ਪੰਜਾਬ ਕਾਂਗਰਸ ਵਿਵਾਦ: 5 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਜਾਣਨਾ ਚਾਹੁੰਦੇ ਹੋ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਕੁਝ ਮੰਤਰੀਆਂ ਅਤੇ ਵਿਧਾਇਕਾਂ ਵਲੋਂ ਅਹੁਦੇ ਤੋਂ ਬਦਲਣ ਦੀ ਮੰਗ ਨੇ ਪੰਜਾਬ ਕਾਂਗਰਸ ਦੀ ਖਾਨਾਜੰਗੀ ਨੂੰ ਹੋਰ ਸਿਖ਼ਰਾਂ ਵੱਲ ਤੋਰ ਦਿੱਤਾ ਹੈ।

ਇਸ ਤੋਂ ਇਹ ਵੀ ਸੰਕੇਤ ਮਿਲਦਾ ਹੈ ਕਿ ਨਵਜੋਤ ਸਿੱਧੂ ਦੀ ਨਿਯੁਕਤੀ ਨਾਲ ਸੂਬਾ ਇਕਾਈ ਵਿੱਚ ਅਸਹਿਮਤੀ ਨੂੰ ਦੂਰ ਕਰਨ ਦੇ ਪਾਰਟੀ ਦੇ ਹਾਲ ਦੇ ਯਤਨਾਂ ਨੂੰ ਕੋਈ ਸਫਲਤਾ ਨਹੀਂ ਮਿਲੀ ਹੈ।

ਭਾਵੇਂ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਹੈ ਕਿ ਪੰਜਾਬ ਕਾਂਗਰਸ 2022 ਦੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਲੜੇਗੀ, ਪਰ ਕੁੱਝ ਅਜਿਹੇ ਸਵਾਲ ਹਨ ਜੋ ਸ਼ਾਇਦ ਪੰਜਾਬ ਦੇ ਲੋਕਾਂ ਦੇ ਦਿਮਾਗ਼ ਵਿੱਚ ਹੋਣ।

ਇਹ ਵੀ ਪੜ੍ਹੋ-

ਸਵਾਲ: ਕਾਂਗਰਸ ਦੇ ਅੰਦਰ ਕੀ ਚੱਲ ਰਿਹਾ ਹੈ?

ਪੰਜਾਬ ਦੇ ਚਾਰ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸਰਕਾਰੀਆ, ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਹਰੀਸ਼ ਰਾਵਤ ਨੂੰ ਮਿਲਣ ਲਈ ਦੇਹਰਾਦੂਨ ਗਏ ਸਨ।

ਮੀਟਿੰਗ ਤੋਂ ਬਾਅਦ ਉਨ੍ਹਾਂ ਦੇ ਵੀਰਵਾਰ ਨੂੰ ਨਵੀਂ ਦਿੱਲੀ ਜਾਣ ਅਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਹੋਣ ਦੀ ਸੰਭਾਵਨਾ ਸੀ।

ਇਨ੍ਹਾਂ ਮੰਤਰੀਆਂ ਅਤੇ ਦੋ ਦਰਜਨ ਦੇ ਕਰੀਬ ਵਿਧਾਇਕਾਂ ਨੇ ਮੰਗਲਵਾਰ ਨੂੰ ਇੱਥੇ ਇੱਕ ਮੀਟਿੰਗ ਕੀਤੀ ਸੀ ਅਤੇ ਮੁੱਖ ਮੰਤਰੀ ਨੂੰ ਬਦਲਣ ਦੀ ਮੰਗ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦਾ ਅਧੂਰੇ ਵਾਅਦਿਆਂ ਕਾਰਨ ਕੈਪਟਨ ਤੋਂ ਵਿਸ਼ਵਾਸ ਉੱਠ ਗਿਆ ਹੈ।

ਕੈਬਨਿਟ ਮੰਤਰੀ ਚਰਨਜੀਤ ਚੰਨੀ ਦਾ ਕਹਿਣਾ ਹੈ ਕਿ ਪਾਰਟੀ ਦੇ ਵਿਧਾਇਕ ਇਸ ਗੱਲ ਤੋਂ ਚਿੰਤਤ ਹਨ ਕਿ 2017 ਦੀਆਂ ਚੋਣਾਂ ਤੋਂ ਪਹਿਲਾਂ ਅਮਰਿੰਦਰ ਸਰਕਾਰ ਵੱਲੋਂ ਬਣਾਏ ਗਏ ਮੁੱਖ ਚੋਣ ਅਮਲ ਅਧੂਰੇ ਰਹੇ।

ਉਹ ਕਹਿੰਦੇ ਹਨ ਕਿ ਪੰਜਾਬ ਸਰਕਾਰ ਨੇ ਬੇਅਦਬੀ ਦੇ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਹੈ। ਪਰ ਇਸ ਤੋਂ ਮਗਰੋਂ ਕੁੱਝ ਨਹੀਂ ਕੀਤਾ ਗਿਆ।

ਪਰ ਹਰੀਸ਼ ਰਾਵਤ ਨੇ ਸਾਫ਼ ਕੀਤਾ ਹੈ ਕਿ ਪਾਰਟੀ ਸਾਲ 2022 ਦੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਾਂ ਹੀ ਲੜੇਗੀ। ਇਸ ਨਾਲ ਕੈਪਟਨ ਨੂੰ ਹਟਾਉਣ ਵਾਲੇ ਵਿਧਾਇਕਾਂ ਤੇ ਮੰਤਰੀਆਂ ਨੂੰ ਵੱਡਾ ਝਟਕਾ ਲੱਗਾ ਹੈ।

ਮੰਤਰੀ ਕਿਉਂ ਹੋਏ ਹਮਲਾਵਰ

ਸਵਾਲ : ਜਿਹੜੇ ਪਹਿਲਾਂ ਉਨ੍ਹਾਂ ਦੇ ਨਜ਼ਦੀਕ ਦੇਖੇ ਗਏ ਸਨ, ਉਹ ਕੈਪਟਨ ਅਮਰਿੰਦਰ ਸਿੰਘ ਉੱਤੇ ਹਮਲਾ ਕਿਉਂ ਕਰ ਰਹੇ ਹਨ

ਚੰਡੀਗੜ ਦੀ ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਕਹਿੰਦੇ ਹਨ ਕਿ ਰਾਜਨੀਤੀ ਵਿੱਚ ਹਰ ਸਮੇਂ ਅਜਿਹਾ ਹੁੰਦਾ ਰਹਿੰਦਾ ਹੈ। ਨੇੜਲੇ ਵਿਅਕਤੀ ਵਿਰੋਧੀ ਹੋ ਜਾਂਦੇ ਹਨ ਅਤੇ ਕਿਸੇ ਵੇਲੇ ਦੇ ਵਿਰੋਧੀ ਨੇੜੇ ਆ ਜਾਂਦੇ ਹਨ।

ਉਹ ਕਹਿੰਦੇ ਹਨ, "ਰਾਜਨੀਤੀ ਵਿੱਚ ਕੋਈ ਸਥਾਈ ਦੋਸਤ ਜਾਂ ਦੁਸ਼ਮਣ ਨਹੀਂ ਹੁੰਦੇ, ਕਿਸੇ ਸਮੇਂ ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਨੇੜਲੇ ਵਿਅਕਤੀਆਂ ਵਿੱਚ ਸ਼ਾਮਲ ਸਨ। ਪਰ ਪਿਛਲੇ ਲੰਮੇ ਸਮੇਂ ਤੋਂ ਉਹ ਉਨ੍ਹਾਂ ਦੇ ਵੱਡੇ ਆਲੋਚਕਾਂ ਵਿੱਚੋਂ ਰਹੇ ਹਨ। "

ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਦੀ ਗੱਲ ਚੱਲੀ ਤਾਂ ਪ੍ਰਤਾਪ ਬਾਜਵਾ ਮੁੜ ਤੋਂ ਕੈਪਟਨ ਖ਼ੇਮੇ ਵਿੱਚ ਦਿਖਣ ਲੱਗੇ।

ਇਹ ਵੀ ਪੜ੍ਹੋ-

ਉਹ ਅੱਗੇ ਕਹਿੰਦੇ ਹਨ ਕਿ ਸਰਕਾਰ ਬਹੁਤ ਸਰਗਰਮ ਨਹੀਂ ਰਹੀ ਹੈ ਅਤੇ ਵਾਅਦੇ ਪੂਰੇ ਕਰਨ ਵਿੱਚ ਅਸਫਲ ਰਹੀ ਹੈ।

