ਨਵਜੋਤ ਸਿੰਘ ਸਿੱਧੂ ਨੇ ਕੈਪਟਨ ਨਾਲ ਮੁਲਾਕਾਤ ਮਗਰੋਂ ਕੀਤਾ ਇਹ ਟਵੀਟ- ਪ੍ਰੈੱਸ ਰਿਵੀਊ

ਸਿਆਸੀ ਕਿਆਸਅਰਾਈਆਂ ਦੇ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੀ ਮੁੱਖ ਮੰਤਰੀ ਦੇ ਸਿਸਵਾਂ ਵਾਲੇ ਫਾਰਮ ਹਾਊਸ 'ਤੇ ਮੁਲਾਕਾਤ ਹੋਈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਸ ਬੈਠਕ ਤੋਂ ਬਾਅਦ ਸਿੱਧੂ ਦੇ ਪੱਛਮੀ ਬੰਗਾਲ ਚੋਣਾਂ ਲਈ ਪ੍ਰਚਾਰ ਤੇ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਕੈਬਨਿਟ ਵਿੱਚ ਵਾਪਸੀ ਹੋ ਸਕਦੀ ਹੈ।

ਹਾਲਾਂਕਿ ਮੁੱਖ ਮੰਤਰੀ ਇਸ ਬਾਰੇ ਕੋਈ ਰਸਮੀ ਐਲਾਨ ਕਰਨ ਤੋਂ ਪਹਿਲਾਂ ਪਾਰਟੀ ਹਾਈ ਕਮਾਂਡ ਨਾਲ ਗੱਲ ਕਰਨਗੇ।

ਬੈਠਕ ਤੋਂ ਬਾਅਦ ਸਿੱਧੂ ਨੇ ਇੱਕ ਸ਼ੇਅਰ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ,“ਅਜ਼ਾਦ ਰਹੋ ਵਿਚਾਰੋਂ ਸੇ ਲੇਕਿਨ ਬੰਧੇ ਰਹੋ ਸੰਸਕਾਰੋਂ ਸੇ... ਤਾਂ ਆਸ ਔਰ ਵਿਸ਼ਵਾਸ ਰਹੇ ਕਿਰਦਾਰੋਂ ਪੇ!!"

ਸਿੱਧੂ ਦੀ ਪਤਨੀ ਡਾ਼ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਸਿਆਸਤ ਵਿੱਚ ਅਹੁਦਿਆਂ ਲਈ ਨਹੀਂ ਸਗੋਂ ਪੰਜਾਬ ਦੀ ਸੇਵਾ ਲਈ ਹਨ। ਉਨ੍ਹਾਂ ਨੇ ਕਿਹਾ ਕਿ ਜੇ ਸਾਨੂੰ ਲਾਲਾਚ ਹੁੰਦਾ ਤਾਂ ਅਸੀਂ ਕੇਂਦਰ ਵਿੱਚ ਮੰਤਰੀ ਹੁੰਦੇ।

ਇਹ ਵੀ ਪੜ੍ਹੋ:

ਜੌਨਸਨ ਵੱਲੋਂ 'ਮਿੱਤਰ ਮੋਦੀ' ਦੀ ਸ਼ਲਾਘਾ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਬੁੱਧਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਵਿੱਚ ਵਿਸ਼ਵੀ ਅਗਵਾਈ ਲਈ ਸ਼ਲਾਘਾ ਕੀਤੀ।

ਉਨ੍ਹਾਂ ਨੇ ਕਿਹਾ ਕਿ ਅਗਲੇ ਮਹੀਨੇ ਭਾਰਤ ਫੇਰੀ ਦੌਰਾਨ ਉਹ ਆਪਣੇ "ਮਿੱਤਰ" ਨਾਲ ਇੱਕ ਟਿਕਾਊ ਭਵਿੱਖ ਲਈ ਭਾਰਤ ਅਤੇ ਬ੍ਰਿਟੇਨ ਦੇ ਸਾਂਝੇ ਨਜ਼ਰਏ ਬਾਰੇ ਵਿਚਾਰ-ਵਟਾਂਦਰਾ ਕਰਨਗੇ।

ਦਿ ਹਿੰਦੂ ਦੀ ਖ਼ਬਰ ਮੁਤਾਬਕ ਆਫ਼ਤਾਂ ਦਾ ਮੁਕਾਬਲਾ ਕਰ ਸਕਣ ਵਾਲੇ ਬੁਨਿਆਦੀ ਢਾਂਚੇ ਉੱਪਰ ਕੌਮਾਂਤਰੀ ਕਾਨਫ਼ਰੰਸ (International Conference on Disaster Resilient Infrastructure (ICDRI) ਵਿੱਚ ਬੋਲਦਿਆਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਇਸ ਕਾਨਫ਼ਰੰਸ ਦੀ ਮੇਜ਼ਬਾਨੀ ਲਈ ਧੰਨਵਾਦ ਕੀਤਾ।

ਉਨ੍ਹਾਂ ਨੇ ਵਾਤਾਵਰਣ ਤਬਦੀਲੀ ਵਰਗੀਆਂ ਵਿਸ਼ਵੀ ਅਲਾਮਤਾਂ ਨਾਲ ਨਜਿੱਠਣ ਲਈ ਅਜਿਹੇ ਗਠਜੋੜ ਦਾ ਵਿਚਾਰ ਪੇਸ਼ ਕਰਨ ਲਈ ਵੀ ਪ੍ਰਧਾਨ ਮੰਤਰੀ ਤੀ ਸਿਫ਼ਤ ਕੀਤੀ। ਇਸ ਗਠਜੋੜ ਦੀ ਅਗਵਾਈ ਭਾਰਤ ਕਰ ਰਿਹਾ ਹੈ ਜਦਕਿ ਬ੍ਰਿਟੇਨ ਇਸ ਦਾ ਕੋ-ਚੇਅਰ ਹੈ।

ਜੌਨਸਨ ਨੇ ਕਿਹਾ ਕਿ ਅਜਿਹੇ ਗਠਜੋੜਾਂ ਦਾ ਮਕਸਦ ਅਤੀਤ ਤੋਂ ਸਬਕ ਲੈ ਕੇ ਵਾਤਾਵਰਣ ਤਬਦੀਲੀ ਦੇ ਨਾਟਕੀ ਪ੍ਰਭਾਵਾਂ ਤੋਂ ਛੋਟੇ ਦੀਪਾਂ ਵਗੈਰਾਂ ਨੂੰ ਸੁਰੱਖਿਅਤ ਕਰਨਾ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਗੋਦਾਮ ਮੂਹਰਿਓਂ ਕਿਸਾਨਾਂ ਨੂੰ ਉਠਾਉਣ ਲਈ ਪਟੀਸ਼ਨ

ਇੱਕ ਸਟੋਰੇਜ ਕੰਪਨੀ ਦੀ ਪਟੀਸ਼ਨ ਉੱਪਰ ਸੁਣਵਾਈ ਕਰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤੇ ਹਨ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਕਿਸਾਨਾਂ ਵੱਲੋਂ ਪੰਜਾਬ ਵਿੱਚ ਗੋਦਾਮਾਂ ਦੇ ਸਾਹਮਣੇ ਜੋ ਧਰਨੇ ਦਿੱਤੇ ਜਾ ਰਹੇ ਹਨ, ਉਨ੍ਹਾਂ ਕਾਰਨ ਕੰਪਨੀਆਂ ਦੇ ਕਾਰੋਬਾਰ ਵਿੱਚ ਵਿਘਨ ਪੈ ਰਿਹਾ ਹੈ ਅਤੇ ਉਨ੍ਹਾਂ ਤੋਂ ਗੋਦਾਮਾਂ ਦੀ ਵਰਤੋਂ ਨਹੀਂ ਹੋ ਰਹੀ। (ਅਤੇ) ਇਨ੍ਹਾਂ ਕਿਸਾਨਾਂ ਨੂੰ ਉੱਥੋਂ ਹਟਾਇਆ ਜਾਵੇ।

ਪਟਿਆਲਾ ਦੀ ਐੱਸਐੱਮ ਲੌਜਿਸਟਿਕ ਐਂਡ ਵੇਅਰਹਾਊਸਿੰਗ ਕੰਪਨੀ ਦੀ ਅਪੀਲ ਦੀ ਸੁਣਵਾਈ ਦੌਰਾਨ ਜਸਟਿਸ ਲੀਜ਼ਾ ਗਿੱਲ ਨੇ ਇਹ ਨੋਟਿਸ ਜਾਰੀ ਕੀਤਾ।

ਕੰਪਨੀ ਨੇ ਪਟੀਸ਼ਨ ਵਿੱਚ ਕਿਹਾ ਹੈ ਕਿ ਤਿੰਨ ਕੰਪਨੀਆਂ ਉਸ ਦੇ ਗੋਦਾਮਾਂ ਦੀ ਵਰਤੋਂ ਕਰ ਰਹੀਆਂ ਹਨ- ਅਡਾਨੀ ਵਿਲਮਾਰ, ਕੈਪੀਟਲ ਫੂਡ ਪ੍ਰਾਈਵੇਟ ਲਿਮਿਟਿਡ ਅਤੇ ਟੈਕਨੋਵਾ ਇਮੇਜਿੰਗ ਸਿਸਟਮ ਪ੍ਰਾਈਵੇਟ ਲਿਮਿਟਡ।

ਕੇਂਦਰ ਵੱਲੋ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਗੋਦਾਮਾਂ ਮੂਹਰੇ ਦਿੱਤੇ ਜਾ ਰਹੇ ਧਰਨਿਆਂ ਕਾਰਨ ਕੰਪਨੀਆਂ ਫ਼ਰਵਰੀ ਤੋਂ ਗੋਦਾਮ ਦੀ ਵਰਤੋਂ ਨਹੀਂ ਕਰ ਪਾ ਰਹੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)