ਫ਼ਲਾਂ ਦੀ ਰੇਹੜੀ ਵਾਲੇ ਇਸ ਸਖ਼ਸ਼ ਨੂੰ ਕਿਸ ਕਾਰਨ ਦਿੱਤਾ ਗਿਆ ਪਦਮਸ਼੍ਰੀ ਪੁਰਸਕਾਰ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੋਮਵਾਰ ਨੂੰ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਵੱਖ-ਵੱਖ ਖੇਤਰਾਂ 'ਚ ਸ਼ਲਾਘਾਯੋਗ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ।

ਸਾਲ 2020 ਲਈ 119 ਹਸਤੀਆਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿੱਚੋਂ 7 ਲੋਕਾਂ ਨੂੰ ਪਦਮਵਿਭੂਸ਼ਣ ਅਤੇ 102 ਲੋਕਾਂ ਨੂੰ ਪਦਮਸ਼੍ਰੀ ਸਨਮਾਨ ਨਾਲ ਨਵਾਜ਼ਿਆ ਗਿਆ।

ਸਾਲ 2021 ਲਈ ਪਦਮ ਪੁਰਸਕਾਰ ਮੰਗਲਵਾਰ ਨੂੰ ਦਿੱਤੇ ਗਏ।

ਪਦਮ ਪੁਰਸਕਾਰਾਂ ਦੀ ਘੋਸ਼ਣਾ ਹਰ ਸਾਲ ਗਣਤੰਤਰਤਾ ਦਿਵਸ ਦੇ ਮੌਕੇ 'ਤੇ 25 ਜਨਵਰੀ ਨੂੰ ਕੀਤੀ ਜਾਂਦੀ ਹੈ ਅਤੇ ਇਹ ਪੁਰਸਕਾਰ ਸਨਮਾਨ ਸਮਾਰੋਹ ਅਪ੍ਰੈਲ ਮਹੀਨੇ ਵਿੱਚ ਹੁੰਦਾ ਹੈ।

ਕੋਰੋਨਾ ਮਹਾਮਾਰੀ ਦੇ ਕਾਰਨ ਸਾਲ 2020 ਅਤੇ 2021 ਦੇ ਪੁਰਸਕਾਰ ਤੈਅ ਸਮੇਂ 'ਤੇ ਨਹੀਂ ਦਿੱਤੇ ਜਾ ਸਕੇ ਸਨ ਇਸ ਲਈ ਹੁਣ ਇਨ੍ਹਾਂ ਦੋਵਾਂ ਸਾਲਾਂ ਦੇ ਪਦਮ ਜੇਤੂਆਂ ਨੂੰ ਇਕੱਠਿਆਂ ਇਹ ਪੁਰਸਕਾਰ ਦਿੱਤੇ ਜਾ ਰਹੇ ਹਨ।

ਸੋਮਵਾਰ ਨੂੰ ਸਾਲ 2020 ਲਈ ਜਿਨ੍ਹਾਂ ਲੋਕਾਂ ਨੂੰ ਪਦਮ ਪੁਰਸਕਾਰ ਦਿੱਤੇ ਗਏ, ਉਨ੍ਹਾਂ ਵਿੱਚੋਂ ਕਈ ਅਜਿਹੇ ਹਨ ਜੋ ਬਹੁਤ ਸਾਧਾਰਨ ਪਿਛੋਕੜ ਵਾਲੇ ਹਨ ਪਰ ਇਨ੍ਹਾਂ ਦੇ ਹੌਂਸਲੇ ਤੇ ਇਨ੍ਹਾਂ ਦੁਆਰਾ ਕੀਤੇ ਕੰਮ ਇਨ੍ਹਾਂ ਲੋਕਾਂ ਨੂੰ ਅਸਾਧਾਰਨ ਲੋਕਾਂ ਦੀ ਜਮਾਤ ਵਿੱਚ ਖੜ੍ਹਾ ਕਰ ਦਿੰਦੇ ਹਨ। ਅਜਿਹੇ ਹੀ ਲੋਕਾਂ ਵਿੱਚੋਂ ਇੱਕ ਹਨ - ਕਰਨਾਟਕ ਦੇ ਹਰੇਕਾਲਾ ਹਜਾਬਾ।

