ਕੋਰੋਨਾਵਾਇਰਸ ਮਹਾਮਾਰੀ : ਪੰਜਾਬ ਵਿਚ ਆਮ ਹਾਲਾਤ ਤੋਂ ਕਿੰਨੀਆਂ ਵੱਧ ਮੌਤਾਂ ਹੋਈਆਂ - ਪ੍ਰੈਸ ਰੀਵਿਊ

ਪੰਜਾਬ ਵਿੱਚ ਕੋਰੋਨਾ ਦੌਰਾਨ ਔਸਤ ਨਾਲੋਂ 50 ਹਜ਼ਾਰ ਵੱਧ ਮੌਤਾਂ

ਪੰਜਾਬ ਵਿੱਚ ਕੋਰੋਨਾ ਮਹਾਵਾਰੀ ਦੌਰਾਨ 52,656 ਮੌਤਾਂ ਪਿਛਲੇ ਸਾਲਾਂ ਨਾਲੋਂ ਵੱਧ ਦਰਜ ਹੋਈਆਂ ਹਨ।

ਅੰਗਰੇਜ਼ੀ ਅਖ਼ਬਾਰ 'ਦਿ ਟ੍ਰਿਬਿਊਨ' ਦੀ ਖ਼ਬਰ ਅਨੁਸਾਰ ਸਿਵਿਲ ਰਜਿਸਟਰੇਸ਼ਨ ਸਿਸਟਮ ਦੀ ਰਿਪੋਰਟ ਮੁਤਾਬਕ ਪਿਛਲੇ ਸਾਲਾਂ ਵਿੱਚ ਜਦੋਂ ਮਹਾਂਮਾਰੀ ਨਹੀਂ ਸੀ ਅਤੇ ਮਹਾਂਮਾਰੀ ਦੇ ਸਮੇਂ ਮੌਤਾਂ ਵਿੱਚ ਵੱਡਾ ਫ਼ਰਕ ਪਾਇਆ ਗਿਆ ਹੈ।

2016-2019 ਦੇ ਅੰਕੜਿਆਂ ਮੁਤਾਬਕ ਔਸਤਨ ਮੌਤਾਂ ਦੀ ਗਿਣਤੀ 2.81 ਤਕ ਹੋਣੀ ਚਾਹੀਦੀ ਸੀ ਪਰ ਮਾਰਚ 2020- ਜੂਨ 2021 ਦੌਰਾਨ ਇਹ ਅੰਕੜਾ 3.34 ਲੱਖ ਤੋਂ ਉੱਪਰ ਹੈ। ਮਹਾਂਮਾਰੀ ਦੌਰਾਨ ਔਸਤਨ ਮੌਤਾਂ 18 ਫ਼ੀਸਦ ਤੋਂ ਵਧ ਗਈਆਂ ਸਨ।

ਸਰਕਾਰੀ ਅੰਕੜਿਆਂ ਅਨੁਸਾਰ 30.5% ਮੌਤਾਂ ਦਾ ਕਾਰਨ ਕੋਰੋਨਾ ਵਾਇਰਸ ਸੀ ਇਹ ਆਂਕੜਾ ਬਾਕੀ ਸੂਬਿਆਂ ਤੋਂ ਘੱਟ ਹੈ। ਪੰਜਾਬ ਵਿੱਚ ਸਰਕਾਰੀ ਅੰਕੜਿਆਂ ਅਨੁਸਾਰ ਮਹਾਂਮਾਰੀ ਕਰਕੇ ਹੁਣ ਤਕ 16,052 ਮੌਤਾਂ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ:

ਸਾਜ਼ਿਸ਼ ਬੇਨਕਾਬ ਕਰਨ ਦਾ ਦਾਅਵਾ

ਦਿੱਲੀ -ਹਰਿਆਣਾ ਅਤੇ ਦਿੱਲੀ- ਉੱਤਰ ਪ੍ਰਦੇਸ਼ ਦੇ ਬਾਰਡਰਾਂ ਉੱਤੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੱਠ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹਨ।

ਸਿੰਘੂ ਬਾਰਡਰ ਉੱਤੇ ਅੰਦੋਲਨ ਵਾਲੀ ਥਾਂ ਉੱਤੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਵੱਲੋਂ ਇੱਕ ਅਜਿਹੇ ਵਿਅਕਤੀ ਨੂੰ ਫੜਨ ਦਾ ਦਾਅਵਾ ਕੀਤਾ ਗਿਆ ਹੈ, ਜੋ ਕਿਸਾਨ ਸੰਘਰਸ਼ ਵਿੱਚ ਗੜਬੜੀ ਕਰਨ ਦੀ ਫਿਰਾਕ ਵਿੱਚ ਸੀ।

ਬਲਦੇਵ ਸਿੰਘ ਸਿਰਸਾ ਇੱਕ ਵੀਡੀਓ ਵਿਚ ਇੱਕ ਵਿਅਕਤੀ ਨੂੰ ਮੀਡੀਆ ਸਾਹਮਣੇ ਪੇਸ਼ ਕਰ ਰਹੇ ਹਨ। ਉਹ ਦਾਅਵਾ ਕਰਦੇ ਹਨ ਕਿ ਇਸ ਦੇ ਹੱਥ ਉੱਤੇ ਅੰਦੋਲਨ ਵਾਲੀ ਥਾਂ ਦਾ ਨਕਸ਼ਾ ਬਣਿਆ ਹੋਇਆ ਹੈ।

ਇਹ ਕਦੇ ਕਹਿ ਰਿਹਾ ਹੈ ਕਿ ਉਹ ਦਸ ਦਿਨ ਪਹਿਲਾ ਆਇਆ ਹੈ ਅਤੇ ਕਦੇ ਕਹਿੰਦਾ ਹੈ ਕਿ ਇੱਕ ਦਿਨ ਪਹਿਲਾਂ ਆਇਆ ਹੈ।

ਸਿਰਸਾ ਦੇ ਨਾਲ ਖੜ੍ਹਾ ਇੱਕ ਹੋਰ ਕਿਸਾਨ ਫੜੇ ਗਏ ਵਿਅਕਤੀ ਨੂੰ ਇਹ ਕਹਿੰਦਾ ਦਿਖ ਰਿਹਾ ਹੈ ਕਿ ਤੂੰ ਜਿਸ ਫੈਕਟਰੀ ਵਿਚ ਕੰਮ ਕਰਨ ਦੀ ਗੱਲ ਕਰ ਰਿਹਾ ਹੈ, ਉਹ ਫੈਕਟਰੀ ਵਾਲੇ ਇਸ ਤੋਂ ਇਨਕਾਰ ਕਰ ਰਹੇ ਹਨ।

ਕਿਸਾਨ ਆਗੂ ਨੂੰ ਸ਼ੱਕ ਹੈ ਕਿ ਇਹ ਵਿਅਕਤੀ ਕਿਸਾਨਾਂ ਦੇ ਮੋਰਚੇ ਵਿੱਚ ਅੱਗ ਲਗਾਉਣ ਵਰਗੀ ਕੋਈ ਘਟਨਾ ਕਰਨ ਆਇਆ ਸੀ।

ਸਿਰਸਾ ਨੇ ਕਹਿੰਦੇ ਹਨ ਕਿ ਪਹਿਲਾਂ ਵੀ ਅਜਿਹੇ ਕਈ ਵਿਅਕਤੀ ਫੜੇ ਗਏ ਹਨ ਅਤੇ ਪੁਲਿਸ ਦੇ ਹਵਾਲੇ ਕੀਤੇ ਗਏ ਹਨ।

ਇਹ ਵਿਅਕਤੀ ਨੂੰ ਜਦੋਂ ਮੀਡੀਆ ਨੇ ਪੁੱਛਿਆ ਕਿ ਉਹ ਇੱਥੇ ਕਿਵੇਂ ਆਇਆ ਸੀ ਤਾਂ ਉਸ ਨੇ ਕਿਹਾ ਕਿ ਉਹ ਇੱਥੇ ਇੱਕ ਫੈਕਟਰੀ ਵਿਚ ਕੰਮ ਕਰਦਾ ਹੈ। ਇਸ ਲਈ ਆਇਆ ਸੀ।

ਜਦੋਂ ਉਸ ਨੂੰ ਇਹ ਪੱਛਿਆ ਗਿਆ ਕਿ ਫੈਕਟਰੀ ਵਾਲੇ ਤਾਂ ਉਸ ਨੂੰ ਪਛਾਣਦੇ ਨਹੀਂ ਤਾਂ ਉਸ ਨੇ ਕਿਹਾ ਕਿ ਸਟਾਫ਼ ਬਦਲ ਗਿਆ ਹੈ।

ਕਿਸਾਨ ਅੰਦੋਲਨ ਵਾਲੀਆਂ ਅਹਿਮ ਥਾਵਾਂ ਵਾਲੇ ਹੱਥ ਉੱਤੇ ਬਣੇ ਨਕਸ਼ੇ ਉਸ ਦਾ ਕਹਿਣਾ ਸੀ ਕਿ ਇਹ ਤਾਂ ਐਵੈਂ ਹੀ ਬਣ ਗਿਆ।

ਇਹ ਵਿਅਕਤੀ ਇਹ ਵੀ ਕਹਿੰਦਾ ਹੈ ਕਿ ਉਸ ਨੂੰ ਕਿਸੇ ਨੇ ਨਹੀਂ ਭੇਜਿਆ ਉਹ ਤਾਂ ਆਪੇ ਹੀ ਆਇਆ ਹੈ।

ਜਦਕਿ ਇਸ ਵਿਅਕਤੀ ਨੂੰ ਫੜਨ ਵਾਲੇ ਵਲੰਟੀਅਰ ਦਾਅਵਾ ਕਰ ਰਹੇ ਹਨ ਕਿ ਇਸ ਨੇ ਫੜੇ ਜਾਣ ਸਮੇਂ ਮੰਨਿਆ ਸੀ ਕਿ ਇਹ ਕਿਸਾਨਾਂ ਦੇ ਤੰਬੂਆਂ ਨੂੰ ਅੱਗ ਲਾਉਣ ਆਇਆ ਹੈ।

ਹੁਣ ਮੀਡੀਆ ਅੱਗੇ ਆਕੇ ਇਹ ਆਪਣੇ ਬਿਆਨ ਤੋਂ ਮੁੱਕਰ ਰਿਹ ਹੈ।

ਕਿਸਾਨਾਂ ਵਲੋਂ ਇਸ ਮੌਕੇ ਬੁਲਾਈ ਗਏ ਪੁਲਿਸ ਅਧਿਕਾਰੀਆਂ ਮੁਤਾਬਕ ਉਹ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਹੀ ਕਿਸੇ ਤਰ੍ਹਾਂ ਦੇ ਦਾਅਵੇ ਦੀ ਪੁਸ਼ਟੀ ਕਰਨਗੇ।

ਬੀਬੀਸੀ ਨਿਊਜ਼ ਪੰਜਾਬੀ ਨੂੰ ਆਪਣੇ ਫੋਨ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ

ਪੁਲਵਾਮਾ ਹਮਲੇ ਦੀ ਯੋਜਨਾਬੰਦੀ ਵਿੱਚ ਸ਼ਾਮਿਲ ਅੱਤਵਾਦੀ ਢੇਰ

ਕਸ਼ਮੀਰ ਵਿੱਚ ਸ਼ਨੀਵਾਰ ਨੂੰ ਜੰਮੂ ਕਸ਼ਮੀਰ ਪੁਲਿਸ ਅਤੇ ਅੱਤਵਾਦੀਆਂ ਵਿਚਕਾਰ ਹੋਏ ਪੁਲਿਸ ਮੁਕਾਬਲੇ ਦੌਰਾਨ ਦੋ ਅੱਤਵਾਦੀ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਹੈ।

ਅੰਗਰੇਜ਼ੀ ਅਖ਼ਬਾਰ 'ਦਿ ਇੰਡੀਅਨ ਐਕਸਪ੍ਰੈਸ' ਦੀ ਖ਼ਬਰ ਮੁਤਾਬਕ ਜੈਸ਼ ਏ ਮੁਹੰਮਦ ਦੇ ਮਾਰੇ ਗਏ ਦੋ ਅੱਤਵਾਦੀਆਂ ਵਿੱਚੋਂ ਇੱਕ 2019 ਦੇ ਪੁਲਵਾਮਾ ਹਮਲੇ ਦੀ ਯੋਜਨਾਬੰਦੀ ਵਿੱਚ ਸ਼ਾਮਿਲ ਸੀ।

ਜੰਮੂ ਕਸ਼ਮੀਰ ਪੁਲਿਸ ਅਨੁਸਾਰ ਇਸ ਦਾ ਸਬੰਧ ਮਸੂਦ ਅਜ਼ਹਰ ਦੇ ਪਰਿਵਾਰ ਨਾਲ ਵੀ ਹੈ।

ਜੰਮੂ ਅਤੇ ਕਸ਼ਮੀਰ ਪੁਲਿਸ ਅਨੁਸਾਰ ਮੁੱਠਭੇੜ ਦੌਰਾਨ ਮਾਰੇ ਗਏ ਅਦਨਾਨ ਉਰਫ਼ ਸੈਫ਼ੂਲ੍ਹਾ ਦਾ ਨਾਮ ਐਨਆਈਏ ਦੀ ਚਾਰਜਸ਼ੀਟ ਵਿੱਚ ਵੀ ਮੌਜੂਦ ਸੀ। ਦੂਸਰੇ ਅੱਤਵਾਦੀ ਦੀ ਪਹਿਚਾਣ ਹੋਣਾ ਬਾਕੀ ਹੈ।

ਆਈਜੀ ਕਸ਼ਮੀਰ ਪੁਲਿਸ ਵਿਜੇ ਕੁਮਾਰ ਅਨੁਸਾਰ ਸੈਫੁੱਲਾ ਸਰਦੀ ਵਿੱਚ ਪਾਕਿਸਤਾਨ ਤੋਂ ਭਾਰਤ ਆਇਆ ਸੀ ਅਤੇ ਉਸ ਸਮੇਂ ਤੋਂ ਦੱਖਣੀ ਕਸ਼ਮੀਰ ਵਿੱਚ ਸਰਗਰਮ ਸੀ।ਉਸ ਖ਼ਿਲਾਫ਼ 14 ਐਫਆਈਆਰ ਸਨ।

ਮਾਰੇ ਗਏ ਅੱਤਵਾਦੀਆਂ ਕੋਲੋਂ ਏ ਕੇ 47 ਰਾਈਫਲ, ਗਲੋਕ ਪਿਸਤੌਲ ਚੀਨੀ ਪਿਸਤੌਲ ਐਮ4 ਕਾਰਬਾਈਨ ਬਰਾਮਦ ਕੀਤੇ ਜਾਣ ਦਾ ਦਾਅਵਾ ਵੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ਇਹ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)