You’re viewing a text-only version of this website that uses less data. View the main version of the website including all images and videos.
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੀ ਅੰਦਰੂਨੀ ਲੜਾਈ ਪਾਰਟੀ ਨੂੰ ਕਿੱਧਰ ਲਿਜਾ ਰਹੀ ਹੈ
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਜਿਵੇਂ ਜਿਵੇਂ 2022 ਦੇ ਸ਼ੁਰੂ ਵਿੱਚ ਹੋਣ ਵਾਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਪੰਜਾਬ ਦੀ ਸੱਤਾਧਾਰੀ ਕਾਂਗਰਸ ਪਾਰਟੀ ਵਿੱਚ ਅੰਦਰੂਨੀ ਲੜਾਈ ਤੇਜ਼ ਹੋਣ ਲੱਗੀ ਜਾਪਦੀ ਹੈ।
ਪਹਿਲਾਂ ਵੇਖੀਏ ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਕਾਂਗਰਸ ਦੇ ਅੰਦਰ ਕੀ ਕੀ ਹੋ ਰਿਹਾ ਹੈ:
ਇਹ ਵੀ ਪੜ੍ਹੋ:
ਕੁੱਝ ਦਿਨ ਪਹਿਲਾਂ, ਦੋ ਵੱਖ ਧੜਿਆਂ ਦੇ ਨੇਤਾਵਾਂ ਨੇ ਮੀਟਿੰਗਾਂ ਕੀਤੀਆਂ ਅਤੇ ਇੱਕ ਦੂਜੇ ਉੱਤੇ ਹਮਲੇ ਕੀਤੇ।
- ਸਾਂਸਦ ਪ੍ਰਤਾਪ ਬਾਜਵਾ, ਲੋਕ ਸਭਾ ਵਿੱਚ ਕਾਂਗਰਸ ਦੇ ਨੇਤਾ ਰਵਨੀਤ ਬਿੱਟੂ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਕਾਂਗੜ ਅਤੇ ਚਰਨਜੀਤ ਸਿੰਘ ਚੰਨੀ ਰੰਧਾਵਾ ਦੀ ਰਿਹਾਇਸ਼ ਵਿਖੇ ਚੰਡੀਗੜ੍ਹ 'ਚ ਮਿਲੇ।
- ਉਨ੍ਹਾਂ ਨੇ ਬੇਅਦਬੀ ਅਤੇ ਇਸ ਤੋਂ ਬਾਅਦ ਦੇ ਪੁਲਿਸ ਫਾਇਰਿੰਗ ਦੇ ਮਾਮਲਿਆਂ ਵਿੱਚ ਕਾਰਵਾਈ ਵਿੱਚ ਦੇਰੀ ਕਾਰਨ ਪੈਦਾ ਹੋਈ ਸਥਿਤੀ ਬਾਰੇ ਵਿਚਾਰ ਵਟਾਂਦਰੇ ਕੀਤੇ। ਇਹ ਮੁਲਾਕਾਤ ਇਸ ਕਰ ਕੇ ਵੀ ਅਹਿਮ ਸੀ ਕਿਉਂਕਿ ਇਸ ਤੋਂ ਪਹਿਲਾਂ ਹੀ ਰੰਧਾਵਾ ਅਤੇ ਨਵਜੋਤ ਸਿੱਧੂ ਵਿੱਚ ਮੁਲਾਕਾਤ ਹੋਈ ਸੀ।
- ਇਸ ਤੋਂ ਬਾਅਦ ਬਿੱਟੂ ਨੇ ਇੱਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਇਸ ਹੱਦ ਤਕ ਕਹਿ ਦਿੱਤਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗ੍ਰਹਿ ਮੰਤਰੀ ਵਜੋਂ ਬਾਦਲਾਂ ਦੇ ਖ਼ਿਲਾਫ਼ ਕਾਰਵਾਈ ਨਹੀਂ ਕਰ ਸਕਦੇ ਤਾਂ ਹੋਰ ਯੋਗ ਵਿਅਕਤੀ ਵੀ ਹਨ ਜਿਨ੍ਹਾਂ ਨੂੰ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਕੈਪਟਨ ਗ੍ਰਹਿ ਵਿਭਾਗ ਸਮੇਤ ਕਈ ਵਿਭਾਗਾਂ ਨੂੰ ਸੰਭਾਲਦੇ ਹਨ।
- ਫਿਰ ਪਿਛਲੇ ਦਿਨੀਂ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਆਪਣਾ ਹਮਲਾ ਤੇਜ਼ ਕਰ ਦਿੱਤਾ ਹੈ। 13 ਮਈ ਨੂੰ ਇਸ ਤਾਜ਼ਾ ਟਵੀਟ ਵਿੱਚ, ਕੈਪਟਨ ਅਮਰਿੰਦਰ ਸਿੰਘ ਦਾ ਨਾਮ ਲਏ ਬਗੈਰ, ਉਨ੍ਹਾਂ ਨੇ ਕਿਹਾ: ਪਾਰਟੀ ਦੇ ਸਾਥੀਆਂ ਦੇ ਮੋਢਿਆਂ ਤੋਂ ਫਾਇਰਿੰਗ ਨਾ ਕਰੋ। ਤੁਸੀਂ ਸਿੱਧੇ ਤੌਰ 'ਤੇ ਜ਼ਿੰਮੇਵਾਰ ਅਤੇ ਜਵਾਬਦੇਹ ਹੋ - ਮਹਾਨ ਗੁਰੂ ਦੇ ਦਰਬਾਰ ਵਿੱਚ ਕੌਣ ਤੁਹਾਡੀ ਰੱਖਿਆ ਕਰੇਗਾ?
- ਇਸ ਤੋਂ ਪਹਿਲਾਂ ਤਿੰਨ ਮੰਤਰੀਆਂ - ਬ੍ਰਹਮ ਮਹਿੰਦਰਾ, ਸੁੰਦਰ ਸ਼ਾਮ ਅਰੋੜਾ ਅਤੇ ਸਾਧੂ ਸਿੰਘ ਧਰਮਸੋਤ ਨੇ ਕਾਂਗਰਸ ਹਾਈ ਕਮਾਂਡ ਨੂੰ ਅਪੀਲ ਕੀਤੀ ਸੀ ਕਿ ਉਹ ਸਿੱਧੂ ਵੱਲੋਂ ਮੁੱਖ ਮੰਤਰੀ ਖ਼ਿਲਾਫ਼ ਕੀਤੀ ਜਾ ਰਹੀ ਬਿਆਨਬਾਜ਼ੀ ਲਈ ਸਖ਼ਤ ਅਨੁਸ਼ਾਸਨੀ ਕਾਰਵਾਈ ਕਰਨ।
- ਕੁੱਝ ਦਿਨ ਪਹਿਲਾਂ ਪੰਜਾਬ ਦੇ ਚਾਰ ਮੰਤਰੀਆਂ ਨੇ ਨਵਜੋਤ ਸਿੰਘ ਸਿੱਧੂ ਨੂੰ ਵਾਰ ਵਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਉਣ ਲਈ ਪਾਰਟੀ ਤੋਂ ਮੁਅੱਤਲ ਦੀ ਮੰਗ ਕੀਤੀ ਸੀ।
- ਉਨ੍ਹਾਂ ਦੋਸ਼ ਲਾਇਆ ਸੀ ਕਿ ਸਾਬਕਾ ਮੰਤਰੀ ਦੇ ਹਮਲੇ ਆਮ ਆਦਮੀ ਪਾਰਟੀ ਜਾਂ ਭਾਜਪਾ ਵੱਲੋਂ ਭੜਕਾਏ ਜਾ ਸਕਦੇ ਹਨ। ਮੰਤਰੀਆਂ ਨੇ ਕਿਹਾ ਕਿ ਸਿੱਧੂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਜਾਣਾ ਚਾਹੀਦਾ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਕਿਉਂਕਿ ਪੰਜਾਬ ਕਾਂਗਰਸ ਵਿੱਚ ਉਸ ਦੀ ਲਗਾਤਾਰ ਮੌਜੂਦਗੀ ਪਾਰਟੀ ਦੀ ਸੂਬਾ ਇਕਾਈ ਵਿੱਚ ਗੜਬੜ ਪੈਦਾ ਕਰ ਰਹੀ ਹੈ ਅਤੇ ਚੋਣਾਂ ਲਈ ਤਿਆਰ ਹੋਣ ਦੇ ਹੋਰ ਮਹੱਤਵਪੂਰਨ ਕੰਮ ਤੋਂ ਆਪਣਾ ਧਿਆਨ ਹਟਾ ਰਹੀ ਹੈ।
ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਉਹ ਪਾਰਟੀ ਨੇਤਾ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਚਿੰਤਤ ਹਨ ਅਤੇ ਇਹ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਉਹ ਲੋਕਾਂ ਨੂੰ ਦੱਸ ਸਕਣ ਕਿ ਉਨ੍ਹਾਂ ਨੇ ਬੇਅਦਬੀ ਦੇ ਮੁੱਦੇ 'ਤੇ ਸਖ਼ਤ ਰੁੱਖ ਅਪਣਾਇਆ ਸੀ। ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਲਗਭਗ ਸਾਢੇ ਚਾਰ ਸਾਲ ਬੀਤ ਚੁੱਕੇ ਹਨ।
ਪਾਰਟੀ ਦੇ ਮੁੱਖ ਚੋਣ ਵਾਅਦਿਆਂ ਵਿੱਚੋਂ ਇੱਕ ਬੇਅਦਬੀ ਅਤੇ ਪ੍ਰਦਰਸ਼ਨਕਾਰੀਆਂ 'ਤੇ ਕੀਤੀ ਗਏ ਫਾਇਰਿੰਗ ਦੀਆਂ ਘਟਨਾਵਾਂ ਦੇ ਜ਼ਿੰਮੇਵਾਰਾਂ ਨੂੰ ਸਜ਼ਾ ਦੇਣਾ ਸੀ।
ਹਾਲਾਂਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਾਲ ਹੀ ਵਿੱਚ ਬੇਅਦਬੀ ਅਤੇ ਗੋਲੀ-ਕਾਂਡ ਦੀ ਜਾਂਚ ਕਰ ਰਹੀ ਐੱਸਆਈਟੀ ਨੂੰ ਰੱਦ ਕਰਨ ਅਤੇ ਇੱਕ ਨਵੀਂ ਐੱਸਆਈਟੀ ਬਣਆਉਣ ਦੇ ਹੁਕਮਾਂ ਨਾਲ, ਜਾਂਚ ਨੂੰ ਵੱਡਾ ਝਟਕਾ ਦਿੱਤਾ।
ਪਾਰਟੀ ਅੰਦਰ ਘਬਰਾਹਟ
ਇਸ ਨਾਲ ਪਾਰਟੀ ਅੰਦਰ ਘਬਰਾਹਟ ਵੀ ਨਜ਼ਰ ਆ ਰਹੀ ਹੈ। ਚੋਣਾਂ ਤੋਂ ਪਹਿਲਾਂ ਦੇ ਲਗਭਗ ਅਹਿਮ ਦੋ ਸਾਲ ਤਾਲਾਬੰਦੀ ਕਾਰਨ ਖ਼ਤਮ ਹੋ ਜਾਣਗੇ। ਬਹੁਤ ਸਾਰੇ ਪਾਰਟੀ ਨੇਤਾ ਸੋਚਦੇ ਹਨ ਕਿ ਵੋਟ ਮੰਗਣ ਲਈ ਵੋਟਰਾਂ ਕੋਲ ਜਾਣ 'ਤੇ ਉਨ੍ਹਾਂ ਕੋਲ ਦਿਖਾਉਣ ਲਈ ਬਹੁਤ ਕੁਝ ਨਹੀਂ ਹੋਵੇਗਾ।
ਚੰਡੀਗੜ੍ਹ ਸਥਿਤ ਇੰਸਟੀਚਿਊਟ ਆਫ਼ ਡਿਵੈਲਪਮੈਂਟ ਐਂਡ ਕਮਿਊਨੀਕੇਸ਼ਨ (ਆਈਡੀਸੀ) ਦੇ ਡਾਇਰੈਕਟਰ, ਡਾ. ਪ੍ਰਮੋਦ ਕੁਮਾਰ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ 'ਤੇ ਹਮਲਿਆਂ ਤੋਂ ਤਿੰਨ ਚੀਜ਼ਾਂ ਸਾਹਮਣੇ ਆ ਰਹੀਆਂ ਹਨ।
"ਪਹਿਲਾ, ਮੁੱਖ ਮੰਤਰੀ ਦੇ ਅਧਿਕਾਰ ਉੱਤੇ ਸਵਾਲ ਖੜੇ ਕੀਤੇ ਗਏ ਹਨ। ਦੂਜਾ, ਕਾਂਗਰਸ ਦੇ ਅੰਦਰ ਧੜੇ ਬਣਾਉਣ ਦਾ ਸਪਸ਼ਟ ਰੁਝਾਨ ਹੈ। ਇਸ ਲਈ ਉਹ ਦੂਜੇ ਧੜੇ ਨੂੰ ਬੁਰਾ ਭਲਾ ਕਹਿਣਗੇ।"
"ਦੋਵਾਂ ਧੜਾਂ ਦੇ ਮੈਂਬਰ ਬਦਲਦੇ ਵੀ ਰਹਿ ਸਕਦੇ ਹਨ। ਤੀਜਾ, ਬਹੁਤ ਸਾਰੇ ਨੇਤਾ ਜੋ ਦੂਜੀਆਂ ਪਾਰਟੀਆਂ ਵਿੱਚ ਜਾਣ ਬਾਰੇ ਸੋਚ ਰਹੇ ਸਨ ਸ਼ਾਇਦ ਇਸ ਨੂੰ ਹੁਣ ਬਹੁਤਾ ਫ਼ਾਇਦੇਮੰਦ ਨਹੀਂ ਸਮਝਦੇ। ਇਸ ਲਈ ਅਗਲੇ ਕੁਝ ਮਹੀਨਿਆਂ ਵਿੱਚ ਲੜਾਈ ਹੋਰ ਤਿੱਖੀ ਹੋ ਸਕਦੀ ਹੈ।"
ਆਪਣਾ ਬਚਾਅ
ਉਹ ਅੱਗੇ ਕਹਿੰਦੇ ਹਨ ਕਿ ਇਹ ਅਸਲ ਵਿੱਚ ਉਨ੍ਹਾਂ ਦੀ ਆਪਣੇ ਬਚਾਅ ਲਈ ਇੱਕ ਕੋਸ਼ਿਸ਼ ਹੈ।
"ਇਹ ਆਗੂ ਸੋਚਦੇ ਹਨ ਕਿ ਮੁੱਖ ਮੰਤਰੀ ਤੋਂ ਆਪਣੇ-ਆਪ ਨੂੰ ਅਲੱਗ ਕਰ ਕੇ ਉਨ੍ਹਾਂ ਨੂੰ ਇੱਕ ਮੌਕਾ ਮਿਲ ਸਕਦਾ ਹੈ ਅਤੇ ਉਹ ਕੱਲ੍ਹ ਵੋਟਰਾਂ ਕੋਲ ਜਾ ਕੇ ਕਹਿ ਸਕਦੇ ਹਨ ਕਿ ਜੋ ਕੁੱਝ ਹੋਇਆ ਉਹ ਉਨ੍ਹਾਂ ਦੇ ਕਾਰਨ ਹੋਇਆ ਸੀ।"
ਪੰਜਾਬ ਯੂਨੀਵਰਸਿਟੀ ਦੇ ਰਾਜਨੀਤਿਕ ਸ਼ਾਸਤਰ ਦੇ ਪ੍ਰੋਫੈਸਰ ਆਸ਼ੂਤੋਸ਼ ਦਾ ਵੀ ਇਹੀ ਕਹਿਣਾ ਹੈ ਕਿ ਮੰਤਰੀਆਂ ਦੇ ਮੁੱਖ ਮੰਤਰੀ 'ਤੇ ਹਮਲੇ ਕਰਨ ਦੀ ਸੰਭਾਵਿਤ ਵਜ੍ਹਾ ਇਹ ਹੈ ਕਿ ਇਹ ਆਗੂ ਆਪਣੇ ਸਿਆਸ਼ੀ ਭਵਿੱਖ ਬਾਰੇ ਫਿਕਰਮੰਦ ਹਨ।
"ਚੋਣਾਂ ਵੇਲੇ ਉਹ ਲੋਕਾਂ ਨੂੰ ਕਹਿ ਸਕਦੇ ਹਨ ਕਿ ਉਨ੍ਹਾਂ ਨੇ ਇਸ ਮੁੱਦੇ 'ਤੇ ਆਪਣੀ ਆਵਾਜ਼ ਚੁੱਕੀ ਸੀ। ਨਾਲ ਹੀ, ਇਹ ਵੀ ਸੰਭਵ ਹੈ ਕਿ ਉਹ ਨਵਜੋਤ ਸਿੱਧੂ ਨਾਲ ਮਿਲ ਸਕਦੇ ਹਨ ਜੇ ਉਨ੍ਹਾਂ ਨੂੰ ਇਸ ਵਿੱਚ ਕੋਈ ਰਾਜਨੀਤਿਕ ਭਵਿੱਖ ਨਜ਼ਰ ਆਉਂਦਾ ਹੈ।"
ਇਹ ਵੀ ਪੜ੍ਹੋ: