ਕਿਸਾਨ ਖੁਦਕੁਸ਼ੀ: ਮੁਆਵਜ਼ੇ ਲਈ ਜੂਝਦੀਆਂ ਔਰਤਾਂ ਨੇ ਕਿਤੇ ਫਾੜੀਆਂ ਅਰਜ਼ੀਆਂ ਅਤੇ ਕਿਤੇ ਮਿਟੇ ਰਿਪੋਰਟਾਂ ਵਿੱਚੋਂ ਅੱਖਰ

ਪੁੱਤਰ ਦੀ ਖੁਦਕੁਸ਼ੀ ਤੋਂ ਬਾਅਦ ਮੂਰਤੀ ਕੌਰ ਨੇ ਪਰਿਵਾਰ ਸੰਭਾਲ ਲਿਆ
ਤਸਵੀਰ ਕੈਪਸ਼ਨ, ਪੁੱਤਰ ਦੀ ਖੁਦਕੁਸ਼ੀ ਤੋਂ ਬਾਅਦ ਮੂਰਤੀ ਕੌਰ ਉੱਪਰ ਆਪਣੇ ਪੋਤੇ ਅਤੇ ਪੋਤੇ ਦੀ ਜ਼ਿੰਮੇਵਾਰੀ ਆ ਗਈ ਹੈ
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਸਮਾਂ ਦੁਪਹਿਰ ਦੇ ਕਰੀਬ 2 ਵਜੇ, ਸੂਰਜ ਦੀ ਤਪਸ਼ ਸਿਖਰ ਉੱਤੇ, 70 ਸਾਲਾ ਮੂਰਤੀ ਕੌਰ ਨਰਮੇ ਦੇ ਖੇਤ ਵਿੱਚੋਂ ਨਦੀਨ ਨੂੰ ਖੁਰਪੇ ਦੀ ਮਦਦ ਨਾਲ ਸਾਫ਼ ਕਰਦੀ ਹੋਈ।

ਸੂਰਜ ਸਿਰ ਉੱਤੇ ਅਤੇ ਗਰਮੀ ਇੰਨੀ ਜ਼ਿਆਦਾ ਕਿ ਉੱਥੇ ਖੜ੍ਹੇ ਹੋਣਾ ਵੀ ਮੁਸ਼ਕਿਲ ਪਰ ਇਸ ਸਭ ਤੋਂ ਬੇਪਰਵਾਹ ਮੂਰਤੀ ਕੌਰ ਆਪਣੇ ਕੰਮ ਨੂੰ ਖ਼ਤਮ ਕਰਨ ਵਿੱਚ ਲੱਗੀ ਹੋਈ ਸੀ।

ਵੀਡੀਓ ਕੈਪਸ਼ਨ, ਪੁੱਤ ਕਰਜ਼ੇ ਨੇ ਖਾ ਲਿਆ ਤਾਂ 70 ਸਾਲ ਦੀ ਮਾਂ ਨੇ ਮਜ਼ਦੂਰੀ ਸ਼ੁਰੂ ਕਰ ਦਿੱਤੀ

ਖੇਤ ਦੇ ਇੱਕ ਪਾਸੇ ਪਈਆਂ ਕੁਝ ਛੱਟੀਆਂ ਨੂੰ ਇਕੱਠਾ ਕਰਕੇ ਸਿਰ ਉੱਤੇ ਰੱਖ ਕੇ ਉਹ ਦਰਖ਼ਤ ਦੀ ਛਾਂ ਵਿੱਚ ਆ ਕੇ ਸਾਡੇ ਨਾਲ ਗੱਲ ਕਰਨ ਲੱਗੀ ਗਈ।

ਮੁੜਕੇ ਨੂੰ ਸਾਫ਼ ਕਰਦਿਆਂ ਮੈ ਪਹਿਲਾਂ ਸਵਾਲ ਕੀਤਾ ਕਿ ਗਰਮੀ ਨਹੀਂ ਲੱਗਦੀ ਬੇਬੇ?

ਉਸ ਦਾ ਜਵਾਬ ਸੀ,"ਪੁੱਤ ਢਿੱਡ ਦੀ ਭੁੱਖ ਸਭ ਕੁਝ ਕਰਵਾ ਦਿੰਦੀ ਹੈ"। ਥੋੜ੍ਹਾ ਆਰਾਮ ਕਰਨ ਤੋਂ ਬਾਅਦ ਉਹ ਸਾਡੇ ਨਾਲ ਘਰ ਨੂੰ ਤੁਰ ਪੈਂਦੀ ਹੈ।

ਇਹ ਵੀ ਪੜ੍ਹੋ:-

'ਪੋਤਾ ਵੱਡਾ ਹੋ ਕੇ ਪਿਉ ਦਾ ਕਰਜ਼ਾ ਉਤਾਰ ਦੇਵੇਗਾ'

ਤੰਗ ਗਲੀਆਂ ਵਿੱਚ ਹੋ ਕੇ ਮੂਰਤੀ ਕੌਰ ਨੇ ਆਪਣੇ ਘਰ ਦਾ ਬੂਹਾ ਖੋਲ੍ਹਿਆ ਤਾਂ ਸਾਹਮਣੇ ਦੋ ਕਮਰਿਆਂ ਦਾ ਪੱਕਾ ਮਕਾਨ ਨਜ਼ਰ ਆਇਆ। ਪੁੱਛਣ ਉੱਤੇ ਉਸ ਨੇ ਦੱਸਿਆ ਕਿ ਇਹ ਕੁਝ ਦਾਨੀ ਲੋਕਾਂ ਨੇ ਬੇਟੇ ਦੀ ਮੌਤ ਤੋਂ ਬਾਅਦ ਬਣਾ ਕੇ ਦਿੱਤਾ ਹੈ।

