ਗੁਰਨਾਮ ਸਿੰਘ ਚਢੂਨੀ ਨੇ ਬਣਾਈ ਸਿਆਸੀ ਪਾਰਟੀ, ਪੰਜਾਬ 'ਚ ਲੜਨਗੇ ਚੋਣਾਂ, ਐਲਾਨ ਕਰਦਿਆਂ ਇਹ ਕੁਝ ਕਿਹਾ

ਭਾਰਤੀ ਕਿਸਾਨ ਯੂਨੀਅਨ ਦੀ ਹਰਿਆਣਾ ਇਕਾਈ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਨੇ ਆਪਣੀ ਨਵੀਂ ਪਾਰਟੀ ਦਾ ਐਲਾਨ ਕੀਤਾ।

ਉਨ੍ਹਾਂ ਦੀ ਪਾਰਟੀ ਦਾ ਨਾਮ ਸੰਯੁਕਤ ਸੰਘਰਸ਼ ਪਾਰਟੀ ਰੱਖਿਆ ਹੈ। ਅਜੇ ਇਹ ਫੈਸਲਾ ਨਹੀਂ ਹੋਇਆ ਹੈ ਕਿ ਪਾਰਟੀ ਕਿੰਨੀਆਂ ਸੀਟਾਂ 'ਤੇ ਚੋਣਾਂ ਲੜੇਗੀ।

ਪਾਰਟੀ ਦਾ ਐਲਾਨ ਕਰਦਿਆਂ ਉਨ੍ਹਾਂ ਨੇ ਕਿਹਾ, "ਅੱਜ ਦੀ ਰਾਜਨੀਤੀ ਦੂਸ਼ਿਤ ਹੋ ਗਈ ਹੈ ਤੇ ਇਸ ਨੂੰ ਸ਼ੁੱਧ ਕਰਨ ਦੀ ਲੋੜ ਹੈ।"

"ਸਾਡਾ ਮੁੱਖ ਮਕਸਦ ਰਾਜਨੀਤੀ ਨੂੰ ਸ਼ੁੱਧ ਕਰਨਾ, ਚੰਗਾ ਲੋਕਾਂ ਨੂੰ ਅੱਗੇ ਲਿਆਉਣਾ ਹੋਵੇਗਾ। ਪਾਰਟੀ ਦਾ ਮਕਸਦ ਹੋਵੇਗਾ ਕਿ ਵੱਡੇ, ਭ੍ਰਿਸ਼ਟ ਲੋਕਾਂ ਦੀ ਜੇਬ੍ਹ 'ਚੋ ਪੈਸੇ ਨਿੱਕਲੇ ਤੇ ਸਭ ਤੋਂ ਗਰੀਬ ਲੋਕਾਂ ਦੀ ਜੇਬ੍ਹ 'ਚ ਜਾਵੇ।"

ਉਨ੍ਹਾਂ ਨੇ ਕਿਹਾ ਕਿ ਇਹ ਪਾਰਟੀ ਧਰਮ ਨਿਰਪੱਖ, ਜਾਤੀ ਨਿਰਪੱਖ ਹੋਵੇਗੀ।

ਚਢੂਨੀ ਨੇ ਕਿਹਾ, "ਸਾਡਾ ਮੂਲ ਮਕਸਦ ਸਮਾਨਤਾ ਲਿਆਉਣ ਦਾ ਹੋਵੇਗਾ, ਨਿਆਂ ਲਿਆਉਣ ਦਾ ਹੋਵੇਗਾ, ਨਸ਼ਾਖੋਰੀ ਰੋਕਣ ਦਾ ਹੋਵੇਗਾ, ਇਲਾਜ ਮੁਫ਼ਤ ਕਰਨ ਦਾ ਹੋਵੇਗਾ, ਪੜ੍ਹਾਈ ਮੁਫ਼ਤ ਕਰਨ ਦਾ ਹੋਵੇਗਾ।"

"ਅਸੀਂ ਸਰਕਾਰੀ ਏਜੰਸੀਆਂ ਖੜ੍ਹੀਆਂ ਕਰਾਂਗੇ ਜੋ ਨੌਜਵਾਨਾਂ ਨੂੰ ਬਾਹਰ ਜਾਣ ਵਿੱਚ ਮਦਦ ਕਰੇਗੀ। ਸਾਡਾ ਮਕਸਦ ਇਸ ਦੇਸ਼ ਨੂੰ ਬਚਾਉਣਾ ਹੈ।"

