ਕੰਗਨਾ ਰਨੌਤ: ਆਜ਼ਾਦੀ 2014 'ਚ ਮਿਲਣ ਦੀ ਗੱਲ ਤੋਂ ਬਾਅਦ ਹੁਣ ਤੁਹਾਡੀ ਮਦਦ ਚਾਹੁੰਦੀ ਹੈ ਅਦਾਕਾਰਾ

ਕੰਗਨਾ ਰਨੌਤ ਦੇ 1947 ਅਤੇ 2014 ਦੇ ਹਵਾਲੇ ਨਾਲ ਆਜ਼ਾਦੀ ਬਾਰੇ ਦਿੱਤੇ ਹਾਲੀਆ ਬਿਆਨ ਉੱਤੇ ਲਗਾਤਾਰ ਸੋਸ਼ਲ ਮੀਡੀਆ ਉੱਤੇ ਚਰਚਾਵਾਂ ਚੱਲ ਰਹੀਆਂ ਹਨ।

ਉਨ੍ਹਾਂ ਦੇ ਇਸ ਬਿਆਨ ਦਾ ਸਖ਼ਤ ਵਿਰੋਧ ਵੀ ਹੋ ਰਿਹਾ ਹੈ ਤੇ 5 ਦਿਨ ਪਹਿਲਾਂ ਮਿਲੇ ਪਦਮ ਸ਼੍ਰੀ ਐਵਾਰਡ ਨੂੰ ਵਾਪਿਸ ਕਰਨ ਦੀ ਮੰਗ ਵੀ ਉੱਠ ਰਹੀ ਹੈ। ਬੀਤੇ ਦਿਨੀਂ ਤਾਂ ਸੋਸ਼ਲ ਮੀਡੀਆ ਉੱਤੇ (#कंगना_पद्मश्री_वापस_करो) ਪੂਰਾ ਦਿਨ ਟਰੈਂਡ ਕਰਦਾ ਰਿਹਾ।

ਇਸੇ ਵਿਚਾਲੇ ਕੰਗਨਾ ਨੇ ਆਪਣੇ ਇਸ ਬਿਆਨ ਉੱਤੇ ਪ੍ਰਤੀਕਰਮ ਦਿੰਦਿਆਂ ਸੋਸ਼ਲ ਮੀਡੀਆ ਉੱਤੇ ਲਿਖਿਆ ਹੈ ਕਿ ਜੇਕਰ ਉਹ ਗ਼ਲਤ ਸਾਬਤ ਹੋਏ ਤਾਂ ਪਦਮ ਸ਼੍ਰੀ ਐਵਾਰਡ ਵਾਪਸ ਦੇ ਦੇਣਗੇ।

ਦਰਅਸਲ ਫ਼ਿਲਮ ਅਦਾਕਾਰਾ ਕੰਗਨਾ ਰਨੌਤ ਲੰਘੇ ਦਿਨੀਂ ਇੱਕ ਵਾਰ ਫਿਰ ਵਿਵਾਦਾਂ ਵਿੱਚ ਆ ਗਏ ਸਨ। ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਹੀ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ਇੱਕ ਮੀਡੀਆ ਚੈਨਲ 'ਤੇ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਭਾਰਤ ਨੂੰ ਅਗਸਤ 1947 ਵਿੱਚ ਜੋ ਆਜ਼ਾਦੀ ਮਿਲੀ ਸੀ ਉਹ ਭੀਖ ਦੀ ਆਜ਼ਾਦੀਸੀ ਜਦਕਿ ਦੇਸ਼ ਨੂੰ ਅਸਲੀ ਆਜ਼ਾਦੀ ਤਾਂ 2014 ਵਿੱਚ ਹੀ ਹਾਸਲ ਹੋਈ ਹੈ।

ਸਾਲ 2014 ਵਿੱਚ ਪਹਿਲੀ ਵਾਰ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਦੀ ਸਰਕਾਰ ਹਕੂਮਤ ਵਿੱਚ ਆਈ ਅਤੇ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ।

ਉੱਧਰ ਜਿਸ ਚੈਨਲ (ਟਾਈਮਜ਼ ਨਾਓ) ਉੱਤੇ ਕੰਗਨਾ ਨੇ ਆਪਣੀ ਗੱਲ ਕਹੀ ਸੀ ਉਨ੍ਹਾਂ ਵੱਲੋਂ ਆਪਣੇ ਟਵਿੱਟਰ ਹੈਂਡਲ ਉੱਤੇ ਲਿਖਿਆ ਗਿਆ ਹੈ ਕਿ ਜੋ ਕੰਗਨਾ ਵੱਲੋਂ ਕਿਹਾ ਗਿਆ ਹੈ ਉਹ ਕਿਸੇ ਵੀ ਸੱਚੇ ਭਾਰਤੀ ਵੱਲੋਂ ਨਹੀਂ ਹੋ ਸਕਦਾ ਅਤੇ ਇਹ ਲੱਖਾਂ ਆਜ਼ਾਦੀ ਘੁਲਾਟੀਆਂ ਲਈ ਬੇਇੱਜ਼ਤੀ ਵਰਗਾ ਹੈ।

ਆਪਣੀਆਂ ਇੰਸਟਾਗ੍ਰਾਮ ਸਟੋਰੀਜ਼ ਵਿੱਚ ਕੰਗਨਾ ਨੇ ਪੂਰੀ ਗੱਲ ਰੱਖੀ ਹੈ, ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਹੈ ਕਿ ਜੇ ਉਹ ਗ਼ਲਤ ਸਾਬਤ ਹੋਏ ਤਾਂ ਆਪਣਾ ਪਦਮ ਸ਼੍ਰੀ ਸਨਮਾਨ ਖ਼ੁਦ ਹੀ ਮੋੜ ਦੇਣਗੇ।

ਕੰਗਨਾ ਨੇ ਇੰਸਟਾਗ੍ਰਾਮ ਉੱਤੇ ਲਿਖਿਆ ਹੈ ਕਿ ਉਸ ਇੰਟਰਵੀਊ ਵਿੱਚ ਸਭ ਕੁਝ ਸਪੱਸ਼ਟ ਰੂਪ ਵਿੱਚ ਕਿਹਾ ਗਿਆ ਹੈ।

''1857 ਵਿੱਚ ਆਜ਼ਾਦੀ ਲਈ ਪਹਿਲੀ ਸਾਂਝੀ ਲੜਾਈ ਸ਼ੁਰੂ ਹੋਈ। ਪੂਰੀ ਲੜਾਈ ਵਿੱਚ ਸੁਭਾਸ਼ ਚੰਦਰ ਬੋਸ, ਰਾਣੀ ਲਕਸ਼ਮੀਬਾਈ ਅਤੇ ਵੀਰ ਸਾਵਰਕਰ ਜੀ ਵਰਗੇ ਮਹਾਨ ਲੋਕਾਂ ਨੇ ਬਲਿਦਾਨ ਦਿੱਤਾ। 1857 ਦੀ ਲੜਾਈ ਦਾ ਮੈਨੂੰ ਪਤਾ ਹੈ ਪਰ 1947 ਵਿੱਚ ਕਿਹੜਾ ਯੁੱਧ ਹੋਇਆ ਸੀ, ਮੈਨੂੰ ਪਤਾ ਨਹੀਂ। ਜੇ ਮੈਨੂੰ ਕੋਈ ਦੱਸ ਸਕਦਾ ਹੈ ਤਾਂ ਮੈਂ ਆਪਣਾ ਪਦਮ ਸ਼੍ਰੀ ਵਾਪਸ ਕਰ ਦੇਵਾਂਗੀ ਅਤੇ ਮਾਫ਼ੀ ਵੀ ਮੰਗਾਂਗੀ....ਕਿਰਪਾ ਕਰਕੇ ਮੇਰੀ ਮਦਦ ਕਰੋ।''

ਉਨ੍ਹਾਂ ਅੱਗੇ ਲਿਖਿਆ, ''ਮੈਂ ਸ਼ਹੀਦ ਵੀਰਾਂਗਨਾ ਰਾਣੀ ਲਕਸ਼ਮੀ ਬਾਈ ਦੀ ਫੀਚਰ ਫ਼ਿਲਮ ਵਿੱਚ ਕੰਮ ਕੀਤਾ...ਆਜ਼ਾਦੀ ਦੀ ਪਹਿਲੀ ਲੜਾਈ 1857 ਉੱਤੇ ਵੱਡੇ ਪੱਧਰ 'ਤੇ ਖੋਜ ਕੀਤੀ ਗਈ ਸੀ...ਰਾਸ਼ਟਰਵਾਦ ਦੇ ਨਾਲ ਰਾਈਟ ਵਿੰਗ ਦਾ ਵੀ ਪ੍ਰਸਾਰ ਹੋਇਆ....ਪਰ ਅਚਾਨਕ ਖ਼ਤਮ ਕਿਉਂ ਹੋ ਗਿਆ? ਅਤੇ ਗਾਂਧੀ ਨੇ ਭਗਤ ਸਿੰਘ ਨੂੰ ਕਿਉਂ ਮਰਨ ਦਿੱਤਾ? ਨੇਤਾਜੀ ਬੋਸ ਨੂੰ ਕਿਉਂ ਮਾਰਿਆ ਗਿਆ ਅਤੇ ਗਾਂਧੀ ਜੀ ਦਾ ਸਪੋਰਟ ਉਨ੍ਹਾਂ ਨੂੰ ਕਦੇ ਕਿਉਂ ਨਹੀਂ ਮਿਲਿਆ?''

''ਇੱਕ ਗੋਰੇ ਸ਼ਖ਼ਸ ਵੱਲੋਂ ਵੰਡ ਦੀ ਲਕੀਰ ਕਿਉਂ ਖਿੱਚੀ ਗਈ ਸੀ? ਆਜ਼ਾਦੀ ਦਾ ਜਸ਼ਨ ਮਨਾਉਣ ਦੀ ਥਾਂ ਭਾਰਤੀਆਂ ਨੇ ਇੱਕ-ਦੂਜੇ ਨੂੰ ਕਿਉਂ ਮਾਰਿਆ? ਕੁਝ ਜਵਾਬ ਜੋ ਮੈਂ ਮੰਗ ਰਹੀ ਹਾਂ, ਕਿਰਪਾ ਕਰਕੇ ਜਵਾਬ ਲੱਭਣ ਵਿੱਚ ਮੇਰੀ ਮਦਦ ਕਰੋ।''

ਵਾਰ-ਵਾਰ ਮੰਗੀ ਮਦਦ

''ਜਿਵੇਂ ਕਿ ਇਤਿਹਾਸ ਹੈ, ਅੰਗਰੇਜ਼ਾਂ ਨੇ ਬਰਬਾਦੀ ਦੀ ਹੱਦ ਤੱਕ ਭਾਰਤ ਨੂੰ ਲੁੱਟਿਆ ਹੈ। ਦੂਜੇ ਵਿਸ਼ਵ ਯੁੱਧ ਦੌਰਾਨ ਗਰੀਬੀ ਤੇ ਦੁਸ਼ਮਣੀ ਦੇ ਹਾਲਾਤ ਵਿੱਚ ਉਨ੍ਹਾਂ ਦਾ ਭਾਰਤ ਵਿੱਚ ਰਹਿਣਾ ਵੀ ਮਹਿੰਗਾ ਪੈ ਰਿਹਾ ਸੀ। ਪਰ ਉਹ ਜਾਣਦੇ ਸਨ ਕਿ ਉਹ ਸਦੀਆਂ ਦੇ ਤਸ਼ਦੱਦ ਦੀ ਕੀਮਤ ਚੁਕਾਏ ਬਿਨਾਂ ਭਾਰਤ ਤੋਂ ਨਹੀਂ ਜਾ ਸਕਣਗੇ। ਉਨ੍ਹਾਂ ਨੂੰ ਭਾਰਤੀਆਂ ਦੀ ਮਦਦ ਚਾਹੀਦੀ ਸੀ।''

''ਉਨ੍ਹਾਂ ਦੀ ਆਜ਼ਾਦ ਹਿੰਦ ਫੌਜ ਦੇ ਨਾਲ ਇੱਕ ਛੋਟੀ ਜਿਹੀ ਲੜਾਈ ਹੀ ਸਾਨੂੰ ਆਜ਼ਾਦੀ ਦਵਾ ਸਕਦੀ ਸੀ ਅਤੇ ਸੁਭਾਸ਼ ਚੰਦਰ ਬੋਸ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹੁੰਦੇ। ਕਿਉਂ ਆਜ਼ਾਦੀ ਨੂੰ ਕਾਂਗਰਸ ਦੇ ਕਟੋਰੇ ਵਿੱਚ ਰੱਖਿਆ ਗਿਆ? ਜਦੋਂ ਰਾਈਟ ਵਿੰਗ ਇਸ ਨੂੰ ਲੜ ਕੇ ਲੈ ਸਕਦੀ ਸੀ। ਕੀ ਕੋਈ ਇਹ ਸਮਝਾਉਣ ਵਿੱਚ ਮਦਦ ਕਰ ਸਕਦਾ ਹੈ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)