6 ਸਦੀਆਂ ਬਾਅਦ 18-19 ਨਵੰਬਰ ਨੂੰ ਵਾਪਰਨ ਜਾ ਰਹੀ ਹੈ ਇਹ ਚੰਦ ਨਾਲ ਜੁੜੀ ਘਟਨਾ - ਪ੍ਰੈੱਸ ਰਿਵੀਊ

ਅਗਲੇ ਹਫ਼ਤੇ 580 ਸਾਲ ਬਾਅਦ ਦੁਨੀਆਂ ਦਾ ਸਭ ਤੋਂ ਲੰਬਾ ਚੰਦ ਗ੍ਰਹਿਣ ਲੱਗਣ ਜਾ ਰਿਹਾ ਹੈ।

ਇਹ ਗ੍ਰਹਿਣ, ਉੱਤਰੀ ਅਮਰੀਕਾ, ਦੱਖਣੀ ਅਮਰੀਕਾ, ਕੇਂਦਰੀ ਏਸੀਆ, ਪੈਸਿਫ਼ਿਕ ਖੇਤਰ ਅਤੇ ਉੱਤਰ-ਪੂਰਬੀ ਭਾਰਤ ਵਿੱਚ ਦੇਖਿਆ ਜਾਵੇਗਾ।

ਖ਼ਬਰ ਵੈਬਸਾਈਟ ਮਿੰਟ ਮੁਤਾਬਕ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਕਿਹਾ ਕਿ ਅੰਸ਼ਿਕ ਚੰਦਰਮਾ ਗ੍ਰਹਿਣ ਲੱਗਣ ਜਾ ਰਿਹਾ ਹੈ। ਇਹ ਗ੍ਰਹਿਣ 18-19 ਨਵੰਬਰ ਦੀ ਦਰਮਿਆਨੀ ਰਾਤ ਨੂੰ ਦੇਖਿਆ ਜਾਵੇਗਾ।

ਐਮਪੀ ਬਿਰਲਾ ਪਲੈਨੇਟੇਰੀਅਮ ਦੇ ਨਿਰਦੇਸ਼ਕ ਰਿਸਰਚ ਦੇਬੀਪ੍ਰਸੋਦ ਦੁਰਈ ਨੇ ਖ਼ਬਰ ਏਜੰਸੀ ਪੀਟੀਆਈਈ ਨੂੰ ਦੱਸਿਆ ਕਿ ਭਾਰਤ ਵਿੱਚ ਇੱਕ ਅਲੌਕਿਕ ਦ੍ਰਿਸ਼ ਅਰੁਣਾਚਲ ਪ੍ਰਦੇਸ਼ ਅਤੇ ਅਸਾਮ ਵਿੱਚ ਇਸ ਨੂੰ ਪੂਰਬੀ ਦਿਸਹੱਦੇ ਉੱਪਰ ਦੇਖਿਆ ਜਾ ਸਕੇਗਾ।

ਇਹ ਵੀ ਪੜ੍ਹੋ:

ਇਸ ਤੋਂ ਪਹਿਲਾਂ ਇੰਨੀ ਲੰਬੇ ਸਮੇਂ ਲਈ 18 ਫ਼ਰਵਰੀ, 1440 ਨੂੰ ਚੰਦਰਮਾ ਧਰਤੀ ਦੇ ਪਰਛਾਵੇਂ ਥੱਲੇ ਆਇਆ ਸੀ। ਅਗਲੀ ਵਾਰ ਇਹ ਵਰਤਾਰਾ ਅੱਠ ਫ਼ਰਵਰੀ, 2669 ਨੂੰ ਦੇਖਿਆ ਜਾਵੇਗਾ।

ਪੰਜਾਬ ਅਤੇ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਕਿਹੋ-ਜਿਹੀ ਲੜਾਈ

ਅਗਲੇ ਸਾਲ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਏਬੀਪੀ -ਸੀਵੋਟਰ ਦੇ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਚੋਣਾਂ ਵਿੱਚ ਬੀਜੇਪੀ ਅਤੇ ਉਸ ਦੇ ਵਿਰੋਧੀਆਂ ਲਈ ਜਿੱਤ ਮੁਸ਼ਕਲ ਹੋਣ ਜਾ ਰਹੀ ਹੈ ਅਤੇ ਫ਼ਸਵਾਂ ਮੁਕਾਬਲਾ ਦੇਖਣ ਵਿੱਚ ਆਵੇਗਾ।

ਇੰਡੀਅਨ ਐਕਸਪ੍ਰੈੱਸ ਨੇ ਲਿਖਿਆ ਹੈ ਕਿ ਉੱਤਰ ਪ੍ਰਦੇਸ਼ ਵਿੱਚ ਭਾਵੇਂ ਕਿ ਸਰਵੇਖ ਮੁਤਾਬਕ ਬੀਜੇਪੀ ਆਪਣੀ ਸਰਕਾਰ ਬਚਾਉਣ ਵਿੱਚ ਸਫ਼ਲ ਰਹਿ ਸਕਦੀ ਹੈ ਪਰ ਉਹ ਮੌਜੂਦਾ ਸੀਟਾਂ ਵਿੱਚੋਂ ਸੌ ਤੋਂ ਜ਼ਿਆਦਾ ਸੀਟਾਂ ਹਾਰ ਸਕਦੀ ਹੈ।

ਪੰਜਾਬ ਵਿੱਚ ਭਾਜਪਾ ਅਤੇ ਸਹਿਯੋਗੀ ਆਪਣਾ ਖਾਤਾ ਖੋਲ੍ਹਦੇ ਨਜ਼ਰ ਨਹੀਂ ਆ ਰਹੇ ਪਰ ਸੂਬੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਫ਼ਸਵਾਂ ਮੁਕਾਬਲਾ ਦੇਖਿਆ ਜਾ ਸਕੇਗਾ।

ਹਾਲਾਂਕਿ ਸਰਵੇਖਣ ਮੁਤਾਬਕ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿੱਚੋਂ ਕਿਸੇ ਨੂੰ ਵੀ ਸਪੱਸ਼ਟ ਬਹੁਮਤ ਮਿਲਣ ਦੀ ਗੱਲ ਸੀਵੋਟਰ ਦੇ ਸਰਵੇਖਣ ਵਿੱਚ ਨਹੀਂ ਕੀਤੀ ਗਈ ਹੈ।

ਸੀਵੋਟਰ ਦਾ ਇਹ ਓਪੀਨੀਅਨ ਪੋਲ 1,07,193 ਦੇ ਸੈਂਪਲ ਉੱਪਰ ਕੀਤਾ ਗਿਆ ਅਤੇ ਇਸ ਦੇ ਨਤੀਜਿਆਂ ਵਿੱਚ ਤਿੰਨ ਤੋਂ ਪੰਜ ਫ਼ੀਸਦੀ ਉੱਪਰ- ਥੱਲੇ ਹੋ ਸਕਦੇ ਹਨ।

ਨੋਟ - ਬੀਬੀਸੀ ਆਪਣੇ ਪੱਧਰ ਉੱਤੇ ਅਜਿਹੇ ਚੋਣ ਸਰਵੇਖਣ ਨਹੀਂ ਕਰਦਾ ਹੈ।

ਅਮਰਾਵਤੀ ਵਿੱਚ ਹਿੰਸਾ ਮਗਰੋਂ ਕਰਫਿਊ ਲੱਗਿਆ

ਮਹਾਰਾਸ਼ਟਰ ਦੇ ਅਮਰਾਵਤੀ ਇਲਾਕੇ ਵਿੱਚ ਭਗਵਾਂ ਸੰਗਠਨਾਂ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਦੌਰਾਨ ਸ਼ਨਿੱਚਰਵਾਰ ਨੂੰ ਕਈ ਇਲਾਕਿਆਂ ਵਿੱਚ ਹਿੰਸਾ ਹੋਣ ਤੋਂ ਬਾਅਦ ਪੁਲਿਸ ਵੱਲੋਂ ਚਾਰ ਦਿਨਾਂ ਦਾ ਕਰਫਿਊ ਲਗਾ ਦਿੱਤਾ ਗਿਆ ਹੈ ਅਤੇ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਸ਼ਨਿੱਚਰਵਾਰ ਦੇ ਬੰਦ ਦਾ ਸੱਦਾ ਹਿੰਦੂ ਸੰਗਠਨਾਂ ਵੱਲੋਂ ਮੁਸਲਮਾਨ ਸੰਗਠਨਾਂ ਵੱਲੋਂ ਤ੍ਰਿਪੁਰਾ ਹਿੰਸਾ ਦੇ ਵਿਰੋਧ ਵਿੱਚ ਕੀਤੀਆਂ ਜਾ ਰਹੀਆਂ ਰੈਲੀਆਂ ਦੇ ਵਿਰੋਧ ਵਿੱਚ ਦਿੱਤਾ ਗਿਆ ਸੀ।

ਪੁਲਿਸ ਕਮਿਸ਼ਨਰ ਆਰਤੀ ਸਿੰਘ ਨੇ ਕਿਹਾ ਕਿ ਅਫ਼ਵਾਹਾਂ ਫ਼ੈਲਣ ਤੋਂ ਰੋਕਣ ਲਈ ਇੰਟਰਨੈਟ ਸੇਵਾਵਾਂ ਤਿੰਨ ਦਿਨਾਂ ਲਈ ਬੰਦ ਰੱਖੀਆਂ ਜਾਣਗੀਆਂ।

ਉਨ੍ਹਾਂ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਹਿੰਦੂ ਸੰਗਠਨਾਂ ਦੇ ਸੈਂਕੜੇ ਕਾਰਕੁਨ ਰਾਜਕਮਲ ਚੌਕ ਖੇਤਰ ਦੀਆਂ ਸੜਕਾਂ ਉੱਪਰ ਕੇਸਰੀ ਝੰਡੇ ਲੈ ਕੇ ਆ ਗਏ।

ਪ੍ਰਦਰਸ਼ਨਕਾਰੀਆਂ ਨੇ ਕਈ ਹੋਰ ਥਾਵਾਂ 'ਤੇ ਵੀ ਦੁਕਾਨਾਂ ਵੱਲ ਪੱਥਰਬਾਜ਼ੀ ਕੀਤੀ ਜਿਸ ਨੂੰ ਕੰਟਰੋਲ ਕਰਨ ਲਈ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)