ਗੁਰਨਾਮ ਸਿੰਘ ਚਢੂਨੀ ਕੌਣ ਹਨ

ਗੁਰਨਾਮ ਸਿੰਘ ਚਢੂਨੀ ਨੇ ਸਾਲ 2019 ਵਿੱਚ ਚੋਣਾਂ ਦੌਰਾਨ ਦਿੱਤੇ ਹਲਫ਼ੀਆ ਬਿਆਨ ਵਿੱਚ ਖੁਦ ਨੂੰ ਇੱਕ ਕਿਸਾਨ ਅਤੇ ਕਮਿਸ਼ਨ ਏਜੰਟ ਦੱਸਿਆ ਸੀ। ਉਹ ਕੁਰੂਕਸ਼ੇਤਰ ਜ਼ਿਲ੍ਹੇ ਦੀ ਤਹਿਸੀਲ ਸ਼ਾਹਬਾਦ ਵਿੱਚ ਪੈਂਦੇ ਪਿੰਡ ਚਢੂਨੀ ਜੱਟਾਂ ਤੋਂ ਹਨ।

ਸੂਬੇ ਦੇ ਕੁਝ ਹਿੱਸਿਆਂ ਵਿੱਚ ਆਪਣੇ ਨਾਂ ਪਿੱਛੇ ਆਪਣੇ ਸਰਨੇਮ ਦੀ ਥਾਂ ਜਾਤ ਦੀ ਬਜਾਇ ਪਿੰਡ ਦਾ ਨਾਮ ਲਾਉਣਾ ਆਮ ਗੱਲ ਹੈ।

ਇਹ ਵੀ ਪੜ੍ਹੋ:

ਭਾਵੇਂ ਸੂਬੇ ਵਿੱਚ ਬੀਕੇਯੂ ਦੇ ਇੱਕ ਦਰਜਨ ਤੋਂ ਵੱਧ ਧੜੇ ਹਨ, ਪਰ ਗੁਰਨਾਮ ਸਿੰਘ ਤਕਰੀਬਨ ਦੋ ਦਹਾਕਿਆਂ ਤੋਂ ਸਰਗਰਮ ਹਨ।

ਉਹ ਜੀਟੀ ਰੋਡ 'ਤੇ ਪੈਂਦੇ ਅਤੇ ਸੂਬੇ ਦੀ ਝੋਨਾ ਬੈਲਟ ਵਜੋਂ ਜਾਣੇ ਜਾਂਦੇ ਉੱਤਰੀ ਜ਼ਿਲ੍ਹਿਆਂ ਕੁਰੂਕਸ਼ੇਤਰ, ਯਮੁਨਾਨਗਰ, ਕੈਥਲ ਅਤੇ ਅੰਬਾਲਾ ਵਿੱਚ ਕਾਫੀ ਸਰਗਰਮ ਹਨ।

ਸੀਮਤ ਪ੍ਰਭਾਵ ਦੇ ਬਾਵਜੂਦ ਗੁਰਨਾਮ ਸੂਬੇ ਵਿੱਚ ਕਿਸਾਨ ਜਥੇਬੰਦੀਆਂ ਦੇ ਧਰਨਿਆਂ ਵਿੱਚ ਹਮੇਸ਼ਾਂ ਸਰਗਰਮ ਰਹੇ ਅਤੇ ਹਿੰਦੀ ਅਤੇ ਪੰਜਾਬੀ ਦੇ ਨਾਲ-ਨਾਲ ਕਈ ਸਥਾਨਕ ਬੋਲੀਆਂ ,ਦੇਸਵਾਲੀ, ਬਾਂਗਰੂ, ਬਾਗੜੀ ਵੀ ਬਹੁਤ ਹੀ ਸਹਿਜਤਾ ਨਾਲ ਬੋਲ ਲੈਂਦੇ ਹਨ।

ਸਿਆਸਤ ਵਿੱਚ ਕਦਮ ਰਖੱਣ ਦੀ ਕੋਸ਼ਿਸ਼

ਉਨ੍ਹਾਂ ਨੇ ਸਾਲ 2019 ਵਿੱਚ ਕੁਰੂਕੁਸ਼ੇਤਰ ਦੇ ਵਿਧਾਨ ਸਭਾ ਹਲਕੇ ਲਾਡਵਾ ਤੋਂ ਵਿਧਾਨ ਸਭਾ ਚੋਣ ਲੜੀ ਪਰ ਜਿੱਤ ਨਾ ਸਕੇ।

ਜਨਤਕ ਮੀਟਿੰਗਾਂ ਦੌਰਾਨ ਉਨ੍ਹਾਂ ਨੇ ਕਿਸਾਨਾਂ ਦੇ ਮੁੱਦਿਆਂ ਨੂੰ ਕੇਂਦਰੀ ਨਾਅਰਿਆਂ ਵਿੱਚ ਰੱਖਿਆ ਪਰ ਸਮਰਥਨ ਅਤੇ ਵੋਟਾਂ ਹਾਸਿਲ ਨਾ ਕਰ ਸਕੇ।

ਉਨ੍ਹਾਂ ਦੀ ਪਤਨੀ ਬਲਵਿੰਦਰ ਕੌਰ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਨਾਕਾਮਯਾਬ ਰਹੇ ਸਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)