ਕੋਰੋਨਾਵਾਇਰਸ ਮਹਾਂਮਾਰੀ ਅਤੇ ਵਿਕਾਸ ਦੀ ਸੁਸਤ ਰਫ਼ਤਾਰ ਦਾ ਮੋਦੀ ਦੀ ਲੋਕਪ੍ਰਿਅਤਾ 'ਤੇ ਕੀ ਅਸਰ ਹੋਵੇਗਾ

ਨਰਿੰਦਰ ਮੋਦੀ

ਤਸਵੀਰ ਸਰੋਤ, Getty Images

    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

ਨਰਿੰਦਰ ਮੋਦੀ, ਭਾਰਤ ਦੇ ਵੋਟਰਾਂ ਲਈ ਲੰਮੇ ਸਮੇਂ ਤੱਕ ਇੱਕ ਖਾਸ ਚਿਹਰਾ ਬਣ ਕੇ ਰਹੇ ਹਨ।

ਭਾਰਤੀ ਰਾਜਨੀਤੀ ਦੀਆਂ ਮੁੱਖ ਪਾਰਟੀਆਂ ਵਿੱਚੋਂ ਇੱਕ ਅਤੇ ਵਿੱਤੀ ਤੌਰ 'ਤੇ ਮਜ਼ਬੂਤ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਨਰਿੰਦਰ ਮੋਦੀ ਨੇ ਲਗਾਤਾਰ ਦੋ ਵਾਰ ਚੋਣਾਂ ਜਿੱਤੀਆਂ ਹਨ।

ਉਨ੍ਹਾਂ ਨੇ ਵੋਟਰਾਂ ਨੂੰ ਲੁਭਾਉਣ ਅਤੇ ਆਪਣੇ ਵਿਰੋਧੀਆਂ ਨੂੰ ਬਾਹਰ ਕੱਢਣ ਲਈ ਇੱਕ ਸ਼ਕਤੀਸ਼ਾਲੀ ਹਿੰਦੂ ਰਾਸ਼ਟਰਵਾਦ ਨੂੰ ਅਧਾਰ ਬਣਾਇਆ ਅਤੇ ਭਰਭੂਰ ਚਮਤਕਾਰ ਦਿਖਾਇਆ ਹੈ।

ਇਸ ਸਭ ਵਿੱਚ ਕਿਸਮਤ ਨੇ ਵੀ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਉਨ੍ਹਾਂ ਦੇ ਸਮਰਥਕਾਂ ਨੇ ਉਨ੍ਹਾਂ ਨੂੰ 2016 ਵਿੱਚ ਨੋਟਬੰਦੀ ਵਰਗੇ 'ਗਲਤ' ਫ਼ੈਸਲਿਆਂ ਲਈ ਵੀ ਮੁਆਫ਼ ਕਰ ਦਿੱਤਾ ਹੈ।

ਇੱਕ ਕਮਜ਼ੋਰ ਅਰਥਵਿਵਸਥਾ - ਜੋ ਕਿ ਮਹਾਂਮਾਰੀ ਤੋਂ ਬਾਅਦ ਹੋਰ ਵੀ ਗੰਭੀਰ ਸਥਿਤੀ ਵਿੱਚ ਆ ਗਈ ਹੈ - ਨਾਲ ਵੀ ਉਨ੍ਹਾਂ ਦੇ ਸਮਰਥਨ ਵਿੱਚ ਕੋਈ ਖਾਸ ਕਮੀ ਨਹੀਂ ਦਿਖਾਈ ਦਿੱਤੀ। ਇੱਕ ਹੋਰ ਤੱਥ ਜਿਸ ਨੇ ਕਿ ਬਹੁਤ ਮਦਦ ਕੀਤੀ, ਉਹ ਹੈ ਇੱਕ ਮਜ਼ਬੂਤ ਵਿਰੋਧੀ ਧਿਰ ਦੀ ਅਣਹੋਂਦ।

ਪਰ ਇਸ ਸਭ ਦੇ ਬਾਅਦ ਵੀ, ਕੀ ਮੋਦੀ ਦੀ ਇਹ ਪ੍ਰਸਿੱਧੀ ਹੁਣ ਘੱਟ ਰਹੀ ਹੈ?

ਇਹ ਵੀ ਪੜ੍ਹੋ:

ਜੁਲਾਈ ਮਹੀਨੇ ਵਿੱਚ, ਇੰਡੀਆ ਟੂਡੇ ਮੈਗਜ਼ੀਨ ਵੱਲੋਂ ਇੱਕ ਸਰਵੇਖਣ ਕਰਵਾਇਆ ਗਿਆ, ਜਿਸ ਵਿੱਚ 14,600 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਸਰਵੇਖਣ ਦੇ ਨਤੀਜਿਆਂ ਵਿੱਚ ਪਾਇਆ ਗਿਆ ਕਿ ਸ਼ਾਮਿਲ ਲੋਕਾਂ ਵਿੱਚੋਂ 24% ਨੇ ਹੀ 70 ਸਾਲ ਦੇ ਮੋਦੀ ਨੂੰ ਭਾਰਤ ਦੇ ਅਗਲੇ ਪ੍ਰਧਾਨ ਮੰਤਰੀ ਲਈ "ਸਭ ਤੋਂ ਬਿਹਤਰ" ਮੰਨਿਆ। ਇੱਥੇ ਯਾਦ ਰੱਖਣਯੋਗ ਹੈ ਕਿ ਅਗਲੀਆਂ ਆਮ ਚੋਣਾਂ 2024 ਵਿੱਚ ਹੋਣੀਆਂ ਹਨ।

ਪਿਛਲੇ ਸਾਲ ਵੀ ਇਸੇ ਤਰ੍ਹਾਂ ਦਾ ਇੱਕ ਸਰਵੇਖਣ ਕਰਵਾਇਆ ਗਿਆ ਸੀ ਅਤੇ ਉਸ ਦੇ ਮੁਕਾਬਲੇ ਹੁਣ ਦੇ ਨਤੀਜਿਆਂ ਵਿੱਚ 42 ਅੰਕਾਂ ਦੀ ਭਾਰੀ ਗਿਰਾਵਟ ਆਈ ਹੈ।

ਸਰਵੇਖਣਕਾਰ ਤੋਂ ਸਿਆਸਤਦਾਨ ਬਣੇ ਯੋਗੇਂਦਰ ਯਾਦਵ ਮੋਦੀ ਦੇ ਆਲੋਚਕ ਵੀ ਹਨ।

ਉਹ ਕਹਿੰਦੇ ਹਨ ਕਿ, "ਮਤ ਸਰਵੇਖਣ ਵਿੱਚ ਆਪਣੇ 20 ਸਾਲਾਂ ਤੋਂ ਜ਼ਿਆਦਾ ਦੇ ਅਨੁਭਵ ਦੌਰਾਨ, ਮੈਨੂੰ ਕਿਸੇ ਵੀ ਪ੍ਰਧਾਨ ਮੰਤਰੀ ਦੀ ਪ੍ਰਸਿੱਧੀ ਵਿੱਚ ਅਜਿਹੀ ਗਿਰਾਵਟ ਯਾਦ ਨਹੀਂ ਆਉਂਦੀ।"

ਨਰਿੰਦਰ ਮੋਦੀ ਦਾ ਹੁਣ ਤੱਕ ਦਾ ਸਾਲ ਔਖਾ ਰਿਹਾ ਹੈ। ਕੋਵਿਡ ਮਹਾਂਮਾਰੀ ਦੀ ਵਿਨਾਸ਼ਕਾਰੀ ਦੂਜੀ ਲਹਿਰ ਦੌਰਾਨ ਸਰਕਾਰ ਵੱਲੋਂ ਸਥਿਤੀ ਨੂੰ ਬਿਹਤਰ ਤਰੀਕੇ ਨਾਲ ਨਾ ਸੰਭਾਲਣ ਕਰਕੇ ਅਤੇ ਲੱਖਾਂ ਲੋਕਾਂ ਦੀ ਮੌਤ ਨਾਲ, ਅੰਤਰਰਾਸ਼ਟੀ ਮੰਚ 'ਤੇ ਮੋਦੀ ਦੀ ਹੁਣ ਤੱਕ ਸ਼ਿੱਦਤ ਨਾਲ ਬਣਾਈ ਹੋਈ ਛਵੀ ਨੂੰ ਧੱਕਾ ਲੱਗਾ ਹੈ।

ਕੋਰੋਨਾਵਾਇਰਸ

ਤਸਵੀਰ ਸਰੋਤ, EPA

ਅਰਥਵਿਵਸਥਾ ਸੰਘਰਸ਼ ਕਰ ਰਹੀ ਹੈ: ਮਹਿੰਗਾਈ ਬਹੁਤ ਜ਼ਿਆਦਾ ਹੈ, ਤੇਲ ਦੀਆਂ ਕੀਮਤਾਂ ਵਧੀਆਂ ਹਨ ਅਤੇ ਨੌਕਰੀਆਂ ਅਤੇ ਖਪਤ 'ਤੇ ਦਬਾਅ ਹੈ।

ਕੁਝ ਅਜਿਹੀਆਂ ਹੀ ਦਿੱਕਤਾਂ ਅਤੇ ਅਵਿਸ਼ਵਾਸ, ਇਸ ਸਰਵੇਖਣ ਦੇ ਨਤੀਜਿਆਂ ਵਿੱਚ ਝਲਕੇ ਹਨ। ਲਗਭਗ 70% ਨੇ ਕਿਹਾ ਕਿ ਮਹਾਂਮਾਰੀ ਦੌਰਾਨ ਉਨ੍ਹਾਂ ਦੀ ਆਮਦਨੀ ਵਿੱਚ ਗਿਰਾਵਟ ਆਈ ਹੈ; ਅਤੇ ਇੰਨੇ ਹੀ ਲੋਕਾਂ ਦਾ ਮੰਨਣਾ ਹੈ ਕਿ ਕੋਵਿਡ ਦੌਰਾਨ ਹੋਈਆਂ ਮੌਤਾਂ ਦੀ ਅਸਲ ਗਿਣਤੀ, ਸਰਕਾਰੀ ਅੰਕੜੇ 4,30,000 ਤੋਂ ਵੱਧ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਪਰ ਇਨ੍ਹਾਂ ਵਿੱਚੋਂ 36% ਲੋਕਾਂ ਨੇ, ਮਹਾਂਮਾਰੀ ਨਾਲ ਨਜਿੱਠਣ ਲਈ ਮੋਦੀ ਦੇ ਕੰਮ ਨੂੰ "ਚੰਗਾ" ਦੱਸਿਆ ਹੈ। ਸਿਰਫ 13% ਲੋਕਾਂ ਨੂੰ ਲੱਗਦਾ ਹੈ ਜਨਤਾ ਵੱਲੋਂ ਝੱਲੀਆਂ ਇਨ੍ਹਾਂ ਤਕਲੀਫ਼ਾਂ ਦੀ ਸਾਰੀ ਜ਼ਿੰਮੇਵਾਰੀ ਸਿਰਫ਼ ਇਕੱਲੇ ਮੋਦੀ ਸਰਕਾਰ ਨੂੰ ਲੈਣੀ ਚਾਹੀਦੀ ਹੈ; ਅਤੇ 44% ਲੋਕਾਂ ਅਨੁਸਾਰ ਕੇਂਦਰ ਅਤੇ ਰਾਜ, ਦੋਵਾਂ ਸਰਕਾਰਾਂ ਨੇ ਕੋਵਿਡ ਦੌਰਾਨ ਆਪਣੀ ਜ਼ਿਮੇਵਾਰੀ ਸਹੀ ਤਰੀਕੇ ਨਾਲ ਨਹੀਂ ਨਿਭਾਈ।

ਜੇ ਮਹਾਂਮਾਰੀ ਨੂੰ ਇੱਕ ਪਾਸੇ ਰੱਖ ਦੇਈਏ, ਤਾਂ ਵੀ ਇਸ ਸਰਵੇਖਣ ਵਿੱਚ ਹੋਰ ਕਈ ਬਿੰਦੂ ਹਨ ਜੋ ਇਹ ਦੱਸਦੇ ਹਨ ਕਿ ਮੋਦੀ ਦੀ ਪ੍ਰਸਿੱਧੀ ਕਿਉਂ ਘੱਟ ਰਹੀ ਹੈ। ਮਹਿੰਗਾਈ ਅਤੇ ਨੌਕਰੀਆਂ ਦੀ ਕਮੀ, ਦੋ ਸਭ ਤੋਂ ਵੱਡੀਆਂ ਚਿੰਤਾਵਾਂ ਦੇ ਰੂਪ ਵਿੱਚ ਉੱਭਰੇ ਹਨ - ਲਗਭਗ ਇੱਕ ਤਿਹਾਈ ਲੋਕਾਂ ਨੇ ਕਿਹਾ ਕਿ ਕੀਮਤਾਂ 'ਤੇ ਲਗਾਮ ਨਾ ਲਗਾ ਸਕਣਾ, ਉਨ੍ਹਾਂ ਦੀ ਸਰਕਾਰ ਦੀ ਸਭ ਤੋਂ ਵੱਡੀ ਅਸਫ਼ਲਤਾ ਸੀ।

ਦਿੱਲੀ ਸਥਿਤ ਸੈਂਟਰ ਫ਼ਾਰ ਪਾਲਿਸੀ ਰਿਸਰਚ ਦੇ ਸਹਿਯੋਗੀ ਰਾਹੁਲ ਵਰਮਾ ਨੇ ਕਿਹਾ, "ਮੋਦੀ ਦੀ ਪ੍ਰਸਿੱਧੀ ਵਿੱਚ ਗਿਰਾਵਟ ਹੈਰਾਨੀਜਨਕ ਨਹੀਂ ਹੈ।"

ਮੋਦੀ ਧਰੁਵੀਕਰਨ ਵਾਲੇ ਨੇਤਾ ਰਹੇ ਹਨ। ਆਲੋਚਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸ਼ਾਸਨ ਦੌਰਾਨ ਮੀਡੀਆ ਦੀ ਆਜ਼ਾਦੀ ਕਾਫ਼ੀ ਘੱਟ ਗਈ ਹੈ - 2014 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕੋਈ ਵੀ ਪ੍ਰੈੱਸ ਵਾਰਤਾ ਨਹੀਂ ਕੀਤੀ ਅਤੇ ਅਸਹਿਮਤੀ ਨੂੰ ਦਬਾਇਆ ਜਾ ਰਿਹਾ ਹੈ।

ਮੋਦੀ ਅਤੇ ਉਨ੍ਹਾਂ ਦੀ ਪਾਰਟੀ 'ਤੇ ਦੋਸ਼ ਲਗਾਇਆ ਗਿਆ ਹੈ ਕਿ ਉਹ ਡਾਗ-ਵਿਸਲ ਪੌਲੀਟਿਕਸ ਭਾਵ ਕੋਡਬੱਧ, ਵੰਡਣ ਵਾਲੇ ਸੰਦੇਸ਼ਾਂ ਦੀ ਵਰਤੋਂ ਕਰਦੇ ਹਨ ਅਤੇ ਸੰਪਰਦਾਇਕ ਤਣਾਅ ਪੈਦਾ ਕਰਦੇ ਹਨ।

ਵਿਵਾਦਪੂਰਨ ਨਾਗਰਿਕਤਾ ਕਾਨੂੰਨ ਅਤੇ ਪ੍ਰਸਤਾਵਿਤ ਖੇਤੀ ਸੁਧਾਰਾਂ ਨੂੰ ਲੈ ਕੇ ਹੋਏ ਜ਼ਬਰਦਸਤ ਵਿਰੋਧ ਪ੍ਰਦਰਸ਼ਨਾਂ ਨੇ ਵੀ ਪ੍ਰਧਾਨ ਮੰਤਰੀ ਦੀ ਅਜਿੱਤ ਨੇਤਾ ਵਾਲੀ ਛਵੀ ਨੂੰ ਨੁਕਸਾਨ ਪਹੁੰਚਾਇਆ ਹੈ। ਉੱਧਰ ਮਈ ਵਿੱਚ, ਪੱਛਮੀ ਬੰਗਾਲ ਵਿੱਚ ਪਾਰਟੀ ਦੀ ਕਰਾਰੀ ਹਾਰ ਨੇ ਉਨ੍ਹਾਂ ਦੇ ਵਿਰੋਧੀਆਂ ਦਾ ਹੌਸਲਾ ਹੋਰ ਵਧਾ ਦਿੱਤਾ ਹੈ।

ਬਹੁਤਿਆਂ ਦਾ ਮੰਨਣਾ ਹੈ ਕਿ ਇੱਕ ਨੇਤਾ ਜਿਸ ਦਾ ਚਿਹਰਾ ਹਰ ਜਗ੍ਹਾ ਹੈ - ਬਿਲਬੋਰਡਾਂ 'ਤੇ, ਟੀਕੇ ਦੇ ਸਰਟੀਫਿਕੇਟ 'ਤੇ, ਅਖ਼ਬਾਰ ਅਤੇ ਟੀਵੀ ਇਸ਼ਤਿਹਾਰਾਂ ਵਿੱਚ - ਅਜਿਹੇ ਨੇਤਾ ਦੀ ਰੇਟਿੰਗ ਵਿੱਚ ਭਾਰੀ ਗਿਰਾਵਟ ਉਸ ਦੀ ਸ਼ਖਸੀਅਤ ਵਿੱਚ ਵਿਸ਼ਵਾਸ ਦੇ ਪਤਨ ਦੀ ਸ਼ੁਰੂਆਤ ਦਾ ਸੰਕੇਤ ਹੋ ਸਕਦੀ ਹੈ।

ਪਰ ਅਜਿਹੇ ਸਰਵੇਖਣ - ਜੋ ਵੋਟਰਾਂ ਦੇ ਮਤ ਲੈਣ ਲਈ ਵੱਖੋ-ਵੱਖਰੇ ਤਰੀਕਿਆਂ ਦੀ ਵਰਤੋਂ ਕਰਦੇ ਹਨ - ਕੀ ਉਹ ਇੱਕ ਦੇਸ਼ ਦੀਆਂ ਭਾਵਨਾਵਾਂ ਨੂੰ ਸਹੀ-ਸਹੀ ਦਿਖਾ ਸਕਦੇ ਹਨ?

ਮੌਰਨਿੰਗ ਕੰਸਲਟ, ਜੋ 13 ਦੇਸ਼ਾਂ ਦੇ ਚੁਣੇ ਹੋਏ ਨੇਤਾਵਾਂ ਦੀ ਰਾਸ਼ਟਰੀ ਰੇਟਿੰਗ ਨੂੰ ਟ੍ਰੈਕ ਕਰਦਾ ਹੈ। ਉਸ ਅਨੁਸਾਰ ਮੋਦੀ ਦੀ ਅਪਰੂਵਲ ਰੇਟਿੰਗ ਵਿੱਚ ਪਿਛਲੇ ਸਾਲ ਮਈ ਤੋਂ 25 ਅੰਕਾਂ ਦੀ ਗਿਰਾਵਟ ਆਈ ਹੈ। ਹਾਲਾਂਕਿ, ਅਗਸਤ ਦੇ ਅੱਧ ਵਿੱਚ 47% ਨਾਲ ਮੋਦੀ ਦੂਜਿਆਂ ਨਾਲੋਂ ਬਹੁਤ ਅੱਗੇ ਹਨ।

ਜੂਨ ਵਿੱਚ, ਭਾਰਤੀ ਪੋਲਿੰਗ ਏਜੰਸੀ ਪ੍ਰਸ਼ਨਮ ਦੇ ਇੱਕ ਹੋਰ ਸਰਵੇਖਣ ਵਿੱਚ ਪਾਇਆ ਗਿਆ ਕਿ 2024 ਵਿੱਚ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਮੋਦੀ ਨੂੰ ਲਗਭਗ 33% ਨੇ ਪਸੰਦ ਕੀਤਾ ਹੈ।

ਦਿੱਲੀ ਦੀ ਪੋਲਿੰਗ ਏਜੰਸੀ ਸੀ-ਵੋਟਰ ਹਰ ਹਫ਼ਤੇ ਭਾਰਤ ਦੇ 543 ਸੰਸਦੀ ਖੇਤਰਾਂ ਵਿੱਚ 10,000 ਇੰਟਰਵਿਊ ਲੈਂਦੀ ਹੈ। ਇਸ ਏਜੰਸੀ ਨੇ ਪਾਇਆ ਕਿ ਮਈ ਮਹੀਨੇ ਵਿੱਚ ਮੋਦੀ ਦੀ ਅਪਰੂਵਲ ਰੇਟਿੰਗ 37% ਰਹੀ - ਜਿਸ ਵਿੱਚ ਪਿਛਲੇ ਸਾਲ ਅਗਸਤ ਦੇ ਮੁਕਾਬਲੇ 22 ਅੰਕਾਂ ਦੀ ਗਿਰਾਵਟ ਆਈ ਸੀ। ਮਈ ਵਿੱਚ ਉਨ੍ਹਾਂ ਦੀ ਪਾਰਟੀ ਪੱਛਮੀ ਬੰਗਾਲ ਦੀ ਚੋਣ ਹਾਰ ਗਈ ਸੀ ਅਤੇ ਦੇਸ਼ ਵਿੱਚ ਕੋਵਿਡ ਦੀ ਦੂਜੀ ਲਹਿਰ ਫੈਲ ਰਹੀ ਸੀ।

ਸੀ-ਵੋਟਰ ਦੇ ਯਸ਼ਵੰਤ ਦੇਸ਼ਮੁਖ ਕਹਿੰਦੇ ਹਨ ਕਿ ਉਸ ਸਮੇਂ ਤੋਂ ਹੁਣ ਤੱਕ ਮੋਦੀ ਦੀ ਰੇਟਿੰਗ ਵਿੱਚ ਸੁਧਾਰ ਹੋਇਆ ਹੈ ਅਤੇ ਹੁਣ ਇਹ 44% ਹੈ।

ਉਹ ਕਹਿੰਦੇ ਹਨ, "ਮੇਰਾ ਮੰਨਣਾ ਹੈ ਕਿ ਸਭ ਤੋਂ ਬੁਰਾ ਸਮਾਂ ਖਤਮ ਹੋ ਗਿਆ ਹੈ। ਵੋਟਰਾਂ ਦਾ ਇੱਕ ਪੱਕਾ ਅਧਾਰ ਹੋਣ ਕਾਰਨ ਉਨ੍ਹਾਂ ਦੀ ਰੇਟਿੰਗ ਕਦੇ 37% ਤੋਂ ਹੇਠਾਂ ਨਹੀਂ ਗਈ।"

ਰਾਹੁਲ ਗਾਂਧੀ

ਤਸਵੀਰ ਸਰੋਤ, AFP

ਦੇਸ਼ਮੁਖ ਦਾ ਮੰਨਣਾ ਹੈ ਕਿ ਨੇਤਾਵਾਂ ਅਤੇ ਉਨ੍ਹਾਂ ਦੇ ਕੰਮਾਂ ਬਾਰੇ ਲੋਕਾਂ ਦੀ ਸਹੀ ਰਾਏ ਜਾਨਣ ਲਈ ਨਿਯਮਤ ਪੋਲਿੰਗ ਇੱਕ ਬਿਹਤਰ ਵਿਕਲਪ ਹੈ। ਦਿਲਚਸਪ ਗੱਲ ਇਹ ਹੈ ਕਿ ਮੋਦੀ ਦੀ ਪਾਰਟੀ ਨਾਲ ਸੰਬੰਧਤ ਮੁੱਖ ਮੰਤਰੀ ਵੀ ਇਨ੍ਹਾਂ ਨਤੀਜਿਆਂ ਵਿੱਚ ਪਿੱਛੇ ਨਜ਼ਰ ਆਏ ਹਨ।

ਸੀ-ਵੋਟਰ ਦੀ ਇੱਕ ਤਾਜ਼ਾ ਪੋਲ ਵਿੱਚ 10 ਸੱਭ ਤੋਂ ਮਸ਼ਹੂਰ ਮੁੱਖ ਮੰਤਰੀਆਂ ਵਿੱਚੋਂ 9 ਗੈਰ-ਭਾਜਪਾ ਪਾਰਟੀਆਂ ਨਾਲ ਸੰਬੰਧਿਤ ਹਨ। ਹਾਲਾਂਕਿ ਮੋਦੀ ਆਪਣਾ ਸਥਾਨ ਸੰਭਾਲਣ ਵਿੱਚ ਕਾਮਯਾਬ ਰਹੇ।

ਦੇਸ਼ਮੁਖ ਨੇ ਕਿਹਾ, "ਬਹੁਤ ਸਾਰੇ ਲੋਕ ਅਜੇ ਵੀ ਉਨ੍ਹਾਂ ਉੱਤੇ ਭਰੋਸਾ ਕਰਦੇ ਹਨ ਅਤੇ ਮੰਨਦੇ ਹਨ ਕਿ ਉਨ੍ਹਾਂ ਦਾ ਇਰਾਦਾ ਚੰਗਾ ਹੈ।"

ਰੇਟਿੰਗ ਵਿੱਚ ਗਿਰਾਵਟ, ਮੋਦੀ ਨੂੰ ਹਰਾਉਣ ਲਈ ਕਾਫੀ ਨਹੀਂ ਹੋਵੇਗੀ ਅਤੇ ਆਮ ਤੌਰ 'ਤੇ ਮੋਦੀ ਦੀ ਸਭ ਤੋਂ ਹੇਠਲੇ ਪੱਧਰ ਦੀ ਰੇਟਿੰਗ ਵੀ, ਮੁੱਖ ਵਿਰੋਧੀ ਧਿਰ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨਾਲੋਂ ਦੁੱਗਣੀ ਜਾਂ ਜ਼ਿਆਦਾ ਹੁੰਦੀ ਹੈ। ਇਸ ਲਈ ਹੋ ਸਕਦਾ ਹੈ ਕਿ ਇੱਕ ਭਰੋਸੇਯੋਗ ਵਿਰੋਧੀ ਧਿਰ ਦੀ ਘਾਟ ਦਾ ਫਾਇਦਾ ਵੀ ਪ੍ਰਧਾਨ ਮੰਤਰੀ ਨੂੰ ਮਿਲ ਰਿਹਾ ਹੈ।

ਵਰਮਾ ਕਹਿੰਦੇ ਹਨ, "ਮੋਦੀ ਅਜੇ ਵੀ ਦੌੜ ਵਿੱਚ ਸਭ ਤੋਂ ਅੱਗੇ ਹਨ। ਪਰ ਰੇਟਿੰਗ ਵਿੱਚ ਗਿਰਾਵਟ ਬਾਰੇ ਉਨ੍ਹਾਂ ਨੂੰ ਥੋੜੀ ਚਿੰਤਾ ਕਰਨ ਦੀ ਲੋੜ ਹੈ।"

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)