ਮੂਰਤੀ ਕੌਰ ਇਸ ਸਮੇਂ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਝੁਨੀਰ ਵਿੱਚ ਆਪਣੇ 11 ਸਾਲਾ ਪੋਤੇ ਅਤੇ 8 ਸਾਲ ਦੀ ਪੋਤੀ ਨਾਲ ਰਹਿ ਰਹੀ ਹੈ।

ਪੁੱਤਰ ਅਤੇ ਨੂੰਹ ਬਾਰੇ ਜਦੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਕਰਜ਼ੇ ਕਾਰਨ ਉਹ ਫਾਹਾ ਲੈ ਕੇ ਮਰ ਗਿਆ। ਪੁੱਤਰ ਦੀ ਮੌਤ ਮਗਰੋਂ ਨੂੰਹ ਨੇ ਕਿਸੇ ਹੋਰ ਥਾਂ ਉੱਤੇ ਵਿਆਹ ਕਰਵਾ ਲਿਆ ਅਤੇ ਬੱਸ ਪੁੱਤਰ ਦੀ ਨਿਸ਼ਾਨੀ ਬੱਚੇ ਹੀ ਉਸ ਕੋਲ ਇਸ ਸਮੇਂ ਹਨ।

ਮੂਰਤੀ ਕੌਰ
ਤਸਵੀਰ ਕੈਪਸ਼ਨ, ਪੁੱਤਰ ਦੀ ਖ਼ੁਦਕੁਸ਼ੀ ਤੋਂ ਬਾਅਦ ਮੂਰਤੀ ਕੌਰ ਦੇ ਸਿਰ ਉੱਪਰ ਕਰਜ਼ੇ ਦੀ ਪੰਡ ਬਰਕਰਾਰ ਹੈ

ਮੂਰਤੀ ਕੌਰ ਨੇ ਦੱਸਿਆ,"ਮੈ ਲੋਕਾਂ ਦੇ ਖੇਤਾਂ ਅਤੇ ਘਰਾਂ ਵਿੱਚ ਕੰਮ ਕਰਕੇ ਇਨ੍ਹਾਂ ਬੱਚਿਆਂ ਨੂੰ ਪਾਲ ਰਹੀ ਹੈ। ਸਰਕਾਰ ਵੱਲੋਂ ਸੱਤ ਸੌ ਰੁਪਏ ਬੁਢਾਪਾ ਪੈਨਸ਼ਨ ਮਿਲਦੀ ਹੈ ਅਤੇ 1000 ਰੁਪਏ ਮਿਹਨਤ ਮਜ਼ਦੂਰ ਤੋਂ ਕਮਾਉਂਦੀ ਹਾਂ।"

ਘਰ ਦੇ ਇੱਕ ਪਾਸੇ ਕੰਧ ਉੱਤੇ ਇੱਕ ਨੌਜਵਾਨ ਦੀ ਤਸਵੀਰ ਪਈ ਸੀ ਜਿਸ ਉੱਤੇ ਨਾਮ ਸੁਖਮਿੰਦਰ ਸਿੰਘ ਲਿਖਿਆ ਹੋਇਆ ਸੀ।

ਮੂਰਤੀ ਕੌਰ ਨੇ ਦੱਸਿਆ ਕਿ ਇਹ ਤਸਵੀਰ ਉਸੇ ਦੇ ਇਕਲੌਤੇ ਪੁੱਤਰ ਸੁਖਮਿੰਦਰ ਦੀ ਹੈ ਜੋ ਮਹਿਜ਼ 26 ਸਾਲ ਦੀ ਉਮਰ ਵਿੱਚ ਜ਼ਿਮੀਦਾਰ ਤੋਂ ਲਏ ਕਰਜ਼ੇ ਕਾਰਨ 2014 ਵਿੱਚ ਖ਼ੁਦਕੁਸ਼ੀ ਕਰ ਗਿਆ।

ਕਰਜ਼ੇ ਬਾਰੇ ਮੂਰਤੀ ਕੌਰ ਦੱਸਦੀ ਹੈ ਕਿ ਪੁੱਤਰ ਨੇ ਜ਼ਿਮੀਦਾਰਾਂ ਤੋਂ ਘਰ ਬਣਾਉਣ ਲਈ ਕਰਜ਼ਾ ਲਿਆ ਸੀ ਅਤੇ ਬਦਲੇ ਵਿੱਚ ਉਹ ਸੀਰੀ ਵਜੋਂ ਉਨ੍ਹਾਂ ਨਾਲ ਕੰਮ ਕਰਦਾ ਸੀ। ਕਰਜ਼ਾ ਦਿਨ ਪ੍ਰਤੀ ਦਿਨ ਵਧਦਾ ਗਿਆ ਜਿਸ ਕਾਰਨ ਉਹ ਪ੍ਰੇਸ਼ਾਨ ਰਹਿਣ ਲੱਗਾ ਪਿਆ।

ਚੁੰਨੀ ਨਾਲ ਅੱਥਰੂ ਸਾਫ਼ ਕਰਦਿਆਂ ਮੂਰਤੀ ਕੌਰ ਨੇ ਦੱਸਿਆ ਕਿ ਇੱਕ ਦਿਨ ਰਾਤ ਨੂੰ ਘਰ ਤੋਂ ਉਹ ਅਚਾਨਕ ਚਲਾ ਗਿਆ ਅਤੇ ਵਾਪਸ ਉਸ ਦੀ ਲਾਸ਼ ਹੀ ਆਈ। ਮੂਰਤੀ ਕੌਰ ਮੁਤਾਬਕ ਪਿੰਡ ਨੇੜੇ ਦਰਖ਼ਤ ਨਾਲ ਲਟਕ ਕੇ ਉਸ ਨੇ ਜਾਨ ਦੇ ਦਿੱਤੀ।

ਅੱਥਰੂ ਪੂੰਝਦੇ ਆਪਣੇ ਬੇਟੇ ਦੀ ਖ਼ੁਦਕੁਸ਼ੀ ਬਾਰੇ ਦੱਸਦੇ ਮੂਰਤੀ ਕੌਰ
ਤਸਵੀਰ ਕੈਪਸ਼ਨ, ਮੂਰਤੀ ਕੌਰ ਨੇ ਦੱਸਿਆ ਕਿ ਮੁਆਵਜ਼ੇ ਦੇ ਸਾਰੇ ਕਾਗਜ਼ ਤਿਆਰ ਹਨ ਪਰ ਕੁਝ ਨਹੀਂ ਮਿਲਿਆ

ਉਨ੍ਹਾਂ ਨੇ ਦੱਸਿਆ ਕਿ ਸੁਖਮਿੰਦਰ ਸਿੰਘ ਦਾ ਕਰਜ਼ਾ ਅਜੇ ਵੀ ਬਰਕਰਾਰ ਹੈ ।

"ਜਦੋਂ ਜ਼ਿਮੀਦਾਰ ਪੁੱਛਦੇ ਹਨ ਤਾਂ ਮੇਰੇ ਜਵਾਬ ਹੁੰਦਾ ਹੈ ਕਿ ਪੋਤਰਾ ਵੱਡਾ ਹੋ ਕੇ ਆਪਣੇ ਬਾਪ ਦਾ ਕਰਜ਼ਾ ਉਤਾਰ ਦੇਵੇਗਾ। ਹੋਰ ਮੇਰੇ ਕੋਲ ਹੁਣ ਕੁਝ ਨਹੀਂ।"

ਉਨ੍ਹਾਂ ਨੇ ਦੱਸਿਆ ਕਿ ਪੁੱਤਰ ਦੀ ਖ਼ੁਦਕੁਸ਼ੀ ਦੇ ਮੁਆਵਜ਼ੇ ਲਈ ਉਸ ਨੇ ਸਾਰੇ ਕਾਗ਼ਜ਼ ਤਿਆਰ ਕੀਤੇ ਪਰ ਮਿਲਿਆ ਹੁਣ ਤੱਕ ਕੁਝ ਨਹੀਂ। ਮੂਰਤੀ ਕੌਰ ਦਾ ਕਹਿਣਾ ਸੀ ਕਿ ਉਸ ਕੋਲ ਜ਼ਮੀਨ ਨਹੀਂ ਹੈ ।

ਮਿਹਨਤ ਮਜ਼ਦੂਰੀ ਕਰਕੇ ਪਹਿਲਾਂ ਪੁੱਤਰ ਪਾਲਿਆ ਅਤੇ ਹੁਣ ਉਸ ਦਾ ਪਰਿਵਾਰ ਪਾਲ ਰਹੀ ਹੈ।

ਮੂਰਤੀ ਕੌਰ ਦੀ ਚਿੰਤਾ ਕਾਰਨ ਸਿਹਤ ਲਗਾਤਾਰ ਖ਼ਰਾਬ ਹੋ ਰਹੀ ਹੈ ਅਤੇ ਚਿੰਤਾ ਇਸ ਗੱਲ ਦੀ ਕਿ ਉਨ੍ਹਾਂ ਤੋਂ ਬਾਅਦ ਪੋਤੇ ਅਤੇ ਪੋਤੀ ਦੀ ਸੰਭਾਲ ਕੌਣ ਕਰੇਗਾ। ਇਸ ਚਿੰਤਾ ਕਾਰਨ ਰਾਤ ਨੂੰ ਨੀਂਦ ਨਹੀਂ ਆਉਂਦੀ।

"ਕੁਝ ਲੋਕਾਂ ਨੇ ਮਦਦ ਕਰਕੇ ਮੇਰੇ ਘਰ ਦੀ ਛੱਤ ਪੱਕੀ ਕਰ ਦਿੱਤੀ ਹੈ ਪਰ ਚਿੰਤਾਵਾਂ ਅਜੇ ਵੀ ਬਰਕਰਾਰ ਹਨ।"

ਇਹ ਵੀ ਪੜ੍ਹੋ:-

ਲੋਕਾਂ ਦੇ ਬਚੇ ਖੁਚੇ ਖਾਣੇ ਨਾਲ ਬੱਚੇ ਪਾਲਦੀਖੇਤ ਮਜ਼ਦੂਰ ਦੀ ਪਤਨੀ

ਇੱਕ ਹੋਰ ਪਰਿਵਾਰ ਨਾਲ ਸਾਡੀ ਮੁਲਾਕਾਤ ਜ਼ਿਲ੍ਹਾ ਸੰਗਰੂਰ ਦੇ ਪਿੰਡ ਮੌੜਾਂ ਵਿਖੇ ਹੋਈ। ਇੱਥੇ ਵੀ ਖ਼ੁਦਕੁਸ਼ੀ ਦਾ ਕਾਰਨ ਕਰਜ਼ਾ ਸੀ। ਘਰ ਦੇ ਗੁਜ਼ਾਰੇ ਲਈ ਸਰਬਜੀਤ ਕੌਰ ਹੁਣ ਪਿੰਡ ਦੇ ਲੋਕਾਂ ਦੇ ਘਰਾਂ ਵਿੱਚ ਸਾਫ਼- ਸਫ਼ਾਈ ਦਾ ਕੰਮ ਇਸ ਸਮੇਂ ਕਰਦੀ ਹੈ।

ਦੋ ਕਮਰਿਆਂ ਦੇ ਘਰ ਵਿੱਚ ਉਹ ਆਪਣੇ ਤਿੰਨ ਬੱਚਿਆਂ ਨਾਲ ਰਹਿ ਰਹੀ ਹੈ ਪਰ ਘਰਾਂ ਦੀਆਂ ਕੰਧਾਂ ਉੱਤੇ ਪਈਆਂ ਤਰੇੜਾਂ ਉਸ ਦੀ ਮੰਦਹਾਲੀ ਦੀ ਤਸਵੀਰ ਬਿਆਨ ਕਰਨ ਲਈ ਕਾਫ਼ੀ ਸਨ।

ਕਮਰੇ ਦੇ ਇੱਕ ਕੋਨੇ ਵਿੱਚ ਜ਼ਮੀਨ ਉੱਤੇ ਗੈਸ- ਚੁੱਲਾ ਰੱਖ ਕੇ ਰਸੋਈ ਬਣਾਈ ਹੋਈ ਹੈ ਉਸ ਦੇ ਨਾਲ ਹੀ ਪੁਰਾਣੇ ਬੈੱਡ ਪਏ ਹਨ।

ਦੂਜੇ ਕਮਰੇ ਬਾਰੇ ਸਰਬਜੀਤ ਕੌਰ ਆਖਦੀ ਹੈ ਕਿ ਉੱਥੇ ਜਾਣ ਨੂੰ ਦਿਲ ਨਹੀਂ ਕਰਦਾ ਅਤੇ ਉੱਥੇ ਛੱਤ ਉੱਤੇ ਲੱਗਿਆ ਪੱਖਾ ਵੀ ਉਸ ਨੇ ਉਤਾਰ ਕੇ ਰੱਖ ਦਿੱਤਾ ਹੈ ।

ਕਾਰਨ, ਇਸ ਕਮਰੇ ਵਿੱਚ ਜੱਗਾ ਸਿੰਘ ਨੇ 2018 'ਚ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ ਸੀ। ਸਰਬਜੀਤ ਕੌਰ ਆਖਦੀ ਹੈ ਮੀਂਹ ਵਾਲੇ ਦਿਨ ਉਸ ਨੂੰ ਨੀਂਦ ਨਹੀਂ ਆਉਂਦੀ ਕਿਉਂਕਿ ਘਰ ਦੀ ਛੱਤ ਡਿੱਗਣ ਦਾ ਡਰ ਰਹਿੰਦਾ ਹੈ।

ਵੀਡੀਓ ਕੈਪਸ਼ਨ, ਕਿਸਾਨ ਖੁਦਕੁਸ਼ੀ: ਪਤੀ ਦੀ ਖੁਦਕੁਸ਼ੀ ਮਗਰੋਂ ਲੋਕਾਂ ਦੇ ਬਚੇ-ਖੁਚੇ ਖਾਣੇ ਨਾਲ ਬੱਚੇ ਪਾਲਦੀ ਔਰਤ

ਆਰਥਿਕ ਤੰਗੀ ਦੇ ਚੱਲਦਿਆਂ ਸਰਬਜੀਤ ਕੌਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਹੁਣ ਪਿੰਡ ਵਿੱਚ ਹੀ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਕਰ ਰਹੀ ਹੈ ਪਰ ਪਤੀ ਦਾ ਕਰਜ਼ਾ ਅਜੇ ਵੀ ਉਸ ਦੇ ਸਿਰ ਬਰਕਰਾਰ ਹੈ।

ਜ਼ਿਮੀਦਾਰਾਂ ਦੇ ਨਾਲ ਸੀਰੀ ਵਜੋਂ ਕੰਮ ਕਰਨ ਵਾਲੇ ਜੱਗਾ ਸਿੰਘ ਬਾਰੇ ਗੱਲ ਕਰਦਿਆਂ ਸਰਬਜੀਤ ਕੌਰ ਆਖਦੀ ਹੈ ਕਿ ਸੱਤ ਭੈਣਾਂ ਦਾ ਇਕਲੌਤਾ ਭਰਾ ਸੀ ਉਸ ਦਾ ਪਤੀ।

ਵੱਡੀ ਕਬੀਲਦਾਰੀ ਅਤੇ ਘਰ ਵਿੱਚ ਪਹਿਲਾਂ ਮਾਂ ਅਤੇ ਉਸ ਤੋਂ ਬਾਅਦ ਸਰਬਜੀਤ ਕੌਰ ਦੀ ਬਿਮਾਰੀ ਤੇ ਕਰਜ਼ੇ ਦੇ ਬੋਝ ਨੇ ਜੱਗਾ ਸਿੰਘ ਦੀ ਆਰਥਿਕ ਹਾਲਤ ਹੋਰ ਖਸਤਾ ਕਰ ਦਿੱਤੀ ਜਿਸ ਤੋਂ ਪ੍ਰੇਸ਼ਾਨ ਹੋ ਕੇ ਜੱਗਾ ਸਿੰਘ ਨੇ ਇੱਕ ਦਿਨ ਘਰ ਵਿੱਚ ਹੀ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ।

ਦਲਿਤ ਪਰਿਵਾਰ ਨਾਲ ਸਬੰਧਤ ਸਰਬਜੀਤ ਕੌਰ ਆਖਦੀ ਹੈ ਕਿ ਉਸ ਨੇ ਵੀ ਪ੍ਰੇਸ਼ਾਨ ਹੋ ਕੇ ਦੋ ਵਾਰ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਪਰ ਬੱਚਿਆਂ ਦਾ ਮੋਹ ਨੂੰ ਉਸ ਨੂੰ ਅਜਿਹਾ ਕਰਨ ਤੋਂ ਰੋਕ ਦਿੰਦਾ ਹੈ।

ਸਰਬਜੀਤ ਕੌਰ ਦੱਸਦੀ ਹੈ 1000 ਰੁਪਏ ਉਸ ਨੂੰ ਵਿਧਵਾ ਪੈਨਸ਼ਨ ਮਿਲਦੀ ਹੈ ਅਤੇ ਇੰਨੇ ਹੀ ਪੈਸੇ ਉਹ ਮਜ਼ਦੂਰੀ ਕਰ ਕੇ ਕਮਾਉਂਦੀ ਹੈ।

ਪਤੀ ਦੇ ਖ਼ੁਦਕੁਸ਼ੀ ਦੇ ਮੁਆਵਜ਼ੇ ਬਾਰੇ ਉਹ ਆਖਦੀ ਹੈ ਕਿ ਸਾਰੀ ਕਾਗ਼ਜ਼ੀ ਕਾਰਵਾਈ ਕੀਤੀ ਪਰ ਕੁਝ ਨਹੀਂ ਹੋਇਆ ਹੁਣ ਤਾਂ ਜੱਗਾ ਸਿੰਘ ਦੀ ਖ਼ੁਦਕੁਸ਼ੀ ਨਾਲ ਸਬੰਧਤ ਕਾਗ਼ਜ਼ ਪੁਲਿਸ ਦੀ ਐਫਆਈਆਰ, ਪੋਸਟਮਾਰਟਮ ਦੀ ਰਿਪੋਰਟ ਉੱਤੇ ਲਿਖੇ ਉੱਕਰੇ ਅੱਖਰ ਵੀ ਮਿਟਣ ਲੱਗ ਪਏ ਹਨ।

ਸਰਬਜੀਤ ਕੌਰ ਦਾ ਪਤੀ ਜੱਗਾ ਸਿੰਘ ਸੱਤ ਭੈਣਾਂ ਦਾ ਇਕਲੌਤਾ ਭਰਾ ਸੀ
ਤਸਵੀਰ ਕੈਪਸ਼ਨ, ਸਰਬਜੀਤ ਕੌਰ ਦਾ ਪਤੀ ਜੱਗਾ ਸਿੰਘ ਸੱਤ ਭੈਣਾਂ ਦਾ ਇਕਲੌਤਾ ਭਰਾ ਸੀ

ਸਰਬਜੀਤ ਕੌਰ ਦੱਸਦੀ ਹੈ ਕਿ ਜਿਨ੍ਹਾਂ ਲੋਕਾਂ ਦੇ ਘਰਾਂ ਵਿੱਚ ਉਹ ਕੰਮ ਕਰਦੀ ਹੈ ਉਨ੍ਹਾਂ ਦੀ ਵਾਧੂ ਬਚੀ ਹੋਈ ਰੋਟੀ ਅਤੇ ਸਬਜ਼ੀ ਨਾਲ ਉਹ ਆਪਣੇ ਬੱਚੇ ਪਾਲ ਰਹੀ ਹੈ।

ਸਰਬਜੀਤ ਕੌਰ ਦੱਸਦੀ ਹੈ ਕਿ ਇੱਕ ਕਰਜ਼ੇ ਨੂੰ ਉਤਾਰਨ ਦੇ ਲਈ ਉਹ ਦੂਜਾ ਕਰਜ਼ਾ ਚੁੱਕਦੀ ਹੈ ਪਰ ਲੋਕਾਂ ਦਾ ਉਧਾਰ ਖ਼ਤਮ ਨਹੀਂ ਹੋ ਰਿਹਾ।

ਜੇਕਰ ਸੰਗਰੂਰ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਸਰਕਾਰੀ ਅੰਕੜਿਆਂ ਮੁਤਾਬਕ ਇੱਥੇ ਖੇਤ ਮਜ਼ਦੂਰਾਂ ਦੀ ਗਿਣਤੀ 91,799 ਹੈ ਅਤੇ ਪਿਛਲੇ 18 ਸਾਲਾਂ ਦੇ ਦੌਰਾਨ ਇਸ ਜ਼ਿਲ੍ਹੇ ਵਿੱਚ ਕਰਜ਼ੇ ਕਾਰਨ 1,557 ਖੇਤ ਮਜ਼ਦੂਰਾਂ ਨੇ ਖ਼ੁਦਕੁਸ਼ੀ ਕੀਤੀ ਜਦਕਿ ਗੈਰ ਕਰਜ਼ੇ ਕਾਰਨ ਹੋਈਆਂ ਖੁਦਕੁਸ਼ੀਆਂ ਦੀ ਗਿਣਤੀ 353 ਹੈ।

ਪੰਜਾਬ ਸਰਕਾਰ ਦੀ ਕੀ ਹੈ ਮੁਆਵਜ਼ਾ ਰਾਸ਼ੀ

ਪੰਜਾਬ ਸਰਕਾਰ ਨੇ 2015 ਵਿੱਚ ਖੁਦਕੁਸ਼ੀਆਂ ਨਾਲ ਪ੍ਰਭਾਵਿਤ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਰਾਹਤ ਦੇਣ ਲਈ ਨੀਤੀ ਬਣਾਈ, ਜਿਸ ਵਿੱਚ ਪੀੜਤ ਪਰਿਵਾਰਾਂ ਨੂੰ ਤਿੰਨ ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦੀ ਵਿਵਸਥਾ ਹੈ।

ਪਰ ਇਸ ਨੀਤੀ ਦਾ ਫ਼ਾਇਦਾ ਜ਼ਿਆਦਾਤਰ ਪਰਿਵਾਰਾਂ ਨੂੰ ਅਸਲ ਵਿੱਚ ਮਿਲਦਾ ਹੀ ਨਹੀਂ, ਇਸਦੇ ਕਈ ਕਾਰਨ ਹਨ।

ਪੰਜਾਬ ਸਰਕਾਰ ਨੇ 2015 ਵਿਚ ਖੁਦਕੁਸ਼ੀਆਂ ਨਾਲ ਪ੍ਰਭਾਵਿਤ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਰਾਹਤ ਦੇਣ ਲਈ ਨੀਤੀ ਬਣਾਈ

ਮੁਆਵਜ਼ੇ ਦੀਆਂ ਸ਼ਰਤਾਂ ਵਿੱਚ ਐਫਆਈਆਰ ਦੀ ਕਾਪੀ, ਪੋਸਟ-ਮਾਰਟਮ ਰਿਪੋਰਟ ਅਤੇ ਕਰਜ਼ੇ ਦਾ ਸਬੂਤ ਦੇਣਾ ਜ਼ਰੂਰੀ ਹੈ।

ਸ਼ਰਤਾਂ ਮੁਤਾਬਕ ਖ਼ੁਦਕੁਸ਼ੀ ਦੀ ਘਟਨਾ ਵਾਪਰਨ ਦੇ ਤਿੰਨ ਮਹੀਨੇ ਦੇ ਅੰਦਰ-ਅੰਦਰ ਮੁਆਵਜ਼ਾ ਅਰਜ਼ੀ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਜਾਂ ਫਿਰ ਐਸਡੀਐਮ ਨੂੰ ਦੇਣੀ ਹੋਵੇਗੀ।

ਮੁਆਵਜ਼ੇ ਦੀ ਜ਼ਮੀਨੀ ਹਕੀਕਤ

ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦੀ ਭਲਾਈ ਲਈ ਕੰਮ ਕਰਨ ਵਾਲੀ ਕਿਰਨਜੀਤ ਕੌਰ ਦੱਸਦੀ ਹੈ ਕਿ ਸਰਕਾਰ ਦੀ ਨੀਤੀ ਦਾ ਫ਼ਾਇਦਾ ਬਹੁਤ ਘੱਟ ਪਰਿਵਾਰਾਂ ਨੂੰ ਮਿਲਦਾ ਹੈ।

ਕਿਰਨਜੀਤ ਮੁਤਾਬਕ ਇਸਦਾ ਸਭ ਤੋਂ ਵੱਡਾ ਕਾਰਨ ਤਿੰਨ ਮਹੀਨੇ ਦਾ ਸਮਾਂ ਹੈ ਜਿਸ ਵਿੱਚ ਸਾਰੀ ਕਾਗ਼ਜ਼ੀ ਕਾਰਵਾਈ ਕਰਕੇ ਅਰਜ਼ੀ ਸਰਕਾਰੀ ਦਫ਼ਤਰ ਵਿੱਚ ਜਮਾਂ ਕਟਵਾਉਣੀ ਹੁੰਦੀ ਹੈ।

ਬਹੁਤ ਸਾਰੇ ਪਰਿਵਾਰਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈ ਕਿ ਮੁਆਵਜ਼ੇ ਸਬੰਧੀ ਅਰਜ਼ੀ ਕਦੋਂ ਦੇਣੀ ਹੈ ਅਤੇ ਕਿੱਥੇ ਦੇਣੀ ਹੈ ਅਤੇ ਉਸ ਦੇ ਲਈ ਕਿਹੜੇ ਕਿਹੜੇ ਕਾਗ਼ਜ਼ ਲੋੜੀਂਦੇ ਹਨ।

ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਖੇਤ ਮਜ਼ਦੂਰ

ਦੂਜੀ ਗੱਲ ਸਰਕਾਰ ਸਿਰਫ਼ ਸਰਕਾਰੀ ਕਰਜ਼ੇ ਨੂੰ ਹੀ ਮੰਨਦੀ ਹੈ।

ਜ਼ਿਮੀਦਾਰਾਂ ਜਾਂ ਕਿਸੇ ਹੋਰ ਤੋਂ ਲਏ ਪੈਸੇ ਨੂੰ ਕਰਜ਼ਾ ਹੀ ਨਹੀਂ ਮੰਨਦੀ। ਜ਼ਿਆਦਾ ਪਰਿਵਾਰਾਂ ਕੋਲ ਕਰਜ਼ੇ ਦਾ ਕੋਈ ਸਬੂਤ ਨਾ ਹੋਣ ਅਤੇ ਜਾਗਰੂਰਤਾ ਦੀ ਕਮੀ ਦੇ ਕਾਰਨ ਪੀੜਤ ਪਰਿਵਾਰਾਂ ਨੂੰ ਸਰਕਾਰ ਦੀ ਸਕੀਮ ਦਾ ਫ਼ਾਇਦਾ ਨਹੀਂ ਮਿਲਦਾ।

ਇਸ ਤੋਂ ਇਲਾਵਾ ਪੀੜਤ ਪਰਿਵਾਰਾਂ ਕੋਲ ਪੋਸਟਮਾਰਟਮ ਦੀ ਰਿਪੋਰਟ ਹੁੰਦੀ ਹੈ ਪਰ ਕਰਜ਼ੇ ਦਾ ਸਬੂਤ ਨਹੀਂ ਹੁੰਦਾ ਇਸ ਕਰਕੇ ਉਨ੍ਹਾਂ ਦੀ ਅਰਜ਼ੀ ਰੱਦ ਹੋ ਜਾਂਦੀ ਹੈ।

ਕਿਰਨਜੀਤ ਕੌਰ ਦੇ ਕਿਸਾਨ ਪਿਤਾ ਵੀ ਅੱਠ ਲੱਖ ਦੇ ਕਰਜ਼ੇ ਦੇ ਕਾਰਨ 2016 ਵਿੱਚ ਖ਼ੁਦਕੁਸ਼ੀ ਕਰ ਗਏ ਸਨ।

ਮੁਆਵਜ਼ੇ ਸਬੰਧੀ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਕਿਰਨਜੀਤ ਕੌਰ ਨੇ ਦੱਸਿਆ ਕਿ ਪੜ੍ਹੀ ਲਿਖੀ ਹੋਣ ਦੇ ਬਾਵਜੂਦ ਮੁਆਵਜ਼ੇ ਲਈ ਉਸ ਨੇ ਪਿਤਾ ਦੀ ਮੌਤ ਤੋਂ ਬਾਅਦ ਦੋ ਸਾਲ ਤੱਕ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟੇ।

ਤੰਗ ਆ ਕੇ ਆਖ਼ਰਕਾਰ ਉਸ ਨੇ ਆਪਣੀ ਅਰਜ਼ੀ ਦੀ ਫਾਈਲ ਹੀ ਫਾੜ ਦਿੱਤੀ ਸੀ।
ਤਸਵੀਰ ਕੈਪਸ਼ਨ, ਸਰਕਾਰੀ ਦਫ਼ਤਰਾਂ ਦੇ ਚੱਕਰਾਂ ਤੋਂ ਤੰਗ ਆ ਕੇ ਕਿਰਨ ਨੇ ਪਿਤਾ ਦੀ ਖ਼ੁਦਕੁਸ਼ੀ ਦੀ ਅਰਜ਼ੀ ਵਾਲੀ ਫਾਈਲ ਫਾੜ ਦਿੱਤੀ ਸੀ

ਤੰਗ ਆ ਕੇ ਆਖ਼ਰਕਾਰ ਉਸ ਨੇ ਆਪਣੀ ਅਰਜ਼ੀ ਦੀ ਫਾਈਲ ਹੀ ਫਾੜ ਦਿੱਤੀ ਸੀ। ਮਾਮਲਾ ਮੀਡੀਆ ਵਿੱਚ ਹੋਣ ਤੋਂ ਬਾਅਦ ਕਿਰਨਜੀਤ ਕੌਰ ਨੂੰ ਤਿੰਨ ਲੱਖ ਰੁਪਏ ਦਾ ਮੁਆਵਜ਼ਾ ਮਿਲਿਆ ਸੀ।

ਪੰਜਾਬ ਸਰਕਾਰ ਦੀ ਕਰਜ਼ਾ ਮੁਕਤ ਸਕੀਮ

20 ਅਗਸਤ ਨੂੰ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਜਨਮ ਦਿਵਸ ਨੂੰ ਸਮਰਪਿਤ ਪੰਜਾਬ ਸਰਕਾਰ ਨੇ ਕਰਜ਼ਾ ਮੁਕਤ ਸਕੀਮ ਲਾਗੂ ਕੀਤੀ।

ਜਿਸ ਤਹਿਤ 2.85 ਲੱਖ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਲਈ 520 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਗਿਆ।

ਪੰਜਾਬ ਸਰਕਾਰ ਮੁਤਾਬਕ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਦੇ 520 ਕਰੋੜ ਰੁਪਏ ਦੇ ਕਰਜ਼ੇ 31 ਜੁਲਾਈ, 2017 ਨੂੰ ਉਨ੍ਹਾਂ ਦੇ ਸਹਿਕਾਰੀ ਕਰਜ਼ਿਆਂ 'ਤੇ ਬਣਦੀ ਅਸਲ ਰਕਮ ਅਤੇ 6 ਮਾਰਚ, 2019 ਤੱਕ ਉਪਰੋਕਤ ਰਕਮ 'ਤੇ ਸਾਲਾਨਾ 7 ਫ਼ੀਸਦੀ ਆਮ ਵਿਆਜ ਮੁਆਫ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਕੀ ਕਰਜ਼ਾ ਮੁਆਫ਼ੀ ਸਮੱਸਿਆ ਦਾ ਹੱਲ ?

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਰਥਸ਼ਾਸਤਰ ਵਿਭਾਗ ਦੇ ਪ੍ਰੋਫੈਸਰ ਡਾ ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਕਿਸਾਨ-ਮਜ਼ਦੂਰਾਂ ਦੇ ਕਰਜ਼ੇ ਦੀ ਪੰਡ ਦਿਨ ਪ੍ਰਤੀ ਦਿਨ ਭਾਰੀ ਹੁੰਦੀ ਜਾ ਰਹੀ ਹੈ।

ਪੰਜਾਬ ਸਰਕਾਰ ਲਈ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਬਾਰੇ ਰਿਪੋਰਟ ਤਿਆਰ ਕਰਨ ਵਾਲੇ ਡਾਕਟਰ ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਦੇ ਪੇਂਡੂ ਖੇਤਰ ਵਿੱਚ 7 ਲੱਖ ਖੇਤ ਮਜ਼ਦੂਰ ਹਨ ਅਤੇ ਇਨ੍ਹਾਂ ਵਿੱਚੋਂ 70 ਫ਼ੀਸਦ ਕਰਜ਼ੇ ਦੇ ਬੋਝ ਥੱਲੇ ਦੱਬੇ ਹੋਏ ਹਨ।

ਡਾ. ਸੁਖਪਾਲ ਮੁਤਾਬਕ ਉਨ੍ਹਾਂ ਦੇ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਕਿ ਖੇਤ ਮਜ਼ਦੂਰਾਂ ਸਿਰ ਪ੍ਰਤੀ ਪਰਿਵਾਰ ਲਗਭਗ 60 ਤੋਂ 70 ਹਜ਼ਾਰ ਦਾ ਔਸਤਨ ਕਰਜ਼ਾ ਹੈ। ਇਸ ਕਰਜ਼ੇ ਦਾ 90 ਫ਼ੀਸਦੀ ਹਿੱਸਾ ਗੈਰ ਸੰਸਥਾਗਤ ਸਰੋਤਾ ਅਤੇ ਬਾਕੀ 10 ਫ਼ੀਸਦ ਸਰਕਾਰੀ ਅਦਾਰਿਆਂ ਤੋਂ ਲਿਆ ਹੋਇਆ ਹੈ।

