ਵਿਧਾਨ ਸਭਾ ਚੋਣਾਂ: ਯੂਪੀ ਦੀਆਂ ਚੋਣਾਂ ਵਿਚ ਕਿਸਾਨ ਅੰਦੋਲਨ ਕਿੰਨਾ ਵੱਡਾ ਮੁੱਦਾ

ਤਸਵੀਰ ਸਰੋਤ, SAJJAD HUSSAIN
ਉੱਤਰ ਪ੍ਰਦੇਸ਼ ਆਬਾਦੀ ਪੱਖੋਂ ਤਾਂ ਦੇਸ਼ ਦਾ ਸਭ ਤੋਂ ਵੱਡਾ ਸੂਬਾ ਤਾਂ ਹੈ ਹੀ ਪਰ ਨਾਲ ਹੀ ਇਹ ਸਿਆਸਤ ਪੱਖੋਂ ਵੀ ਬਹੁਤ ਅਹਿਮ ਸੂਬਾ ਹੈ।
ਇਸ ਲਈ ਆਉਣ ਵਾਲੇ ਮਹੀਨਿਆਂ ਵਿੱਚ ਇੱਥੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਸਿਆਸੀ ਹਲਚਲ ਸ਼ੁਰੂ ਹੋ ਚੁੱਕੀ ਹੈ।
ਜਨਸੰਖਿਆ, ਸਿਆਸੀ ਜਾਗਰੂਕਤਾ, ਇਤਿਹਾਸਿਕ ਅਤੇ ਸੰਸਕ੍ਰਿਤੀ ਦੀ ਵਿਰਾਸਤ ਅਤੇ ਸੁਤੰਤਰਤਾ ਅੰਦੋਲਨ ਦੇ ਨਜ਼ਰੀਏ ਤੋਂ ਉੱਤਰ ਪ੍ਰਦੇਸ਼, ਭਾਰਤ ਦਾ ਇੱਕ ਮਹੱਤਵਪੂਰਨ ਸੂਬਾ ਹੈ। ਦੇਸ਼ ਦੀ ਲਗਭਗ 16.17 ਫੀਸਦੀ ਆਬਾਦੀ ਇਸੇ ਸੂਬੇ ਵਿੱਚ ਰਹਿੰਦੀ ਹੈ।
75 ਜਿਲ੍ਹਿਆਂ ਵਾਲਾ ਇਹ ਸੂਬਾ ਖੇਤਰਫ਼ਲ ਪੱਖੋਂ - ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਆਂਧਰ ਪ੍ਰਦੇਸ਼ ਤੋਂ ਬਾਅਦ ਪੰਜਵੇਂ ਸਥਾਨ 'ਤੇ ਹੈ ਅਤੇ ਭਾਰਤ ਦਾ 7.3% ਭੂਮੀ ਖੇਤਰ ਇਸ ਸੂਬੇ ਵਿੱਚ ਆਉਂਦਾ ਹੈ।
ਇਹ ਵੀ ਪੜ੍ਹੋ:
ਲੋਕ ਸਭਾ ਵਿੱਚ ਉੱਤਰ ਪ੍ਰਦੇਸ਼ ਦੀਆਂ 80 ਸੀਟਾਂ ਅਤੇ ਰਾਜ ਸਭਾ ਵਿੱਚ 31 ਸੀਟਾਂ ਹਨ। ਇਸ ਦੀ ਵਿਧਾਨ ਸਭਾ ਵਿੱਚ 404 ਮੈਂਬਰ ਅਤੇ ਵਿਧਾਨ ਪਰਿਸ਼ਦ ਵਿੱਚ 100 ਮੈਂਬਰ ਹੁੰਦੇ ਹਨ।
ਵਰਤਮਾਨ ਵਿੱਚ ਉੱਤਰ ਪ੍ਰਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਸੂਬੇ ਵਿੱਚ ਮੁੱਖ ਵਿਰੋਧੀ ਪਾਰਟੀਆਂ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਹਨ।
ਉੱਤਰ ਪ੍ਰਦੇਸ਼ ਵਿੱਚ ਕਦੋਂ ਹੋਣਗੀਆਂ ਵਿਧਾਨ ਸਭਾ ਚੋਣਾਂ?
ਉੱਤਰ ਪ੍ਰਦੇਸ਼ ਵਿਧਾਨ ਸਭਾ ਲਈ ਚੋਣਾਂ ਸੱਤ ਗੇੜ ਵਿੱਚ ਹੋਣਗੀਆਂ। ਪਹਿਲੇ ਗੇੜ੍ਹ ਦੀਆਂ ਚੋਣਾਂ 10 ਫਰਵਰੀ ਨੂੰ ਪੈਣਗੀਆਂ। ਅਗਲੇ ਗੇੜਾਂ ਲਈ ਚੋਣਾਂ 14 ਫਰਵਰੀ, 20 ਫਰਵਰੀ, 23 ਫਰਵਰੀ, 27 ਫਰਵਰੀ ਤੇ 3 ਮਾਰਚ ਨੂੰ ਪੈਣਗੀਆਂ।
ਸਾਲ 2017 ਵਿੱਚ ਚੁਣੀ ਗਈ ਵਰਤਮਾਨ ਵਿਧਾਨ ਸਭਾ ਦਾ ਕਾਰਜਕਾਲ 14 ਮਾਰਚ 2022 ਨੂੰ ਸਮਾਪਤ ਹੋਣ ਵਾਲਾ ਹੈ। ਇਸ ਲਈ ਉਸ ਤੋਂ ਪਹਿਲਾਂ ਹੀ ਚੋਣਾਂ ਕਰਵਾਈਆਂ ਜਾਣਗੀਆਂ।
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਕਿੰਨੀਆਂ ਸੀਟਾਂ ਲਈ ਹੋਣਗੀਆਂ?
ਉੱਤਰ ਪ੍ਰਦੇਸ਼ ਵਿਧਾਨ ਸਭਾ, ਵਿਧਾਨ ਮੰਡਲ ਦਾ ਹੇਠਲਾ ਸਦਨ ਹੈ। ਇਸ ਵਿੱਚ 403 ਚੁਣੇ ਗਏ ਮੈਂਬਰ ਅਤੇ ਰਾਜਪਾਲ ਵੱਲੋਂ ਮਨੋਨੀਤ ਇੱਕ ਐਂਗਲੋ ਭਾਰਤੀ ਮੈਂਬਰ ਹੁੰਦੇ ਹਨ।
ਇਸਦਾ ਅਰਥ ਹੈ ਕਿ ਇਹ ਚੋਣਾਂ 403 ਵਿਧਾਨ ਸਭਾ ਸੀਟਾਂ ਲਈ ਹੋਣਗੀਆਂ।

ਤਸਵੀਰ ਸਰੋਤ, SAMIRATMAJ MISHRA
ਵਿਧਾਨ ਸਭਾ ਦਾ ਕਾਰਜਕਾਲ ਕੁੱਲ 5 ਸਾਲਾਂ ਦਾ ਹੁੰਦਾ ਹੈ, ਜੇ ਉਹ ਇਸਤੋਂ ਪਹਿਲਾਂ ਭੰਗ ਨਾ ਹੋ ਗਈ ਹੋਵੇ। ਵਰਤਮਾਨ ਦੀ 17ਵੀਂ ਵਿਧਾਨ ਸਭਾ ਦਾ ਗਠਨ 14 ਮਾਰਚ, 2017 ਨੂੰ ਹੋਇਆ ਸੀ।
ਉੱਤਰ ਪ੍ਰਦੇਸ਼ ਵਿਧਾਨ ਸਭਾ ਜਿੱਤਣ ਵਾਲੇ ਦਾ ਫੈਸਲਾ ਕਿਵੇਂ ਹੋਵੇਗਾ?
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਅਤੇ ਸਰਕਾਰ ਬਣਾਉਣ ਲਈ ਬਹੁਮਤ ਅੰਕੜਾ 202 ਹੈ। ਚੋਣਾਂ ਦੇ ਇਸ ਦੰਗਲ ਵਿੱਚ ਉਤਰੀ ਜਿਹੜੀ ਵੀ ਪਾਰਟੀ ਜਾਂ ਗਠਜੋੜ ਇਸ ਅੰਕੜੇ ਤੱਕ ਜਾਂ ਇਸਦੇ ਪਾਰ ਪਹੁੰਚ ਜਾਣਗੇ, ਅਗਲੀ ਸਰਕਾਰ ਉਸੇ ਦੀ ਹੋਵੇਗੀ।
ਸਾਲ 2022 ਦੀਆਂ ਯੂਪੀ ਵਿਧਾਨ ਸਭਾ ਚੋਣਾਂ ਲਈ ਫਿਲਹਾਲ ਗੱਠਜੋੜਾਂ ਦੀ ਸਥਿਤੀ ਸਪੱਸ਼ਟ ਨਹੀਂ ਹੈ। ਜ਼ਿਆਦਾਤਰ ਪਾਰਟੀਆਂ ਨੇ ਕਿਹਾ ਹੈ ਕਿ ਉਹ ਵੱਖਰੇ-ਵੱਖਰੇ ਚੋਣਾਂ ਲੜਨਗੇ।
ਕੌਣ ਹਨ ਮੁੱਖ ਉਮੀਦਵਾਰ?
ਯੂਪੀ ਵਿਧਾਨ ਸਭਾ ਚੋਣਾਂ ਲਈ ਤਰੀਖਾਂ ਦਾ ਐਲਾਨ ਅਜੇ ਨਹੀਂ ਹੋਇਆ ਹੈ। ਇਸ ਤੋਂ ਬਾਅਦ ਹੀ ਪਾਰਟੀਆਂ ਆਪਣੇ ਉਮੀਦਵਾਰਾਂ ਦੀਆਂ ਸੂਚੀਆਂ ਜਾਰੀ ਕਰਨਗੀਆਂ।

ਤਸਵੀਰ ਸਰੋਤ, Getty Images
ਹਾਲਾਂਕਿ ਕਿ ਇਹ ਤੈਅ ਹੈ ਕਿ ਬੀਜੇਪੀ ਆਗੂ ਅਤੇ ਮੌਜੂਦਾ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ, ਸਮਾਜਵਾਦੀ ਪਾਰਟੀ ਆਗੂ ਅਖਿਲੇਸ਼ ਯਾਦਵ, ਬੀਐਸਪੀ ਸੁਪਰੀਮੋ ਮਾਇਆਵਤੀ, ਬੀਐਸਪੀ ਪ੍ਰਦੇਸ਼ ਪ੍ਰਧਾਨ ਭੀਮ ਰਾਜਭਰ ਜਿਨ੍ਹਾਂ ਨੂੰ ਪਾਰਟੀ ਨੇ ਮੁਖ਼ਤਾਰ ਅੰਸਾਰੀ ਦਾ ਟਿਕਟ ਕੱਟਣ ਤੋਂ ਬਾਅਦ ਉਮੀਦਵਾਰ ਬਣਾਉਣ ਦਾ ਫੈਸਲਾ ਕੀਤਾ ਹੈ, ਭਾਜਪਾ ਆਗੂ ਅਤੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ, ਦੂਜੇ ਉੱਪ ਮੁੱਖ ਮੰਤਰੀ ਡਾ. ਦਿਨੇਸ਼ ਸ਼ਰਮਾ, ਰਾਏ ਬਰੇਲੀ ਤੋਂ ਮੌਜੂਦਾ ਐਮਐਲਏ ਅਦਿਤੀ ਸਿੰਘ, ਸੁਹੇਲਦੇਵ ਭਾਰਤੀ ਸਮਾਜ ਪਾਰਟੀ ਆਗੂ ਓਮ ਪ੍ਰਕਾਸ਼ ਰਾਜਭਰ, ਸ਼ਿਵਪਾਲ ਸਿੰਘ ਯਾਦਵ ਇਨ੍ਹਾਂ ਚੋਣਾਂ ਵਿੱਚ ਮੁਖ ਚਿਹਰੇ ਹੋਣਗੇ।
ਕਿਹੜੇ ਹਨ ਪ੍ਰਮੁੱਖ ਚੋਣ ਖੇਤਰ ਤੇ ਕਿਹੜੇ ਹਨ ਮੁੱਖ ਮੁੱਦੇ?
ਚੋਣਾਂ ਦੇ ਹਿਸਾਬ ਨਾਲ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਖੇਤਰਾਂ ਦੀ ਵੱਖ-ਵੱਖ ਅਹਿਮੀਅਤ ਹੈ ਅਤੇ ਹਰ ਖੇਤਰ ਦੇ ਆਪਣੇ ਵੱਖਰੇ ਮੁੱਦੇ ਅਤੇ ਸਮੱਸਿਆਵਾਂ ਹਨ।
ਪੱਛਮੀ ਉੱਤਰ ਪ੍ਰਦੇਸ਼ ਵਿੱਚ ਕਿਸਾਨਾਂ ਦਾ ਮੁੱਦਾ ਪ੍ਰਮੁੱਖ ਹੈ। ਜਿਸ ਵਿੱਚ ਗੰਨੇ ਦੇ ਬਕਾਏ ਦਾ ਭੁਗਤਾਨ, ਐਮਐਸਪੀ ਵਰਗੇ ਅਹਿਮ ਮੁੱਦੇ ਹਨ।
ਬੁੰਦੇਲਖੰਡ ਵਿੱਚ ਹਮੇਸ਼ਾ ਤੋਂ ਹੀ ਪਾਣੀ ਦੀ ਸਮੱਸਿਆ ਰਹੀ ਹੈ। ਇਹ ਇਲਾਕਾ ਸੋਕੇ ਨਾਲ ਪ੍ਰਭਾਵਿਤ ਹੈ। ਇਸ ਨੂੰ ਉੱਤਰ ਪ੍ਰਦੇਸ਼ ਦਾ ਅਣਗੌਲਿਆ ਇਲਾਕਾ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਹ ਵਿਕਾਸ ਦੇ ਏਜੰਡੇ ਵਿੱਚ ਹੀ ਨਹੀਂ ਰਹਿੰਦਾ।
ਦੂਜੇ ਪਾਸੇ ਅਵਧ ਦੇ ਕੇਂਦਰੀ (ਸੈਂਟਰਲ) ਲਖਨਊ ਦੇ ਇਲਾਕੇ ਵਿੱਚ ਕੋਵਿਡ ਦੇ ਮਾੜੇ ਪ੍ਰਬੰਧਨ ਦਾ ਮੁੱਦਾ ਚੋਣਾਂ ਵਿੱਚ ਮੁੱਖ ਰਹਿ ਸਕਦਾ ਹੈ। ਨਾਲ ਹੀ ਜੋ ਵਾਅਦੇ ਪੂਰੇ ਨਹੀਂ ਹੋਏ ਹਨ ਉਨ੍ਹਾਂ ਦਾ ਮਸਲਾ ਵੀ ਉੱਠ ਸਕਦਾ ਹੈ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਬੇਰੋਜ਼ਗਾਰੀ ਵੀ ਵੱਡਾ ਮੁੱਦਾ ਬਣ ਸਕਦੀ ਹੈ।

ਤਸਵੀਰ ਸਰੋਤ, Getty Images
ਪੂਰਵਾਂਚਲ, ਜਿੱਥੋਂ ਯੋਗੀ ਅਦਿੱਤਿਆ ਨਾਥ ਆਪ ਆਉਂਦੇ ਹਨ, ਉੱਥੇ ਗੋਰਖਪੁਰ ਵਿੱਚ ਹਰ ਸਾਲ ਦਿਮਾਗੀ ਬੁਖਾਰ ਦਾ ਕਹਿਰ ਦੇਖਿਆ ਜਾਂਦਾ ਹੈ। ਇਸ ਸਾਲ ਵੀ ਉਸਦਾ ਅਸਰ ਦੇਖਣ ਨੂੰ ਮਿਲਿਆ ਹੈ।
ਨਾਲ ਹੀ ਸੋਸ਼ਲ ਮੀਡੀਆ 'ਤੇ ਆਏ ਦਿਨ ਪ੍ਰਦੇਸ਼ ਦੀਆਂ ਖਸਤਾਹਾਲ ਸੜਕਾਂ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ।
ਉੱਥੇ ਹੀ ਪ੍ਰਧਾਨ ਮੰਤਰੀ ਦੇ ਸੰਸਦੀ ਖੇਤਰ ਵਾਰਾਣਸੀ ਅਤੇ ਨੇੜੇ-ਤੇੜੇ ਦੇ ਇਲਾਕੇ ਦੇ ਵਿਕਾਸ ਦਾ ਮੁੱਦਾ ਵੀ ਉੱਠ ਸਕਦਾ ਹੈ। ਹਾਲ ਹੀ ਵਿੱਚ ਮੀਂਹ ਦੇ ਪਾਣੀ ਵਿੱਚ ਵਾਰਾਣਸੀ ਦਾ ਇਲਾਕਾ ਵੀ ਡੁੱਬ ਗਿਆ ਸੀ।
ਇਹ ਸਵਾਲ ਵਾਰ-ਵਾਰ ਚੁੱਕਿਆ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਨੇ ਵਾਰਾਣਸੀ ਨੂੰ ਜਾਪਾਨ ਦੇ ਕਿਓਟੋ ਵਰਗਾ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਅਜਿਹਾ ਨਹੀਂ ਹੋਇਆ।
ਕਾਸ਼ੀ ਵਿਸ਼ਵਨਾਥ ਮੰਦਿਰ ਦਾ ਨਿਰਮਾਣ ਕਾਰਜ ਹਾਲੇ ਤੱਕ ਪੂਰ ਨਹੀਂ ਹੋਇਆ ਹੈ। ਪਰ ਰਾਮ ਮੰਦਿਰ ਦਾ ਨਿਰਮਾਣ ਕਾਰਜ ਸ਼ੁਰੂ ਹੋਣ ਨੂੰ ਭਾਜਪਾ ਆਪਣੀਆਂ ਉਪਲੱਬਧੀਆਂ ਵਿੱਚ ਗਿਣਵਾ ਸਕਦੀ ਹੈ।

ਤਸਵੀਰ ਸਰੋਤ, Getty Images
ਵਾਰਾਣਸੀ ਵਿੱਚ ਬੁਣਾਈ (ਬੁਨਕਰ) ਦਾ ਕੰਮ ਕਰਨ ਵਾਲੇ ਲੋਕਾਂ ਦਾ ਕੰਮ ਕੋਰੋਨਾ ਦੌਰਾਨ ਠੱਪ ਹੋ ਚੁੱਕਿਆ ਹੈ। ਪੂਰੇ ਪ੍ਰਦੇਸ਼ ਵਿੱਚ ਤਾਲਾਬੰਦੀ ਨਾਲ ਪੈਦਾ ਹੋਈਆਂ ਵੱਖ-ਵੱਖ ਸਮੱਸਿਆਵਾਂ ਹਨ। ਮਹਾਮਾਰੀ ਦੌਰਾਨ ਪ੍ਰਦੇਸ਼ ਦੀਆਂ ਸਿਹਤ ਸੇਵਾਵਾਂ 'ਤੇ ਵੀ ਕਈ ਸਵਾਲ ਉੱਠੇ ਹਨ।
ਚੋਣਾਂ ਜਿਵੇਂ-ਜਿਵੇਂ ਨਜ਼ਦੀਕ ਆ ਰਹੀਆਂ ਹਨ, ਸਿਆਸਤਦਾਨਾਂ ਦੇ ਬਿਆਨਾਂ ਵਿੱਚ ਹਿੰਦੂ-ਮੁਸਲਿਮ ਜ਼ਿਕਰ ਵੀ ਵਧਦਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਚੋਣਾਂ ਵਿੱਚ ਧਰੁਵੀਕਰਨ ਦੀ ਖੇਡ ਵੀ ਪੂਰੀ ਚੱਲੇਗੀ।
ਈਵੀਐਮ ਅਤੇ ਵੀਵੀਪੀਏਟੀ ਕੀ ਹੁੰਦਾ ਹੈ?
ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐਮ) ਇੱਕ ਮਸ਼ੀਨ ਹੈ, ਜਿਸ 'ਤੇ ਉਮੀਦਵਾਰਾਂ ਦੇ ਨਾਮ ਅਤੇ ਪਾਰਟੀਆਂ ਦੇ ਚੋਣ ਨਿਸ਼ਾਨ ਬਣੇ ਹੁੰਦੇ ਹਨ।
ਉਮੀਦਵਾਰਾਂ ਦੇ ਨਾਮ ਉਨ੍ਹਾਂ ਭਾਸ਼ਾਵਾਂ ਵਿੱਚ ਲਿਖੇ ਜਾਂਦੇ ਹਨ ਜੋ ਹਲਕੇ ਵਿੱਚ ਜ਼ਿਆਦਾ ਬੋਲੀਆਂ ਜਾਂਦੀਆਂ ਹਨ।
ਅਨਪੜ੍ਹ ਵੋਟਰਾਂ ਲਈ ਹਰ ਉਮੀਦਵਾਰ ਦੀ ਪਛਾਣ ਚੋਣ ਨਿਸ਼ਾਨਾਂ ਨਾਲ ਵੀ ਹੁੰਦੀ ਹੈ। ਜਿਵੇਂ ਕਿ ਕਮਲ ਭਾਜਪਾ ਦਾ ਚੋਣ ਨਿਸ਼ਾਨ ਹੈ ਅਤੇ ਹੱਥ ਕਾਂਗਰਸ ਦਾ।
ਜਦੋਂ ਤੁਸੀਂ ਵੋਟ ਪਾਉਣ ਲਈ ਤਿਆਰ ਹੋ, ਆਪਣੇ ਪਸੰਦੀਦਾ ਉਮੀਦਵਾਰ ਦੇ ਨਾਮ ਦੇ ਅੱਗੇ ਲੱਗਿਆ ਨੀਲਾ ਬਟਨ ਦਬਾਓ।
ਥੋੜੀ ਦੇਰ ਰੁਕੋ, ਇਸ ਦਾ ਮਤਲਬ ਇਹ ਨਹੀਂ ਕਿ ਤੁਹਾਡਾ ਵੋਟ ਰਿਕਾਰਡ ਹੋ ਗਿਆ ਹੈ।

ਤਸਵੀਰ ਸਰੋਤ, AFP
ਇਹ ਓਦੋਂ ਹੀ ਹੋਵੇਗਾ ਜਦੋਂ ਤੁਹਾਨੂੰ ਬੀਪ ਦੀ ਆਵਾਜ਼ ਸੁਣਾਈ ਦੇਵੇਗੀ ਅਤੇ ਕੰਟਰੋਲ ਯੂਨਿਟ ਦੀ ਲਾਈਟ ਬੰਦ ਹੋ ਜਾਏਗੀ।
ਤੁਸੀਂ ਹੁਣ ਵੋਟ ਪਾ ਦਿੱਤੀ ਹੈ! ਵੋਟ ਪਾਉਣ ਤੋਂ ਬਾਅਦ ਪੋਲਿੰਗ ਅਫਸਰਾਂ ਦੇ ਈਵੀਐਮ ਦਾ "ਕਲੋਜ਼" ਬਟਨ ਦਬਾਉਣ ਦੇ ਬਾਅਦ ਮਸ਼ੀਨ ਵੋਟਾਂ ਰਿਕਾਰਡ ਕਰਨੀਆਂ ਬੰਦ ਕਰ ਦਿੰਦੀ ਹੈ ਤਾਂ ਕਿ ਇਸ ਨਾਲ ਕੋਈ ਛੇੜਛਾੜ ਨਾ ਹੋ ਸਕੇ।
ਇਸ ਨੂੰ ਮੋਮ ਅਤੇ ਸੁਰੱਖਿਅਤ ਸਟ੍ਰਿਪ ਦੇ ਨਾਲ ਸੀਲ ਕੀਤਾ ਜਾਂਦਾ ਹੈ ਅਤੇ ਚੋਣ ਕਮਿਸ਼ਨ ਦੁਆਰਾ ਸੀਰੀਅਲ ਨੰਬਰ ਦਿੱਤਾ ਜਾਂਦਾ ਹੈ।
ਵੋਟਾਂ ਦੀ ਗਿਣਤੀ ਸ਼ੁਰੂ ਹੋਣ 'ਤੇ ਹੀ ਇਸ ਨੂੰ ਖੋਲਿਆ ਜਾਂਦਾ ਹੈ।
ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਗਿਣਤੀ ਕਰਨ ਵਾਲਾ ਸਟਾਫ ਅਤੇ ਉਮੀਦਵਾਰਾਂ ਦੇ ਏਜੰਟ ਇਸ ਨੂੰ ਜਾਂਚਦੇ ਹਨ। ਇਹ ਸਾਰਾ ਕੁਝ "ਰਿਟਰਨਿੰਗ ਅਫਸਰ" ਦੀ ਨਿਗਰਾਨੀ ਵਿੱਚ ਹੁੰਦਾ ਹੈ।
ਉੱਤਰ ਪ੍ਰਦੇਸ਼ ਵਿੱਚ ਪਿਛਲੀਆਂ ਚੋਣਾਂ ਵਿਚ ਕੀ ਹੋਇਆ?
ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਨੇ ਵੱਡੀ ਜਿੱਤ ਹਾਸਿਲ ਕੀਤੀ ਸੀ। ਭਾਜਪਾ ਨੇ ਕੁੱਲ 302 ਸੀਟਾਂ ਜਿੱਤੀਆਂ ਸਨ। ਕੁੱਲ 403 ਸੀਟਾਂ ਵਾਲੀ ਵਿਧਾਨ ਵਿਧਾਨ ਸਭਾ ਵਿੱਚ ਬੀਜੇਪੀ ਨੇ ਚੋਣਾਂ ਵਿੱਚ 39.67 ਫ਼ੀਸਦ ਵੋਟ ਸ਼ੇਅਰ ਹਾਸਲ ਕੀਤਾ ਸੀ।
ਸਮਾਜਵਾਦੀ ਪਾਰਟੀ ਨੂੰ 47 ਸੀਟਾਂ ਮਿਲੀਆਂ ਸਨ । ਇਸ ਦੇ ਨਾਲ ਹੀ ਬਹੁਜਨ ਸਮਾਜ ਪਾਰਟੀ ਨੇ 19 ਸੀਟਾਂ ਜਿੱਤੀਆਂ ਸਨ। ਕਾਂਗਰਸ ਨੂੰ ਮਹਿਜ਼ 7 ਸੀਟਾਂ 'ਤੇ ਜਿੱਤ ਹਾਸਲ ਹੋਈ ਸੀ।
ਇਨ੍ਹਾਂ ਚੋਣਾਂ ਵਿੱਚ ਪਿਛਲੀਆਂ ਚੋਣਾਂ ਤੋਂ ਵੱਖਰਾ ਕੀ ਹੋਵੇਗਾ?
ਇਨ੍ਹਾਂ ਚੋਣਾਂ ਵਿੱਚ ਪਿਛਲੀਆਂ ਚੋਣਾਂ ਦੀ ਤੁਲਨਾ ਵਿੱਚ ਸਭ ਤੋਂ ਖਾਸ ਗੱਲ ਹੈ ਅਦਿੱਤਿਆਨਾਥ। 2017 ਦੀਆਂ ਚੋਣਾਂ ਸਮੇਂ ਭਾਜਪਾ ਕੋਲ ਸੂਬੇ ਲਈ ਕੋਈ ਮੁੱਖ ਮੰਤਰੀ ਅਜਿਹਾ ਨਹੀਂ ਸੀ ਪਰ ਇਸ ਵਾਰ ਯੋਗੀ ਆਦਿਤਿਆਨਾਥ ਮੁੱਖਮੰਤਰੀ ਦੇ ਲਈ ਇਕ ਪ੍ਰਬਲ ਚਿਹਰਾ ਹੈ ਜਿਨ੍ਹਾਂ ਕੋਲ ਤਕਰੀਬਨ ਪੰਜ ਸਾਲ ਸੂਬਾ ਚਲਾਉਣ ਦਾ ਤਜਰਬਾ ਵੀ ਹੈ।

ਤਸਵੀਰ ਸਰੋਤ, Getty Images
ਇਸ ਤੋਂ ਇਲਾਵਾ ਇਹ ਵੀ ਤੈਅ ਹੈ ਕਿ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਇਸ ਵਾਰ ਇਕੱਠੇ ਚੋਣ ਮੈਦਾਨ ਵਿੱਚ ਨਹੀਂ ਹੋਵੇਗੀ।
ਹਾਲਾਂਕਿ ਦੋਵਾਂ ਪਾਰਟੀਆਂ ਨੇ ਪਿਛਲੇ ਵਿਧਾਨ ਸਭਾ ਚੋਣਾਂ ਆਪਣੇ ਦਮ 'ਤੇ ਹੀ ਲੜੇ ਸਨ ਪਰ 2019 ਦੀਆਂ ਚੋਣਾਂ ਸਮੇਂ ਇਨ੍ਹਾਂ ਦੋਨਾਂ ਰਾਜਨੀਤਕ ਪਾਰਟੀਆਂ ਦਾ ਗਠਬੰਧਨ ਹੋਇਆ ਸੀ।
ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦਾ ਸਮਾਜਵਾਦੀ ਪਾਰਟੀ ਨਾਲ ਗਠਬੰਧਨ ਸੀ ਪਰ ਇਸ ਸਮੇਂ ਇਹ ਮੁਸ਼ਕਿਲ ਲੱਗ ਰਿਹਾ ਹੈ। ਉੱਤਰ ਪ੍ਰਦੇਸ਼ ਵਿਚ ਪ੍ਰਿਯੰਕਾ ਗਾਂਧੀ ਵਾਡਰਾ ਕਾਂਗਰਸ ਦਾ ਚਿਹਰਾ ਹੈ ਅਤੇ ਅਸਦਦੀਨ ਓਵੈਸੀ ਦੀ ਪਾਰਟੀ ਵੀ ਚੋਣ ਮੈਦਾਨ ਵਿੱਚ ਉਤਰੇਗੀ।
ਵੋਟ ਕਰਨ ਲਈ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਹੋ ਰਜਿਸਟਰ?
ਫਰਵਰੀ ਵਿਚ ਚੋਣ ਕਮਿਸ਼ਨ ਵੱਲੋਂ ਵੋਟਰ ਲਿਸਟ ਮੁਤਾਬਕ ਉੱਤਰ ਪ੍ਰਦੇਸ਼ ਵਿੱਚ 14.52 ਕਰੋੜ ਮੱਤਦਾਤਾ ਹਨ।
ਜੇਕਰ ਤੁਸੀਂ ਵੋਟਰ ਦੇ ਤੌਰ 'ਤੇ ਰਜਿਸਟਰ ਕਰਨਾ ਚਾਹੁੰਦੇ ਹੋ ਤਾਂ ਆਪਣੇ ਵਿਧਾਨ ਸਭਾ ਖੇਤਰ ਦੇ ਨਿਰਵਾਚਨ ਪੰਜੀਕਰਨ ਅਧਿਕਾਰੀ ਨੂੰ ਫਾਰਮ-6 ਭਰ ਕੇ ਦੇ ਸਕਦੇ ਹੋ।
ਇਸ ਫਾਰਮ ਨੂੰ ਜਮ੍ਹਾਂ ਕਰਾਉਣ ਦੇ ਕਈ ਤਰੀਕੇ ਹੁੰਦੇ ਹਨ। ਆਨਲਾਈਨ ਅਤੇ ਆਫਲਾਈਨ ਦੂਰੋਂ ਤਰੀਕੇ ਨਾਲ ਇਸ ਦੇ ਆਵੇਦਨ ਦਿੱਤੇ ਜਾ ਸਕਦੇ ਹਨ।
ਆਨਲਾਈਨ ਆਵੇਦਨ ਚੋਣ ਕਮਿਸ਼ਨ ਦੀ ਵੈੱਬਸਾਈਟ www.eci.nic.in ਜਾਂ ਉੱਤਰ ਪ੍ਰਦੇਸ਼ ਦੇ ਮੁੱਖ ਨਿਰਵਾਚਨ ਅਧਿਕਾਰੀ ਦੀ ਵੈੱਬਸਾਈਟ ਉੱਪਰ ਜਾਇਆ ਜਾ ਸਕਦਾ ਹੈ। ਇੱਥੇ ਹੀ ਤੁਸੀਂ ਆਨਲਾਈਨ ਵੋਟਰ ਰਜਿਸਟ੍ਰੇਸ਼ਨ ਕਰ ਸਕਦੇ ਹੋ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












