ਤਾੜ ਦੀ ਖੇਤੀ: ਜਿਸ ਤੋਂ ਦੁਨੀਆਂ ਮੂੰਹ ਮੋੜ ਰਹੀ ਹੈ, ਭਾਰਤ ਕਿਉਂ ਕਰਨ ਜਾ ਰਿਹਾ ਹੈ

ਭਾਰਤ ਸਰਕਾਰ ਨੇ ਹਾਲ ਹੀ ਵਿੱਚ "ਰਾਸ਼ਟਰੀ ਖੁਰਾਕ ਤੇਲ-ਮਿਸ਼ਨ ਪਾਮ ਆਇਲ' ਦੀ ਸ਼ੁਰੂਆਤ ਕੀਤੀ ਹੈ।

ਇਸ ਦੇ ਨਾਂ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਭਾਰਤ ਪਾਮ ਆਇਲ (ਤਾੜ ਦਾ ਤੇਲ) ਦੀ ਇੰਪਰੋਟ ਉਪਰ ਆਪਣੀ ਨਿਰਭਰਤਾ ਘੱਟ ਕਰਨ ਦੇ ਮੰਤਵ ਨਾਲ ਪੂਰਬ-ਉੱਤਰ ਭਾਰਤ ਅਤੇ ਅੰਡਮਾਨ ਨਿਕੋਬਾਰ ਵਿੱਚ ਤਾੜ ਦੀ ਖੇਤੀ ਉੱਪਰ ਜ਼ੋਰ ਦੇਵੇਗਾ।

ਬੀਐਲ ਐਗਰੋ ਅਜਿਹੀ ਕੰਪਨੀ ਹੈ ਜੋ ਮਲੇਸ਼ੀਆ ਅਤੇ ਇੰਡੋਨੇਸ਼ੀਆ ਤੋਂ ਤਾੜ ਦਾ ਤੇਲ ਯਾਨੀ ਪਾਮ ਆਇਲ ਭਾਰਤ ਵਿੱਚ ਦਰਾਮਦ ਕਰਦੀ ਹੈ।

ਕੰਪਨੀ ਦੇ ਚੇਅਰਮੈਨ ਘਣਸ਼ਾਮ ਖੰਡੇਲਵਾਲ ਨੇ ਬੀਬੀਸੀ ਨੂੰ ਦੱਸਿਆ, "ਕੇਂਦਰ ਸਰਕਾਰ ਭਾਰਤ ਵਿੱਚ ਖਪਤ ਹੋਣ ਵਾਲੇ ਤੇਲ ਦਾ ਕੁੱਲ 65 ਫ਼ੀਸਦ ਦਰਾਮਦ ਕਰਦੀ ਹੈ ਅਤੇ 35 ਫ਼ੀਸਦ ਦੇਸ਼ ਵਿੱਚ ਪੈਦਾ ਕੀਤਾ ਜਾਂਦਾ ਹੈ। ਦਰਾਮਦ ਕੀਤੇ ਜਾਣ ਵਾਲੇ 65 ਫ਼ੀਸਦ ਤੇਲ ਵਿੱਚੋਂ 60 ਫ਼ੀਸਦ ਤਾੜ ਦਾ ਤੇਲ ਹੁੰਦਾ ਹੈ ਕਿਉਂਕਿ ਬਾਕੀ ਤੇਲ ਵਿੱਚ ਇਸ ਨੂੰ ਮਿਲਾਇਆ ਜਾਂਦਾ ਹੈ।

ਪਾਮ ਆਇਲ ਨੂੰ ਦਰਾਮਦ ਕਰਨ ਵਿੱਚ ਕੇਂਦਰ ਸਰਕਾਰ ਦਾ 50 ਹਜ਼ਾਰ ਕਰੋੜ ਰੁਪਏ ਸਾਲਾਨਾ ਖ਼ਰਚ ਹੁੰਦਾ ਹੈ। ਨਵੇਂ ਮਿਸ਼ਨ ਪਾਮ ਆਇਲ ਰਾਹੀਂ ਕੇਂਦਰ ਸਰਕਾਰ ਆਪਣੇ ਇਸ ਖਰਚੇ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।"

ਘਨਸ਼ਾਮ ਖੰਡੇਲਵਾਲ ਸਰਕਾਰ ਦੀ ਪਹਿਲ ਦਾ ਸਵਾਗਤ ਕਰਦੇ ਹਨ।

ਇਹ ਵੀ ਪੜ੍ਹੋ:

ਭਾਰਤ ਵਿੱਚ ਤਾੜ ਦੀ ਖੇਤੀ

ਮੌਜੂਦਾ ਸਮੇਂ ਵਿੱਚ ਭਾਰਤ ਵਿੱਚ 3.7 ਲੱਖ ਹੈਕਟੇਅਰ ਰਕਬਾ ਤਾੜ ਦੀ ਖੇਤੀ ਵਾਸਤੇ ਵਰਤਿਆ ਜਾਂਦਾ ਹੈ। ਸਰਕਾਰ ਦਾ ਟੀਚਾ ਇਸ ਨੂੰ ਆਉਣ ਵਾਲੇ ਚਾਰ ਸਾਲਾਂ ਵਿੱਚ ਤਿੰਨ ਗੁਣਾ ਵਧਾਉਣ ਦਾ ਹੈ।

ਆਂਧਰ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ ਦੇ ਨਾਲ-ਨਾਲ ਮਿਜ਼ੋਰਮ, ਨਾਗਾਲੈਂਡ, ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਇਸ ਦੀ ਖੇਤੀ ਕੀਤੀ ਜਾਂਦੀ ਹੈ।

ਤਾੜ ਦਾ ਦਰੱਖ਼ਤ ਭੂਮੱਧ ਰੇਖਾ ਦੇ ਆਸੇ ਪਾਸੇ ਹੀ ਉੱਗ ਸਕਦਾ ਹੈ। ਇਹ ਠੰਢੇ ਇਲਾਕਿਆਂ ਵਿੱਚ ਨਹੀਂ ਉੱਗਦਾ। ਇੱਕ ਹੈਕਟੇਅਰ ਦੀ ਫ਼ਸਲ ਵਿੱਚ ਲਗਭਗ ਚਾਰ ਟਨ ਤੇਲ ਨਿਕਲਦਾ ਹੈ ਜਿਸ ਕਾਰਨ ਇਸ ਦੀ ਖੇਤੀ ਦੀਆਂ ਸੰਭਾਵਨਾਵਾਂ ਕਾਫੀ ਵਧ ਜਾਂਦੀਆਂ ਹਨ।

ਇਹ ਵੀ ਪੜ੍ਹੋ:

ਦਸ ਸਾਲ ਪਹਿਲਾਂ ਆਂਧਰ ਪ੍ਰਦੇਸ਼ 'ਚ ਰਹਿਣ ਵਾਲੇ ਸ਼ਿਵ ਪ੍ਰਸਾਦ ਨੇ ਤਾੜ ਦੀ ਖੇਤੀ ਸ਼ੁਰੂ ਕੀਤੀ ਸੀ। ਉਨ੍ਹਾਂ ਕੋਲ 10 ਏਕੜ ਜ਼ਮੀਨ ਹੈ। ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ, "ਇਕ ਦਰੱਖਤ ਨੂੰ ਪੂਰੀ ਤਰ੍ਹਾਂ ਫਲ ਦੇਣ ਵਿੱਚ ਚਾਰ ਤੋਂ ਛੇ ਸਾਲ ਦਾ ਸਮਾਂ ਲੱਗਦਾ ਹੈ।"

ਤਾੜ ਦੀ ਖੇਤੀ ਵਿੱਚ ਪਾਣੀ ਦੀ ਜ਼ਰੂਰਤ ਵੀ ਕਾਫ਼ੀ ਜ਼ਿਆਦਾ ਹੁੰਦੀ ਹੈ। ਹਫ਼ਤੇ ਵਿੱਚ ਘੱਟੋ- ਘੱਟ ਇੱਕ ਵਾਰੀ ਪਾਣੀ ਦੇਣਾ ਪੈਂਦਾ ਹੈ। ਖੇਤਾਂ ਵਿੱਚ ਖੜ੍ਹਾ ਪਾਣੀ ਦਰੱਖਤਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਪਾਣੀ ਦੀ ਮਾਤਰਾ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ।

ਸ਼ਿਵ ਪ੍ਰਸਾਦ ਨੇ ਅੱਗੇ ਦੱਸਿਆ ਕਿ ਇੱਕ ਏਕੜ ਵਿੱਚ ਤਾੜ ਦੀ ਖੇਤੀ ਕਰਨ ਲਈ ਕਿਸਾਨ ਨੂੰ ਘੱਟੋ ਘੱਟ 50 ਹਜ਼ਾਰ ਰੁਪਏ ਖਰਚਣੇ ਪੈਂਦੇ ਹਨ ਅਤੇ ਇਸ ਰਾਹੀਂ ਡੇਢ ਤੋਂ ਦੋ ਲੱਖ ਰੁਪਏ ਦੀ ਕਮਾਈ ਹੋ ਸਕਦੀ ਹੈ। ਇਹ ਕਮਾਈ ਬਾਜ਼ਾਰ ਦੇ ਭਾਅ ਉੱਤੇ ਵੀ ਨਿਰਭਰ ਕਰਦੀ ਹੈ। ਇੱਕ ਵਾਰ ਖੇਤੀ ਕਰਨ ਤੇ 30 ਸਾਲ ਤੱਕ ਇਹ ਦਰੱਖਤ ਫਲ ਦਿੰਦੇ ਹਨ ਜਿਸ ਕਰਕੇ ਇਹ ਫਾਇਦੇ ਦਾ ਸੌਦਾ ਮੰਨਿਆ ਜਾਂਦਾ ਹੈ।

ਮਿਸ਼ਨ ਪਾਮ ਆਇਲ ਦੀਆਂ ਕੁਝ ਖਾਸ ਗੱਲਾਂ:

  • 11000 ਕਰੋੜ ਦੀ ਆਰਥਿਕ ਸਹਾਇਤਾ। ਇਸ ਵਿੱਚ 8844 ਕਰੋੜ ਕੇਂਦਰ ਸਰਕਾਰ ਦੇਵੇਗੀ ਅਤੇ ਬਾਕੀ 2196 ਕਰੋੜ ਰਾਜ ਸਰਕਾਰਾਂ ਦੇਣਗੀਆਂ।
  • ਸਾਲ 2025 ਤੱਕ 10 ਲੱਖ ਹੈਕਟੇਅਰ ਵਿੱਚ ਤਾੜ ਦੀ ਖੇਤੀ ਦਾ ਟੀਚਾ ਕੇਂਦਰ ਸਰਕਾਰ ਵੱਲੋਂ ਰੱਖਿਆ ਗਿਆ ਹੈ।
  • ਆਉਣ ਵਾਲੇ ਦਸ ਸਾਲ ਵਿੱਚ ਭਾਰਤ ਵਿੱਚ ਤਾੜ ਦੇ ਤੇਲ ਦਾ ਉਤਪਾਦਨ 28 ਲੱਖ ਟਨ ਤੱਕ ਪਹੁੰਚਾਉਣ ਦਾ ਟੀਚਾ।
  • ਇਸ ਦੀ ਖੇਤੀ ਵਿੱਚ ਕਿਸਾਨਾਂ ਦਾ ਘਾਟਾ ਨਾ ਹੋਵੇ, ਸਰਕਾਰ ਵੱਲੋਂ ਇਸ ਉੱਪਰ ਵੀ ਜ਼ੋਰ ਦਿੱਤਾ ਜਾਵੇਗਾ।
  • ਪਹਿਲਾਂ ਪ੍ਰਤੀ ਹੈਕਟੇਅਰ 12 ਹਜ਼ਾਰ ਰੁਪਏ ਦਿੱਤੇ ਜਾਂਦੇ ਸਨ ਜਿਸ ਨੂੰ ਵਧਾ ਕੇ ਹੁਣ 29 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਕੀਤਾ ਗਿਆ ਹੈ।
  • ਪੁਰਾਣੇ ਬਾਗ਼ਾਂ ਨੂੰ ਦੁਬਾਰਾ ਸ਼ੁਰੂ ਕਰਨ ਵਾਸਤੇ 250 ਰੁ ਪ੍ਰਤੀ ਪੌਦਾ ਦੇ ਹਿਸਾਬ ਨਾਲ ਵਿਸ਼ੇਸ਼ ਸਹਾਇਤਾ ਦਿੱਤੀ ਜਾਵੇਗੀ।

ਤਾੜ ਦੇ ਤੇਲ ਦੀ ਵਰਤੋਂ

ਤਾੜ ਦਾ ਤੇਲ ਰੋਜ਼ਾਨਾ ਕੰਮ ਆਉਣ ਵਾਲੀਆਂ ਚੀਜ਼ਾਂ ਵਿੱਚ ਸ਼ਾਮਲ ਹੋ ਚੁੱਕਿਆ ਹੈ। ਹੋ ਸਕਦਾ ਹੈ ਕਿ ਅੱਜ ਤੁਸੀਂ ਆਪਣੇ ਸ਼ੈਂਪੂ ਜਾਂ ਫਿਰ ਨਹਾਉਣ ਵਾਲੇ ਸਾਬਣ ਰਾਹੀਂ ਇਸ ਦੀ ਵਰਤੋਂ ਕੀਤੀ ਹੋਵੇ। ਟੂਥਪੇਸਟ ਜਾਂ ਫਿਰ ਵਿਟਾਮਿਨ ਦੀਆਂ ਗੋਲੀਆਂ ਅਤੇ ਮੇਕਅੱਪ ਦੇ ਸਾਮਾਨ ਵਿੱਚ ਵੀ ਇਸ ਦੀ ਵਰਤੋਂ ਹੁੰਦੀ ਹੈ।

ਬਸ, ਕਾਰ ਜਾਂ ਹੋਰ ਵਾਹਨਾਂ ਵਿੱਚ ਪਾਉਣ ਵਾਲੇ ਤੇਲ ਵਿੱਚ ਵੀ ਤਾੜ ਦਾ ਤੇਲ ਮੌਜੂਦ ਹੁੰਦਾ ਹੈ। ਡੀਜ਼ਲ ਅਤੇ ਪੈਟਰੋਲ ਵਿੱਚ ਬਾਇਓ ਫਿਊਲ ਦੇ ਤੌਰ 'ਤੇ ਤਾੜ ਦੇ ਤੇਲ ਦੇ ਅੰਸ਼ ਮੌਜੂਦ ਹੁੰਦੇ ਹਨ। ਇਲੈਕਟ੍ਰਾਨਿਕਸ ਦਾ ਸਾਮਾਨ ਜੋ ਬਿਜਲੀ ਨਾਲ ਚਲਦਾ ਹੈ ਉਸ ਨੂੰ ਬਣਾਉਣ ਲਈ ਵੀ ਤਾੜ ਦੀ ਗੁਠਲੀ ਤੋਂ ਬਣੇ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ।

ਤਾੜ ਦਾ ਤੇਲ ਦੁਨੀਆ ਵਿੱਚ ਸਭ ਤੋਂ ਲੋਕਪ੍ਰਿਅ ਤੇਲ ਵਿੱਚੋਂ ਹੈ ਅਤੇ ਰੋਜ਼ਮੱਰਾ ਦੇ ਇਸਤੇਮਾਲ ਹੋਣ ਵਾਲੇ ਘੱਟੋ ਘੱਟ 50 ਫ਼ੀਸਦ ਚੀਜ਼ਾਂ ਵਿੱਚ ਮੌਜੂਦ ਹੈ। ਇਹ ਤੇਲ ਪੀਲਾ ਅਤੇ ਗੰਧਹੀਣ ਹੁੰਦਾ ਹੈ ਜੋ ਖਾਣ ਵਿੱਚ ਇਸਤੇਮਾਲ ਕਰਨ ਲਈ ਸਹੀ ਹੈ। ਆਪਣੀ ਰਸਾਇਣਕ ਬਣਤਰ ਕਰਕੇ ਏਮੂ ਵਿੱਚ ਘੁਲਦਾ ਹੈ ਅਤੇ ਮਠਿਆਈ ਬਣਾਉਣ ਲਈ ਠੀਕ ਹੈ।

ਕਈ ਹੋਰ ਵਨਸਪਤੀ ਤੇਲਾਂ ਨੂੰ ਕੁਝ ਹੱਦ ਤੱਕ ਹਾਇਡ੍ਰੋਜਿਨੇਟ ਕਰਨ ਦੀ ਲੋੜ ਪੈਂਦੀ ਹੈ ਜੋ ਸਿਹਤ ਲਈ ਹਾਨੀਕਾਰਕ ਹੁੰਦਾ ਹੈ।

ਉਤਪਾਦਨ ਨਾਲ ਜੁੜੇ ਖ਼ਤਰੇ

ਸਾਲ 2018 ਵਿੱਚ ਕਿਸਾਨਾਂ ਨੇ ਵਿਸ਼ਵੀ ਬਜ਼ਾਰ ਲਈ ਕਰੀਬ 7.7 ਕਰੋੜ ਟਨ ਤਾੜ ਦੇ ਤੇਲ ਦਾ ਉਤਪਾਦਨ ਕੀਤਾ ਅਤੇ ਸਾਲ 2024 ਤੱਕ ਇਹ ਵਧ ਕੇ 10.76 ਕਰੋੜ ਟਨ ਹੋ ਜਾਣ ਦੇ ਕਿਆਸ ਹਨ।

ਹਾਲਾਂਕਿ ਤਾੜ ਦੇ ਤੇਲ ਦੀ ਵਧਦੀ ਮੰਗ ਅਤੇ ਇਸ ਲਈ ਵੱਧੋ-ਵੱਧ ਪੇੜ ਲਾਏ ਜਾਣ ਕਾਰਨ ਇੰਡੋਨੇਸ਼ੀਆ ਅਤੇ ਮਲੇਸ਼ੀਆ ਵਿੱਚ ਜੰਗਲਾਂ ਨੂੰ ਲਗਾਤਾਰ ਖ਼ਤਮ ਕੀਤੇ ਜਾਣ ਦੇ ਇਲਜ਼ਾਮ ਵੀ ਲਗਦੇ ਰਹਿੰਦੇ ਹਨ।

ਇਹੀ ਨਹੀਂ ਜੰਗਲਾਂ ਦੇ ਖ਼ਤਮ ਹੋਣ ਨਾਲ ਉੱਥੋਂ ਦੇ ਮੂਲ ਨਿਵਾਸੀ ਜੀਵਾਂ ਜਿਵੇਂ ਉਰੈਂਗੋਟੈਂਗ ਉੱਪਰ ਵੀ ਅਸਰ ਪਿਆ ਹੈ ਅਤੇ ਕਈ ਪ੍ਰਜਾਤੀਆਂ ਖ਼ਾਤਮੇ ਦੀ ਕਗਾਰ 'ਤੇ ਪਹੁੰਚ ਗਈਆਂ ਹਨ।

ਸਿਰਫ਼ ਇੰਡੋਨੇਸ਼ੀਆ ਅਤੇ ਮਲੇਸ਼ੀਆ ਵਿੱਚ ਹੀ ਕਰੀਬ 1.3 ਕਰੋੜ ਹੈਕਟਿਅਰ ਜ਼ਮੀਨ ਉੱਪਰ ਤਾੜ ਦੀ ਖੇਤੀ ਕੀਤੀ ਜਾਂਦੀ ਹੈ। ਜੋ ਕਿ ਤਾੜ ਹੇਠ ਪੂਰੀ ਦੁਨੀਆਂ ਦਾ ਅੱਧਾ ਰਕਬਾ ਹੈ।

ਗਲੋਬਲ ਫਾਰੈਸਟ ਵਾਚ ਦੇ ਮੁਤਾਬਕ ਸਿਰਫ਼ ਇੰਡੋਨੇਸ਼ੀਆ ਵਿੱਚ ਸਾਲ 2001 ਤੋਂ 2018 ਦੇ ਦਰਮਿਆਨ 2.56 ਕਰੋੜ ਹੈਕਟਿਅਰ ਜ਼ਮੀਨ ਉੱਪਰ ਰੁੱਖ ਵੱਢੇ ਗਏ।

ਇਹ ਇਲਾਕਾ ਨਿਊਜ਼ੀਲੈਂਡ ਦੇ ਬਰਾਬਰ ਹੈ।

ਇਸੇ ਕਾਰਨ ਦੁਨੀਆਂ ਹੁਣ ਤਾੜ ਦੇ ਤੇਲ ਦਾ ਵਿਕਲਪ ਲੱਭ ਰਹੀ ਹੈ ਅਤੇ ਭਾਰਤ ਸਰਕਾਰ ਇਸ ਵੱਲ ਵਧਣਾ ਚਾਹੁੰਦੀ ਹੈ।

ਇਹ ਵੀ ਪੜ੍ਹੋ:

ਭਾਰਤ ਵਿੱਚ ਉਤਪਾਦਨ ਵਧਣ ਨਾਲ਼ ਕੀ ਮੁਸ਼ਕਲਾਂ ਆਉਣਗੀਆਂ?

ਭਾਰਤ ਵਿੱਚ ਸਰਕਾਰ ਨੇ ਜਦੋਂ ਇਸ ਦਾ ਉਤਪਾਦਨ ਵਧਾਉਣ ਦੀ ਗੱਲ ਕਰ ਰਹੀ ਹੈ ਤਾਂ ਇੱਥੇ ਵੀ ਜਾਣਕਾਰੀ ਸਰਕਾਰ ਨੂੰ ਆਗਾਹ ਕਰ ਰਹੇ ਹਨ। ਕਿਤੇ ਭਾਰਤ ਸਰਕਾਰ ਵੀ ਮਲੇਸ਼ੀਆ ਅਤੇ ਇੰਡੋਨੇਸ਼ੀਆ ਵਾਲੀ ਗ਼ਲਤੀ ਨਾ ਕਰ ਬੈਠੇ।

ਬੀਐੱਲ ਐਗਰੋ ਕੰਪਨੀ ਦੇ ਚੇਅਰਮੈਨ ਕਹਿੰਦੇ ਹਨ ਕਿ ਭਾਰਤ ਦੀ ਕੁੱਲ ਲੋੜ ਦਾ ਇੱਕ ਫ਼ੀਸਦੀ ਵੀ ਇੱਥੇ ਨਹੀਂ ਬਣਦਾ। ਭਾਰਤ ਦਾ ਪੌਣ-ਪਾਣੀ ਤਾੜ ਦੀ ਖੇਤੀ ਲਈ ਢੁਕਵਾਂ ਨਹੀਂ ਹੈ।

ਉਸ ਲਈ ਇੱਥੇ ਤਿਆਰ ਕੀਤੇ ਗਏ ਤਾੜ ਦੇ ਤੇਲ ਦੀ ਗੁਣਵੱਤਾ ਇੰਡੋਨੇਸ਼ੀਆ ਅਤੇ ਮਲੇਸ਼ੀਆ ਨਾਲੋਂ ਮਾੜੀ ਹੈ।

ਘਨਸ਼ਾਮ ਖੰਡੇਲਵਾਲ ਦੇ ਮੁਤਾਬਕ ਭਾਰਤ ਸਰਕਾਰ ਨੂੰ ਇਸ ਦੀ ਖੇਤੀ ਨੂੰ ਹੱਲਾਸ਼ੇਰੀ ਦਿੰਦੇ ਸਮੇਂ ਇਸਦਾ ਧਿਆਨ ਰੱਖਣਾ ਪਵੇਗਾ ਕਿ ਵਾਤਾਵਰਣ ਉੱਪਰ ਇਸ ਦਾ ਅਸਰ ਨਾ ਪਵੇ।

ਜੰਗਲਾਂ ਦਾ ਸਫ਼ਾਇਆ ਕਰਕੇ ਇਸ ਦੀ ਖੇਤੀ ਨਾ ਕੀਤੀ ਜਾਵੇ ਅਤੇ ਸਿਰਫ਼ ਖਾਲੀ ਬੰਜਰ ਜ਼ਮੀਨ ਉੱਪਰ ਹੀ ਇਸ ਦੀ ਖੇਤੀ ਹੋਵੇ।

ਘਨਸ਼ਾਨ ਖੰਡੇਲਵਾਲ ਦੀ ਰਾਇ ਨਾਲ ਜੀਵੀ ਰਾਮਨੁਜਾਨੇਯੁਲੂ ਵੀ ਸਹਿਮਤਨ ਹਨ। ਉਹ ਸੈਂਟਰ ਫਾਰ ਸਸਟੇਨੇਬਲ ਐਗਰੀਕਲਚਰ ਦੇ ਨਾਲ ਜੁੜੇ ਹੋਏ ਹਨ।

ਬੀਬੀਸੀ ਨਾਲ਼ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ, ਸਰਕਾਰ ਨੂੰ ਤਾੜ ਦੀ ਖੇਤੀ ਨੂੰ ਹੱਲਾਸ਼ੇਰੀ ਦੇਣ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਪਵੇਗਾ।

ਤਾੜ ਦੀ ਖੇਤੀ ਦੇ ਚੱਕਰ ਵਿੱਚ ਜੰਗਲਾਂ ਦਾ ਉਜਾੜਾ ਹੋ ਜਾਵੇ।

ਪੂਰਬ-ਉੱਤਰ ਵਿੱਚ ਜਿੱਥੇ ਸਰਕਾਰ ਇਸ ਦੀ ਖੇਤੀ ਕਰਨਾ ਚਾਹੁੰਦੀ ਹੈ, ਉੱਥੇ ਜੰਗਲ ਬਹੁਤ ਹਨ ਅਤੇ ਜੰਗਲਾਂ ਦੀ ਕਟਾਈ ਦਾ ਖ਼ਤਰਾ ਬਣਿਆ ਹੋਇਆ ਹੈ।

ਇਸ ਤੋਂ ਇਲਾਵਾ ਉਹ ਕਹਿੰਦੇ ਹਨ ਕਿ ਮਲੇਸ਼ੀਆ ਅਤੇ ਇੰਡੋਨੇਸ਼ੀਆ ਵਾਂਗ ਇਸ ਦੀ ਖੇਤੀ ਲਈ ਰਸਾਇਣਾਂ ਦੀ ਅੰਨ੍ਹੀ ਵਰਤੋਂ ਨਾ ਕੀਤੀ ਜਾਵੇ।

ਕੱਖ ਨਾਸ਼ਕ ਤਾਂ ਬਿਲਕੁਲ ਵੀ ਨਾ ਵਰਤੇ ਜਾਣ। ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਵੀ ਘੱਟੋ-ਘੱਟ ਹੋਣੀ ਚਾਹੀਦੀ ਹੈ ਤਾਂ ਜੋ ਵਾਤਾਵਰਣ ਜ਼ਹਿਰੀਲਾ ਨਾ ਹੋਵੇ।

ਇੱਕ ਤੀਜੀ ਦਿੱਕਤ ਵੀ ਹੈ।

ਇਸ ਦੇ ਉਤਪਾਦਨ ਨਾਲ ਜੁੜੀਆਂ ਕੰਪਨੀਆਂ ਦੀ ਮੰਗ ਹੈ ਕਿ ਛੋਟੇ ਖੇਤਾਂ ਵਿੱਚ ਤਾੜ ਦੀ ਖੇਤੀ ਲਾਹੇਵੰਦ ਨਹੀਂ ਹੈ। ਇਸ ਲਈ ਲੈਂਡ ਹੋਲਡਿੰਗ ਦੀ ਹੱਦ ਵਧਾਈ ਜਾਵੇ।

ਫਿਲਹਾਲ ਜਿਨ੍ਹਾਂ ਇਲਾਕਿਆਂ ਵਿੱਚ ਸਿੰਚਾਈ ਲਈ ਮੀਂਹ ਦਾ ਪਾਣੀ ਮਿਲਦਾ ਹੈ ਉੱਥੇ 54 ਏਕੜ ਹੈ। ਜਿੱਥੇ ਸਿੰਚਾਈ ਲਈ ਦੂਜੇ ਸਾਧਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਉੱਥੇ 18 ਏਕੜ।

ਜੀਵੀ ਰਾਮਨੁਜਾਨੇਯੁਲੂ ਕਹਿੰਦੇ ਹਨ ਕਿ ਲੈਂਡ ਹੋਲਡਿੰਗ ਦੀ ਹੱਦ ਚੁੱਕ ਦਿੱਤੀ ਗਈ ਤਾਂ ਸਭ ਵੱਡੇ ਖੇਤਾਂ ਵਿੱਚ ਤਾੜ ਦੀ ਖੇਤੀ ਹੋਣ ਲੱਗ ਜਾਵੇਗੀ ਅਤੇ ਜ਼ਮੀਨੀ ਪਾਣੀ ਦੀ ਸਮੱਸਿਆ ਖੜ੍ਹੀ ਹੋ ਜਾਵੇਗੀ। ਤਾੜ ਪਾਣੀ ਬਹੁਤ ਪੀਂਦਾ ਹੈ।

ਉਹ ਕਹਿੰਦੇ ਹਨ ਹਨ ਕਿ ਅੰਡੇਮਾਨ ਨਿਕੋਬਾਰ ਨੂੰ ਇਸ ਦੀ ਖੇਤੀ ਲਈ ਚੁਣਨਾ ਹੀ ਸਹੀ ਫ਼ੈਸਲਾ ਹੈ।

ਹਾਲਾਂਕਿ ਪੂਰਬ-ਉੱਤਰ ਬਾਰੇ ਉਨ੍ਹਾਂ ਨੂੰ ਕੁਝ ਖ਼ਦਸ਼ੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਰੁੱਖ ਤੋਂ ਫ਼ਲ ਤੋੜੇ ਜਾਣ ਦੇ 24 ਘੰਟਿਆਂ ਦੇ ਅੰਦਰ ਹੀ ਉਸ ਨੂੰ ਪ੍ਰੋਸੈਸ ਕਰਨਾ ਹੁੰਦਾ ਹੈ।

ਪਹਾੜਾਂ ਵਿੱਚ ਕਿਸਾਨਾਂ ਦੀ ਇਹ ਮੁਸ਼ਕਲ ਹੱਲ ਕਰਨ ਲਈ ਸਰਕਾਰ ਨੂੰ ਉਪਾਅ ਸੋਚਣੇ ਚਾਹੀਦੇ ਹਨ।

ਹਾਲਾਂਕਿ ਨੈਸ਼ਨਲ ਖੇਤੀ ਅਕੈਡਮੀ ਆਫ਼ ਸਾਇੰਸਿਜ਼ ਦੇ ਸਕੱਤਰ ਪ੍ਰਮੋਦ ਕੁਮਾਰ ਜੋਸ਼ੀ, ਜੀਵੀ ਰਾਮਨੁਜਾਨੇਯੁਲੂ ਦੇ ਤਰਕ ਨਾਲ ਸਹਿਮਤ ਨਹੀਂ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਮਿਸ਼ਨ ਪਾਮ ਆਇਲ ਦੇ ਕਿਸਾਨਾਂ ਨੂੰ ਬਹੁਤ ਲਾਭ ਪਹੁੰਚੇਗਾ, ਪੂੰਜੀਕਾਰੀ ਵਧੇਗੀ, ਰੋਜ਼ਗਾਰ ਪੈਦਾ ਹੋਣਗੇ, ਆਮਦ-ਦਰਾਮਦ ਵਧੇਗੀ ਅਤੇ ਕਿਸਾਨਾਂ ਦੀ ਆਮਦਨੀ ਵੀ ਵਧੇਗੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)