"ਲੋਕਾਂ ਵਿੱਚ ਇਹ ਧਾਰਨਾ ਹੈ ਕਿ ਸਰਕਾਰ ਨੇ ਕੰਮ ਨਹੀਂ ਕੀਤਾ। ਇਸ ਤੋਂ ਇਲਾਵਾ, ਕਾਰਜਕਾਲ ਦੀ ਸ਼ੁਰੂਆਤ ਤੋਂ ਹੀ ਅਮਰਿੰਦਰ ਨੇ ਕਦੇ ਵੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਕੋਈ ਤਵੱਜੋ ਨਹੀਂ ਦਿੱਤੀ। ਉਨ੍ਹਾਂ ਨੂੰ ਡਰ ਹੈ ਕਿ ਉਹ ਆਗਾਮੀ ਚੋਣਾਂ ਵਿੱਚ ਟਿਕਟਾਂ ਗੁਆ ਸਕਦੇ ਹਨ।"

ਸ਼ਾਇਦ ਇਸੇ ਲਈ ਮੰਤਰੀ ਅਤੇ ਕਈ ਵਿਧਾਇਕਾਂ ਨੇ ਮੁੱਖ ਮੰਤਰੀ ਖ਼ਿਲਾਫ਼ ਮੋਰਚਾ ਖੋਲ ਦਿੱਤਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਕੈਪਟਨ ਦੀ ਸਿਆਸੀ ਪੁਜ਼ੀਸ਼ਨ

ਸਵਾਲ: ਹੁਣ ਕਿਉਂ ਇਹ ਵਿਰੋਧ ਕਰ ਰਹੇ ਹਨ?

ਪੰਜਾਬ ਯੂਨੀਵਰਸਿਟੀ, ਚੰਡੀਗੜ, ਦੇ ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਵਿੱਚੋਂ ਕੁਝ ਪਿਛਲੇ ਕਈ ਮਹੀਨਿਆਂ ਤੋਂ ਮੁੱਖ ਮੰਤਰੀ ਦੀ ਆਲੋਚਨਾ ਕਰ ਰਹੇ ਹਨ।

ਆਸ਼ੂਤੋਸ਼ ਕਹਿੰਦੇ ਹਨ, "ਉਹ ਜਾਣਦੇ ਹਨ ਕਿ ਚੋਣਾਂ ਨੇੜੇ ਹਨ ਅਤੇ ਅਮਰਿੰਦਰ ਸਿੰਘ ਨਾ ਤਾਂ ਹੁਣ ਕਿਸੇ ਦਾ ਬਹੁਤਾ ਫ਼ਾਇਦਾ ਕਰ ਸਕਦੇ ਹਨ ਅਤੇ ਨਾ ਹੀ ਬਹੁਤਾ ਨੁਕਸਾਨ ਪਹੁੰਚਾ ਸਕਦੇ ਹਨ।

ਇਸੇ ਲਈ ਉਹ ਹੁਣ ਖੁੱਲ ਕੇ ਅੱਗੇ ਆ ਰਹੇ ਹਨ। ਆਮ ਤੌਰ 'ਤੇ ਇਹ ਚੀਜ਼ਾਂ ਚੋਣਾਂ ਦੇ ਨੇੜੇ ਹੁੰਦੀਆਂ ਹਨ। ਲੋਕ ਹੁਣ ਹੋਰ ਵਿਕਲਪ ਵੀ ਭਾਲਦੇ ਹਨ।

ਦੂਜਾ, ਉਨ੍ਹਾਂ ਦਾ ਮੰਨਣਾ ਹੈ ਕਿ ਬੇਅਦਬੀ ਚੋਣਾਂ ਵਿੱਚ ਇੱਕ ਵੱਡਾ ਮੁੱਦਾ ਹੋਵੇਗੀ ਅਤੇ 'ਆਪ' ਚੋਣਾਂ ਵਿੱਚ ਇਸ ਦਾ ਲਾਭ ਲੈਣ ਦੀ ਕੋਸ਼ਿਸ਼ ਕਰ ਸਕਦੀ ਹੈ।

ਮਾਹਿਰ ਕਹਿੰਦੇ ਹਨ ਕਿ ਅਸਲੀਅਤ ਇਹ ਹੈ ਕਿ ਜਦੋਂ ਚੋਣਾਂ ਨੂੰ ਸਿਰਫ਼ ਛੇ ਮਹੀਨੇ ਬਾਕੀ ਹਨ ਤਾਂ ਮੰਤਰੀ ਹੁਣ ਕੈਪਟਨ ਨੂੰ ਬਦਲਣ ਦੀ ਮੰਗ ਕਰ ਰਹੇ ਹਨ।

ਜੇ ਉਨ੍ਹਾਂ ਨੂੰ ਅਮਰਿੰਦਰ 'ਤੇ ਵਿਸ਼ਵਾਸ ਨਹੀਂ ਸੀ, ਤਾਂ ਉਨ੍ਹਾਂ ਨੇ ਸਾਢੇ ਚਾਰ ਸਾਲਾਂ ਤੱਕ ਇਸ ਮੁੱਦੇ ਨੂੰ ਕਿਉਂ ਨਹੀਂ ਚੁੱਕਿਆ?

ਕੈਬਨਿਟ ਮੀਟਿੰਗਾਂ ਹੋਈਆਂ ਅਤੇ ਇਸ ਦੌਰਾਨ ਕਈ ਹੋਰ ਮੌਕੇ ਸੀ। ਸਪੱਸ਼ਟ ਹੈ ਕਿ ਇਹ ਰਾਜਨੀਤੀ ਹੈ ਅਤੇ ਵਿਧਾਇਕ ਅਤੇ ਮੰਤਰੀ ਮੁੱਖ ਮੰਤਰੀ ਦੇ ਵਿਰੁੱਧ ਬੋਲ ਕੇ ਆਪਣਾ ਭਵਿੱਖ ਸੁਰੱਖਿਅਤ ਕਰਨਾ ਚਾਹੁੰਦੇ ਹਨ ਤਾਂ ਜੋ ਉਹ ਭਲਕੇ ਜਨਤਾ ਨੂੰ ਦੱਸ ਸਕਣ ਕਿ ਉਨ੍ਹਾਂ ਨੇ ਆਪਣੇ ਪੱਧਰ 'ਤੇ ਕੋਸ਼ਿਸ਼ ਕੀਤੀ ਹੈ।

ਕਿਸ ਨੂੰ ਨਫ਼ਾ ਕਿਸ ਨੂੰ ਨੁਕਸਾਨ

ਸਵਾਲ: ਇਸ ਸਾਰੇ ਘਟਨਾਕ੍ਰਮ ਨਾਲ ਕਿਸਨੂੰ ਫਾਇਦਾ ਤੇ ਕਿਸਨੂੰ ਨੁਕਸਾਨ ਹੋ ਸਕਦਾ ਹੈ ?

ਪਾਰਟੀ ਦੇ ਆਗੂ ਇੱਕ ਦੂਜੇ ਉੱਤੇ ਇੱਥੋਂ ਤੱਕ ਕਿ ਮੁੱਖ ਮੰਤਰੀ ਉੱਤੇ ਵੀ ਹਮਲੇ ਕਰ ਰਹੇ ਹਨ। ਇਹ ਨਾ ਸਿਰਫ਼ ਪਾਰਟੀ ਦੇ ਕਾਡਰ ਦੇ ਮਨੋਬਲ ਨੂੰ ਪ੍ਰਭਾਵਤ ਕਰ ਸਕਦਾ ਹੈ ਬਲਕਿ ਚੋਣਾਂ ਵਿੱਚ ਇਸ ਦੀਆਂ ਸੰਭਾਵਨਾਵਾਂ 'ਤੇ ਵੀ ਮਾੜਾ ਪ੍ਰਭਾਵ ਪਾਉਂਦਾ ਹੈ।

ਪ੍ਰੋਫੈਸਰ ਆਸ਼ੂਤੋਸ਼ ਦਾ ਕਹਿਣਾ ਹੈ ਕਿ ਕਾਂਗਰਸ ਹਾਈ ਕਮਾਂਡ ਨੇ ਮੁੱਦੇ ਵਿੱਚ ਦਖ਼ਲ ਵੀ ਦਿੱਤਾ ਅਤੇ ਇਸ ਮੁੱਦੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ।

"ਪਰ ਇਹ ਮਸਲਾ ਅਣਸੁਲਝਿਆ ਰਹਿ ਗਿਆ ਹੈ ਅਤੇ ਇਹ ਹਾਈ ਕਮਾਂਡ ਦੀ ਕਮਜ਼ੋਰੀ ਨੂੰ ਦਰਸਾਉਂਦਾ ਹੈ।''

"ਉਦਾਹਰਨ ਵਜੋਂ, ਨਵਜੋਤ ਸਿੱਧੂ ਉਤਸ਼ਾਹੀ ਹਨ ਅਤੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਫੇਰ ਤੁਹਾਨੁੰ ਕੀ ਲੱਗਦਾ ਹੈ ਕਿ ਜੇ ਹਰੀਸ਼ ਰਾਵਤ ਉਨ੍ਹਾਂ ਨੂੰ ਕਹਿਣਗੇ ਤਾਂ ਇਹ ਸਾਰੇ ਮੰਤਰੀ ਤੇ ਐਮਐਲਏ ਸ਼ਾਂਤ ਹੋ ਜਾਣਗੇ।"

"ਦੂਜੇ ਪਾਸੇ ਅਮਰਿੰਦਰ ਸਿੰਘ ਇੱਕ ਪੁਰਾਣੇ ਸਿਆਸਤਦਾਨ ਹਨ ਅਤੇ ਉਹ ਵੀ ਚੁੱਪ ਨਹੀਂ ਬੈਠਣਗੇ। ਕਾਂਗਰਸੀ ਆਗੂ ਆਪਣੇ ਆਪ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਈਕਮਾਂਡ ਨੇ ਪਾਰਟੀ ਉੱਤੇ ਆਪਣੀ ਪਕੜ ਗੁਆ ਦਿੱਤੀ ਹੈ।"

ਇਸ ਵਿਵਾਦ ਵਿੱਚ ਕਿਸ ਨੂੰ ਨਫ਼ਾ ਹੋਏਗਾ ਅਤੇ ਕਿਸ ਨੂੰ ਨੁਕਸਾਨ ਬਾਰੇ ਪੁੱਛੇ ਜਾਣ ਉੱਤੇ ਪ੍ਰੋਫੈਸਰ ਆਸ਼ੂਤੋਸ਼ ਕਹਿੰਦੇ ਹਨ, "ਇਹ ਬਹੁਤ ਜ਼ਰੂਰੀ ਪ੍ਰਸ਼ਨ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਚਤ ਤੌਰ 'ਤੇ ਲਾਭ ਮਿਲੇਗਾ।

ਇਹ ਇੱਕ ਪੁਰਾਣੀ ਪਾਰਟੀ ਹੈ। ਪਰ ਪਾਰਟੀ ਕਿੰਨਾ ਲਾਭ ਪ੍ਰਾਪਤ ਕਰੇਗੀ ਇਹ ਵੇਖਣਾ ਬਾਕੀ ਹੈ।

ਆਮ ਆਦਮੀ ਪਾਰਟੀ ਛੁਪਿਆ ਰੁਸਤਮ ਹੋ ਸਕਦੀ ਹੈ। ਜੇ ਉਹ ਸਹੀ ਵਿਅਕਤੀਆਂ ਨੂੰ ਟਿਕਟਾਂ ਦਿੰਦੇ ਹਨ ਤਾਂ ਉਹ ਇੱਕ ਵੱਡੇ ਦਾਅਵੇਦਾਰ ਹੋ ਸਕਦੇ ਹਨ।

"ਕਾਂਗਰਸ ਪ੍ਰਭਾਵਿਤ ਹੋਵੇਗੀ ਕਿਉਂਕਿ ਕੈਪਟਨ ਦੇ ਬਹੁਤ ਸਾਰੇ ਵਿਰੋਧੀਆਂ ਨੂੰ ਲੱਗੇਗਾ ਕਿ ਉਨ੍ਹਾਂ ਨੂੰ ਟਿਕਟਾਂ ਨਹੀਂ ਮਿਲਣਗੀਆਂ ਅਤੇ ਉਨ੍ਹਾਂ ਨੂੰ ਇਹ ਵੀ ਡਰ ਹੋਏਗਾ ਕਿ ਜੇ ਉਹਨਾਂ ਨੂੰ ਟਿਕਟ ਮਿਲ ਵੀ ਗਈ ਤਾਂ ਵੀ ਉਹ ਉਨ੍ਹਾਂ ਨੂੰ ਜਿੱਤਣ ਨਹੀਂ ਦੇਣਗੇ। ਇਸੇ ਤਰ੍ਹਾਂ ਦਾ ਡਰ ਨਵਜੋਤ ਸਿੱਧੂ ਦੇ ਆਲੋਚਕਾਂ ਨੂੰ ਵੀ ਹੋਏਗਾ।"

ਇਤਿਹਾਸ ਕੀ ਕਹਿੰਦਾ ਹੈ

ਸਵਾਲ: ਕੀ ਪੰਜਾਬ ਕਾਂਗਰਸ ਵਿੱਚ ਪਹਿਲਾਂ ਵੀ ਅਜਿਹਾ ਹੋਇਆ ਹੈ?

ਹਾਂ, 1995 ਵਿੱਚ ਬੇਅੰਤ ਸਿੰਘ ਮੁੱਖ ਮੰਤਰੀ ਸਨ, ਜਦੋਂ ਬਹੁਤ ਸਾਰੇ ਵਿਧਾਇਕਾਂ ਨੇ ਉਨ੍ਹਾਂ ਨੂੰ ਹਟਾਉਣ ਦੀ ਮੰਗ ਕੀਤੀ ਅਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਦੁਆਲੇ ਹੋ ਗਏ ।

ਬਾਗੀ ਲੁਧਿਆਣਾ ਦੇ ਇੱਕ ਮੰਚ 'ਤੇ ਇਕੱਠੇ ਹੋਏ ਅਤੇ "ਪੰਜਾਬ ਕਾਂਗਰਸ ਬਚਾਓ" ਮੁਹਿੰਮ ਦੀ ਮੰਗ ਕੀਤੀ। ਉਨ੍ਹਾਂ ਨੇ ਬੇਅੰਤ ਨੂੰ ਬਦਲਣ ਦੀ ਵੀ ਮੰਗ ਕੀਤੀ ਅਤੇ ਬੂਟਾ ਸਿੰਘ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿੱਚ ਪਾਰਟੀ ਦੀ ਵਾਗਡੋਰ ਸੰਭਾਲਣ।

ਫਿਰ 1996 ਵਿੱਚ ਅਜਿਹਾ ਹੋਇਆ ਜਦੋਂ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਸੀ ।

ਪਾਰਟੀ ਨੇ ਲੋਕ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਅਤੇ ਪਾਰਟੀ ਅੰਦਰ ਅਸੰਤੁਸ਼ਟੀ ਕਾਰਨ ਮੁੱਖ ਮੰਤਰੀ ਐਚ.ਐਸ. ਬਰਾੜ. ਦੀ ਕੁਰਸੀ ਖਤਰੇ ਵਿੱਚ ਆ ਗਈ ਸੀ।

ਹਾਈ ਕਮਾਂਡ ਨੇ ਵਿਵਾਦ ਨਿਪਟਾਉਣ ਲਈ ਦਖ਼ਲ ਦਿੱਤਾ।

ਬਾਗੀਆਂ ਦੀ ਅਗਵਾਈ ਤਤਕਾਲੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਕੀਤੀ ਅਤੇ ਵਿਦਰੋਹੀਆਂ ਨੇ 81 ਕਾਂਗਰਸੀ ਵਿਧਾਇਕਾਂ ਵਿੱਚੋਂ 44 ਦੇ ਸਮਰਥਨ ਦਾ ਦਾਅਵਾ ਕੀਤਾ, ਜਿਹਨਾਂ ਨੇ ਅਸਤੀਫ਼ੇ ਦੇ ਦਿੱਤੇ ਸੀ।

ਇਹ ਵੀ ਪੜ੍ਹੋ:-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)