ਗ਼ੈਰ ਸਰਕਾਰੀ ਕਰਜ਼ੇ ਵਿੱਚੋਂ 70 ਫੀਸਦੀ ਕਰਜ਼ਾ ਜ਼ਿੰਮੀਦਾਰਾਂ ਦਾ ਹੈ ਅਤੇ ਬਾਕੀ 25 ਫੀਸਦੀ ਛੋਟੇ ਦੁਕਾਨਦਾਰਾਂ ਅਤੇ ਸਾਹੂਕਾਰਾਂ ਦਾ। ਪੰਜਾਬ ਦੀਆਂ ਤਿੰਨ ਯੂਨੀਵਰਸਿਟੀਆਂ ਦੇ ਸਾਲ 2000 ਤੋਂ ਲੈ ਕੇ 2018 ਤੱਕ ਕੀਤੇ ਸਰਵੇ ਵਿੱਚ 7 ਹਜ਼ਾਰ 300 ਖੇਤ ਮਜ਼ਦੂਰਾਂ ਵਲੋਂ ਖੁਦਕੁਸ਼ੀ ਕੀਤੇ ਜਾਣ ਦਾ ਪਤਾ ਲੱਗਾ ਹੈ।

ਡਾਕਟਰ ਸੁਖਪਾਲ ਸਿੰਘ ਮੁਤਾਬਕ ਪੇਂਡੂ ਖੇਤਰ ਵਿਚ ਪੁਰਸ਼ਾਂ ਦੇ ਮੁਕਾਬਲੇ ਮਹਿਲਾਵਾਂ ਦੀ ਸਥਿਤੀ ਕਾਫੀ ਪਤਲੀ ਹੈ।
ਤਸਵੀਰ ਕੈਪਸ਼ਨ, ਡਾਕਟਰ ਸੁਖਪਾਲ ਸਿੰਘ ਮੁਤਾਬਕ ਪੇਂਡੂ ਖੇਤਰ ਵਿਚ ਪੁਰਸ਼ਾਂ ਦੇ ਮੁਕਾਬਲੇ ਮਹਿਲਾਵਾਂ ਦੀ ਸਥਿਤੀ ਕਾਫੀ ਪਤਲੀ ਹੈ।

ਇਨ੍ਹਾਂ ਸਾਲਾਂ ਦੌਰਾਨ ਪੰਜਾਬ ਦੇ ਛੇ ਜ਼ਿਲ੍ਹਿਆਂ ਸੰਗਰੂਰ, ਮਾਨਸਾ, ਬਰਨਾਲਾ, ਮੋਗਾ, ਬਠਿੰਡਾ ਅਤੇ ਲੁਧਿਆਣਾ ਵਿੱਚ ਸਭ ਤੋਂ ਜ਼ਿਆਦਾ ਖੁਦਕੁਸ਼ੀਆਂ ਹੋਈਆਂ ਹਨ।

ਡਾਕਟਰ ਸੁਖਪਾਲ ਸਿੰਘ ਮੁਤਾਬਕ ਪੇਂਡੂ ਖੇਤਰ ਵਿੱਚ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਦੀ ਸਥਿਤੀ ਕਾਫੀ ਕਮਜ਼ੋਰ ਹੈ।

ਉਨ੍ਹਾਂ ਦੱਸਿਆ ਕਿ ਕਈ ਥਾਵਾਂ ਉਤੇ ਇਕਲੌਤੇ ਕਮਾਉਣ ਵਾਲੇ ਵਿਅਕਤੀ ਵਲੋਂ ਖੁਦਕੁਸ਼ੀ ਕੀਤੀ ਗਈ ਹੈ ਇਸ ਦਾ ਪੀੜਤ ਪਰਿਵਾਰ ਉੱਤੇ ਆਰਥਿਕ ਅਤੇ ਸਮਾਜਿਕ ਅਸਰ ਜ਼ਿਆਦਾ ਪਿਆ ਹੈ।

ਬੁਢਾਪਾ ਅਜਿਹੇ ਪੀੜਤ ਪਰਿਵਾਰਾਂ ਲਈ ਵੱਡੀ ਸਮਸਿਆ ਹੈ ਕਿਉਂਕਿ ਕਮਾਉਣ ਵਾਲਾ ਹੀ ਚਲਾ ਗਿਆ ਅਤੇ ਬਾਕੀ ਪਰਿਵਾਰ ਸਦਮੇ ਵਿੱਚ ਦੇਖਣ ਨੂੰ ਮਿਲਿਆ।

ਜ਼ਿਆਦਾਤਰ ਪੀੜਤ ਪਰਿਵਾਰ ਦਲਿਤ ਵਰਗ ਨਾਲ ਸਬੰਧਤ ਹਨ ਅਤੇ ਭੂਮੀ ਹੀਣ ਹਨ। ਡਾਕਟਰ ਸੁਖਪਾਲ ਸਿੰਘ ਮੁਤਾਬਕ ਬੇਸ਼ੱਕ ਸਰਕਾਰ ਕਰਜ਼ਾ ਮੁਆਫ ਕਰ ਰਹੀ ਹੈ ਪਰ ਇਹ ਸਮੱਸਿਆ ਦਾ ਹੱਲ ਨਹੀਂ ਹੈ।

ਉੋਨ੍ਹਾਂ ਦੱਸਿਆ ਕਿ ਕਰਜ਼ਾ ਮੁਆਫੀ ਦੇ ਨਾਲੋਂ ਸਰਕਾਰ ਇਨ੍ਹਾਂ ਪਰਿਵਾਰਾਂ ਲਈ ਰੁਜ਼ਗਾਰ ਦੇ ਸਾਧਨ ਦੇ ਨਾਲ-ਨਾਲ ਡਾਕਟਰੀ ਇਲਾਜ ਅਤੇ ਬੱਚਿਆਂ ਲਈ ਸਿੱਖਿਆ ਦਾ ਵੀ ਪ੍ਰਬੰਧ ਕਰਨਾ ਜ਼ਰੂਰੀ ਹੈ ਅਤੇ ਇਸ ਨਾਲ ਵਰਤਾਰਾ ਰੁਕ ਸਕਦਾ ਹੈ।

ਇਹ ਵੀ ਪੜ੍ਹੋ:-

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)