝ ਬਿਰਤਾਂਤਾਂ ਤੋਂ ਪਤਾ ਚੱਲਦਾ ਹੈ ਕਿ ਬੇਨੋਯੇਂਦਰ ਨੇ ਪਹਿਲੀ ਵਾਰ 1932 ਦੀਆਂ ਗਰਮੀਆਂ 'ਚ ਆਪਣੇ ਸੌਤੇਲੇ ਭਰਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ।
ਬ੍ਰਿਟਿਸ਼ ਸਿਹਤ ਅਧਿਕਾਰੀ ਡੀਪੀ ਲੈਂਬਰਟ ਦੀ ਇੱਕ ਰਿਪੋਰਟ ਅਨੁਸਾਰ, ਜਦੋਂ ਦੋਵੇਂ ਇੱਕ ਪਹਾੜੀ ਜਗ੍ਹਾ 'ਤੇ ਸੈਰ ਲਈ ਗਏ ਸਨ, ਉਸ ਸਮੇਂ ਬੇਨੋਯੇਂਦਰ ਨੇ ਨਵੀਆਂ ਐਨਕਾਂ ਬਣਵਾਈਆਂ ਅਤੇ ਜਬਰਦਸਤੀ ਅਮਰੇਂਦਰ ਦੇ ਨੱਕ 'ਤੇ ਤੋੜ ਦਿੱਤੀਆਂ ਜਿਸ ਨਾਲ ਕਿ ਉਨ੍ਹਾਂ ਦੇ ਜ਼ਖਮ ਹੋ ਗਿਆ ਸੀ।
ਅਮਰੇਂਦਰ ਜਲਦੀ ਹੀ ਬਿਮਾਰ ਹੋ ਗਿਆ। ਜ਼ਾਹਰ ਤੌਰ 'ਤੇ ਸ਼ੱਕ ਇਹ ਸੀ ਕਿ ਐਨਕਾਂ 'ਤੇ ਕੀਟਾਣੂ ਲੱਗੇ ਹੋਏ ਸਨ। ਉਸ ਦੀ ਜਾਂਚ 'ਚ ਟੈਟਨਸ ਦੀ ਪੁਸ਼ਟੀ ਹੋਈ ਅਤੇ ਉਸ ਨੂੰ ਐਂਟੀ-ਟੈਟਨਸ ਸੀਰਮ ਦਿੱਤਾ ਗਿਆ ਸੀ।
ਡਾ. ਲੈਂਬਰਟ ਦੀ ਰਿਪੋਰਟ ਅਨੁਸਾਰ ਬੇਨੋਯੇਂਦਰ ਨੇ ਆਪਣੇ ਸੌਤੇਲੇ ਭਰਾ ਦੇ ਇਲਾਜ ਨੂੰ ਬਦਲਣ ਦੀ ਕੋਸ਼ਿਸ਼ ਕਰਨ ਲਈ ਕਥਿਤ ਤੌਰ 'ਤੇ ਤਿੰਨ ਡਾਕਟਰ ਲਿਆਂਦੇ ਸਨ, ਪਰ ਉਨ੍ਹਾਂ ਸਾਰਿਆਂ ਨੇ ਇਨਕਾਰ ਕਰ ਦਿੱਤਾ।
ਅਗਲੇ ਸਾਲ ਜੋ ਕੁਝ ਵੀ ਵਾਪਰਿਆ ਉਹ ਇੱਜ ਸਾਜਿਸ਼ ਸੀ, ਜੋ ਕਿ ਆਪਣੇ ਸਮੇਂ ਤੋਂ ਕਿਤੇ ਅਗਾਂਹ ਸੀ।
ਜਿਵੇਂ ਕਿ ਬੇਨੋਯੇਂਦਰ ਜਾਇਦਾਦ 'ਤੇ ਆਪਣਾ ਕਬਜ਼ਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਤਾਂ ਉਨ੍ਹਾਂ ਦੇ ਡਾਕਟਰ ਦੋਸਤ ਭੱਟਾਚਾਰੀਆ ਨੇ ਪਲੇਗ ਬੈਕਟੀਰੀਆ ਕਲਚਰ ਦਾ ਹਾਸਲ ਕਰਨ ਦੀਆਂ ਘੱਟੋ-ਘੱਟ ਚਾਰ ਵਾਰ ਯਤਨ ਕੀਤਾ।
ਮਈ 1932 'ਚ ਭੱਟਾਚਾਰੀਆ ਨੇ ਬੰਬਈ ਦੇ ਹਾਫਕਾਈਨ ਇੰਸਟੀਚਿਊਟ ਦੇ ਡਾਇਰੈਕਟਰ ਨਾਲ ਸੰਪਰਕ ਕੀਤਾ, ਜੋ ਕਿ ਭਾਰਤ ਦੀ ਇੱਕੋ- ਇੱਕ ਪ੍ਰਯੋਗਸ਼ਾਲਾ ਸੀ, ਜਿੱਥੇ ਪਲੇਗ ਦੇ ਕਲਚਰ ਰੱਖੇ ਹੋਏ ਸੀ।
ਲੈਬ ਦੇ ਡਾਇਰੈਕਟਰ ਨੇ ਬੰਗਾਲ ਦੇ ਸਰਜਨ-ਜਨਰਲ ਦੀ ਇਜਾਜ਼ਤ ਤੋਂ ਬਿਨ੍ਹਾਂ ਕੋਈ ਵੀ ਸਪਲਾਈ ਕਰਨ ਤੋਂ ਮਨਾ ਕਰ ਦਿੱਤਾ।

ਤਸਵੀਰ ਸਰੋਤ, CULTURE CLUB/GETTY IMAGES
ਉਸੇ ਮਹੀਨੇ ਹੀ ਭੱਟਾਚਾਰੀਆ ਨੇ ਕੋਲਕਾਤਾ 'ਚ ਇੱਕ ਡਾਕਟਰ ਕੋਲ ਪਹੁੰਚ ਕੀਤੀ ਅਤੇ ਦਾਅਵਾ ਕੀਤਾ ਕਿ ਉਸ ਨੇ ਪਲੇਗ ਦਾ ਇਲਾਜ ਲੱਭ ਲਿਆ ਹੈ ਅਤੇ ਉਹ ਹੁਣ ਪਲੇਗ ਦੇ ਕਲਚਰ ਦੀ ਵਰਤੋਂ ਕਰਕੇ ਇਸ ਦੀ ਜਾਂਚ ਕਰਨਾ ਚਾਹੁੰਦਾ ਹੈ।
ਅਦਾਲਤ ਦੇ ਰਿਕਾਰਡ ਅਨੁਸਾਰ ਉਸ ਡਾਕਟਰ ਨੇ ਭੱਟਾਚਾਰੀਆ ਨੂੰ ਲੈਬ 'ਚ ਕੰਮ ਕਰਨ ਦੀ ਇਜਾਜ਼ਤ ਤਾਂ ਦੇ ਦਿੱਤੀ ਪਰ ਹਾਫਕਾਈਨ ਸੰਸਥਾ ਤੋਂ ਹਾਸਲ ਕਲਚਰ ਨੂੰ ਦੇਣ ਤੋਂ ਮਨ੍ਹਾਂ ਕਰ ਦਿੱਤਾ।
ਡਾ. ਲੈਂਬਰਟ ਦੇ ਅਨੁਸਾਰ ਇਹ ਕੰਮ ਰੁਕ ਗਿਆ ਸੀ ਕਿਉਂਕਿ ਬੈਕਟੀਰੀਆ ਕਲਚਰ 'ਚ ਵੱਧਣ 'ਚ ਅਸਫ਼ਲ ਰਹੇ ਸਨ।
1933 'ਚ ਭੱਟਾਚਾਰੀਆ ਨੇ ਕੋਲਕਾਤਾ 'ਚ ਇੱਕ ਡਾਕਟਰ ਨੂੰ ਮੁੜ ਹਾਫਕਾਈਨ ਸੰਸਥਾ ਦੇ ਡਾਇਰੈਕਟਰ ਨੂੰ ਇੱਕ ਚਿੱਠੀ ਲਿਖਣ ਲਈ ਰਾਜ਼ੀ ਕੀਤਾ। ਇਸ ਪੱਤਰ 'ਚ ਡਾਕਟਰ ਨੇ ਭੱਟਾਚਾਰੀਆ ਨੂੰ 'ਪਲੇਗ ਦੇ ਇਲਾਜ' ਲਈ ਸੰਸਥਾ ਦੀਆਂ ਸਹੂਲਤਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਮੰਗੀ ਸੀ।
