ਅਮਰੀਕਾ ਦੇ ਅਟਲਾਂਟਾ ਵਿੱਚ ਗੋਲ਼ੀਆਂ ਚਲਾ ਕੇ 8 ਜਾਨਾਂ ਲੈਣ ਵਾਲੇ ਉੱਪਰ ਪੁਲਿਸ ਨੇ ਕਤਲ ਦਾ ਕੇਸ ਬਣਾਇਆ

ਕਥਿਤ ਬੰਦੂਕਧਾਰੀ ਜਿਸ ਨੇ ਅਮਰੀਕਾ ਦੇ ਜੌਰਜੀਆ ਵਿੱਚ ਅੰਨ੍ਹੇਵਾਹ ਗੋਲ਼ੀਆਂ ਚਲਾ ਕੇ ਅੱਠ ਬੰਦਿਆਂ ਦੀ ਜਾਨ ਲੈ ਲਈ ਉੱਪਰ ਕਤਲ ਦੇ ਇਲਜ਼ਾਮ ਲਾਏ ਗਏ ਹਨ। ਪੁਲਿਸ ਪੀੜਤਾਂ ਦੀ ਪਛਾਣ ਕਰ ਰਹੀ ਹੈ।

ਹਾਲਾਂਕਿ ਅਫ਼ਸਰ ਹਾਲੇ ਤੱਕ ਇਸ ਹਮਲੇ ਦੇ ਨਸਲੀ ਮੰਤਵੀ ਹੋਣ ਦੀ ਪੁਸ਼ਟੀ ਨਹੀਂ ਕਰ ਰਹੇ। ਚਾਰ ਮਰਨ ਵਾਲਿਆਂ ਦੀ ਸ਼ਨਾਖ਼ਤ ਹੋ ਗਈ ਹੈ।

ਜਿਹੜੇ ਚਾਰ ਮ੍ਰਿਤਕਾਂ ਦੀ ਪਛਾਣ ਹੋਈ ਹੈ ਉਹ -ਐਸ਼ਲੀ ਯੁਹਾਨ (33), ਪੌਲ ਐਂਡਰੀ ਮਿਸ਼ੇਲਸ (54), ਸ਼ਿਆਜੇ ਤਾਂਨ (49) ਅਤੇ ਦੇਓਊ ਫ਼ੈਂਗ (44) ਹਨ। ਇੱਕ ਹੋਰ ਵਿਅਕਤੀ ਐਲੀਸੀਅਸ ਆਰ ਹਰਨਾਂਡੇਜ਼- ਓਰਟੇਜ਼ ਦੀ ਪਛਾਣ ਜ਼ਖ਼ਮੀ ਵਜੋਂ ਹੋਈ ਹੈ।

ਮੁਲਜ਼ਮ ਉੱਪਰ ਕਈ ਕਤਲਾਂ ਦੇ ਅਤੇ ਵੱਡੇ ਹਮਲੇ ਦੇ ਇਲਜ਼ਾਮ ਹਨ।

ਅਮਰੀਕਾ ਦੇ ਜੌਰਜੀਆ ਵਿੱਚ ਤਿੰਨ ਵੱਖ-ਵੱਖ ਸਪਾਜ਼ ਵਿੱਚ ਗੋਲਬਾਰੀ ਵਿੱਚ ਘੱਟੋ-ਘੱਟ 6 ਏਸ਼ੀਆਈ ਔਰਤਾਂ ਸਣੇ 8 ਲੋਕ ਮਾਰੇ ਗਏ ਹਨ।

ਪੁਲਿਸ ਦਾ ਕਹਿਣਾ ਹੈ ਕਿ ਅਟਲਾਂਟਾ ਦੇ ਉੱਤਰ ਵਿੱਚ ਸਥਿਤ ਇੱਕ ਸਬਅਰਬ ਐਕਵਰਥ ਵਿੱਚ ਇੱਕ ਮਸਾਜ ਪਾਰਲਰ 4 ਲੋਕ ਮਾਰੇ ਗਏ ਹਨ ਅਤੇ ਸ਼ਹਿਰ ਵਿੱਚ ਹੀ ਦੋ ਸਪਾਜ਼ ਵਿੱਚ 4 ਲੋਕਾਂ ਦੀ ਮੌਤ ਹੋਈ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਕ 21 ਸਾਲਾ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਤਿੰਨੇ ਸ਼ੂਟਿੰਗ ਦੀਆਂ ਘਟਨਾਵਾਂ ਨੂੰ ਇਸੇ ਸ਼ਖ਼ਸ ਨੇ ਅੰਜ਼ਾਮ ਦਿੱਤਾ ਹੈ।

ਇਹ ਵੀ ਪੜ੍ਹੋ-

ਇਸ ਗੋਲੀਬਾਰੀ ਦੇ ਪਿੱਛੇ ਦੀ ਮੰਸ਼ਾ ਕੀ ਸੀ, ਇਸ ਨੂੰ ਲੈ ਕੇ ਕੋਈ ਜਾਣਕਾਰੀ ਹੁਣ ਤੱਕ ਸਾਹਮਣੇ ਨਹੀਂ ਹੈ ਪਰ ਡਰ ਹੈ ਕਿ ਜਾਣਬੁੱਝ ਕੇ ਏਸ਼ੀਆਈ ਮੂਲ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਏਸ਼ੀਆਈ ਮੂਲ ਦੇ ਅਮਰੀਕੀ ਲੋਕਾਂ ਖ਼ਿਲਾਫ਼ ਇਸ ਮਹੀਨੇ ਵਧੇ ਹਨ।

ਪਿਛਲੇ ਹਫ਼ਤੇ ਇੱਕ ਸੰਬੋਧਨ ਕਰਦਿਆਂ ਰਾਸ਼ਟਰਪਤੀ ਜੋ ਬਾਈਡਨ ਨੇ "ਏਸ਼ੀਆਈ ਮੂਲ ਦੇ ਅਮਰੀਕੀਆ 'ਤੇ ਹੋ ਰਹੇ ਨਫ਼ਰਤੀ ਹਮਲਿਆਂ ਦੀ ਨਿੰਦਾ ਕੀਤੀ।"

ਇੱਕ ਘੰਦੇ ਅੰਦਰ ਵੱਖ-ਵੱਖ ਥਾਵਾਂ 'ਤੇ ਹਮਲੇ

ਪਹਿਲੀ ਗੋਲੀਬਾਰੀ ਦੀ ਘਟਨਾ ਚੋਰੋਕੀ ਕਾਊਂਟੀ ਦੇ ਐਕਵਰਥ ਵਿੱਚ ਸਥਿਤ ਯੰਗਸ ਐਸ਼ੀਅਨ ਸਮਾਜ ਪਾਰਲਰ ਵਿੱਚ ਕਰੀਬ ਸ਼ਾਮ 5 ਵਜੇ (ਅਮਰੀਕੀ ਸਮੇਂ ਮੁਤਾਬਕ) ਗੋਲੀਬਾਰੀ ਹੋਈ।

ਪੁਲਿਸ ਦਫ਼ਤਰ ਦੇ ਬੁਲਾਰੇ ਕੈਪਟਨ ਜੇ ਬੇਕਰ ਨੇ ਕਿਹਾ ਹੈ ਕਿ ਘਟਨਾ ਵਾਲੀ ਥਾਂ 'ਤੇ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਜਿੱਥੇ ਦੋ ਹੋਰ ਲੋਕਾਂ ਦੀ ਵੀ ਮੌਤ ਹੋ ਗਈ।

ਮਰਨ ਵਾਲਿਆਂ ਵਿੱਚ ਦੋ ਏਸ਼ੀਆਈ ਔਰਤਾਂ ਹਨ, ਇਸ ਤੋਂ ਇਲਾਵਾ ਇੱਕ ਗੋਰੀ ਔਰਤ, ਇੱਕ ਗੋਰਾ ਪੁਰਸ਼ ਅਤੇ ਇੱਕ ਹਿਸਪੈਨਿਕ ਵਿਅਕਤੀ ਇਸ ਵਿੱਚ ਜਖ਼ਮੀ ਹੋਇਆ ਹੈ।

ਠੀਕ ਇੱਕ ਘੰਟੇ ਅੰਦਰ ਪੁਲਿਸ ਨੂੰ ਉੱਤਰ-ਪੂਰਬੀ ਅਟਲਾਂਟਾ ਤੋਂ ਫੋਨ ਆਇਆ ਅਤੇ ਪਤਾ ਲੱਗਾ ਕਿ ਗੋਲਡ ਸਪਾ ਵਿੱਚ "ਲੁੱਟ" ਹੋ ਰਹੀ ਹੈ।

ਪੁਲਿਸ ਨੇ ਆਪਣੇ ਬਿਆਨ ਵਿੱਚ ਕਿਹਾ ਹੈ, "ਇੱਥੇ ਸਾਨੂੰ ਤਿੰਨ ਔਰਤਾਂ ਦੀਆਂ ਲਾਸ਼ਾਂ ਮਿਲੀਆਂ, ਜਿਨ੍ਹਾਂ ਦੀ ਗੋਲੀ ਲੱਗਣ ਨਾਲ ਮੌਤ ਹੋਈ ਹੈ।"

ਇੱਥੇ ਹੀ ਪੁਲਿਸ ਅਧਿਕਾਰੀਆਂ ਨੂੰ ਸੜਕ ਦੇ ਉਸ ਪਾਰ ਸਥਿਤ ਅਰੋਮਾਥਐਰੇਪੀ ਸਪਾ ਤੋਂ ਫੋਨ ਕਰ ਕੇ ਬੁਲਾਇਆ ਗਿਆ, ਜਿੱਥੇ ਇੱਕ ਔਰਤ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ।

ਸੀਸੀਟੀਵੀ ਫੁਟੇਜ ਦੀ ਮਦਦ ਨਾਲ ਜਾਂਚਕਰਤਾਵਾਂ ਨੇ ਇੱਕ ਸ਼ੱਕੀ ਦੀ ਤਸਵੀਰ ਜਾਰੀ ਕੀਤੀ, ਜਿਸ ਦੀ ਮਦਦ ਨਾਲ ਅਟਲਾਂਟਾ ਦੇ ਦੱਖਣ ਵਿੱਚ ਲਗਭਗ (150 ਮੀਲ) ਦੀ ਦੂਰੀ 'ਤੇ ਕ੍ਰਿਸਮ ਕਾਊਂਟੀ ਵਿੱਚ ਰਾਬਰਟ ਆਰੋਨ ਲਾਂਗ ਨੂੰ ਗ੍ਰਿਫ਼ਤਾਰ ਕੀਤਾ ਗਿਆ। ਰਾਬਰਟ ਜਾਰਜੀਆ ਦੇ ਵੁੱਡਸਟਾਕ ਦੇ ਰਹਿਣ ਵਾਲੇ ਹਨ।

ਕੈਪਟਨ ਬੇਕਰ ਨੇ ਦੱਸਿਆ ਹੈ ਕਿ ਸਾਨੂੰ ਪੂਰਾ ਵਿਸ਼ਵਾਸ਼ ਹੈ ਕਿ ਇਹੀ ਸ਼ਖ਼ਸ ਤਿੰਨਾਂ ਥਾਵਾਂ 'ਤੇ ਗੋਲੀਬਾਰੀ ਵਿੱਚ ਸ਼ਾਮਿਲ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਦੀ ਜਾਂਚ ਵਿੱਚ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਪੀੜਤਾਂ ਨੂੰ ਉਨ੍ਹਾਂ ਦੀ ਨਸਲ ਪਛਾਣ ਕਾਰਨ ਨਿਸ਼ਾਨਾ ਬਣਾਇਆ ਗਿਆ ਸੀ ਜਾਂ ਨਹੀਂ।

ਉੱਥੇ ਏਸ਼ੀਆਈ ਅਮਰੀਕੀ ਅਧਿਕਾਰੀਆਂ ਨਾਲ ਜੁੜੀ ਸੰਸਥਾ ਸਟਾਪ ਏਪੀਪੀਆਈ ਹੇਟ ਨੇ ਟਵੀਟ ਕਰਦਿਆਂ ਹੋਇਆ ਇਸ ਘਟਨਾ ਨੂੰ 'ਤ੍ਰਾਸਦੀ' ਦੱਸਿਆ ਹੈ।

ਟਵੀਟ ਵਿੱਚ ਲਿਖਿਆ ਗਿਆ ਹੈ, "ਅਜੇ ਏਸ਼ੀਆਈ ਅਮਰੀਕੀ ਭਾਈਚਾਰੇ ਵਿੱਚ ਬਹੁਤ ਡਰ ਅਤੇ ਦਰਦ ਹੈ, ਜਿਸ ਨੂੰ ਦੇਖਿਆ ਜਾਣਾ ਚਾਹੀਦਾ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)