You’re viewing a text-only version of this website that uses less data. View the main version of the website including all images and videos.
ਨਵਜੋਤ ਸਿੰਘ ਸਿੱਧੂ ਪ੍ਰਧਾਨ ਤਾਂ ਬਣ ਗਏ ਪਰ ਸੀਐੱਮ ਕੈਪਟਨ ਅਮਰਿੰਦਰ ਸਿੰਘ ਨਾਲ ਮਤਭੇਦ ਅਜੇ ਵੀ ਬਰਕਰਾਰ
ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਉਹ ਪੰਜਾਬ ਵਿੱਚ ਵੱਖ-ਵੱਖ ਥਾਂਵਾਂ 'ਤੇ ਦੌਰੇ ਕਰ ਰਹੇ ਹਨ।
ਪ੍ਰਧਾਨ ਨਿਯੁਕਤ ਹੋਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਸਿੱਧੂ ਕਾਂਗਰਸੀ ਨੇਤਾਵਾਂ ਨੂੰ ਮਿਲ ਰਹੇ ਹਨ। ਕਾਂਗਰਸੀ ਲੀਡਰ ਵੀ ਉਨ੍ਹਾਂ ਨੂੰ ਵਧਾਈਆਂ ਦੇਣ ਪਹੁੰਚ ਰਹੇ ਹਨ।
ਪਰ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਸ ਵਿੱਚ ਕੋਈ ਵੀ ਹਿੱਸੇਦਾਰੀ ਨਜ਼ਰ ਨਹੀਂ ਆ ਰਹੀ।
ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵੱਲੋਂ ਆਏ ਤਾਜ਼ਾ ਟਵੀਟ ਨੂੰ ਵੇਖ ਕੇ ਲਗਦਾ ਹੈ ਕਿ ਦੋਵਾਂ ਵਿਚਾਲੇ ਮਤਭੇਦ ਅਜੇ ਵੀ ਬਰਕਰਾਰ ਹਨ।
ਟਵੀਟ ਵਿੱਚ ਲਿਖਿਆ ਗਿਆ ਕਿ ਜਦੋਂ ਤੱਕ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਕੀਤੇ ਗਏ 'ਅਪਮਾਨਜਨਕ ਟਵੀਟਸ' ਅਤੇ ਸੋਸ਼ਲ ਮੀਡੀਆ ਰਾਹੀਂ ਕੀਤੇ ਗਏ ਤਿੱਖੇ ਹਮਲਿਆਂ ਲਈ ਮਾਫ਼ੀ ਨਹੀਂ ਮੰਗ ਲੈਂਦੇ ਉਹ ਸਿੱਧੂ ਨਾਲ ਮੁਲਾਕਾਤ ਨਹੀਂ ਕਰਨਗੇ।
ਇਹ ਵੀ ਪੜ੍ਹੋ-
ਪ੍ਰਧਾਨਗਰੀ ਮਿਲਣ ਤੋਂ ਬਾਅਦ ਸਿੱਧੂ ਦੇ ਦੌਰੇ
18 ਜੁਲਾਈ ਦੀ ਸ਼ਾਮ ਅਧਿਕਾਰਤ ਤੌਰ 'ਤੇ ਸਿੱਧੂ ਨੂੰ ਪ੍ਰਧਾਨ ਐਲਾਨ ਦਿੱਤਾ ਗਿਆ। ਜਿਸ ਤੋਂ ਬਾਅਦ ਉਹ ਪਟਿਆਲਾ ਪਹੁੰਚੇ ਜਿੱਥੇ ਕਾਂਗਰਸੀ ਨੇਤਾਵਾਂ ਨੇ ਉਨ੍ਹਾਂ ਦਾ ਦਿਲ ਖੋਲ੍ਹ ਕੇ ਸਵਾਗਤ ਕੀਤਾ।
ਰਾਜਾ ਵੜਿੰਗ ਤੇ ਕੁਲਬੀਰ ਜ਼ੀਰਾ ਸਮੇਤ ਕਈ ਕਾਂਗਰਸੀ ਆਗੂ ਉਨ੍ਹਾਂ ਨੂੰ ਮਿਲਣ ਵੀ ਪਹੁੰਚੇ ਸਨ।
ਅਗਲੇ ਦਿਨ ਯਾਨਿ ਕਿ 19 ਜੁਲਾਈ ਨੂੰ ਨਵਜੋਤ ਸਿੰਘ ਸਿੱਧੂ ਆਪਣੇ ਨਾਲ ਥਾਪੇ ਗਏ 4 ਹੋਰ ਕਾਰਜਕਾਰੀ ਪ੍ਰਧਾਨਾਂ ਨੂੰ ਚੰਡੀਗੜ੍ਹ ਵਿੱਚ ਮਿਲੇ।
ਖਟਕੜ ਕਲਾਂ ਵਿੱਚ ਭਗਤ ਸਿੰਘ ਨੂੰ ਸ਼ਰਧਾਂਜਲੀ
ਨਵਜੋਤ ਸਿੰਘ ਸਿੱਧੂ ਅੱਜ ਸਵੇਰੇ ਯਾਨਿ ਕਿ 20 ਜੁਲਾਈ ਨੂੰ ਆਜ਼ਾਦੀ ਘੁਲਾਟੀਏ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਪਹੁੰਚੇ ਜਿੱਥੇ ਉਨ੍ਹਾਂ ਨੇ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਇਸ ਮੌਕੇ ਉਨ੍ਹਾਂ ਨਾਲ ਕਈ ਪਾਰਟੀ ਲੀਡਰ ਵੀ ਸਨ। ਸਿੱਧੂ ਨਾਲ ਜਿੱਥੇ ਲੋਕਾਂ ਦਾ ਵੱਡਾ ਇਕੱਠ ਨਜ਼ਰ ਆਇਆ ਉੱਥੇ ਹੀ ਦੂਜੇ ਪਾਸੇ ਕਿਸਾਨ ਵੀ ਉਨ੍ਹਾਂ ਨੂੰ ਕਾਲੇ ਝੰਡੇ ਵਿਖਾਉਣ ਤੇ ਵਿਰੋਧ ਕਰਨ ਦੀ ਤਿਆਰੀ ਵਿੱਚ ਸਨ।
ਹਾਲਾਂਕਿ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ।
ਖਟਕੜ ਕਲਾਂ ਪਹੁੰਚੇ ਸਿੱਧੂ ਵਿੱਚ ਕਾਫ਼ੀ ਜੋਸ਼ ਵੇਖਣ ਨੂੰ ਮਿਲਿਆ। ਇਸ ਮੌਕੇ ਉਨ੍ਹਾਂ ਨੇ ਕਾਂਗਰਸ ਦੇ 18 ਨੁਕਾਤੀ ਪ੍ਰੋਗਰਾਮ ਤਹਿਤ ਪੰਜਾਬ ਦਾ ਵਿਕਾਸ ਕਰਨ ਅਤੇ ਸੂਬੇ ਦੇ ਲੋਕਾਂ ਨੂੰ ਅੱਗੇ ਲਿਜਾਉਣ ਦੀ ਗੱਲ ਵੀ ਕੀਤੀ।
ਸਿੱਧੂ ਵੱਲੋਂ ਭਗਤ ਸਿੰਘ ਦੇ ਨਾਅਰੇ ਵੀ ਲਗਾਏ ਗਏ।
ਇਹ ਵੀ ਪੜ੍ਹੋ-
ਅੰਮ੍ਰਿਤਸਰ ਵਿੱਚ ਕੱਢਿਆ ਰੋਡ ਸ਼ੋਅ
ਨਵਜੋਤ ਸਿੰਘ ਸਿੱਧੂ ਖਟਕੜ ਕਲਾਂ ਤੋਂ ਬਾਅਦ ਆਪਣੇ ਹਲਕੇ ਅੰਮ੍ਰਿਤਸਰ ਪਹੁੰਚੇ। ਇੱਥੇ ਵੀ ਉਨ੍ਹਾਂ ਦਾ ਭਰਵਾਂ ਸਵਾਗਤ ਹੋਇਆ।
ਮੀਂਹ ਦੇ ਬਾਵਜੂਦ ਸਿੱਧੂ ਦੇ ਰੋਡ ਸ਼ੋਅ ਵਿੱਚ ਲੋਕਾਂ ਦਾ ਵੱਡਾ ਇਕੱਠ ਵੇਖਣ ਨੂੰ ਮਿਲਿਆ।
ਢੋਲ ਦੀ ਧਮਕ ਵਿਚਾਲੇ ਸਿੱਧੂ ਦੇ ