You’re viewing a text-only version of this website that uses less data. View the main version of the website including all images and videos.
ਓਮੀਕਰੋਨ: ਕੋਰੋਨਾਵਾਇਰਸ ਦੇ ਇਸ ਨਵੇਂ ਵੇਰੀਐਂਟ ਤੋਂ ਨਿਪਟਣ ਲਈ ਪੰਜਾਬ 'ਚ ਇੰਝ ਸਖ਼ਤੀ ਵਰਤੀ ਜਾ ਰਹੀ
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਕੋਰੋਨਾਵਾਇਰਸ ਦਾ ਨਵਾਂ ਰੂਪ ਓਮੀਕਰੋਨ ਸਾਹਮਣੇ ਆਉਣ ਤੋਂ ਬਾਅਦ ਕਈ ਮੁਲਕਾਂ ਵੱਲੋਂ ਇਸ ਤੋਂ ਬਚਾਅ ਲਈ ਯਾਤਰਾ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ।
ਓਮੀਕਰੋਨ ਵਾਇਰਸ ਦੀ ਪਛਾਣ ਸਭ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਵਿੱਚ ਹੋਈ ਸੀ ਅਤੇ ਸ਼ੁਰੂਆਤੀ ਨਾਮ B.1.1.529 ਦਿੱਤਾ ਗਿਆ ਸੀ।
ਪੰਜਾਬ ਅਤੇ ਚੰਡੀਗੜ੍ਹ ਵਿੱਚ ਇਸ ਨਵੇਂ ਵਾਇਰਸ ਨੂੰ ਲੈ ਕੇ ਸਖ਼ਤੀ ਕੀਤੀ ਜਾ ਰਹੀ ਹੈ।
ਫ਼ਿਲਹਾਲ ਦੋਵਾਂ ਥਾਵਾਂ 'ਤੇ ਨਵੇਂ ਵਾਇਰਸ ਦਾ ਕੋਈ ਵੀ ਕੇਸ ਨਹੀਂ ਪਾਇਆ ਗਿਆ ਪਰ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਪੰਜਾਬ ਵਿੱਚ ਕੀ ਹਨ ਪ੍ਰਬੰਧ
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਸੂਬੇ ਦੇ ਸਿਹਤ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਆਖਿਆ ਕਿ ਇਸ ਵਾਇਰਸ ਦੇ ਮੱਦੇਨਜ਼ਰ ਟੈਸਟਿੰਗ ਦੀ ਗਿਣਤੀ ਵਿਚ ਇਜ਼ਾਫਾ ਕਰ ਦਿੱਤਾ ਗਿਆ ਹੈ।
ਉਨ੍ਹਾਂ ਆਖਿਆ ਕਿ ਵਿਭਾਗ ਵੱਲੋਂ ਰੋਜ਼ਾਨਾ 40,000 ਟੈਸਟ ਕਰਨ ਦੇ ਹੁਕਮ ਦਿੱਤੇ ਹਨ।
ਸਿਹਤ ਮੰਤਰੀ ਸੋਨੀ ਨੇ ਦੱਸਿਆ ਕਿ ਸੂਬੇ ਵਿੱਚ ਬਹੁਤ ਸਾਰੇ ਐਨਆਰਆਈਜ਼ ਦਾ ਆਉਣਾ ਜਾਣਾ ਹੈ ਇਸ ਕਰਕੇ ਹਵਾਈ ਅੱਡਿਆਂ ਉੱਤੇ ਵਿਸ਼ੇਸ਼ ਚੌਕਸੀ ਵਰਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਫ਼ਿਲਹਾਲ ਅਜੇ ਤੱਕ ਸੂਬੇ ਵਿੱਚ ਓਮੀਕਰੋਨ ਵਾਇਰਸ ਦਾ ਇੱਕ ਵੀ ਸ਼ੱਕੀ ਕੇਸ ਸਾਹਮਣੇ ਨਹੀਂ ਆਇਆ ਪਰ ਫਿਰ ਵੀ ਅੰਮ੍ਰਿਤਸਰ ਅਤੇ ਮੁਹਾਲੀ ਦੇ ਹਵਾਈ ਅੱਡਿਆਂ ਉੱਤੇ ਸਪੈਸ਼ਲ ਕਾਊਂਟਰ ਸਥਾਪਤ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਡਬਲਿਊਐਚਓ ਮੁਤਾਬਕ ਨਵੇਂ ਵਾਇਰਸ ਦੀ ਪਛਾਣ ਕਰਨ ਵਿੱਚ ਆਰਟੀਪੀਸੀਆਰ ਟੈਸਟ ਸਮਰੱਥ ਹੈ ਇਸ ਲਈ ਸੂਬੇ ਵਿੱਚ ਕੋਵਿਡ 19 ਸਬੰਧੀ ਇਹੀ ਟੈਸਟ ਹੀ ਕੀਤੇ ਜਾ ਰਹੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸੂਬੇ ਦੇ ਹਸਪਤਾਲਾਂ ਦੇ ਵਿੱਚ ਨਵੇਂ ਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਦਾਖਲ ਕਰਨ ਲਈ ਵੱਖਰੇ ਵਾਰਡ ਸਥਾਪਤ ਕੀਤੇ ਜਾ ਰਹੇ ਹਨ।
ਸ਼ੱਕੀ ਸੂਚੀ ਵਿੱਚ ਕਿਹੜੇ ਦੇਸ਼ ਹਨ ਸ਼ਾਮਲ - ਪੰਜਾਬ ਸਰਕਾਰ ਨੇ ਓਮੀਕਰੋਨ ਵਾਇਰਸ ਫੈਲਣ ਤੋਂ ਰੋਕਣ ਦੇ ਲਈ ਕੁਝ ਸ਼ੱਕੀ ਦੇਸ਼ਾਂ ਦੀ ਸੂਚੀ ਤਿਆਰ ਕੀਤੀ ਹੈ।
ਇਸ ਸੂਚੀ ਵਿੱਚ ਸਭ ਤੋਂ ਪਹਿਲਾਂ ਨਾਮ ਦੱਖਣ ਅਫ਼ਰੀਕਾ ਦਾ ਆਉਂਦਾ ਹੈ। ਇਸ ਤੋਂ ਇਲਾਵਾ ਬਰਾਜ਼ੀਲ, ਬੰਗਲਾਦੇਸ਼, ਬੋਤਸਵਾਨਾ, ਚੀਨ, ਮਾਰੀਸਿਆਸ, ਜ਼ਿਮਬਾਵੇ, ਸਿੰਘਾਪੁਰ, ਹਾਂਗਕਾਂਗ ਅਤੇ ਇਜ਼ਰਾਈਲ ਦੇਸ਼ਾਂ ਨੂੰ ਸੂਚੀ ਵਿੱਚ ਰੱਖਿਆ ਗਿਆ ਹੈ।
ਪੰਜਾਬ ਸਰਕਾਰ ਨੇ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਪੰਜਾਬ ਵਿੱਚ ਆਉਣ ਉੱਤੇ ਲਾਜ਼ਮੀ ਇਕਾਂਤਵਾਸ ਕਰਨ ਦੇ ਹੁਕਮ ਦਿੱਤੇ ਹਨ।
ਪੰਜਾਬ ਵਿੱਚ ਕੋਵਿਡ ਦੀ ਸਥਿਤੀ
ਪੰਜਾਬ ਸਰਕਾਰ ਦੀ ਜਾਣਕਾਰੀ ਮੁਤਾਬਕ 2 ਦਸੰਬਰ ਸ਼ਾਮ ਤੱਕ 25,042 ਟੈੱਸਟ ਕੀਤੇ ਗਏ ਜਿਸ ਵਿੱਚੋਂ 34 ਕੋਵਿਡ ਕੇਸ ਪੌਜ਼ੀਟਿਵ ਨਿਕਲੇ ਹਨ। ਇਸ ਤਰੀਕੇ ਨਾਲ 3 ਦਸੰਬਰ ਸ਼ਾਮ ਤੱਕ 31370 ਟੈਸਟ ਕੀਤੇ ਗਏ ਜਿਸ ਵਿੱਚੋਂ 63 ਕੇਸ ਪੌਜ਼ੀਟਿਵ ਪਾਏ ਗਏ। ਸੂਬੇ ਵਿੱਚ ਮੌਜੂਦਾ ਐਕਟਿਵ ਕੇਸਾਂ ਦੀ ਗਿਣਤੀ 359 ਹੈ।
ਨਿਯਮਾਂ ਦੀ ਉਲੰਘਣਾ ਕਾਰਨ ਕੇਸ ਦਰਜ
ਕੋਵਿਡ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਚੰਡੀਗੜ੍ਹ ਵਿੱਚ ਇੱਕ ਮਹਿਲਾ ਖ਼ਿਲਾਫ਼ ਪੁਲਿਸ ਕਰਵਾਈ ਕਰਨ ਦੇ ਹੁਕਮ ਸਿਹਤ ਵਿਭਾਗ ਵੱਲੋਂ ਦਿੱਤੇ ਗਏ ਹਨ।
ਸਬੰਧਤ ਮਹਿਲਾ ਦੀ ਆਰਟੀਪੀਸੀਆਰ ਰਿਪੋਰਟ ਨੈਗੇਟਿਵ ਸੀ ਅਤੇ ਨਿਯਮਾਂ ਮੁਤਾਬਕ ਅੱਠ ਦਸੰਬਰ ਨੂੰ ਉਸ ਦਾ ਫਿਰ ਤੋਂ ਕਰੋਨਾ ਟੈਸਟ ਹੋਣਾ ਸੀ।
ਚੰਡੀਗੜ੍ਹ ਸਿਹਤ ਮਹਿਕਮੇ ਵੱਲੋਂ ਜਾਰੀ ਕੀਤੀ ਗਈ ਸੂਚਨਾ ਮੁਤਾਬਕ ਸੈਕਟਰ 48 ਨਾਲ ਸਬੰਧਤ ਮਹਿਲਾ ਦੱਖਣੀ ਅਫ਼ਰੀਕਾ ਤੋਂ ਇੱਕ ਦਸੰਬਰ 2021 ਨੂੰ ਪਰਤੀ ਸੀ।
ਕੋਵਿਡ ਨਿਯਮਾਂ ਮੁਤਾਬਕ ਉਸ ਨੇ ਘਰ ਵਿੱਚ ਸੱਤ ਦਿਨ ਲਈ ਇਕਾਂਤਵਾਸ (ਕੁਆਂਰਟੀਨ) ਰਹਿਣਾ ਸੀ, ਪਰ ਉਹ ਦੋ ਦਸੰਬਰ ਨੂੰ ਚੰਡੀਗੜ੍ਹ ਦੇ ਇੱਕ ਫਾਈਵ ਸਟਾਰ ਹੋਟਲ ਵਿੱਚ ਗਈ ਅਤੇ ਦੇਰ ਰਾਤ ਘਰ ਪਰਤੀ।
ਖ਼ਬਰ ਏਜੰਸੀ ਏਐਨਆਈ ਨੇ ਸ਼ਹਿਰ ਦੇ ਸਿਹਤ ਸਕੱਤਰ ਯਸ਼ਪਾਲ ਗਰਗ ਦੇ ਹਵਾਲੇ ਨਾਲ ਕਿਹਾ ਕਿ ਸਬੰਧਕ ਮਹਿਲਾਂ ਦੇ ਖਿਲਾਫ਼ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਦਾ ਕੇਸ ਦਰਜ ਕਰ ਲਿਆ ਗਿਆ ਹੈ।
ਜਿਹੜੇ ਹੋਟਲ ਵਿੱਚ ਇਹ ਮਹਿਲਾ ਗਈ ਉਸ ਦੇ ਸਟਾਫ਼ ਦਾ ਕਰੋਨਾ ਟੈਸਟ ਕਰਨ ਦੇ ਹੁਕਮ ਚੰਡੀਗੜ੍ਹ ਪ੍ਰਸ਼ਾਸਨ ਨੇ ਦਿੱਤੇ ਹਨ।
ਇਸ ਤੋਂ ਇਲਾਵਾ ਚੰਡੀਗੜ੍ਹ ਪ੍ਰਸ਼ਾਸਨ ਸ਼ਹਿਰ ਦੇ ਸਾਰੇ ਹੋਟਲਾਂ ਦੇ ਪ੍ਰਬੰਧਕਾਂ ਨੂੰ ਹੋਟਲ ਵਿੱਚ ਰੁਕਣ ਵਾਲੇ ਮਹਿਮਾਨਾਂ ਦੀ ਪਿਛਲੇ 15 ਦਿਨਾਂ ਦੀ ਟਰੈਵਲ ਹਿਸਟਰੀ ਲੈਣੀ ਜ਼ਰੂਰੀ ਕਰ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਵਾਲ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਰਿਸਕ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਪੂਰੀ ਜਾਣਕਾਰੀ ਰੱਖਣ ਦੇ ਹੁਕਮ ਦਿੱਤੇ ਹਨ।
ਇਸ ਦੇ ਨਾਲ ਹੀ ਸ਼ਹਿਰ ਵਿੱਚ ਕੋਵਿਡ ਦੇ ਤਿੰਨ ਨਵੇਂ ਕੇਸ ਸ਼ੁੱਕਰਵਾਰ ਸ਼ਾਮ ਤੱਕ ਦਰਜ ਹੋਏ।
ਅਸੀਂ ਕੀ ਕਰ ਸਕਦੇ ਹਾਂ
ਸਾਡੇ ਕੋਲ ਓਮੀਕਰੋਨ ਤੋਂ ਸੁਰੱਖਿਆ ਲਈ ਵੀ ਉਹੀ ਤਰੀਕੇ ਹਨ ਜਿਵੇਂ ਕਿ ਦੂਜੇ ਰੂਪਾਂ ਦੇ ਸੀ ਯਾਨੀ ਵੈਕਸੀਨ, ਮਾਸਕ ਲਗਾਉਣਾ, ਦੂਰੀ ਬਣਾਏ ਰੱਖਣਾ ਅਤੇ ਬੰਦ ਕਮਰਿਆਂ ਵਿੱਚ ਹਵਾਦਾਰੀ।
ਇਸ ਨਾਲ ਤੁਸੀਂ ਵਾਇਰਸ ਦੇ ਘੱਟ ਤੋਂ ਘੱਟ ਸੰਪਰਕ 'ਚ ਆ ਜਾਵੋਗੇ ਅਤੇ ਇਸ ਦਾ ਫੈਲਾਅ ਵੀ ਘੱਟ ਹੋ ਜਾਵੇਗਾ। ਇਸ ਦੇ ਨਾਲ ਹੀ, ਵੱਧ ਤੋਂ ਵੱਧ ਲੋਕਾਂ ਦਾ ਵੈਕਸੀਨੇਸ਼ਨ ਵਾਇਰਸ ਲਈ ਨਵੇਂ ਪਰਿਵਰਤਨ ਦੇ ਮੌਕਿਆਂ ਨੂੰ ਵੀ ਸੀਮਤ ਕਰੇਗਾ।
ਹਾਲਾਂਕਿ, ਅਸੀਂ ਸੋਚਿਆ ਸੀ ਕਿ ਡੈਲਟਾ ਵੇਰੀਐਂਟ ਤੋਂ ਬਾਅਦ 'ਵੇਰੀਐਂਟ ਆਫ ਕਨਸਰਨ' ਵਾਲਾ ਨਵਾਂ ਵੇਰੀਐਂਟ ਆਉਣਾ ਮੁਸ਼ਕਲ ਹੋਵੇਗਾ ਪਰ ਓਮੀਕਰੋਨ ਨੇ ਸਾਨੂੰ ਹੈਰਾਨ ਕਰ ਦਿੱਤਾ।
ਭਾਵੇਂ ਇਹ ਓਮੀਕਰੋਨ 'ਵੇਰੀਐਂਟ ਆਫ਼ ਕਨਸਰਨ' ਬਣਨ ਲਈ ਕਾਫ਼ੀ ਗੰਭੀਰ ਹੈ ਜਾਂ ਨਹੀਂ, ਇਹ ਸਪੱਸ਼ਟ ਹੈ ਕਿ ਕੋਵਿਡ -19 ਵਾਇਰਸ ਦਾ ਵਿਕਾਸ ਸਾਨੂੰ ਹੋਰ ਵੀ ਹੈਰਾਨ ਕਰ ਸਕਦਾ ਹੈ। ਜਿੰਨੀ ਜਲਦੀ ਅਸੀਂ ਇਨ੍ਹਾਂ ਖਦਸ਼ਿਆਂ ਨੂੰ ਘਟਾਵਾਂਗੇ, ਇਹ ਸਭ ਲਈ ਉੱਨਾ ਹੀ ਬਿਹਤਰ ਹੋਵੇਗਾ।
ਇਹ ਵੀ ਪੜ੍ਹੋ:
ਇਹ ਵੀ ਦੇਖੋ: