ਪ੍ਰਿਅੰਕਾ ਗਾਂਧੀ ਦਾ ਵੀ ਫੋਨ ਹੋਇਆ ਸੀ ਹੈਕ - ਕਾਂਗਰਸ ਦਾ ਦਾਅਵਾ

ਕਾਂਗਰਸ ਨੇ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦਾ ਫੋਨ ਹੈਕ ਹੋਣ ਦਾ ਦਾਅਵਾ ਕਰਦੇ ਹੋਏ ਕੇਂਦਰ ਸਰਕਾਰ 'ਤੇ ਸਵਾਲ ਚੁੱਕੇ ਹਨ।

ਐਤਵਾਰ ਨੂੰ ਕਾਂਗਰਸ ਵਲੋਂ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤਾ ਗਿਆ ਕਿ ਜਿਸ ਸਮੇਂ ਵਟਸਐਪ ਨੇ ਹੈਕ ਹੋਏ ਫੋਨਾਂ ਨੂੰ ਮੈਸੇਜ ਭੇਜੇ ਸਨ, ਉਸ ਵੇਲੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਵੀ ਵਟਸਐਪ ਵਲੋਂ ਅਜਿਹਾ ਮੈਸੇਜ ਆਇਆ ਸੀ।

ਹਾਲ ਹੀ ਵਿੱਚ ਫੇਸਬੁੱਕ ਦੀ ਮਲਕੀਅਤ ਵਾਲੀ ਮੈਸੇਜਿੰਗ ਐਪ ਵਟਸਐਪ ਨੇ ਦੱਸਿਆ ਹੈ ਕਿ ਇਸਰਾਈਲ ਵਿੱਚ ਬਣੇ ਇੱਕ ਸਪਾਈਵੇਅਰ ਨਾਲ ਦੁਨੀਆਂ ਭਰ ਦੇ ਜਿਨ੍ਹਾਂ 1,400 ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਉਨ੍ਹਾਂ ਵਿੱਚ ਭਾਰਤੀ ਪੱਤਰਕਾਰ ਅਤੇ ਮਨੁੱਖੀ ਅਧਿਕਾਰ ਕਾਰਕੁਨ ਵੀ ਸ਼ਾਮਲ ਹਨ।

ਵਟਸਐਪ ਉਨ੍ਹਾਂ ਲੋਕਾਂ ਨੂੰ ਮੈਸੇਜ ਭੇਜ ਰਿਹਾ ਹੈ ਜਿਨ੍ਹਾਂ ਦੇ ਫੋਨ ਪੈਗਾਸਸ ਨਾਮ ਦੇ ਜਾਸੂਸੀ ਸਾਫਟਵੇਅਰ ਦੁਆਰਾ ਹੈਕ ਕੀਤੇ ਜਾਣ ਦਾ ਖ਼ਦਸ਼ਾ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਦੱਸਿਆ ਕਿ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਵੀ ਵਟਸਐਪ ਤੋਂ ਅਜਿਹਾ ਮੈਸੇਜ ਮਿਲਿਆ ਹੈ।

ਇਹ ਵੀ ਪੜ੍ਹੋ:

ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਸੁਰਜੇਵਾਲਾ ਨੇ ਸਰਕਾਰ 'ਤੇ ਸਿੱਧੇ ਤੌਰ 'ਤੇ ਸ਼ਾਮਲ ਹੋਣ ਦਾ ਇਲਜ਼ਾਮ ਲਾਇਆ।

ਉਨ੍ਹਾਂ ਕਿਹਾ, "ਜਦੋਂ ਵਟਸਐਪ ਨੇ ਉਨ੍ਹਾਂ ਸਾਰਿਆਂ ਨੂੰ ਮੈਸੇਜ ਭੇਜੇ ਜਿਨ੍ਹਾਂ ਦੇ ਫੋਨ ਹੈਕ ਕੀਤੇ ਗਏ ਸਨ, ਤਾਂ ਅਜਿਹਾ ਹੀ ਇੱਕ ਮੈਸੇਜ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਵੀ ਆਇਆ ਸੀ।"

ਕੇਂਦਰ ਸਰਕਾਰ 'ਤੇ ਲਾਇਆ ਇਲਜ਼ਾਮ

ਰਣਦੀਪ ਸਿੰਘ ਸੁਰਜੇਵਾਲਾ ਨੇ ਕੇਂਦਰ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ 'ਤੇ ਜਾਸੂਸੀ ਕਰਨ ਦਾ ਇਲਜ਼ਾਮ ਲਾਇਆ। ਉਨ੍ਹਾਂ ਨੇ ਕਿਹਾ ਕਿ ਲੋਕ ਭਾਜਪਾ ਲਈ ਇੱਕ ਨਵਾਂ ਨਾਮ ਦੱਸ ਰਹੇ ਹਨ- 'ਭਾਰਤੀ ਜਾਸੂਸੀ ਪਾਰਟੀ।'

ਉਨ੍ਹਾਂ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਤੇ ਕਿਹਾ- "ਅਬਕੀ ਬਾਰ ਜਾਸੂਸੀ ਸਰਕਾਰ"।

ਪ੍ਰੈਸ ਕਾਨਫਰੰਸ ਦੌਰਾਨ ਸੁਰਜੇਵਾਲਾ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਇਸ ਮਾਮਲੇ ਦੀ ਜਾਂਚ ਕਰਾਉਣੀ ਚਾਹੀਦੀ ਹੈ ਅਤੇ ਮਾਮਲੇ 'ਤੇ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ।

ਕਾਂਗਰਸ ਨੇ ਇਹ ਵੀ ਇਲਜ਼ਾਮ ਲਾਇਆ ਕਿ ਸੁਪਰੀਮ ਕੋਰਟ ਤੋਂ ਲੈ ਕੇ ਸੰਸਦ ਅਤੇ ਸੂਬਾ ਸਰਕਾਰਾਂ ਤੱਕ ਕੋਈ ਵੀ ਜਾਸੂਸੀ ਤੋਂ ਅਛੂਤਾ ਨਹੀਂ ਹੈ। ਸੁਰਜੇਵਾਲਾ ਨੇ ਇਹ ਵੀ ਦਾਅਵਾ ਕੀਤਾ ਕਿ ਕਾਂਗਰਸ ਕੋਲ ਇਸ ਗੱਲ ਦੀ ਵੀ ਜਾਣਕਾਰੀ ਹੈ ਕਿ 'ਪੈਗਾਸਸ' ਨਾਮ ਦੇ ਸਪਾਈਵੇਅਰ ਨਾਲ ਕਿਹੜੇ-ਕਿਹੜੇ ਇੰਟਰਨੈੱਟ, ਬ੍ਰਾਂਡਬੈਂਡ ਨੈੱਟਵਰਕ ਕਰਪਟ ਕੀਤੇ ਗਏ।

ਇਹ ਵੀ ਪੜ੍ਹੋ:

ਕੀ ਹੈ ਮਾਮਲਾ

ਭਾਰਤ ਵਿਚ ਵਟਸਐਪ ਦੇ 40 ਕਰੋੜ ਯੂਜ਼ਰਜ਼ ਹਨ, ਇਸ ਲਈ ਭਾਰਤ ਉਨ੍ਹਾਂ ਲਈ ਸਭ ਤੋਂ ਵੱਡਾ ਬਜ਼ਾਰ ਹੈ। ਹਾਲ ਹੀ ਵਿਚ ਇਸਰਾਇਲੀ ਸਪਾਈਵੇਅਰ 'ਪੈਗਾਸਸ' ਰਾਹੀਂ ਭਾਰਤੀਆਂ ਦੀ ਜਾਸੂਸੀ ਕਰਨ ਦੇ ਮਾਮਲੇ ਵਿਚ ਭਾਰਤ ਸਰਕਾਰ ਨੇ ਵਟਸਐਪ ਤੋਂ ਜਵਾਬ ਤਲਬ ਕੀਤਾ ਸੀ।

ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਟਵੀਟ ਕੀਤਾ ਸੀ, "ਮੈਸੇਜਿੰਗ ਪਲੈਟਫਾਰਮ ਵਟਸਐਪ ਤੇ ਭਾਰਤ ਦੇ ਨਾਗਰਿਕਾਂ ਦੀ ਨਿੱਜਤਾ ਦੀ ਉਲੰਘਣਾ ਨੂੰ ਲੈ ਕੇ ਭਾਰਤ ਸਰਕਾਰ ਫਿਕਰਮੰਦ ਹੈ। ਅਸੀਂ ਵਟਸਐਪ ਨੂੰ ਪੁੱਛਿਆ ਹੈ ਕਿ ਇਹ ਕਿਸ ਤਰ੍ਹਾਂ ਦੀ ਉਲੰਘਣਾ ਹੈ ਅਤੇ ਕਰੋੜਾਂ ਭਾਰਤੀਆਂ ਦੀ ਨਿੱਜਤਾ ਦੀ ਸੁਰੱਖਿਆ ਲਈ ਇਹ ਕੀ ਕਰ ਰਿਹਾ ਹੈ।"

ਇਸ ਮਾਮਲੇ 'ਤੇ ਵਿਰੋਧੀ ਪਾਰਟੀਆਂ ਨੇ ਵੀ ਮੋਦੀ ਸਰਕਾਰ 'ਤੇ ਸਵਾਲ ਚੁੱਕੇ ਸਨ।

ਇਹ ਵੀ ਪੜ੍ਹੋ:

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਟਵੀਟ ਕੀਤਾ ਸੀ, "ਸਰਕਾਰ ਵਟਸਐਪ ਤੋਂ ਪੁੱਛ ਰਹੀ ਹੈ ਕਿ ਕਿਸ ਨੇ ਪੈਗਾਸਸ ਨੂੰ ਖਰੀਦਕੇ ਭਾਰਤੀ ਨਾਗਰਿਕਾਂ ਦੀ ਜਾਸੂਸੀ ਕੀਤੀ। ਇਹ ਤਾਂ ਉਸੇ ਤਰ੍ਹਾਂ ਹੀ ਹੈ ਕਿ ਮੋਦੀ ਡਸੌ ਨੂੰ ਪੁੱਛਣ ਕਿ ਰਫ਼ਾਲ ਜਹਾਜ਼ ਖਰੀਦਕੇ ਕਿਸ ਨੇ ਪੈਸੇ ਬਣਾਏ।"

ਰਾਹੁਲ ਗਾਂਧੀ ਨੇ ਇੱਕ ਹੋਰ ਟਵੀਟ ਵਿੱਚ ਕਿਹਾ ਸੀ, "ਕਾਂਗਰਸ ਸੁਪਰੀਮ ਕੋਰਟ ਤੋਂ ਮੰਗ ਕਰਦੀ ਹੈ ਕਿ ਉਹ ਭਾਜਪਾ ਸਰਕਾਰ ਦੀਆਂ ਸਰਕਾਰੀ ਏਜੰਸੀਆਂ ਦੀ ਇਸ ਜਾਸੂਸੀ ਤੇ ਖੁਦ ਨੋਟਿਸ ਲੈਂਦੇ ਅਦਾਲਤ ਦੀ ਨਿਗਰਾਨੀ ਵਿਚ ਜਾਂਚ ਕਰੇ।"

ਇਹ ਵੀਡੀਓ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)