ਕਿਸਾਨ ਅੰਦੋਲਨ: ਖੇਤੀ ਕਾਨੂੰਨ ਰੱਦ ਹੋਣ 'ਤੇ ਕੀ ਬੋਲੇ ਪੰਜਾਬੀ ਮੂਲ ਦੇ ਯੂਕੇ ਤੇ ਕੈਨੇਡਾ ਦੇ ਸਿਆਸੀ ਆਗੂ - ਪ੍ਰੈੱਸ ਰਿਵੀਊ

ਪੰਜਾਬੀ ਐਨਆਰਆਈ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੇ ਭਾਰਤ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ।

ਦਿ ਟ੍ਰਿਬਿਊਨ ਵਿੱਚ ਛਪੀ ਰਿਪੋਰਟ ਮੁਤਾਬਕ, ਉਨ੍ਹਾਂ ਨੇ ਇਸਨੂੰ ਕਿਸਾਨਾਂ ਦੀ ਜਿੱਤ ਕਰਾਰ ਦਿੱਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਨਵੰਬਰ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਦਿਹਾੜੇ 'ਤੇ ਦੇਸ਼ ਨੂੰ ਸੰਬੋਧਿਤ ਕੀਤਾ ਅਤੇ ਤਿੰਨ ਖਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ। ਜਿਸ ਨਾਲ ਨਾ ਕੇਵਲ ਦੇਸ਼ ਬਲਕਿ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਅਤੇ ਕਿਸਾਨਾਂ ਦਾ ਸਮਰਥਨ ਕਰਨ ਵਾਲਿਆਂ ਵਿੱਚ ਖੁਸ਼ੀ ਦੀ ਲਹਿਰ ਹੈ।

ਯੂਕੇ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਟਵੀਟ ਕੀਤਾ: "#FarmersProtest ਬਹਾਦਰੀ ਵਾਲੇ ਸੰਘਰਸ਼ਾਂ ਨੂੰ ਦੇਖਦੇ ਹੋਏ, ਵਿਵਾਦਪੂਰਨ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਖੁਸ਼ੀ ਹੈ। ਕੁਝ ਮੀਡੀਆ ਅਤੇ ਅਦਾਰੇ ਜੋ ਕਿਸਾਨਾਂ ਅਤੇ ਉਨ੍ਹਾਂ ਨਾਲ ਇਕਜੁੱਟਤਾ ਨਾਲ ਖੜ੍ਹੇ ਲੋਕਾਂ ਨੂੰ ਅੱਤਵਾਦੀ ਅਤੇ ਵੱਖਵਾਦੀ ਕਰਾਰ ਦੇਣ ਵਿਚ ਰੁੱਝੇ ਹੋਏ ਸਨ, ਸ਼ਾਇਦ ਮੁਆਫੀ ਮੰਗਣੀ ਚਾਹੁਣ।''

ਬਰੈਂਪਟਨ ਨਾਰਥ ਤੋਂ ਕੈਨੇਡੀਅਨ ਐਮਪੀ ਰੂਬੀ ਸਹੋਤਾ ਨੇ ਕਿਸਾਨ ਏਕਤਾ ਮੋਰਚਾ ਦੇ ਟਵੀਟ ਨੂੰ ਰੀਟਵੀਟ ਕੀਤਾ: "ਅਤੇ ਇਹ ਜੀਤ ਹੈ, ਇੱਕ ਸਾਲ ਦੇ ਲੰਬੇ ਸਮੇਂ ਬਾਅਦ!! ਮੋਦੀ ਸਰਕਾਰ ਨੇ ਸਾਰੇ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ- ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਹੈ ਕਿ ਏਕਤਾ ਅਤੇ ਨਿਆਂ ਸਫਲਤਾ ਦੇ ਰਾਹ 'ਤੇ ਹੈ।''

ਖੇਤੀ ਕਾਨੂੰਨਾਂ ਨੂੰ ਲੈ ਕੇ, ਪੰਜਾਬ ਮੂਲ ਦੇ ਯੂਕੇ ਅਤੇ ਕੈਨੇਡੀਅਨ ਸੰਸਦ ਮੈਂਬਰ ਤੇ ਵਿਧਾਇਕ ਸ਼ੁਰੂ ਤੋਂ ਹੀ ਕਿਸਾਨਾਂ ਦੇ ਵਿਰੋਧ ਦਾ ਸਮਰਥਨ ਕਰਦੇ ਆ ਰਹੇ ਹਨ।

ਇਹ ਵੀ ਪੜ੍ਹੋ:

ਆਸਟ੍ਰੀਆ 'ਚ ਮੁੜ ਤਾਲਾਬੰਦੀ, ਕੋਵਿਡ -19 ਟੀਕਿਆਂ ਨੂੰ ਲਾਜ਼ਮੀ ਬਣਾਉਣ ਦੀ ਯੋਜਨਾ

ਆਸਟ੍ਰੀਆ, ਪੱਛਮੀ ਯੂਰਪ 'ਚ ਪਤਝੜ ਰੁੱਤ ਦੌਰਾਨ ਕੋਵਿਡ ਸੰਕਰਮਣ ਦੀ ਇੱਕ ਨਵੀਂ ਲਹਿਰ ਤੋਂ ਬਚਣ ਲਈ ਤਾਲਾਬੰਦੀ ਕਰਨ ਵਾਲਾ ਪਹਿਲਾ ਦੇਸ਼ ਬਣਨ ਜਾ ਰਿਹਾ ਹੈ।

ਦਿ ਇੰਡੀਅਨ ਐਸਕਪ੍ਰੈਸ ਵਿੱਚ ਛਪੀ ਖਬਰ ਅਨੁਸਾਰ, ਸ਼ੁੱਕਰਵਾਰ ਨੂੰ ਸਰਕਾਰ ਦੁਆਰਾ ਇਹ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਕਿਹਾ ਗਿਆ ਕਿ ਦੇਸ਼ ਦੀ ਪੂਰੀ ਆਬਾਦੀ ਨੂੰ ਫਰਵਰੀ ਤੱਕ ਟੀਕਾਕਰਨ ਦੀ ਲੋੜ ਹੋਵੇਗੀ।

ਆਸਟ੍ਰੀਆ ਦੀ ਲਗਭਗ ਦੋ-ਤਿਹਾਈ ਆਬਾਦੀ ਨੂੰ ਕੋਵਿਡ-19 ਤੋਂ ਸੁਰੱਖਿਆ ਲਈ ਟੀਕੇ ਲਗਾ ਦਿੱਤੇ ਗਏ ਹਨ, ਜੋ ਕਿ ਪੱਛਮੀ ਯੂਰਪ ਵਿੱਚ ਸਭ ਤੋਂ ਘੱਟ ਦਰਾਂ ਵਿੱਚੋਂ ਇੱਕ ਹੈ।

ਇਸਦੇ ਸੰਕਰਮਣ ਦੇ ਮਾਮਲੇ ਮਹਾਂਦੀਪ ਵਿੱਚ ਸਭ ਤੋਂ ਵੱਧ ਹਨ, ਜਿੱਥੇ ਸੱਤ ਦਿਨਾਂ ਵਿੱਚ ਪ੍ਰਤੀ 100,000 ਲੋਕਾਂ ਵਿੱਚ 991 ਮਾਮਲੇ ਦਰਜ ਹੋਏ।

ਆਸਟ੍ਰੀਆ ਨੇ ਸੋਮਵਾਰ ਨੂੰ ਉਨ੍ਹਾਂ ਸਾਰਿਆਂ ਲਈ ਇੱਕ ਤਾਲਾਬੰਦੀ ਲਗਾਉਣ ਦਾ ਫੈਸਲਾ ਕੀਤਾ ਸੀ, ਜਿਨ੍ਹਾਂ ਨੂੰ ਟੀਕਾ ਨਹੀਂ ਲਗਾਇਆ ਗਿਆ ਸੀ, ਪਰ ਉਸ ਤੋਂ ਬਾਅਦ ਵੀ ਲਾਗਾਂ ਦੇ ਮਾਮਲਿਆਂ ਵਿੱਚ ਤੇਜ਼ੀ ਜਾਰੀ ਰਹੀ।

ਦੇਸ਼ ਦੇ ਦੋ ਸਭ ਤੋਂ ਪ੍ਰਭਾਵਿਤ ਸੂਬਿਆਂ, ਸਾਲਜ਼ਬਰਗ ਅਤੇ ਅੱਪਰ ਆਸਟ੍ਰੀਆ ਨੇ ਵੀਰਵਾਰ ਨੂੰ ਕਿਹਾ ਕਿ ਉਹ ਆਪਣੇ ਪੱਧਰ 'ਤੇ ਤਾਲਾਬੰਦੀ ਲਗਾਉਣਗੇ ਅਤੇ ਉਹ ਰਾਸ਼ਟਰੀ ਪੱਧਰ 'ਤੇ ਵੀ ਅਜਿਹਾ ਕਰਨ ਲਈ ਸਰਕਾਰ 'ਤੇ ਦਬਾਅ ਬਣਾ ਰਹੇ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਖੇਤੀ ਕਾਨੂੰਨ ਰੱਦ ਹੋਣ 'ਤੇ ਨਿਰਾਸ਼ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ

ਅਭਿਨੇਤਰੀ ਕੰਗਨਾ ਰਣੌਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਸਰਕਾਰ ਦੇ ਫੈਸਲੇ ਤੋਂ ਨਿਰਾਸ਼ ਹਨ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਇੰਸਟਾਗ੍ਰਾਮ ਸਟੋਰੀਜ਼ 'ਚ ਇਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ ਅਨੁਸਾਰ, ਖੇਤੀ ਕਾਨੂੰਨ ਰੱਦ ਕਰਨ ਬਾਰੇ ਇੱਕ ਵਿਅਕਤੀ ਦੇ ਟਵੀਟ ਨੂੰ ਸਾਂਝਾ ਕਰਦੇ ਹੋਏ ਕੰਗਨਾ ਨੇ ਲਿਖਿਆ, "ਅਫਸੋਸ, ਸ਼ਰਮਨਾਕ, ਬਿਲਕੁਲ ਗਲਤ। ਜੇਕਰ ਚੁਣੀ ਗਈ ਸਰਕਾਰ ਦੀ ਬਜਾਏ, ਸੜਕਾਂ 'ਤੇ ਲੋਕ ਕਾਨੂੰਨ ਬਣਾਉਣ ਲੱਗ ਪਏ ਤਾਂ ਇਹ ਵੀ ਜਿਹਾਦੀ ਦੇਸ਼ ਹੈ। ਉਨ੍ਹਾਂ ਸਾਰਿਆਂ ਨੂੰ ਵਧਾਈ ਜੋ ਇਸਨੂੰ ਇਸ ਤਰ੍ਹਾਂ ਚਾਹੁੰਦੇ ਸਨ।''

ਇੱਕ ਦੂਜੀ ਪੋਸਟ ਵਿੱਚ, ਉਨ੍ਹਾਂ ਨੇ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਇੱਕ ਤਸਵੀਰ ਸਾਂਝਾ ਕਰਦਿਆਂ ਉਨ੍ਹਾਂ ਨੂੰ ਜਯੰਤੀ ਦੀ ਵਧਾਈ ਦਿੱਤੀ ਅਤੇ ਲਿਖਿਆ ਕਿ ਜਦੋਂ ਰਾਸ਼ਟਰ ਦੀ ਅੰਤਰ-ਆਤਮਾ ਗੂੜ੍ਹੀ ਨੀਂਦ ਵਿੱਚ ਹੈ, ਤਾਂ ਡੰਡਾ ਹੀ ਅਤੇ ਤਾਨਾਸ਼ਾਹੀ ਹੀ ਇੱਕੋ ਇੱਕ ਹੱਲ ਹੈ।

ਧਿਆਨ ਦੇਣ ਯੋਗ ਹੈ ਕਿ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਕਾਨੂੰਨ ਲਿਆਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਦਾ ਸਮਰਥਨ ਕੀਤਾ ਸੀ ਅਤੇ ਇਸਨੂੰ ਲੈ ਕੇ ਉਨ੍ਹਾਂ ਦੀ ਹੋਰ ਮਸ਼ਹੂਰ ਹਸਤੀਆਂ, ਜਿਵੇਂ ਕਿ ਦਿਲਜੀਤ ਦੋਸਾਂਝ ਨਾਲ ਬਹਿਸ ਵੀ ਹੁੰਦੀ ਰਹੀ ਹੈ, ਜੋ ਕਿਸਾਨਾਂ ਦੇ ਸਮਰਥਨ ਵਿੱਚ ਖੜ੍ਹੇ ਸਨ।

ਇਨਾਂ ਹੀ ਨਹੀਂ, ਜਦੋਂ ਬਰਬੇਡਿਅਨ ਗਾਇਕਾ ਅਤੇ ਕਲਾਕਾਰ ਰਿਹਾਨਾ ਨੇ ਕਿਸਾਨਾਂ ਪ੍ਰਤੀ ਸਮਰਥਨ ਦਿਖਾਇਆ ਸੀ ਤਾਂ ਕੰਗਨਾ ਨੇ ਰਿਹਾਨਾ ਨੂੰ ਪੋਰਨ ਗਾਇਕਾ ਕਹਿੰਦੇ ਹੋਏ ਟਵੀਟ ਕੀਤਾ ਸੀ 'ਤੇ ਕਿਹਾ ਸੀ ਕਿ ਉਨ੍ਹਾਂ ਨੂੰ ਗਾਣਾ ਨਹੀਂ ਆਉਂਦਾ ਤੇ ਉਹ ਕੋਈ ਅਸਲੀ ਕਲਾਕਾਰ ਨਹੀਂ ਹਨ।

ਇਸ ਤੋਂ ਕੁਝ ਸਮੇਂ ਬਾਅਦ ਹੀ ਕੰਗਨਾ ਨੂੰ ਟਵਿੱਟਰ 'ਤੇ ਬੈਨ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)