ਇਹ ਵੀ ਪੜ੍ਹੋ:

ਹਰੇਕਾਲਾ ਹਜਾੱਬਾ ਆਪ ਪੜ੍ਹੇ-ਲਿਖੇ ਨਹੀਂ ਹਨ ਪਰ ਉਨ੍ਹਾਂ ਨੇ ਸਿੱਖਿਆ ਦੀ ਅਹਿਮੀਅਤ ਨੂੰ ਸਮਝਦਿਆਂ ਸਾਲ 2000 ਵਿੱਚ ਬੈਂਗਲੁਰੂ ਨੇੜੇ ਆਪਣੇ ਪਿੰਡ ਵਿੱਚ ਇੱਕ ਸਕੂਲ ਖੋਲ੍ਹਿਆ ਸੀ। ਇਸਦੇ ਲਈ ਉਨ੍ਹਾਂ ਨੇ ਆਪਣੀ ਜਮ੍ਹਾਂ ਪੂੰਜੀ ਵੀ ਲਗਾ ਦਿੱਤੀ ਸੀ।

ਸੋਮਵਾਰ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਹੋਣ ਤੋਂ ਬਾਅਦ, ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਲੋਕ ਹਰੇਕਾਲਾ ਹਜਾਬਾ ਬਾਰੇ ਚਰਚਾ ਕਰਦੇ ਨਜ਼ਰ ਆਏ, ਜਿੱਥੇ ਲੋਕਾਂ ਨੇ ਉਨ੍ਹਾਂ ਦੀ ਉੱਚੀ ਸੋਚ, ਸਖਤ ਮਿਹਨਤ ਅਤੇ ਸੰਘਰਸ਼ ਦੀ ਕਹਾਣੀ ਦੀ ਖੂਬ ਪ੍ਰਸ਼ੰਸਾ ਕੀਤੀ।

ਪੇਸ਼ੇ ਤੋਂ ਫਲ ਵੇਚਣ ਵਾਲੇ ਹਰੇਕਾਲਾ ਬਾਰੇ ਹੁਣ ਤੋਂ ਲਗਭਗ 9 ਸਾਲ ਪਹਿਲਾਂ ਬੀਬੀਸੀ ਪੱਤਰਕਾਰ ਵਿਕਾਸ ਪਾਂਡੇ ਨੇ 'ਫਲ ਵੇਚ ਕੇ ਜਗਾ ਰਹੇ ਸਿੱਖਿਆ ਦਾ ਅਲਖ' ਸਿਰਲੇਖ ਨਾਲ ਇੱਕ ਰਿਪੋਰਟ ਕੀਤੀ ਸੀ। 14 ਨਵੰਬਰ, 2012 ਨੂੰ ਬੀਬੀਸੀ ਦੀ ਵੈਬਸਾਈਟ 'ਬੀਬੀਸੀਡਾਟਕਾਮ' 'ਤੇ ਪ੍ਰਕਾਸ਼ਿਤ ਉਹ ਰਿਪੋਰਟ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ-

ਫਲ ਵੇਚ ਕੇ ਜਗਾ ਰਹੇ ਸਿੱਖਿਆ ਦਾ ਅਲਖ

ਦੱਖਣੀ ਭਾਰਤ ਦੇ ਇੱਕ ਗਰੀਬ ਫਲ ਵਿਕਰੇਤਾ ਹਰੇਕਾਲਾ ਹਜਾਬਾ ਆਪ ਪੜ੍ਹੇ-ਲਿਖੇ ਨਹੀਂ ਹਨ, ਪਰ ਉਨ੍ਹਾਂ ਨੇ ਸੀਮਿਤ ਸਾਧਨਾਂ ਦੇ ਨਾਲ ਜੋ ਕਰ ਦਿਖਾਇਆ ਹੈ, ਉਹ ਸੂਬਾ ਸਰਕਾਰਾਂ ਅਤੇ ਕਈ ਸੰਗਠਨ ਮਿਲ ਕੇ ਵੀ ਨਹੀਂ ਕਰ ਸਕਦੇ ਹਨ।

ਹਰੇਕਾਲਾ ਹਜਾਬਾ ਨੇ ਫਲਾਂ ਦੀ ਆਪਣੀ ਛੋਟੀ ਜਿਹੀ ਦੁਕਾਨ ਤੋਂ ਹੋਣ ਵਾਲੀ ਆਮਦਨੀ ਨਾਲ ਆਪਣੇ ਪਿੰਡ ਦੇ ਬੱਚਿਆਂ ਲਈ ਪ੍ਰਾਇਮਰੀ ਅਤੇ ਮਿਡਲ ਸਕੂਲ ਬਣਵਾਇਆ ਹੈ।

ਬੈਂਗਲੁਰੂ ਤੋਂ 350 ਕਿਲੋਮੀਟਰ ਦੂਰ ਸਥਿਤ ਨਿਊਪਾੜਪੂ ਪਿੰਡ ਵਿੱਚ ਸੜਕਾਂ ਦਾ ਹਾਲ ਬੇਹਾਲ ਹੈ, ਪਰ ਸਕੂਲ ਜਾਣ ਲਈ ਤਿਆਰ 130 ਬੱਚਿਆਂ ਦੀ ਪਲਟਨ ਲਈ ਅਜਿਹੀਆਂ ਔਕੜਾਂ ਕੋਈ ਮਾਅਨੇ ਨਹੀਂ ਰੱਖਦੀਆਂ ਹਨ।

ਸਾਲ 2000 ਤੱਕ ਇਸ ਪਿੰਡ ਵਿੱਚ ਇੱਕ ਵੀ ਸਕੂਲ ਨਹੀਂ ਸੀ। ਪਰ ਫਿਰ 150 ਰੁਪਏ ਰੋਜ਼ਾਨਾ ਕਮਾਉਣ ਵਾਲੇ ਹਰੇਕਾਲਾ ਹਜਾਬਾ ਨੇ ਆਪਣੀ ਜਮ੍ਹਾਂ ਪੂੰਜੀ ਨਾਲ ਪਿੰਡ ਵਿੱਚ ਪਹਿਲਾ ਸਕੂਲ ਬਣਵਾਇਆ ਜਿਸ ਨੂੰ ਹੁਣ ਦੱਖਣੀ ਕੰਨੜ ਜ਼ਿਲ੍ਹਾ ਪੰਚਾਇਤ ਹਾਈ ਸਕੂਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਸਕੂਲ ਖੋਲ੍ਹਣ ਦੀ ਪ੍ਰੇਰਨਾ ਕਿੱਥੋਂ ਮਿਲੀ

ਆਖਿਰ ਉਨ੍ਹਾਂ ਨੂੰ ਸਕੂਲ ਖੋਲ੍ਹਣ ਦੀ ਪ੍ਰੇਰਨਾ ਕਿੱਥੋਂ ਮਿਲੀ, ਇਸ ਬਾਰੇ ਵਿੱਚ 55 ਸਾਲਾ (ਹੁਣ 64 ਸਾਲਾ) ਹਜਾਬਾ ਨੇ ਦੱਸਿਆ, ''ਇੱਕ ਵਾਰ ਇੱਕ ਵਿਦੇਸ਼ੀ ਨੇ ਮੈਨੂੰ ਇੱਕ ਫਲ ਦਾ ਨਾਮ ਅੰਗਰੇਜ਼ੀ ਵਿੱਚ ਪੁੱਛਿਆ, ਉਦੋਂ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਮੈਂ ਪੜ੍ਹਿਆ-ਲਿਖਿਆ ਨਹੀਂ ਹਾਂ। ਮੈਨੂੰ ਨਹੀਂ ਪਤਾ ਸੀ ਕਿ ਇਸ ਦਾ ਕੀ ਮਤਲਬ ਹੈ।''

ਉਹ ਕਹਿੰਦੇ ਹਨ, ''ਉਸ ਵੇਲੇ ਮੈਨੂੰ ਖਿਆਲ ਆਇਆ ਕਿ ਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ ਹੋਣਾ ਚਾਹੀਦਾ ਹੈ, ਤਾਂ ਜੋ ਸਾਡੇ ਪਿੰਡ ਦੇ ਬੱਚਿਆਂ ਨੂੰ ਕਦੇ ਉਸ ਸਥਿਤੀ 'ਚੋਂ ਨਾ ਲੰਘਣਾ ਪਵੇ ਜਿਸ ਵਿੱਚੋਂ ਮੈਂ ਲੰਘ ਰਿਹਾ ਹਾਂ।''

ਸਥਾਨਕ ਲੋਕ ਹਰੇਕਾਲਾ ਹਜਾਬਾ ਦੇ ਇਨ੍ਹਾਂ ਯਤਨਾਂ ਲਈ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਨਹੀਂ ਥੱਕਦੇ ਪਰ ਹਜਾਬਾ ਲਈ ਪ੍ਰਸ਼ੰਸਾ ਤੋਂ ਜ਼ਿਆਦਾ ਜ਼ਰੂਰੀ ਹੈ ਉਹ ਮੁਹਿੰਮ ਜੋ ਉਨ੍ਹਾਂ ਨੇ ਸ਼ੁਰੂ ਕੀਤੀ ਹੈ।

ਸਾਲ 2000 ਵਿੱਚ ਜਦੋਂ ਉਨ੍ਹਾਂ ਨੇ ਇਸ ਸਕੂਲ ਦੀ ਸ਼ੁਰੂਆਤ ਕੀਤੀ, ਤਾਂ ਉਨ੍ਹਾਂ ਨੂੰ ਕਿਸੇ ਤੋਂ ਕੋਈ ਸਹਿਯੋਗ ਨਹੀਂ ਮਿਲਿਆ। ਬਾਵਜੂਦ ਇਸ ਦੇ, ਉਨ੍ਹਾਂ ਨੇ ਇੱਕ ਸਥਾਨਕ ਮਸਜਿਦ ਨਾਲ ਲੱਗਦੇ ਮਦਰੱਸੇ ਵਿੱਚ ਇਹ ਸਕੂਲ ਖੋਲ੍ਹਿਆ ਅਤੇ 29 ਬੱਚਿਆਂ ਨਾਲ ਪੜ੍ਹਾਈ-ਲਿਖਾਈ ਦਾ ਕੰਮ ਸ਼ੁਰੂ ਕੀਤਾ।

ਸਰਕਾਰ ਦੀ ਭੂਮਿਕਾ

ਸ਼ੁਰੂ ਵਿੱਚ ਇਹ ਸਕੂਲ ਇੱਕ ਮਦਰੱਸੇ ਵਿੱਚ ਖੋਲ੍ਹਿਆ ਗਿਆ ਸੀ ਤੇ ਫਿਰ ਸਮੇਂ ਦੇ ਨਾਲ-ਨਾਲ ਇਸ ਸਕੂਲ ਦੀ ਇਮਾਰਤ ਬਣ ਕੇ ਤਿਆਰ ਹੋ ਗਈ।

ਜਿਵੇਂ-ਜਿਵੇਂ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਵਧਦੀ ਗਈ, ਉਨ੍ਹਾਂ ਨੂੰ ਹੋਰ ਵੱਡੀ ਥਾਂ ਦੀ ਜ਼ਰੂਰਤ ਮਹਿਸੂਸ ਹੋਣ ਲੱਗੀ। ਉਸ ਵੇਲੇ ਹਜਾਬਾ ਨੇ ਕਰਜ਼ੇ ਲਈ ਇੱਕ ਅਰਜ਼ੀ ਦਿੱਤੀ ਅਤੇ ਆਪਣੀ ਜਮ੍ਹਾ ਪੂੰਜੀ ਨਾਲ ਸਕੂਲ ਲਈ ਇੱਕ ਇਮਾਰਤ ਬਨਵਾਉਣ ਦੀ ਸ਼ੁਰੂਆਤ ਕੀਤੀ।

ਹਜਾਬਾ ਦੀ ਇਸ ਲਗਨ ਨੂੰ ਵੇਖ ਕੇ ਕਈ ਲੋਕ ਅੱਗੇ ਆਏ ਅਤੇ ਉਨ੍ਹਾਂ ਦੀ ਮਦਦ ਵਿੱਚ ਲੱਗ ਗਏ ਪਰ ਹਜਾਬਾ ਲਈ ਕੰਮ ਹਾਲੇ ਮੁੱਕਿਆ ਨਹੀਂ ਹੈ।

ਭਾਰਤ ਸਰਕਾਰ ਦੇ ਅੰਕੜਿਆਂ ਅਨੁਸਾਰ, ਦੇਸ਼ ਦੀ 25 ਫੀਸਦੀ ਆਬਾਦੀ ਅਨਪੜ੍ਹ ਹੈ ਅਤੇ ਕੁਝ ਬੱਚੇ ਸਿਰਫ ਇਸ ਕਰਕੇ ਸਕੂਲ ਨਹੀਂ ਜਾ ਸਕਦੇ ਕਿਉਂਕਿ ਉਨ੍ਹਾਂ ਦੇ ਪਿੰਡ ਵਿੱਚ ਸਕੂਲ ਹੈ ਹੀ ਨਹੀਂ।

ਇੱਕ ਸਥਾਨਕ ਅਖਬਾਰ ਨੇ ਜਦੋਂ ਹਜਾਬਾ ਦੀਆਂ ਇਨ੍ਹਾਂ ਕੋਸ਼ਿਸ਼ਾਂ ਬਾਰੇ ਲਿਖਿਆ, ਉਦੋਂ ਸਰਕਾਰ ਨੇ ਉਨ੍ਹਾਂ ਦੀ ਮਦਦ ਲਈ ਇੱਕ ਲੱਖ ਰੁਪਏ ਦਿੱਤੇ।

ਹਜਾਬਾ ਕਹਿੰਦੇ ਹਨ, ''ਮੈਨੂੰ ਸਰਕਾਰ ਵੱਲੋਂ ਇੱਕ ਪੁਰਸਕਾਰ ਦਿੱਤਾ ਗਿਆ, ਜਿਸ ਵਿੱਚ ਮੈਨੂੰ ਇੱਕ ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ। ਇਸ ਮਗਰੋਂ ਲੋਕਾਂ ਨੇ ਵੀ ਮੇਰੀ ਸਹਾਇਤਾ ਲਈ ਪੈਸੇ ਭੇਜਣੇ ਸ਼ੁਰੂ ਕੀਤੇ।''

ਉਦੋਂ ਤੋਂ ਲੈ ਕੇ ਹੁਣ ਤੱਕ ਹਜਾਬਾ ਨੂੰ ਕਈ ਪ੍ਰਕਾਰ ਦੀ ਸਹਾਇਤਾ ਅਤੇ ਪੁਰਸਕਾਰ ਮਿਲ ਚੁੱਕੇ ਹਨ ਅਤੇ ਆਮ ਲੋਕ ਉਨ੍ਹਾਂ ਨੂੰ ਸਮਾਜ ਦਾ ਨਾਇਕ ਮੰਨਦੇ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)