ਪ੍ਰਿਅੰਕਾ ਗਾਂਧੀ ਨੇ ਮੋਦੀ ਨੂੰ ਕਿਸਾਨਾਂ ਦਾ ਹਿਤੈਸ਼ੀ ਸਾਬਿਤ ਕਰਨ ਲਈ ਇਹ ਕਰਨ ਨੂੰ ਕਿਹਾ - ਪ੍ਰੈੱਸ ਰਿਵੀਊ

ਕਾਂਗਰਸ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ ਨੂੰ ਕਿਸਾਨਾਂ ਦੇ ਹਿਤੈਸ਼ੀ ਹੋਣ ਨੂੰ ਸਾਬਿਤ ਕਰਨ ਦੀ ਮੰਗ ਕੀਤੀ ਹੈ।

ਦਿ ਹਿੰਦੂ ਦੀ ਖਬਰ ਮੁਤਾਬਿਕ ਪ੍ਰਿਅੰਕਾ ਗਾਂਧੀ ਵਾਡਰਾ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨੂੰ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ 'ਟੇਨੀ' ਨੂੰ ਬਰਖਾਸਤ ਕਰਨ ਲਈ ਅਪੀਲ ਕੀਤੀ।

ਲੰਘੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ। ਇਸ ਮਗਰੋਂ ਪ੍ਰਿਅੰਕਾ ਗਾਂਧੀ ਨੇ ਇਹ ਮੰਗ ਰੱਖੀ ਹੈ।

ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਲਖੀਮਪੁਰ ਖੀਰੀ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਦਰੜੇ ਜਾਣ ਦੇ ਮਾਮਲੇ ਵਿੱਚ ਮੁਲਜ਼ਮ ਹਨ।

ਇਸੇ ਮੁੱਦੇ ਨੂੰ ਚੁੱਕਦਿਆਂ ਕਾਂਗਰਸੀ ਆਗੂ ਪ੍ਰਿਅੰਕਾ ਨੇ ਪ੍ਰਧਾਨ ਮੰਤਰੀ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਲਖਨਊ ਵਿੱਚ ਪੁਲਿਸ ਡਾਇਰੈਕਟਰਜ਼-ਜਨਰਲ (ਡੀਜੀਪੀਜ਼) ਦੀ ਕਾਨਫਰੰਸ ਵਿੱਚ ਮੰਤਰੀ ਨਾਲ ਮੰਚ ਸਾਂਝਾ ਨਾ ਕਰਨ।

ਪ੍ਰਧਾਨ ਮੰਤਰੀ ਨੂੰ ਲਿਖੇ ਇੱਕ ਪੱਤਰ ਵਿੱਚ ਉਨ੍ਹਾਂ ਕਿਹਾ, ''ਤੁਸੀਂ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਸੱਚੇ ਮਨ ਅਤੇ ਪਵਿੱਤਰ ਹਿਰਦੇ ਨਾਲ ਅਤੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ। ਜੇਕਰ ਇਹ ਸੱਚ ਹੈ, ਤਾਂ ਲਖੀਮਪੁਰ ਖੀਰੀ ਹਿੰਸਾ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣਾ ਤੁਹਾਡੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ।''

ਉਨ੍ਹਾਂ ਅੱਗੇ ਕਿਹਾ, "ਜੇਕਰ ਅੱਜ, ਦੇਸ਼ ਦੇ ਕਿਸਾਨਾਂ ਨੂੰ ਲੈ ਕੇ ਤੁਹਾਡੀ ਨੀਅਤ ਸੱਚਮੁੱਚ ਸਾਫ ਹੈ, ਤਾਂ ਤੁਹਾਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਨਾਲ ਸਟੇਜ ਸਾਂਝਾ ਨਹੀਂ ਕਰਨਾ ਚਾਹੀਦਾ ਅਤੇ ਉਨ੍ਹਾਂ ਨੂੰ ਹਟਾ ਦੇਣਾ ਚਾਹੀਦਾ ਹੈ।''

ਇਹ ਵੀ ਪੜ੍ਹੋ:

ਕਿਸਾਨ ਅੰਦੋਲਨ ਨਾਲ 15 ਲੱਖ ਵਪਾਰੀਆਂ ਨੂੰ 75,000 ਕਰੋੜ ਰੁਪਏ ਦਾ ਨੁਕਸਾਨ ਹੋਇਆ: CAIT

ਕਿਸਾਨ ਅੰਦੋਲਨ ਕਾਰਨ ਪੰਜਾਬ ਦੇ ਕਈ ਗੋਦਾਮ ਤੇ ਸਟੋਰ ਲੰਮੇ ਸਮੇਂ ਤੋਂ ਬੰਦ ਪਏ ਹਨ। ਇਨ੍ਹਾਂ ਦੇ ਮਾਲਕਾਂ ਨੂੰ ਲਗਭਗ ਪਿਛਲੇ ਇੱਕ ਸਾਲ ਦੌਰਾਨ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ।

ਦਿ ਟ੍ਰਿਬਿਊਨ ਵਿੱਚ ਛਪੀ ਇੱਕ ਖ਼ਬਰ ਅਨੁਸਾਰ, ਇਸ ਬਾਰੇ ਸੀਏਆਈਟੀ ਦੇ ਸੂਬਾ ਪ੍ਰਧਾਨ (ਪੰਜਾਬ ਚੈਪਟਰ) ਹਰਕੇਸ਼ ਮਿੱਤਲ ਨੇ ਕਿਹਾ ਕਿ ਅੰਦੋਲਨ ਦੇ ਚੱਲਦਿਆਂ ਵਪਾਰਕ ਭਾਈਚਾਰੇ ਨੂੰ ਲਗਭਗ 75,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਕਿਉਂਕਿ ਸੂਬੇ ਵਿੱਚ ਬਹੁਤ ਸਾਰੇ ਆਧੁਨਿਕ ਰਿਟੇਲ ਸਟੋਰ ਅਜੇ ਵੀ ਬੰਦ ਪਏ ਹਨ।

ਪਿਛਲੇ ਸਾਲ, ਆਧੁਨਿਕ ਰਿਟੇਲਰਾਂ ਨੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸੰਪਰਕ ਕਰਕੇ ਮੰਗ ਕੀਤੀ ਸੀ ਕਿ ਉਹ ਇਸ ਮਾਮਲੇ ਵਿੱਚ ਦਖਲ ਦੇਣ ਤਾਂ ਜੋ ਕਾਰੋਬਾਰ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।

ਪੰਜਾਬ ਵਿੱਚ ਇਮਾਰਤਾਂ ਦੇ ਮਾਲਕਾਂ ਨੇ ਵੱਖ-ਵੱਖ ਕਾਰੋਬਾਰਾਂ ਨੂੰ ਚਲਾਉਣ ਲਈ ਰਿਲਾਇੰਸ ਇੰਡਸਟਰੀਜ਼ ਵਰਗੇ ਵੱਡੇ ਰਿਟੇਲਰਾਂ ਨੂੰ ਆਪਣੀਆਂ ਇਮਾਰਤਾਂ ਕਿਰਾਏ 'ਤੇ ਦਿੱਤੀਆਂ ਹੋਈਆਂ ਹਨ। ਇਸੇ ਸਾਲ ਜੂਨ ਵਿੱਚ, ਇਨ੍ਹਾਂ ਮਾਲਕਾਂ ਦੇ ਇੱਕ ਸਮੂਹ ਨੇ ਆਪਣੇ ਸਟੋਰਾਂ ਨੂੰ ਦੁਬਾਰਾ ਖੋਲ੍ਹਣ ਲਈ ਰਾਜ ਸਰਕਾਰ ਦੇ ਦਖਲ ਦੀ ਮੰਗ ਕੀਤੀ ਸੀ।

ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਸੀਏਆਈਟੀ) ਦੇ ਅਨੁਸਾਰ, ਪੰਜਾਬ ਦੇ ਲਗਭਗ 15 ਲੱਖ ਵਪਾਰੀ ਕੰਪਨੀ ਦੀ ਮਲਕੀਅਤ ਵਾਲੇ ਮਲਟੀ-ਬ੍ਰਾਂਡਡ ਸਟੋਰਾਂ ਵਰਗੇ ਆਧੁਨਿਕ ਰਿਟੇਲਰਾਂ ਤੋਂ ਇਲਾਵਾ, ਕਈ ਵਪਾਰੀ ਸਿੱਧੇ ਜਾਂ ਅਸਿੱਧੇ ਤੌਰ 'ਤੇ ਵਿਰੋਧ ਪ੍ਰਦਰਸ਼ਨਾਂ ਤੋਂ ਪ੍ਰਭਾਵਿਤ ਹੋਏ ਹਨ।

ਇੱਕਲੇ ਰਿਲਾਇੰਸ ਦੇ ਪੰਜਾਬ ਵਿੱਚ ਲਗਭਗ 275 ਸਟੋਰ ਹਨ, ਜੋ ਸਾਰੇ ਬੰਦ ਪਏ ਹਨ।

ਕੰਗਨਾ ਰਣੌਤ ਖਿਲਾਫ ਐੱਫਆਈਆਰ ਕਰਵਾਈ ਦਰਜ

ਇੰਡੀਅਨ ਯੂਥ ਕਾਂਗਰਸ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸ਼ਨੀਵਾਰ ਨੂੰ ਅਦਾਕਾਰਾ ਕੰਗਨਾ ਰਣੌਤ ਦੇ ਖਿਲਾਫ ਦੋ ਵੱਖ-ਵੱਖ ਪੁਲਿਸ ਸ਼ਿਕਾਇਤਾਂ ਦਰਜ ਕਰਵਾਈਆਂ ਹਨ।

ਮਾਮਲਾ ਕੰਗਨਾ ਦੁਆਰਾ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਪੋਸਟ ਨਾਲ ਸਬੰਧਿਤ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਅਨੁਸਾਰ, ਆਈਵਾਈਸੀ ਦੇ ਰਾਸ਼ਟਰੀ ਸਕੱਤਰ ਅਮਰੀਸ਼ ਰੰਜਨ ਪਾਂਡੇ ਅਤੇ ਸੰਗਠਨ ਦੇ ਕਾਨੂੰਨੀ ਸੈੱਲ ਦੇ ਕੋਆਰਡੀਨੇਟਰ ਅੰਬੂਜ ਦੀਕਸ਼ਿਤ ਨੇ ਸੋਸ਼ਲ ਮੀਡੀਆ 'ਤੇ ਕੰਗਨਾ ਦੁਆਰਾ ਕਥਿਤ ਤੌਰ 'ਤੇ "ਦੇਸ਼ ਵਿਰੋਧੀ" ਟਿੱਪਣੀ ਕਰਨ ਲਈ, ਸੰਸਦ ਮਾਰਗ ਪੁਲਿਸ ਸਟੇਸ਼ਨ ਵਿੱਚ ਉਨ੍ਹਾਂ ਖਿਲਾਫ ਸ਼ਿਕਾਇਤ ਦਰਜ ਕੀਤੀ ਹੈ।

ਉਨ੍ਹਾਂ ਨੇ ਆਪਣੀ ਸ਼ਿਕਾਇਤ ਵਿੱਚ ਲਿਖਿਆ ਹੈ, "ਕੰਗਨਾ ਰਣੌਤ ਇੱਕ ਮਸ਼ਹੂਰ ਅਦਾਕਾਰਾ ਹਨ ਅਤੇ ਇੰਸਟਾਗ੍ਰਾਮ 'ਤੇ ਉਨ੍ਹਾਂ ਦੇ 7.8 ਮਿਲੀਅਨ (78 ਲੱਖ) ਤੋਂ ਵੱਧ ਲੋਕ ਪ੍ਰਸ਼ੰਸਕ ਹਨ। ਇਸ ਲਈ, ਉਨ੍ਹਾਂ ਦੀਆਂ ਜਾਣ-ਬੁੱਝ ਕੇ ਗੈਰ-ਜ਼ਿੰਮੇਵਾਰਾਨਾ ਅਤੇ ਦੇਸ਼-ਵਿਰੋਧੀ ਪੋਸਟਾਂ ਭਾਰਤ ਦੇ ਗਣਰਾਜ ਪ੍ਰਤੀ ਨਫ਼ਰਤ, ਅਪਮਾਨ ਅਤੇ ਅਸੰਤੁਸ਼ਟੀ ਨੂੰ ਭੜਕਾਉਣ ਦੀ ਸਮਰੱਥਾ ਰੱਖਦੀਆਂ ਹਨ।''

ਦੂਜੇ ਪਾਸੇ ਇੱਕ ਟਵੀਟ ਵਿੱਚ ਸਿਰਸਾ ਨੇ ਲਿਖਿਆ, ''ਅਸੀਂ ਇੰਸਟਾਗ੍ਰਾਮ 'ਤੇ ਉਨ੍ਹਾਂ ਦੀ ਨਫ਼ਰਤ ਭਰੀ ਸਮੱਗਰੀ ਲਈ ਸਰਕਾਰ ਤੋਂ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ।''

ਇਹ ਵੀ ਪੜ੍ਹੋ:

ਇਹ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)