You’re viewing a text-only version of this website that uses less data. View the main version of the website including all images and videos.
ਨਵਜੋਤ ਸਿੱਧੂ ਦੀ ਹਿੰਮਤ ਦੀ ਦਾਦ ਦਿੰਦਾ ਹਾਂ, ਉਹ ਲੋਕਾਂ ਦੇ ਮੁੱਦੇ ਚੁੱਕ ਰਹੇ ਹਨ - ਕੇਜਰੀਵਾਲ
ਆਮ ਆਦਮੀ ਪਾਰਟੀ, ਪੰਜਾਬ ਵਿਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਦੋਂ ਕਰੇਗੀ ਅਤੇ ਹੁਣ ਤੱਕ ਇਸ ਦਾ ਐਲਾਨ ਕਿਉਂ ਨਹੀਂ ਕੀਤਾ ਗਿਆ।
ਇਸ ਸਵਾਲ ਦਾ ਅਰਵਿੰਦ ਕੇਜਰੀਵਾਲ ਨੇ ਅੱਜ ਇੱਕ ਨਵਾਂ ਜਵਾਬ ਦਿੱਤਾ। ਇਸ ਤੋਂ ਪਹਿਲਾਂ ਉਹ ਇਹ ਐਲਾਨ ਜਲਦ ਕਰਨ ਦੀ ਗੱਲ ਕਈ ਵਾਰ ਕਹਿ ਚੁੱਕੇ ਹਨ।
ਅੰਮ੍ਰਿਤਸਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ, ''ਪੰਜਾਬ ਵਿਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਦੂਜੀਆਂ ਪਾਰਟੀਆਂ ਤੋਂ ਪਹਿਲਾਂ ਕਰ ਦਿੱਤਾ ਜਾਵੇਗਾ।''
ਕੇਜਰੀਵਾਲ ਪਿਛਲੇ 2 ਦਿਨਾਂ ਤੋਂ ਪੰਜਾਬ ਦੌਰੇ ਉੱਤੇ ਹਨ, ਕੱਲ੍ਹ ਉਨ੍ਹਾਂ ਲੁਧਿਆਣਾ ਵਿਚ ਕਾਰੋਬਾਰੀਆਂ ਅਤੇ ਆਟੋ ਚਾਲਕਾਂ ਨਾਲ ਸੰਵਾਦ ਰਚਾਇਆ ਅਤੇ ਅੱਜ ਅੰਮ੍ਰਿਤਸਰ ਪੰਜਾਬ ਵਿਚ ਸਿੱਖਿਆ ਸੁਧਾਰ ਲਈ ਆਪਣੇ ਪ੍ਰੋਗਰਾਮ ਦਾ ਐਲਾਨ ਕੀਤਾ।
ਇੱਥੇ ਹੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜਦੋਂ ਕੋਈ ਪਾਰਟੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਦੀ ਹੈ ਤਾਂ ਉਸ ਤੋਂ ਬਾਅਦ ਚੋਣ ਪ੍ਰਚਾਰ ਸਿਖ਼ਰਾਂ ਵੱਲ ਹੀ ਜਾਂਦਾ ਹੈ।
ਇਸ ਲਈ ਆਮ ਆਦਮੀ ਪਾਰਟੀ ਇੱਕ ਰਣਨੀਤੀ ਤਹਿਤ ਹੀ ਇਸ ਦਾ ਐਲਾਨ ਕਰੇਗੀ।
ਨਵਜੋਤ ਸਿੱਧੂ ਬਾਰੇ ਕੀ ਬੋਲੇ ਅਰਵਿੰਦ ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਨਵਜੋਤ ਸਿੰਘ ਸਿੱਧੂ ਦੀ ਹਿੰਮਤ ਦੀ ਦਾਦ ਦਿੰਦੇ ਹਨ ਕਿ ਉਹ ਲੋਕਾਂ ਦੇ ਮੁੱਦੇ ਚੁੱਕ ਰਹੇ ਹਨ।
ਉਨ੍ਹਾਂ ਕਿਹਾ, “ਨਵਜੋਤ ਸਿੱਧੂ ਲੋਕਾਂ ਦੀ ਗੱਲ ਕਰ ਰਹੇ ਹਨ ਪਰ ਕਾਂਗਰਸ ਵਿੱਚ ਉਨ੍ਹਾਂ ਨੂੰ ਦਬਾਇਆ ਜਾ ਰਿਹਾ ਹੈ। ਕਾਂਗਰਸ ਦੇ ਆਗੂ ਹੀ ਉਨ੍ਹਾਂ ਨੂੰ ਮੁੱਦਿਆਂ ਲਈ ਘੇਰ ਰਹੇ ਹਨ। ਲੋਕਾਂ ਦੇ ਮੁੱਦਿਆਂ ਨੂੰ ਇਸੇ ਤਰੀਕੇ ਨਾਲ ਉਠਾਉਣਾ ਚਾਹੀਦਾ ਹੈ।”
ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਦੋਂ
ਅਰਵਿੰਦ ਕੇਜਰੀਵਾਲ ਨੇ ਕਿਹਾ, ''ਸਭ ਤੋਂ ਪਹਿਲੀ ਗੱਲ, ਕੋਈ ਵੀ ਪਾਰਟੀ ਜਾਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਦੀ ਹੈ ਜਾਂ ਨਹੀਂ ਕਰਦੀ ਹੈ। ਜੋ-ਜੋ ਪਾਰਟੀ ਸੀਐੱਮ ਦੇ ਚਿਹਰੇ ਦਾ ਐਲਾਨ ਕਰਦੀ ਹੈ, ਉਹ ਚੋਣਾਂ ਦਾ ਰਸਮੀ ਐਲਾਨ ਹੋਣ ਉੱਤੇ ਹੀ ਕਰਦੀ ਹੈ।
ਕੇਜਰੀਵਾਲ ਨੇ ਕਿਹਾ, ''ਪੰਜਾਬ ਵਿਚ ਕਾਂਗਰਸ ਵਲੋਂ ਸੀਐੱਮ ਦੇ ਚਿਹਰੇ ਦਾ ਐਲਾਨ ਨਹੀਂ ਕੀਤਾ ਗਿਆ ਹੈ ਕਿ ਅਗਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਗੇ ਜਾਂ ਨਵਜੋਤ ਸਿੰਘ ਸਿੱਧੂ ਜਾਂ ਸੁਖਜਿੰਦਰ ਸਿੰਘ ਰੰਧਾਵਾ।''
ਪਿਛਲੀ ਵਾਰ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਦਾ ਸੀਐੱਮ ਵਜੋਂ ਐਲਾਨ ਵੀ ਇੱਕ ਹਫ਼ਤੇ ਪਹਿਲਾਂ ਕੀਤਾ ਸੀ।
ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੇ ਉੱਤਰ ਪ੍ਰਦੇਸ਼ ਵਿਚ ਸੀਐੱਮ ਦਾ ਚਿਹਰਾ ਅਜੇ ਤੱਕ ਨਹੀਂ ਐਲਾਨਿਆ ਹੈ, ਕਿਉਂਕਿ ਉੱਥੇ ਕੁਝ ਲੋਕ ਕਹਿ ਰਹੇ ਹਨ ਕਿ ਕਮਲ ਦੇ ਨਿਸ਼ਾਨ ਹੇਠ ਚੋਣ ਲੜੀ ਜਾਵੇ।
ਇਸ ਲਈ ਆਮ ਆਦਮੀ ਪਾਰਟੀ ਦੂਜੀਆਂ ਸਿਆਸੀ ਪਾਰਟੀਆਂ ਤੋਂ ਪਹਿਲਾਂ ਹੀ ਪੰਜਾਬ ਵਿਚ ਮੁੱਖ ਮੰਤਰੀ ਦਾ ਚਿਹਰਾ ਐਲਾਨ ਦੇਵੇਗੀ।
ਰੋਚਕ ਗੱਲ ਇਹ ਹੈ ਕਿ ਜਦੋਂ ਕੇਜਰੀਵਾਲ ਨੂੰ ਇਹ ਸਵਾਲ ਪੁੱਛਿਆ ਗਿਆ ਤਾਂ ਉੱਤੇ ਹਾਜ਼ਰ ਆਪ ਵਰਕਰਾਂ ਨੇ ਭਗਵੰਤ ਮਾਨ ਜ਼ਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।
ਕੇਜਰੀਵਾਲ ਦੇ ਨਾਲ ਬੈਠੇ ਭਗਵੰਤ ਮਾਨ ਬਿੰਦ-ਬਿੰਦ ਮੁਸਕਰਾਉਂਦੇ ਰਹੇ, ਉਨ੍ਹਾਂ ਵਲੋਂ ਹੱਥ ਚੁੱਕ ਕੇ ਵਰਕਰਾਂ ਨੂੰ ਨਾਅਰੇ ਬੰਦ ਕਰਨ ਦਾ ਇਸ਼ਾਰਾ ਕੀਤਾ ਗਿਆ ਤਾਂ ਕੇਜਰੀਵਾਲ ਨੇ ਸਵਾਲ ਦਾ ਜਵਾਬ ਦੇਣਾ ਸ਼ੁਰੂ ਕੀਤਾ।
ਇਹ ਵੀ ਪੜ੍ਹੋ :
ਚੰਨੀ ਨੂੰ ਕੇਜਰੀਵਾਲ ਦਾ ਜਵਾਬ
ਚਰਨਜੀਤ ਸਿੰਘ ਚੰਨੀ ਵੱਲੋਂ ਕੇਜਰੀਵਾਲ ਨੂੰ ਨਕਲੀ ਆਮ ਆਦਮੀ ਕਹਿਣ ਦਾ ਵੀ ਅਰਵਿੰਦ ਕੇਜਰੀਵਾਲ ਨੇ ਜਵਾਬ ਦਿੱਤਾ।
ਕੇਜਰੀਵਾਲ ਨੇ ਕਿਹਾ ਕਿ ਚੰਨੀ ਕਹਿ ਰਹੇ ਹਨ ਕਿ ਉਹ ਗਊ ਦਾ ਦੁੱਧ ਚੋਅ ਲੈਂਦੇ ਹਨ, ਗੋਲੀਆਂ ਖੇਡ ਲੈਂਦੇ ਹਨ, ਇਸ ਲਈ ਉਹ ਅਸਲੀ ਆਮ ਆਦਮੀ ਹਨ।
ਪਰ ਮੈਂ ਕਹਿੰਦਾ ਹਾਂ ਕਿ ਮੈਨੂੰ ਗੋਲ਼ੀਆਂ ਖੇਡਣੀਆਂ ਨਹੀਂ ਆਉਂਦੀਆਂ ਪਰ ਮੈਨੂੰ ਸਕੂਲ ਬਣਾਉਣੇ ਆਉਂਦੇ ਹਨ। ਮੈਨੂੰ ਗਊ ਦਾ ਦੁੱਧ ਚੋਣਾ ਨਹੀਂ ਆਉਂਦਾ ਪਰ ਮੈਨੂੰ ਮੁਹੱਲਾ ਕਲੀਨਿਕ ਬਣਾਉਣੇ ਆਉਂਦੇ ਹਨ।
ਮੈਨੂੰ ਘੁੰਮ ਘੁੰਮ ਕੇ ਸ਼ੌਅ ਕਰਨਾ ਨਹੀਂ ਆਉਂਦਾ ਪਰ ਮੈਨੂੰ ਮੁਫ਼ਤ ਦਵਾਈਆਂ ਅਤੇ ਇਲਾਜ ਦੇਣਾ ਆਉਂਦਾ ਹੈ।
ਮੈਂ ਡਰਾਮੇਬਾਜ਼ੀ ਕਰਨੀ ਨਹੀਂ ਜਾਣਦਾ ਪਰ ਮੈਨੂੰ ਲੋਕਾਂ ਦੀ ਸਾਰ ਲੈਣਾ ਆਉਂਦਾ ਹੈ।
ਸਿੱਖਿਆ ਖੇਤਰ ਲਈ ਕੇਜਰੀਵਾਲ ਦੇ 8 ਐਲਾਨ
1. ਸ਼ਾਨਦਾਰ ਸਿੱਖਿਆ ਪ੍ਰਬੰਧ ਤਿਆਰ ਕੀਤਾ ਜਾਵੇਗਾ
2. ਠੇਕੇ ਤੇ ਕੱਚੇ ਅਧਿਆਪਕ ਪੱਕੇ ਕੀਤੇ ਜਾਣਗੇ
3. ਅਧਿਆਪਕ ਦਾ ਤਬਾਦਲਾ ਮਨਮਰਜ਼ੀ ਮੁਤਾਬਕ ਹੋਵੇਗਾ
4. ਅਧਿਆਪਕ ਗੈਰ ਵਿੱਦਿਅਕ ਡਿਊਟੀ ਨਹੀਂ ਕਰਨਗੇ
5. ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣਗੀਆਂ
6. ਅਧਿਆਪਕਾਂ ਨੂੰ ਵਿਦੇਸ਼ਾਂ ਤੋਂ ਸਿਖਲਾਈ ਦੁਆਈ ਜਾਵੇਗੀ
7. ਵਕਤ ਰਹਿੰਦਿਆਂ ਤਰੱਕੀ ਦਿੱਤੀ ਜਾਵੇਗੀ
8. ਸਾਰੇ ਅਧਿਆਪਕਾਂ ਦੇ ਪਰਿਵਾਰਾਂ ਦਾ ਕੈਸ਼ਲੈੱਸ ਸਿਹਤ ਬੀਮਾ ਹੋਵੇਗਾ
ਇਹ ਵੀ ਪੜ੍ਹੋ: