ਫ਼ਾਜ਼ਿਲਕਾ 'ਚ ਅਣਖ ਖਾਤਰ ਦੋਹਰਾ ਕਤਲ : 'ਪੁੱਤ ਤੇ ਨੂੰਹ ਨੂੰ ਕੋਹ ਕੋਹ ਕੇ ਮਾਰੇ ਜਾਣ ਦਾ ਦਰਦ ਆਖ਼ਰੀ ਸਾਹਾਂ ਤੱਕ ਰਹੇਗਾ'

ਵੀਡੀਓ ਕੈਪਸ਼ਨ, ਫਾਜ਼ਿਲਕਾ ਵਿੱਚ ਵਿਆਹੁਤਾ ਜੋੜੇ ਦਾ 'ਅਣਖ ਖਾਤਰ ਕਤਲ', ਕੀ ਹੈ ਪੂਰਾ ਮਾਮਲਾ
    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਸਹਿਯੋਗੀ

ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਅਧੀਨ ਪੈਂਦੇ ਪਿੰਡ ਸੱਪਾਂਵਾਲੀ ਵਿਖੇ ਘਰੋਂ ਭੱਜ ਕੇ ਵਿਆਹ ਕਰਵਾਉਣ ਵਾਲੇ ਜੋੜੇ ਨੂੰ ਕਤਲ ਕਰਕੇ ਦਿਨ ਦਿਹਾੜੇ ਪਿੰਡ ਦੇ ਚੁਰਾਹੇ ਵਿੱਚ ਸੁੱਟ ਦਿੱਤਾ ਗਿਆ।

ਰੌਂਗਟੇ ਖੜ੍ਹੇ ਕਰਨ ਵਾਲੀ ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਮਾਤਮ ਹੈ।

"ਜਿਵੇਂ ਹੀ ਸਾਨੂੰ ਪਤਾ ਲੱਗਾ ਕਿ ਪਿੰਡ ਦੇ ਚੁਰਾਹੇ ਵਿੱਚ ਪਿੰਡ ਦੇ ਹੀ ਮੁੰਡੇ ਕੁੜੀ ਦੀਆਂ ਲਾਸ਼ਾਂ ਪਈਆਂ ਹਨ ਤਾਂ ਲੋਕ ਭੱਜ ਕੇ ਚੁਰਾਹੇ ਵਿੱਚ ਚਲੇ ਗਏ।

ਮੰਜ਼ਰ ਦੁਖਦਾਈ ਸੀ ਪਰ ਕਿਸੇ ਨੂੰ ਵੀ ਯਕੀਨ ਨਹੀਂ ਹੋ ਰਿਹਾ ਸੀ ਕਿ ਕੁਝ ਦਿਨ ਪਹਿਲਾਂ ਹੱਸਦੇ ਖੇਡਦੇ ਇਸ ਮੁੰਡੇ ਕੁੜੀ ਦੀ ਲਾਸ਼ ਇਸ ਤਰ੍ਹਾਂ ਮਨੁੱਖਤਾ ਨੂੰ ਸ਼ਰਮਸਾਰ ਕਰ ਰਹੀ ਹੋਵੇਗੀ।"

ਇਹ ਸ਼ਬਦ ਪਿੰਡ ਸੱਪਾਂਵਾਲੀ ਦੇ ਵਸਨੀਕ ਰਤਨ ਲਾਲ ਦੇ ਹਨ, ਜੋ ਕਤਲ ਕੀਤੇ ਗਏ ਰੋਹਤਾਸ਼ ਸਿੰਘ ਦੇ ਘਰ ਅਫ਼ਸੋਸ ਕਰਨ ਲਈ ਪੁੱਜੇ ਹੋਏ ਸਨ।

ਫਾਜ਼ਿਲਕਾ, ਅਣਖ ਖਾਤਰ ਕਤਲ

ਤਸਵੀਰ ਸਰੋਤ, family handout

ਤਸਵੀਰ ਕੈਪਸ਼ਨ, ਰੋਹਤਾਸ਼ ਸਿੰਘ ਤੇ ਸੁਮਨ ਨੇ ਹਾਲ ਹੀ 'ਚ ਵਿਆਹ ਕੀਤਾ ਸੀ

ਰਤਨ ਲਾਲ ਕਹਿੰਦੇ ਹਨ, "ਰੋਹਤਾਸ਼ ਤੇ ਸੁਮਨ ਨੂੰ ਜਿਸ ਤਰ੍ਹਾਂ ਨਾਲ ਮਾਰ ਕੇ ਗਲੀ ਵਿੱਚ ਸੁੱਟਿਆ ਗਿਆ, ਉਸ ਦਾ ਦਰਦ ਬਿਆਨ ਕਰਨਾ ਔਖਾ ਹੈ।"

ਪੁਲਿਸ ਦਾ ਕਹਿਣਾ ਹੈ ਕਿ ਅਸਲ ਵਿੱਚ ਇਸ ਨਵੇ ਵਿਆਹੇ ਜੋੜੇ ਨੂੰ ਜ਼ਿਲ੍ਹਾ ਮੋਗਾ ਦੇ ਪਿੰਡ ਰੌਂਤਾ ਵਿੱਚ ਕੁਝ ਲੋਕਾਂ ਨੇ ਕਥਿਤ ਤੌਰ 'ਤੇ ਮਾਰ ਮੁਕਾਇਆ।

ਇਹ ਵੀ ਪੜ੍ਹੋ:

ਕਿਵੇਂ ਹੋਈ ਵਾਰਦਾਤ

ਅਸਲ ਵਿੱਚ ਰੋਹਤਾਸ਼ ਸਿੰਘ ਵਿਆਹ ਤੋਂ ਬਾਅਦ ਆਪਣੀ ਪਤਨੀ ਨੂੰ ਆਪਣੀ ਭੈਣ ਦੇ ਘਰ ਪਿੰਡ ਰੌਂਤਾ ਵਿਖੇ ਲੈ ਗਿਆ ਸੀ, ਜਿੱਥੋਂ ਪੁਲਿਸ ਮੁਤਾਬਕ ਉਨ੍ਹਾਂ ਨੂੰ 'ਅਗਵਾ' ਕੀਤਾ ਗਿਆ ਸੀ।

ਰੋਹਤਾਸ਼ ਦੇ ਜੀਜਾ ਸੁਖਦੇਵ ਸਿੰਘ ਨੇ ਜ਼ਿਲ੍ਹਾ ਮੋਗਾ ਦੇ ਥਾਣਾ ਨਿਹਾਲ ਸਿੰਘ ਵਾਲਾ ਵਿਚ ਆਪਣੇ ਬਿਆਨ ਦਰਜ ਕਰਵਾਏ ਹਨ।

ਸੁਖਦੇਵ ਸਿੰਘ ਦੇ ਬਿਆਨਾਂ ਮੁਤਾਬਕ ਕੁਝ ਵਿਅਕਤੀ ਐਤਵਾਰ ਵਾਲੇ ਦਿਨ ਜ਼ਬਰਦਸਤੀ ਦੁਪਹਿਰ ਸਮੇਂ ਉਸ ਦੇ ਘਰ ਵਿੱਚ ਦਾਖ਼ਲ ਹੋ ਗਏ ਅਤੇ ਰੋਹਤਾਸ਼ ਤੇ ਸੁਮਨ ਦੀ ਕੁੱਟਮਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਨਾਲ ਲੈ ਗਏ।

ਫਾਜ਼ਿਲਕਾ, ਅਣਖ ਖਾਤਰ ਕਤਲ

ਤਸਵੀਰ ਸਰੋਤ, Surinder maan/bbc

ਤਸਵੀਰ ਕੈਪਸ਼ਨ, ਜੋੜੇ ਦੇ ਕਤਲ ਮਗਰੋਂ ਪਿੰਡ ਵਿੱਚ ਮਾਤਮ ਪਸਰਿਆ ਹੋਇਆ ਹੈ

ਪੁਲਿਸ ਵੱਲੋਂ ਦਰਜ ਕੀਤੀ ਗਈ ਐਫਆਈਆਰ ਮੁਤਾਬਕ ਇਸ ਮਗਰੋਂ ਰੋਹਤਾਸ਼ ਅਤੇ ਸੁਮਨ ਦਾ ਕਤਲ ਕਰ ਦਿੱਤਾ ਗਿਆ।

ਇਸ ਮਗਰੋਂ ਰੋਹਤਾਸ਼ ਤੇ ਸੁਮਨ ਦੀਆਂ ਲਾਸ਼ਾਂ ਪਿੰਡ ਸੱਪਾਂਵਾਲੀ ਦੇ ਚੌਰਾਹੇ ਵਿੱਚ ਮਿਲੀਆਂ।

ਮਰਨ ਵਾਲੇ ਰੋਹਤਾਸ਼ ਦੀ ਮਾਂ ਸਲੋਚਨਾ ਦੇਵੀ ਕੀਰਨੇ ਪਾਉਂਦੀ ਹੋਈ ਕਹਿੰਦੀ ਹੈ ਕਿ ਜਿਨ੍ਹਾਂ ਨੇ ਉਸ ਦੇ ਪੁੱਤਰ ਅਤੇ ਨੂੰਹ ਨੂੰ ਕੋਹ ਕੋਹ ਕੇ ਮਾਰਿਆ ਹੈ, ਉਨ੍ਹਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

'ਮੇਰਾ ਤਾਂ ਜਹਾਨ ਹੀ ਉੱਜੜ ਗਿਆ'

ਸਲੋਚਨਾ ਦੇਵੀ ਕਹਿੰਦੀ ਹੈ, "ਮੇਰਾ ਤਾਂ ਜਹਾਨ ਉੱਜੜ ਗਿਆ ਹੈ। ਜਿਸ ਤਰੀਕੇ ਨਾਲ ਮੇਰੇ ਨੌਜਵਾਨ ਪੁੱਤਰ ਅਤੇ ਨੂੰਹ ਨੂੰ ਮਾਰਿਆ ਗਿਆ ਹੈ, ਉਹ ਮੈਨੂੰ ਆਖ਼ਰੀ ਸਾਹ ਤੱਕ ਇੱਕ ਦਰਦ ਦੇ ਰੂਪ ਵਿਚ ਕੋਂਹਦਾ ਰਹੇਗਾ॥"

ਮ੍ਰਿਤਕ ਮੁੰਡੇ ਦੀ ਭੈਣ ਮਮਤਾ ਰਾਣੀ ਨੇ ਦੱਸਿਆ ਕਿ ਉਸ ਦਾ ਭਰਾ ਰੋਹਤਾਸ਼ ਅਤੇ ਪਿੰਡ ਦੀ ਹੀ ਇੱਕ ਕੁੜੀ ਸੁਮਨ ਆਪਸ ਵਿੱਚ ਇੱਕ ਦੂਜੇ ਨੂੰ ਪਿਆਰ ਕਰਦੇ ਸਨ।

"ਮੇਰਾ ਭਰਾ ਅਤੇ ਸੁਮਨ 29 ਸਤੰਬਰ ਨੂੰ ਘਰੋਂ ਚਲੇ ਗਏ ਸਨ ਅਤੇ ਉਨ੍ਹਾਂ ਨੇ ਦਿੱਲੀ ਵਿਖੇ ਵਿਆਹ ਕਰਵਾਉਣ ਤੋਂ ਬਾਅਦ ਅਦਾਲਤ ਵਿੱਚ ਆਪਣਾ ਵਿਆਹ ਰਜਿਸਟਰਡ ਕਰਵਾ ਲਿਆ ਸੀ।"

"ਸਾਨੂੰ ਭਰਾ ਦੇ ਵਿਆਹ ਦਾ ਚਾਅ ਸੀ ਪਰ ਇਹ ਨਹੀਂ ਪਤਾ ਸੀ ਕਿ ਇਹ ਖੁਸ਼ੀਆਂ ਛੇਤੀ ਹੀ ਹਉਕਿਆਂ ਵਿੱਚ ਬਦਲ ਜਾਣਗੀਆਂ।"

ਫਾਜ਼ਿਲਕਾ, ਅਣਖ ਖਾਤਰ ਕਤਲ

ਤਸਵੀਰ ਸਰੋਤ, Surinder maan/bbc

ਤਸਵੀਰ ਕੈਪਸ਼ਨ, ਮ੍ਰਿਤਕ ਮੁੰਡੇ ਦੀ ਭੈਣ ਨੇ ਦੱਸਿਆ ਕਿ ਕਿਵੇਂ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ

ਜ਼ਿਲ੍ਹਾ ਫ਼ਾਜ਼ਿਲਕਾ ਦੇ ਐੱਸਪੀ ਅਜੇ ਰਾਜ ਸਿੰਘ ਨੇ ਦੱਸਿਆ ਕਿ ਇਨ੍ਹਾਂ ਕਤਲਾਂ ਦੇ ਸਬੰਧ ਵਿੱਚ ਜ਼ਿਲ੍ਹਾ ਮੋਗਾ ਦੇ ਥਾਣਾ ਨਿਹਾਲ ਸਿੰਘ ਵਾਲਾ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ।

"ਜ਼ਿਲ੍ਹਾ ਫ਼ਾਜ਼ਿਲਕਾ ਅਤੇ ਜ਼ਿਲ੍ਹਾ ਮੋਗਾ ਦੀ ਪੁਲਿਸ ਨੇ ਦੋਸ਼ੀਆਂ ਨੂੰ ਫੜਨ ਲਈ ਬਕਾਇਦਾ ਤੌਰ 'ਤੇ ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ ਦਾ ਗਠਨ ਕੀਤਾ ਹੈ ਅਤੇ ਛੇਤੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।"

"ਅਸੀਂ ਹੁਣ ਤੱਕ ਜਿਹੜੇ ਮੁਲਜ਼ਮਾਂ ਨੂੰ ਫੜਿਆ ਹੈ, ਉਨ੍ਹਾਂ ਨੂੰ ਮੋਗਾ ਪੁਲਿਸ ਦੇ ਸਪੁਰਦ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।"

ਉੱਧਰ, ਰੋਹਤਾਸ਼ ਅਤੇ ਸੁਮਨ ਦੀਆਂ ਲਾਸ਼ਾਂ ਦਾ ਅੰਤਮ ਸੰਸਕਾਰ ਪਿੰਡ ਸੱਪਾਂਵਾਲੀ ਦੇ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ।

ਫਾਜ਼ਿਲਕਾ, ਅਣਖ ਖਾਤਰ ਕਤਲ

ਤਸਵੀਰ ਸਰੋਤ, Surinder maan/bbc

ਤਸਵੀਰ ਕੈਪਸ਼ਨ, ਪੁਲਿਸ ਨੇ ਇਸ ਮਾਮਲੇ ਵਿੱਚ 16 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ

ਮ੍ਰਿਤਕ ਮੁੰਡੇ ਦੇ ਭਰਾ ਵਿਕਰਮ ਸਿੰਘ ਨੇ ਦੱਸਿਆ ਕਿ ਰੋਹਤਾਸ਼ ਅਤੇ ਉਸ ਦੀ ਪਤਨੀ ਸੁਮਨ ਦਾ ਇੱਕੋ ਸਮੇਂ ਅੰਤਿਮ ਸੰਸਕਾਰ ਕੀਤਾ ਗਿਆ ਹੈ।

"ਆਖਰਕਾਰ ਸੁਮਨ ਮੇਰੇ ਭਰਾ ਦੀ ਪਤਨੀ ਸੀ ਅਤੇ ਸਾਡਾ ਹੀ ਫ਼ਰਜ਼ ਬਣਦਾ ਸੀ ਕਿ ਅਸੀਂ ਪੂਰੇ ਧਾਰਮਿਕ ਰੀਤੀ-ਰਿਵਾਜ਼ਾਂ ਨਾਲ ਦੋਵਾਂ ਦਾ ਸਸਕਾਰ ਕਰੀਏ ਅਤੇ ਅਸੀਂ ਆਪਣੀ ਡਿਊਟੀ ਨਿਭਾ ਕੇ ਪ੍ਰਮਾਤਮਾ ਅੱਗੇ ਨਿਆਂ ਲਈ ਅਰਦਾਸ ਕਰ ਦਿੱਤੀ ਹੈ।"

ਇਹ ਵੀ ਪੜ੍ਹੋ:

ਇਹ ਵੀ ਵੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)