ਉਸ ਸਾਲ ਦੀਆਂ ਗਰਮੀਆਂ 'ਚ ਬੇਨੋਯੇਂਦਰ ਨੇ ਮੁੰਬਈ ਦਾ ਦੌਰਾ ਕੀਤਾ ਜਿੱਥੇ ਉਸ ਨੇ ਭੱਟਾਚਾਰੀਆ ਨਾਲ ਮਿਲ ਕੇ ਪਲੇਗ ਬੈਕਟੀਰੀਆ ਦੇ ਕਲਚਰ ਦੀ ਤਸਕਰੀ ਕਰਨ ਲਈ ਇੰਸਟੀਚਿਊਟ ਨਾਲ ਜੁੜੇ ਦੋ ਵੈਟਰਨਰੀ ਡਾਕਟਰਾਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ।
ਬੇਨੋਯੇਂਦਰ ਆਪ ਇੱਕ ਬਾਜ਼ਾਰ 'ਚ ਗਿਆ ਅਤੇ ਚੂਹਿਆਂ ਨੂੰ ਖਰੀਦ ਕੇ ਲਿਆਇਆ ਤਾਂ ਜੋ ਉਹ ਆਪਣੇ ਆਪ ਨੂੰ ਇੱਕ ਗੰਭੀਰ ਵਿਗਿਆਨੀ ਵੱਜੋਂ ਪੇਸ਼ ਕਰ ਸਕਣ।
ਫਿਰ ਉਹ ਦੋਵੇਂ ਆਰਥਰ ਰੋਡ ਸਥਿਤ ਛੂਤ ਦੀਆਂ ਬਿਮਾਰੀਆਂ ਦੇ ਹਸਪਤਾਲ 'ਚ ਗਏ, ਜਿੱਥੇ ਕਲਚਰ ਵੀ ਸਟੋਰ ਕੀਤਾ ਜਾਂਦਾ ਸੀ।
ਅਦਾਲਤੀ ਦਸਤਾਵੇਜ਼ਾਂ ਅਨੁਸਾਰ, "ਬੇਨੋਯੇਂਦਰ ਨੇ ਅਧਿਕਾਰੀਆਂ ਨੂੰ ਆਪਣੇ ਡਾਕਟਰ ਮਿੱਤਰ ਨੂੰ ਉਸ ਦੇ ਕਥਿਤ ਇਲਾਜ 'ਤੇ ਆਪਣੀ ਲੈਬ 'ਚ ਕੰਮ ਕਰਨ ਦੀ ਇਜਾਜ਼ਤ ਦੇਣ ਲਈ ਮਨਾ ਲਿਆ ਸੀ।"
ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਭੱਟਾਚਾਰੀਆ ਨੇ ਲੈਬ 'ਚ ਕੋਈ ਵੀ ਪ੍ਰਯੋਗ ਕੀਤਾ ਹੋਵੇ।
ਲੈਬ 'ਚ ਕੰਮ ਕਰਨ ਦੀ ਇਜਾਜ਼ਤ ਮਿਲਣ ਤੋਂ ਲਗਭਗ ਪੰਜ ਦਿਨਾਂ ਬਾਅਦ, 12 ਜੁਲਾਈ ਦੀ ਸ਼ਾਮ ਨੂੰ ਭੱਟਾਚਾਰੀਆ ਨੇ ਅਚਾਨਕ ਆਪਣਾ ਕੰਮ ਬੰਦ ਕਰ ਦਿੱਤਾ ਅਤੇ ਬੇਨੋਯੇਂਦਰ ਨਾਲ ਕੋਲਕਾਤਾ ਵਾਪਸ ਆ ਗਿਆ।
ਪੁਲਿਸ ਨੇ ਅਮਰੇਂਦਰ ਦੇ ਕਤਲ ਤੋਂ ਤਕਰੀਬਨ ਤਿੰਨ ਮਹੀਨੇ ਬਾਅਦ ਫਰਵਰੀ 1934 'ਚ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ।
ਜਾਂਚ ਟੀਮ ਨੇ ਬੇਨੋਯੇਂਦਰ ਦੇ ਯਾਤਰਾ ਸੰਬੰਧੀ ਕਾਗਜ਼ਾਤ, ਮੁੰਬਈ 'ਚ ਉਨ੍ਹਾਂ ਦੇ ਹੋਟਲ ਦੇ ਬਿਲਾਂ, ਹੋਟਲ ਦੇ ਰਜਿਸਟਰ ਵਿੱਚ ਹੱਥ ਲਿਖਤ ਐਂਟਰੀਆਂ, ਲੈਬ ਲਈ ਨੂੰ ਭੇਜੇ ਸੁਨੇਹਿਆਂ ਅਤੇ ਜਿਸ ਦੁਕਾਨ ਤੋਂ ਉਸ ਨੇ ਚੂਹੇ ਖਰੀਦੇ ਸਨ, ਉਸ ਦੁਕਾਨ ਤੋਂ ਹਾਸਲ ਰਸੀਦਾਂ ਤੋਂ ਉਸ ਬਾਰੇ ਪਤਾ ਲਗਾਇਆ।

ਤਸਵੀਰ ਸਰੋਤ, WELLCOME TRUST
ਸਾਰੇ ਤੱਥਾਂ ਦੇ ਅਨੁਸਾਰ ਕੁੱਲ ਮਿਲਾ ਕੇ 9 ਮਹੀਨਿਆਂ ਤੱਕ ਚੱਲਣ ਵਾਲਾ ਇਹ ਪ੍ਰੀਖਣ ਦਿਲਚਸਪ ਸੀ। ਬਚਾਅ ਪੱਖ ਨੇ ਦਲੀਲ ਦਿੱਤੀ ਕਿ ਅਮਰੇਂਦਰ ਨੂੰ ਕਿਸੇ ਚੂਹੇ ਨੇ ਕੱਟ ਲਿਆ ਸੀ।
ਅਦਾਲਤ ਨੇ ਕਿਹਾ ਕਿ ਸਬੂਤ ਸਾਬਤ ਕਰਦੇ ਹਨ ਕਿ ਅਮਰੇਂਦਰ ਦੇ ਕਤਲ ਦੇ ਦੋਸ਼ੀ ਦੋ ਵਿਅਕਤੀਆਂ ਨੇ ਮੁੰਬਈ ਦੇ ਇੱਕ ਹਸਪਤਾਲ ਤੋਂ ਪਲੇਗ ਬੈਸਿਲੀ ਚੋਰੀ ਕੀਤੀ ਅਤੇ ਉਸ ਨੂੰ ਕੋਲਕਾਤਾ ਲਿਜਾਇਆ ਜਾ ਸਕਦਾ ਸੀ ਅਤੇ ਕਤਲ ਵਾਲੇ ਦਿਨ 26 ਨਵੰਬਰ 1933 ਤੱਕ ਜ਼ਿੰਦਾ ਰੱਖਿਆ ਜਾ ਸਕਦਾ ਸੀ।
ਹੇਠਲੀ ਅਦਾਲਤ ਨੇ ਪਾਇਆ ਕਿ ਬੇਨੋਯੇਂਦਰ ਅਤੇ ਭੱਟਾਚਾਰੀਆ ਨੇ ਇੱਕ ਭਾੜੇ ਦੇ ਕਾਤਲ ਨਾਲ ਮਿਲ ਕੇ ਅਮਰੇਂਦਰ ਨੂੰ ਮਾਰਨ ਦੀ ਸਾਜਿਸ਼ ਰਚੀ ਸੀ , ਜਿਸ ਕਰਕੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ।
ਜਨਵਰੀ 1936 'ਚ ਕਲਕੱਤਾ ਹਾਈ ਕੋਰਟ ਨੇ ਅਪੀਲ 'ਤੇ ਮੌਤ ਦੀ ਸਜ਼ਾ ਨੂੰ ਉਮਰ ਕੈਦ 'ਚ ਤਬਦੀਲ ਕਰ ਦਿੱਤਾ। ਇਸ ਕਤਲ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਤਿੰਨ ਹੋਰ ਡਾਕਟਰਾਂ ਨੂੰ ਸਬੂਤਾਂ ਦੀ ਘਾਟ ਕਰਕੇ ਬਰੀ ਕਰ ਦਿੱਤਾ ਗਿਆ ਸੀ। ਅਪੀਲ ਦੀ ਸੁਣਵਾਈ ਕਰਨ ਰਹੇ ਜੱਜ ਨੇ ਟਿੱਪਣੀ ਕੀਤੀ, "ਇਹ ਕੇਸ ਅਪਰਾਧ ਦੇ ਇਤਿਹਾਸ 'ਚ ਸ਼ਾਇਦ ਬਹੁਤ ਵਿਲੱਖਣ ਹੈ।"
ਇੱਕ ਅਮਰੀਕੀ ਪੱਤਰਕਾਰ, ਡੇਨ ਮੌਰੀਸਨ ਜੋ ਕਿ ਪ੍ਰਿੰਸ ਐਂਡ ਦ ਪੋਇਜ਼ਨਰ ਨਾਮਕ ਕਤਲ 'ਤੇ ਇੱਕ ਕਿਤਾਬ 'ਤੇ ਖੋਜ ਕਰ ਰਹੇ ਹਨ, ਨੇ ਮੈਨੂੰ ਦੱਸਿਆ ਕਿ ਬੇਨੋਯੇਂਦਰ ਇੱਕ "20ਵੀਂ ਸਦੀ ਦਾ ਆਦਮੀ ਸੀ ਜਿਸ ਨੇ ਸੋਚਿਆ ਸੀ ਕਿ ਉਹ ਵਿਕਟੋਰੀਅਨ ਸੰਸਥਾਵਾਂ ਨੂੰ ਪਛਾੜ ਦੇਵੇਗਾ, ਜੋ ਕਿ ਇਸ ਕਤਲ ਦੇ ਸਮੇਂ ਭਾਰਤ 'ਚ ਆਪਣਾ ਦਬਦਬਾ ਕਾਇਮ ਕਰੀ ਬੈਠੀਆਂ ਸਨ।"
ਮੌਰੀਸਨ ਦੇ ਅਨੁਸਾਰ ਰੇਲਵੇ ਸਟੇਸ਼ਨ 'ਤੇ ਕੀਤਾ ਗਿਆ ਇਹ ਕਤਲ 'ਪੂਰੀ ਤਰ੍ਹਾਂ ਨਾਲ ਆਧੁਨਿਕ ਕਤਲ' ਸੀ।
ਜੈਵਿਕ ਹਥਿਆਰਾਂ ਦੀ ਵਰਤੋਂ ਸੰਭਾਵਤ ਤੌਰ 'ਤੇ 6ਵੀਂ ਸਦੀ ਈਸਾ ਪੂਰਵ ਤੋਂ ਕੀਤੀ ਜਾ ਰਹੀ ਹੈ, ਜਦੋਂ ਆਸਰੀਅਨਾਂ ਨੇ ਰਾਈ ਐਰਗੋਟ, ਇੱਕ ਫੰਗਲ ਬਿਮਾਰੀ ਨਾਲ ਦੁਸ਼ਮਣਾਂ ਦੇ ਖੂਹਾਂ ਨੂੰ ਭਰ ਦਿੱਤਾ ਸੀ।
ਪਰ ਕਈ ਤਰੀਕਿਆਂ ਨਾਲ ਅਮਰੇਂਦਰ ਦੇ ਕਤਲ 'ਚ ਉੱਤਰੀ ਕੋਰੀਆ ਦੇ ਆਗੂ ਕਿਮ ਜਾਂਗ ਉਨ ਦੇ 45 ਸਾਲਾ ਸੌਤੇਲੇ ਭਰਾ ਕਿਮ ਜੋਂਗ ਨਾਮ ਦੇ ਕਤਲ ਦੀ ਗੂੰਜ ਹੈ, ਕਿਉਂਕਿ ਉਸ ਸਮੇਂ ਉਹ ਕੁਆਲਾਲੰਪੁਰ ਵਿਖੇ ਇੱਕ ਉਡਾਣ ਦੀ ਉਡੀਕ ਕਰ ਰਹੇ ਸਨ।
ਦੋ ਔਰਤਾਂ, ਜਿੰਨ੍ਹਾਂ ਨੂੰ ਬਾਅਦ 'ਚ ਗ੍ਰਿਫਤਾਰ ਕੀਤਾ ਗਿਆ ਸੀ, ਨੇ ਇੱਕ ਘਾਤਕ ਨਰਵ ਏਜੰਟ ਨਾਲ ਉਸ ਦੇ ਚਿਹਰੇ ’ਤੇ ਮਲ ਦਿੱਤਾ ਸੀ।
88 ਸਾਲ ਪਹਿਲਾਂ ਹਾਵੜਾ ਰੇਲਵੇ ਸਟੇਸ਼ਨ 'ਤੇ ਹੋਏ ਕਤਲ ਦੇ ਮਾਮਲੇ 'ਚ ਰਾਜਕੁਮਾਰ ਦਾ ਕਤਲ ਕਰਨ ਵਾਲੇ ਵਿਅਕਤੀ ਅਤੇ ਕਤਲ ਲਈ ਹਥਿਆਰ ਵੱਜੋਂ ਵਰਤੋਂ ਗਈ ਹਾਈਪੋਡਰਮਿਕ ਸੂਈ ਕਦੇ ਵੀ ਨਹੀਂ ਮਿਲੀ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












