ਕੰਵਰ ਸੰਧੂ ਨੇ ਚੋਣਾਂ ਲੜਨ ਤੇ ਕਿਸੇ ਸਿਆਸੀ ਪਾਰਟੀ ’ਚ ਸ਼ਾਮਿਲ ਹੋਣ ਬਾਰੇ ਇਹ ਕਿਹਾ - ਪ੍ਰੈੱਸ ਰਿਵਿਊ

ਕੰਵਰ ਸੰਧੂ

ਤਸਵੀਰ ਸਰੋਤ, Kanwar Sandhu/FB

ਤਸਵੀਰ ਕੈਪਸ਼ਨ, ਕੰਵਰ ਸੰਧੂ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੰਚ ਸਾਂਝਾ ਕਰਦੇ ਹੋਏ ਵੀ ਦੇਖਿਆ ਗਿਆ ਸੀ

ਖਰੜ ਤੋਂ ਮੁਅੱਤਲ 'ਆਪ' ਵਿਧਾਇਕ ਕੰਵਰ ਸੰਧੂ ਨੇ ਕਿਸੇ ਹੋਰ ਸਿਆਸੀ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਸਾਰੀਆਂ ਖ਼ਬਰਾਂ ਨੂੰ ਨਕਾਰਿਆ ਹੈ।

ਇੰਡੀਅਨ ਐਕਸਪ੍ਰੈਸ ਵਿੱਚ ਛਪੀ ਇੱਕ ਖਬਰ ਦੇ ਅਨੁਸਾਰ, ਵੀਰਵਾਰ ਦੇਰ ਰਾਤ ਫੇਸਬੁੱਕ 'ਤੇ ਇੱਕ ਵੀਡੀਓ ਵਿੱਚ ਕੰਵਰ ਸੰਧੂ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਹੋਰ ਸਿਆਸੀ ਪਾਰਟੀ ਵਿੱਚ ਸ਼ਾਮਲ ਨਹੀਂ ਹੋਣਗੇ ਅਤੇ 2022 ਦੀਆਂ ਚੋਣਾਂ ਵੀ ਨਹੀਂ ਲੜਨਗੇ।

ਉਨ੍ਹਾਂ ਕਿਹਾ, ''ਮੈਂ ਸਿਆਸਤ ਨੂੰ ਬਦਲਣ ਆਇਆ ਹਾਂ ਅਤੇ ਮੈਂ ਰਾਤੋ-ਰਾਤ ਆਪਣੀ ਵਿਚਾਰਧਾਰਾ ਨੂੰ ਨਹੀਂ ਬਦਲ ਸਕਦਾ।''

ਹਾਲ ਹੀ ਵਿੱਚ ਸੰਧੂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੀਆਂ ਖਬਰਾਂ ਆਈਆਂ ਸਨ।

ਸੰਧੂ ਅਤੇ ਕਈ ਹੋਰ ਵਿਧਾਇਕਾਂ ਨੇ ਆਪ ਪਾਰਟੀ ਦੀ ਪੰਜਾਬ ਇਕਾਈ ਲਈ ਖੁਦਮੁਖਤਿਆਰੀ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਨਵੰਬਰ 2018 ਵਿੱਚ 'ਆਪ' ਲੀਡਰਸ਼ਿਪ ਦੁਆਰਾ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

ਜਿਨ੍ਹਾਂ ਹੋਰ ਵਿਧਾਇਕਾਂ ਨੇ ਇਹ ਮੰਗ ਉਠਾਈ ਸੀ, ਉਨ੍ਹਾਂ ਵਿੱਚੋਂ ਕਈ ਹੁਣ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।

ਇਹ ਵੀ ਪੜ੍ਹੋ:

ਐਸਟਰਾਜ਼ੇਨੇਕਾ ਬੂਸਟਰ ਖੁਰਾਕ ਵਜੋਂ ਠੀਕ; ਸੀਰਮ ਇੰਟੀਚਿਊਟ ਨੇ ਮਨਜ਼ੂਰੀ ਮੰਗੀ

ਲੈਂਸੇਟ ਵਿੱਚ ਪ੍ਰਕਾਸ਼ਿਤ ਬੂਸਟਰਾਂ ਦੀਆਂ ਪਹਿਲੀਆਂ ਅਜ਼ਮਾਇਸ਼ਾਂ ਦੇ ਅਨੁਸਾਰ, ਸੱਤ ਕੋਵਿਡ-19 ਟੀਕੇ ਸੁਰੱਖਿਅਤ ਹਨ ਅਤੇ ਜਿਨ੍ਹਾਂ ਲੋਕਾਂ ਨੇ ਪਹਿਲਾਂ ਆਕਸਫੋਰਡ-ਐਸਟਰਾਜ਼ੇਨੇਕਾ ਜਾਂ ਫਾਈਜ਼ਰ-ਬਾਇਓਟੈਕ ਦਾ ਦੋ-ਡੋਜ਼ ਕੋਰਸ ਪ੍ਰਾਪਤ ਕੀਤਾ ਹੈ ਉਨ੍ਹਾਂ ਨੂੰ ਇਹ ਟੀਕੇ ਬੂਸਟਰ ਡੋਜ਼ ਵਜੋਂ ਦਿੱਤੇ ਜਾਣ 'ਤੇ ਇੱਕ ਮਜ਼ਬੂਤ ​​ਇਮਿਊਨ ਪ੍ਰਤੀਕਿਰਿਆ ਪੈਦਾ ਕਰਦੇ ਹਨ।

ਕੋਰੋਨਾਵਾਇਰਸ ਵੈਕਸੀਨ

ਤਸਵੀਰ ਸਰੋਤ, REUTERS/Francis Mascarenhas

ਤਸਵੀਰ ਕੈਪਸ਼ਨ, ਅਧਿਐਨ ਵਿੱਚ ਪਾਇਆ ਗਿਆ ਕਿ ਟ੍ਰਾਇਲ ਵਾਲੇ ਸਾਰੇ ਸੱਤ ਟੀਕੇ ਤੀਜੀ ਖੁਰਾਕ ਵਜੋਂ ਦਿੱਤੇ ਜਾਣੇ ਸੁਰੱਖਿਅਤ ਹਨ

ਇੰਡੀਅਨ ਐਕਸਪ੍ਰੈਸ ਦੀ ਇੱਕ ਖਬਰ ਮੁਤਾਬਕ, ਬੂਸਟਰ ਟ੍ਰਾਇਲ ਵਿੱਚ ਇਹ ਸਾਹਮਣੇ ਆਇਆ ਹੈ ਕਿ ਹੋਰ ਕੋਵਿਡ ਟੀਕਿਆਂ ਦੇ ਮੁਕਾਬਲੇ ਅਤੇ ਤੀਜੀ ਖੁਰਾਕ ਦੇ ਰੂਪ ਵਿੱਚ ਐਸਟਰਾਜ਼ੇਨੇਕਾ ਠੀਕ ਪ੍ਰਤੀਰੋਧਕ ਸਮਰੱਥਾ ਪੈਦਾ ਕਰਦਾ ਹੈ।

ਲੈਂਸੇਟ ਦਾ COV-BOOST (ਕੋਵ-ਬੂਸਟ) ਅਧਿਐਨ, ਯੂਕੇ ਦੇ ਇੱਕ ਅਜ਼ਮਾਇਸ਼ 'ਤੇ ਅਧਾਰਿਤ ਹੈ ਅਤੇ ਇਸ ਵਿੱਚ ਦੇਖਿਆ ਗਿਆ ਹੈ ਕਿ ਸੱਤ ਵੱਖ-ਵੱਖ ਟੀਕਿਆਂ ਨੂੰ ਜਦੋਂ 10-11 ਹਫ਼ਤਿਆਂ ਬਾਅਦ ਤੀਜੇ ਬੂਸਟਰ ਖੁਰਾਕ ਵਜੋਂ ਵਰਤਿਆ ਜਾਂਦਾ ਹੈ ਤਾਂ ਇਨ੍ਹਾਂ ਨਾਲ ਮਿਲਣ ਵਾਲੀ ਸੁਰੱਖਿਆ, ਪ੍ਰਤੀਰੋਧਕ ਪ੍ਰਤੀਕ੍ਰਿਆ ਅਤੇ ਮਾੜੇ ਪ੍ਰਭਾਵ ਕੀ ਹੁੰਦੇ ਹਨ।

ਜਿਹੜੇ ਸੱਤ ਟੀਕੇ ਜੋ ਤੀਜੀ ਖੁਰਾਕ ਵਜੋਂ ਦਿੱਤੇ ਗਏ ਸਨ, ਉਹ ਸਨ ਐਸਟਰਾਜ਼ੇਨੇਕਾ, ਫੈਜ਼ਰ, ਨੋਵਾਵੈਕਸ, ਜੈਨਸੀਨ, ਮਾਡਰਨਾ, ਵਾਲਨੇਵਾ ਅਤੇ ਕਿਊਰਵੈਕ।

ਦੂਜੇ ਪਾਸੇ ਕੋਵਿਡ ਦੇ ਨਵੇਂ ਵੈਰੀਐਂਟ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਵੀ ਭਾਰਤ ਦੇ ਡਰੱਗ ਕੰਟਰੋਲਰ ਜਨਰਲ ਨੂੰ ਅਰਜ਼ੀ ਦਿੱਤੀ ਹੈ ਕਿ ਕੋਵਿਸ਼ੀਲਡ ਨੂੰ ਬੂਸਟਰ ਵਜੋਂ ਵਰਤਣ ਦੀ ਇਜਾਜ਼ਤ ਦਿੱਤੀ ਜਾਵੇ।

ਨਿਤਿਨ ਗਡਕਰੀ ਬੋਲੇ, ਦਿੱਲੀ ਵਿੱਚ ਚਲਾਉਣਗੇ ਆਪਣੀ ਗ੍ਰੀਨ ਹਾਈਡ੍ਰੋਜਨ ਕਾਰ

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਪਾਇਲਟ ਪ੍ਰੋਜੈਕਟ ਲਈ ਇੱਕ ਕਰ ਖਰੀਦੇ ਹੈ ਜੋ ਕਿ ਫਰੀਦਾਬਾਦ ਦੇ ਤੇਲ ਰਿਸਰਚ ਇੰਸਟੀਚਿਊਟ 'ਚ ਪੈਦਾ ਹੋਣ ਵਾਲੇ ਹਰੇ ਹਾਈਡ੍ਰੋਜਨ 'ਤੇ ਚੱਲਦੀ ਹੈ।

ਨਿਤਿਨ ਗਡਕਰੀ

ਤਸਵੀਰ ਸਰੋਤ, NITIN GADKARI /TWITTER

ਤਸਵੀਰ ਕੈਪਸ਼ਨ, ਗਡਕਰੀ ਨੇ ਹਰੇ ਹਾਈਡ੍ਰੋਜਨ ਨੂੰ ਸੰਭਾਵੀ ਟਰਾਂਸਪੋਰਟ ਈਂਧਨ ਵਜੋਂ ਵਰਤੇ ਜਾਣ ਦੀ ਗੱਲ ਕਹੀ

ਹਿੰਦੂਸਤਾਨ ਟਾਈਮਜ਼ ਦੀ ਖਬਰ ਮੁਤਾਬਕ, ਫਾਈਨੈਂਸ਼ਲ ਇੰਕਲੂਸ਼ਨ 'ਤੇ ਇੱਕ ਰਾਸ਼ਟਰੀ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਉਹ ਇਸ ਕਾਰ ਨੂੰ ਦਿੱਲੀ ਵਿੱਚ ਚਲਾਉਣਗੇ ਤਾਂ ਜੋ ਲੋਕ ਵਿਸ਼ਵਾਸ ਕਰ ਸਕਣ ਕਿ ਪਾਣੀ ਤੋਂ ਹਰੀ ਹਾਈਡ੍ਰੋਜਨ ਪ੍ਰਾਪਤ ਕਰਨਾ ਸੰਭਵ ਹੈ।

ਗਡਕਰੀ ਨੇ ਹਰੇ ਹਾਈਡ੍ਰੋਜਨ ਨੂੰ ਸੰਭਾਵੀ ਟਰਾਂਸਪੋਰਟ ਈਂਧਨ ਵਜੋਂ ਵਰਤੇ ਜਾਣ ਦੇ ਵਿਸ਼ੇ 'ਤੇ ਗੱਲਬਾਤ ਕਰਦਿਆਂ ਕਿਹਾ, "ਮੇਰੇ ਕੋਲ ਹਰੇ ਹਾਈਡ੍ਰੋਜਨ ਨਾਲ ਬੱਸਾਂ, ਟਰੱਕ ਅਤੇ ਕਾਰਾਂ ਚਲਾਉਣ ਦੀ ਯੋਜਨਾ ਹੈ ਜੋ ਕਿ ਸ਼ਹਿਰਾਂ ਵਿੱਚ ਸੀਵਰੇਜ ਦੇ ਪਾਣੀ ਅਤੇ ਠੋਸ ਰਹਿੰਦ-ਖੂੰਹਦ ਦੀ ਵਰਤੋਂ ਕਰਕੇ ਪੈਦਾ ਕੀਤੀ ਜਾਵੇਗੀ।"

ਗਡਕਰੀ ਨੇ ਆਪਣੇ ਦੁਆਰਾ ਨਾਗਪੁਰ ਵਿੱਚ ਸ਼ੁਰੂ ਕੀਤੇ 7 ਸਾਲ ਪੁਰਾਣੇ ਪ੍ਰੋਜੈਕਟ ਬਾਰੇ ਗੱਲ ਕਰਦਿਆਂ ਕਿਹਾ ਕਿ ਹੁਣ ਨਾਗਪੁਰ ਆਪਣਾ ਸੀਵਰੇਜ ਪਾਣੀ ਮਹਾਰਾਸ਼ਟਰ ਸਰਕਾਰ ਦੇ ਪਾਵਰ ਪਲਾਂਟ ਨੂੰ ਵੇਚਦਾ ਹੈ ਅਤੇ ਇੱਕ ਸਾਲ ਵਿੱਚ 325 ਕਰੋੜ ਰੁਪਏ ਕਮਾ ਲੈਂਦਾ ਹੈ।

ਉਨ੍ਹਾਂ ਕਿਹਾ, "ਕੁਝ ਵੀ ਵਿਅਰਥ ਨਹੀਂ ਹੈ। ਇਹ ਲੀਡਰਸ਼ਿਪ ਅਤੇ ਤਕਨਾਲੋਜੀ ਦੇ ਦ੍ਰਿਸ਼ਟੀਕੋਣ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕੂੜੇ ਨਾਲ ਵੀ ਕਮਾਈ ਕਰ ਸਕਦੇ ਹੋ। ਹੁਣ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਕੀ ਅਸੀਂ ਗੰਦੇ ਪਾਣੀ ਨਾਲ ਵੀ ਲਾਭ ਕਮਾ ਸਕੀਏ। ਹਰੇਕ ਨਗਰਪਾਲਿਕਾ ਕੋਲ ਇਹ ਪਾਣੀ ਹੈ।"

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)