You’re viewing a text-only version of this website that uses less data. View the main version of the website including all images and videos.
ਫ਼ਾਜ਼ਿਲਕਾ 'ਚ ਦੋਹਰਾ ਕਤਲ: ਪਿੰਡ 'ਚ ਅਜਿਹਾ ਸਹਿਮ ਕਿ ਲੋਕ ਸ਼ਮਸ਼ਾਨ ਦਾ ਰਾਹ ਤੱਕ ਨਹੀਂ ਦੱਸ ਰਹੇ - ਗਰਾਊਂਡ ਰਿਪੋਰਟ
- ਲੇਖਕ, ਸੁਰਿੰਦਰ ਮਾਨ
- ਰੋਲ, ਬੀਬੀਸੀ ਪੰਜਾਬੀ ਲਈ
ਸਮਾਂ: ਦੁਪਹਿਰ 2.30 ਵਜੇ ਦੇ ਕਰੀਬ, ਸਥਾਨ: ਪੰਜਾਬ-ਰਾਜਸਥਾਨ ਦੀ ਸਰਹੱਦ ਨੇੜੇ ਵਸਿਆ ਪਿੰਡ ਸੱਪਾਂਵਾਲੀ। ਪਿੰਡ ਦੀਆਂ ਗਲੀਆਂ ਵਿੱਚ ਸੰਨਾਟਾ ਹੈ ਤੇ ਘਰਾਂ ਦੇ ਬੂਹੇ-ਬਾਰੀਆਂ ਬੰਦ ਹਨ।
ਜਿਵੇਂ ਹੀ ਮੈਂ ਪਿੰਡ ਵਿੱਚ ਦਾਖ਼ਲ ਹੋਇਆ ਤਾਂ ਮੇਰੇ ਸਾਥੀ ਦੇ ਹੱਥ ਵਿੱਚ ਫੜਿਆ ਕੈਮਰਾ ਦੇਖ ਕੇ ਪਿੰਡ ਦੇ ਕੁਝ ਲੋਕਾਂ ਦੀਆਂ ਗੁੰਮ-ਸੁੰਮ ਤੇ ਡੌਰ-ਭੌਰੀਆਂ ਅੱਖਾਂ ਸਾਨੂੰ ਘੂਰਦੀਆਂ ਨਜ਼ਰ ਆਈਆਂ।
ਦਰਅਸਲ, ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਅਧੀਨ ਪੈਂਦੇ ਪਿੰਡ ਸੱਪਾਂਵਾਲੀ ਵਿੱਚ ਇੱਕ ਮੁੰਡੇ ਨੇ ਪਿੰਡ ਦੀ ਹੀ ਕੁੜੀ ਨਾਲ ਘਰੋਂ ਭੱਜ ਕੇ ਵਿਆਹ ਕਰਵਾਇਆ ਸੀ।
ਇਸ ਮਗਰੋਂ 17 ਅਕਤੂਬਰ ਨੂੰ ਜੋੜੇ ਨੂੰ ਕਤਲ ਕਰ ਕੇ ਉਨ੍ਹਾਂ ਦੀਆਂ ਲਾਸ਼ਾਂ ਪਿੰਡ ਦੇ ਚੁਰਾਹੇ ਵਿੱਚ ਸੁੱਟ ਦਿੱਤੀਆਂ ਗਈਆਂ ਸਨ।
ਐੱਸਐੱਸਪੀ ਸੁਰਿੰਦਰਜੀਤ ਸਿੰਘ ਮੰਡ ਨੇ ਮੁਤਾਬਕ ਘਟਨਾ ਸਬੰਧੀ 16 ਜਣਿਆਂ ਦੇ ਖ਼ਿਲਾਫ਼ ਅਗਵਾ ਕਰਨ, ਕਤਲ ਕਰਨ ਅਤੇ ਅਪਰਾਧਿਕ ਸ਼ਾਜਿਸ਼ ਰਚਣ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ।
ਗਲੀਆਂ ਦੇ ਸੰਨਾਟੇ
ਮੈਂ ਸੜਕ ਦੇ ਕਿਨਾਰੇ ਪਏ ਇਕ ਪੁਰਾਣੇ ਖੁੰਢ ਉੱਪਰ ਬੈਠੇ ਅਧਖੜ ਉਮਰ ਦੇ ਵਿਅਕਤੀ ਨੂੰ ਪੁੱਛਿਆ ਕਿ ਕਤਲ ਹੋਏ ਮੁੰਡੇ-ਕੁੜੀ ਦਾ ਘਰ ਕਿਹੜੇ ਪਾਸੇ ਹੈ।
ਅੱਗੋਂ ਜਵਾਬ ਮਿਲਿਆ, "ਸਿਵਿਆਂ ਵਿੱਚ ਜਾਓ ਸਭ ਪਤਾ ਲੱਗ ਜਾਵੇਗਾ।"
ਜਦੋਂ ਮੈਂ ਪੁੱਛਿਆ ਕਿ ਪਿੰਡ ਦਾ ਸ਼ਮਸ਼ਾਨਘਾਟ ਕਿਸ ਪਾਸੇ ਹੈ ਤਾਂ ਅੱਗੋਂ ਕੋਈ ਵੀ ਜਵਾਬ ਨਹੀਂ ਆਇਆ। ਆਖ਼ਰਕਾਰ ਨੇੜੇ ਹੀ ਤਾਇਨਾਤ ਪੰਜਾਬ ਪੁਲੀਸ ਦੇ ਇਕ ਜਵਾਨ ਨੇ ਇਸ਼ਾਰਾ ਕਰਕੇ ਸ਼ਮਸ਼ਾਨਘਾਟ ਦਾ ਰਸਤਾ ਦੱਸ ਦਿੱਤਾ।
ਜਿਵੇਂ ਹੀ ਮੈਂ ਪਿੰਡ ਦੇ ਬਾਹਰਵਾਰ ਬਣੇ ਸ਼ਮਸ਼ਾਨਘਾਟ ਵਿਚ ਪਹੁੰਚਿਆ ਤਾਂ ਉਥੇ ਇਕੋ ਚਿਖਾ ਵਿਚ ਦੋ ਲਾਸ਼ਾਂ ਰੱਖ ਕੇ ਅੰਤਮ ਸੰਸਕਾਰ ਦੀ ਰਸਮ ਅਦਾ ਕੀਤੀ ਜਾ ਰਹੀ ਸੀ।
ਇਹ ਚਿਖਾ ਰੋਹਤਾਸ਼ (25 ਸਾਲ) ਅਤੇ ਸੁਮਨ (23 ਸਾਲ) ਦੀ ਸੀ, ਜਿਨ੍ਹਾਂ ਨੂੰ ਐਤਵਾਰ ਵਾਲੇ ਦਿਨ-ਦਿਹਾੜੇ 'ਅਣਖ' ਦੀ ਖਾਤਰ ਮਾਰ ਮੁਕਾਇਆ ਗਿਆ ਸੀ।
ਜਿਸ ਜਗ੍ਹਾ ’ਤੇ ਮੁੰਡੇ ਕੁੜੀ ਦੀਆਂ ਲਾਸ਼ਾਂ ਸੁੱਟੀਆਂ ਗਈਆਂ ਸਨ, ਉਥੇ ਬੈਠੇ ਨੇੜਲੇ ਦੁਕਾਨਦਾਰਾਂ ਨੂੰ ਜਦੋਂ ਪੁੱਛਿਆ ਗਿਆ ਕਿ, ਕੀ ਘਟਨਾ ਵਾਪਰੀ ਹੈ ਤਾਂ ਸਭ ਚੁੱਪ ਰਹੇ।
ਹਾਲਾਤ ਇਹ ਸਨ ਕਿ ਕੋਈ ਵੀ ਵਿਅਕਤੀ ਮਰੇ ਮੁੰਡੇ ਜਾਂ ਕੁੜੀ ਦਾ ਘਰ ਦੱਸਣ ਲਈ ਵੀ ਤਿਆਰ ਨਹੀਂ ਸੀ।
ਥੋੜ੍ਹਾ ਅੱਗੇ ਜਾਣ 'ਤੇ ਪਿੰਡ ਦੇ ਵਾਸੀ ਰਤਨ ਲਾਲ ਗੱਲ ਕਰਨ ਲਈ ਤਿਆਰ ਹੋ ਗਏ।
ਗਲੀਆਂ ਦੇ ਸੰਨਾਟੇ ਵਿੱਚ ਉਨ੍ਹਾਂ ਦੀ ਕੰਬਦੀ ਆਵਾਜ਼ ਇਸ ਗੱਲ ਦੀ ਗਵਾਹੀ ਭਰ ਰਹੀ ਸੀ ਕਿ ਕਤਲਾਂ ਕਾਰਨ ਪਿੰਡ ਵਿੱਚ ਕਿੰਨੀ ਕੁ ਦਹਿਸ਼ਤ ਦਾ ਮਾਹੌਲ ਹੈ।
ਰਤਨ ਲਾਲ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੀ ਉਮਰ ਦੇ ਦੌਰਾਨ ਆਪਣੇ ਆਲੇ-ਦੁਆਲੇ ਕਦੀ ਵੀ ਇਨ੍ਹਾਂ ਦਰਦਨਾਕ ਮੰਜ਼ਰ ਨਹੀਂ ਵੇਖਿਆ ਹੈ।
"ਸਾਡਾ ਪਿੰਡ ਵੱਡੇ ਪਿੰਡਾਂ ਵਿੱਚੋਂ ਇਕ ਹੈ। ਰਾਜਸਥਾਨ ਦੀ ਸਰਹੱਦ 'ਤੇ ਵਸਿਆ ਹੋਣ ਕਾਰਨ ਪਿੰਡ ਵਿੱਚ ਰਾਜਸਥਾਨੀ ਅਤੇ ਪੰਜਾਬੀ ਸੱਭਿਆਚਾਰ ਦਾ ਸੁਮੇਲ ਦੇਖਿਆ ਜਾ ਸਕਦਾ ਹੈ।"
"ਪਿੰਡ ਦਾ ਭਾਈਚਾਰਾ ਮਜ਼ਬੂਤ ਸੀ ਪਰ ਹੋਣੀ ਦੇ ਕਹਿਰ ਕਾਰਨ ਇੱਕ ਵਾਰ ਸਭ ਤਹਿਸ-ਨਹਿਸ ਹੋ ਗਿਆ ਹੈ। ਚੁਰਾਹੇ 'ਚ ਪਈਆਂ ਲਾਸ਼ਾਂ ਦੇਖ ਕੇ ਸਾਡੇ ਦਿਲ ਕੰਬ ਗਏ, ਅੱਖਾਂ ਨਮ ਹੋ ਗਈਆਂ ਤੇ ਜ਼ਬਾਨਾਂ ਸੁੱਕ ਗਈਆਂ।"
ਰਤਨ ਨਾਲ ਤੋਂ ਸਿਰਨਾਵਾਂ ਪੁੱਛ ਕੇ ਮੈਂ ਪਿੰਡ ਦੇ ਇੱਕ ਮੋਹਤਬਰ ਵਿਅਕਤੀ ਦੇ ਘਰ ਚਲਾ ਗਿਆ।
ਜਿਵੇਂ ਹੀ ਮੈਂ ਦੱਸਿਆ ਕਿ ਮੈਂ ਪੱਤਰਕਾਰ ਹਾਂ ਅਤੇ ਪਿੰਡ ਵਿਚ ਵਾਪਰੀ ਦੁਖਦਾਈ ਘਟਨਾ ਸੰਬੰਧੀ ਜਾਣਕਾਰੀ ਚਾਹੁੰਦਾ ਹਾਂ ਤਾਂ ਅੱਗੋਂ ਜਵਾਬ ਮਿਲਿਆ, "ਬਾਈ ਜੀ ਤੁਸੀਂ ਚਲੇ ਜਾਓ, ਜੋ ਹੋਣਾ ਸੀ ਉਹ ਹੋ ਗਿਆ, ਮੈਂ ਤੁਹਾਨੂੰ ਕੁਝ ਨਹੀਂ ਦੱਸ ਸਕਦਾ, ਮੇਰੇ 'ਤੇ ਤਾਂ ਪਹਿਲਾਂ ਹੀ ਸਾੜ੍ਹਸਤੀ ਚੱਲ ਰਹੀ ਹੈ।"
ਪਿੰਡ ਦੀ ਫਿਰਨੀ 'ਤੇ ਬਾਹਰਵਾਰ ਬਣੇ ਇੱਕ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਅੱਗੋਂ ਇੱਕ ਬਿਰਧ ਔਰਤ ਨੇ ਦਰਵਾਜ਼ਾ ਖੋਲ੍ਹਿਆ।
ਇਸ ਔਰਤ ਨੇ ਆਪਣਾ ਨਾਮ ਤਾਂ ਨਹੀਂ ਦੱਸਿਆ ਪਰ ਕਤਲਾਂ ਨਾਲ ਸਬੰਧਤ ਹਰ ਗੱਲ ਖੁੱਲ੍ਹ ਕੇ ਕੀਤੀ।
ਉਨ੍ਹਾਂ ਨੇ ਦੱਸਿਆ, "ਭਾਈ ਗੱਲ ਤਾਂ ਮਾੜੀ ਹੈ। ਸਾਡੇ ਪਿੰਡਾਂ ਦੀ ਰਵਾਇਤ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਕਿ ਪਿੰਡ ਦੇ ਮੁੰਡੇ-ਕੁੜੀਆਂ ਹੀ ਆਪਸ ਵਿੱਚ ਵਿਆਹ ਕਰਵਾਉਣ ਲੱਗ ਪੈਣ।"
"ਜੇ ਮੁੰਡੇ-ਕੁੜੀ ਨੇ ਅਜਿਹਾ ਕਰ ਹੀ ਲਿਆ ਸੀ ਤਾਂ ਫਿਰ ਉਨ੍ਹਾਂ ਨੂੰ ਰਹਿਣ ਦਿੰਦੇ, ਜੱਗੋਂ ਤੇਰ੍ਹਵੀਂ ਕਰਨ ਦੀ ਕੀ ਲੋੜ ਸੀ।"
"ਮੈਂ ਸੁਣਦੀ ਹੁੰਦੀ ਸੀ ਕਿ ਇਹੋ ਜਿਹੇ ਕਾਰੇ ਬਾਹਰਲੇ ਸੂਬਿਆਂ ਵਿੱਚ ਕਦੇ ਕਦਾਈਂ ਹੋ ਜਾਂਦੇ ਹਨ ਪਰ ਹੁਣ ਇਹ ਮੇਰੇ ਪਿੰਡ ਵਿਚ ਹੀ ਹੋ ਗਿਆ ਹੈ ਤਾਂ ਮੈਂ ਸੁੰਨ ਹਾਂ।"
ਪਿੰਡ ਵਿੱਚ ਸਹਿਮ ਦਾ ਪਰਛਾਵਾਂ
"ਮੈਨੂੰ ਡਰ ਲੱਗਣ ਲੱਗਾ ਹੈ ਕਿ ਮੇਰੇ ਪੁੱਤ ਪੋਤੀਆਂ ਵੀ ਪੜ੍ਹਾਈ-ਲਿਖਾਈ ਕਰਦੇ ਹਨ, ਕੰਮਾਂ ਕਾਰਾਂ 'ਤੇ ਜਾਂਦੇ ਹਨ, ਜੇ ਅਜਿਹਾ ਸਮਾਜ ਬਣ ਗਿਆ ਤਾਂ ਉਨ੍ਹਾਂ ਦਾ ਭਵਿੱਖ ਕੀ ਹੋਵੇਗਾ?"
ਉਨ੍ਹਾਂ ਦੱਸਿਆ, "ਮਰਨ ਵਾਲਾ ਮੁੰਡਾ ਤੇ ਕੁੜੀ ਦੇ ਪਰਿਵਾਰ ਸਾਊ ਪਰਿਵਾਰਾਂ ਵਿੱਚ ਗਿਣੇ ਜਾਂਦੇ ਹਨ। ਮੁੰਡਾ ਆਪਣਾ ਕੰਮਕਾਰ ਕਰਦਾ ਸੀ ਅਤੇ ਕੁੜੀ ਵਾਲੇ ਖੇਤੀ ਦਾ ਕੰਮ ਕਰਦੇ ਸਨ।"
ਇਹ ਵੀ ਪੜ੍ਹੋ-
"ਪਤਾ ਨਹੀਂ ਹੋਣੀ ਨੂੰ ਕੀ ਮਨਜ਼ੂਰ ਸੀ, 20 ਦਿਨਾਂ ਵਿਚ ਹੀ ਉਥਲ ਪੁਥਲ ਹੋ ਗਈ ਤੇ ਭਾਣਾ ਵਰਤ ਗਿਆ।"
ਰੋਹਤਾਸ਼ ਦੇ ਭਰਾ ਵਿਕਰਮ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਉਸ ਦਾ ਭਰਾ ਅਤੇ ਭਰਜਾਈ ਪੜ੍ਹੇ ਲਿਖੇ ਨਹੀਂ ਸਨ ਤੇ ਜਾਂ ਫਿਰ ਉਨ੍ਹਾਂ ਨੇ ਕਿਸੇ ਬਹਿਕਾਵੇ ਵਿੱਚ ਆ ਕੇ ਆਪਸ ਵਿੱਚ ਵਿਆਹ ਕਰਵਾਇਆ ਸੀ।
"ਮੇਰਾ ਭਰਾ ਰੋਹਤਾਸ਼ ਗ੍ਰੈਜੂਏਟ ਸੀ ਪਰ ਨੌਕਰੀ ਨਾ ਮਿਲਣ ਕਾਰਨ ਉਹ ਮਿਹਨਤ-ਮਜ਼ਦੂਰੀ ਲਈ ਮਜਬੂਰ ਸੀ। ਸੁਮਨ ਨੇ ਵੀ ਬੀਏ ਪਾਸ ਕੀਤੀ ਸੀ ਅਤੇ ਉਹ ਪੜ੍ਹਨ ਸਮੇਂ ਤੋਂ ਹੀ ਇਕ ਦੂਸਰੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ।"
ਪਿੰਡ ਵਿੱਚ ਸਹਿਮ ਦਾ ਪਰਛਾਵਾਂ ਹੋਣ ਕਾਰਨ ਪੁਲਿਸ ਪ੍ਰਸ਼ਾਸਨ ਨੇ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ।
ਪਿੰਡ ਸੱਪਾਂਵਾਲੀ ਦੇ ਸ਼ਮਸ਼ਾਨਘਾਟ ਵਿਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਪੁਲਿਸ ਕਪਤਾਨ ਅਜੈਰਾਜ ਸਿੰਘ ਨੇ 'ਬੀਬੀਸੀ ਪੰਜਾਬੀ' ਨੂੰ ਦੱਸਿਆ ਕੇ ਪਿੰਡ ਵਿੱਚ ਭਾਈਚਾਰਕ ਸਾਂਝ ਕਾਇਮ ਰੱਖਣ ਦੇ ਪੁਖ਼ਤਾ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ, "ਜਿਨ੍ਹਾਂ ਲੋਕਾਂ ਨੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਿਆ ਹੈ ਉਨ੍ਹਾਂ ਖ਼ਿਲਾਫ਼ ਅਸੀਂ ਹਰ ਸੰਭਵ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਅਤੇ ਪਿੰਡ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਭੜਕਾਹਟ ਵਿੱਚ ਨਾ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ।"
ਦੂਜੇ ਪਾਸੇ ਪਿੰਡ ਦੇ ਵਸਨੀਕ ਦੌਲਤ ਰਾਮ ਕੁਝ ਵੱਖਰੇ ਵਿਚਾਰ ਰੱਖਦੇ ਹਨ।
ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਅਣਖਾਂ ਦੀ ਗੱਲ ਅਜੋਕੇ ਵਿਗਿਆਨਕ ਦੌਰ ਵਿੱਚ ਕੋਈ ਅਹਿਮੀਅਤ ਨਹੀਂ ਰੱਖਦੀ।
ਉਨ੍ਹਾਂ ਕਿਹਾ, "ਮੇਰੇ ਵਿਚਾਰ ਅਨੁਸਾਰ ਅਣਖ ਦੀ ਖ਼ਾਤਰ ਮਨੁੱਖਤਾ ਨੂੰ ਦਰਕਿਨਾਰ ਕਰਕੇ ਕਤਲ ਕਰਨਾ ਰੂੜੀਵਾਦੀ ਵਿਚਾਰਧਾਰਾ ਦਾ ਪ੍ਰਤੀਕ ਹੈ।"
"ਜੇਕਰ ਪੜ੍ਹੇ - ਲਿਖੇ ਮੁੰਡਾ-ਕੁੜੀ ਆਪਸ ਵਿੱਚ ਵਿਆਹ ਕਰਵਾਉਦੇ ਹਨ ਤਾਂ ਉਨ੍ਹਾਂ ਦੇ ਫੈਸਲੇ ਦਾ ਸਨਮਾਨ ਕਰਨਾ ਬਣਦਾ ਹੈ ਕਿਉਂਕਿ ਅਜੋਕੇ ਦੌਰ ਦਾ ਪੜ੍ਹਿਆ - ਲਿਖਿਆ ਹਰ ਮੁੰਡਾ ਕੁੜੀ ਅਪਣੇ ਭਵਿੱਖ ਦਾ ਨਫ਼ਾ-ਨੁਕਸਾਨ ਚੰਗੀ ਤਰ੍ਹਾਂ ਜਾਣਦਾ ਹੈ।"
ਦੋਲਤ ਰਾਮ ਕਹਿੰਦੇ ਹਨ, ਰੋਹਤਾਸ਼ ਤੇ ਸੁਮਨ ਦਾ ਕਤਲ ਇਸ ਖਿੱਤੇ ਵਿੱਚ ਹੋਣ ਵਾਲੀ ਇੱਕ ਸ਼ਰਮਨਾਕ ਘਟਨਾ ਹੈ।
ਇਸੇ ਤਰ੍ਹਾਂ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਰੌਂਤਾ ਦੇ ਲੋਕ ਪਿੰਡ ਸੱਪਾਂਵਾਲੀ ਦੀ ਘਟਨਾ ਨੂੰ ਲੈ ਕੇ ਹੱਕੇ-ਬੱਕੇ ਹਨ।
ਅਸਲ ਵਿੱਚ ਨਵ ਵਿਆਹੇ ਜੋੜੇ ਦੇ ਕਤਲ ਦੇ ਤਾਰ ਇਸ ਪਿੰਡ ਨਾਲ ਵੀ ਜੁੜਦੇ ਹਨ।
ਆਪਣੇ ਵਿਆਹ ਤੋਂ ਬਾਅਦ ਰੋਹਤਾਸ਼ ਤੇ ਸੁਮਨ ਪਿੰਡ ਰੌਂਤਾ ਵਿਖੇ ਹੀ ਆਪਣੀ ਕਰੀਬੀ ਰਿਸ਼ਤੇਦਾਰੀ ਵਿੱਚ ਹੀ ਰਹਿ ਰਹੇ ਸਨ।
ਜਿਲ੍ਹਾ ਮੋਗਾ ਦੇ ਐੱਸਐੱਸਪੀ ਸੁਰਿੰਦਰਜੀਤ ਸਿੰਘ ਮੰਡ ਮੁਤਾਬਕ ਇਸ ਜੋੜੇ ਨੂੰ ਪਿੰਡ ਰੌਂਤਾ ਤੋਂ ਹੀ ਅਗਵਾ ਕਰਕੇ ਕਤਲ ਕੀਤਾ ਗਿਆ ਸੀ। ਐੱਸਐੱਸਪੀ ਸੁਰਿੰਦਰਜੀਤ ਸਿੰਘ ਮੰਡ ਨੇ ਦੱਸਿਆ ਕਿ ਇਸ ਘਟਨਾ ਦੇ ਸਬੰਧ ਵਿੱਚ 16 ਜਣਿਆਂ ਦੇ ਖ਼ਿਲਾਫ਼ ਅਗਵਾ ਕਰਨ, ਕਤਲ ਕਰਨ ਅਤੇ ਅਪਰਾਧਿਕ ਸ਼ਾਜਿਸ਼ ਰਚਣ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਪਿੰਡ ਰੌਂਤਾ ਦੇ ਵਸਨੀਕ ਸੁਰਜੀਤ ਸਿੰਘ ਕਹਿੰਦੇ ਹਨ ਕਿ ਜਦੋਂ ਉਨ੍ਹਾਂ ਦੇ ਪਿੰਡ ਵਿੱਚ ਇਸ ਜੋੜੇ ਨੂੰ ਅਗਵਾ ਕਰਨ ਦੀ ਘਟਨਾ ਵਾਪਰੀ ਸੀ ਤਾਂ ਕੁਝ ਖਾਸ ਮਹਿਸੂਸ ਨਹੀਂ ਹੋਇਆ ਸੀ।
"ਅਸੀਂ ਸਮਝਿਆ ਸੀ ਕਿ ਕੋਈ ਪਰਿਵਾਰਕ ਝਗੜਾ ਹੋਵੇਗਾ ਪਰ ਜਦੋਂ ਸਾਨੂੰ ਪਤਾ ਲੱਗਾ ਕੇ ਅਗਵਾ ਕੀਤੇ ਜੋੜੇ ਨੂੰ ਕਤਲ ਕਰ ਕੇ ਲਾਸ਼ਾਂ ਪਿੰਡ ਸੱਪਾਂਵਾਲੀ ਦੇ ਚੌਰਾਹੇ ਵਿੱਚ ਸੁੱਟ ਦਿੱਤੀਆਂ ਗਈਆਂ ਹਨ ਤਾਂ ਅਸੀਂ ਧੁਰ ਅੰਦਰੋਂ ਝੰਜੋੜੇ ਗਏ।"
ਇਹ ਵੀ ਪੜ੍ਹੋ: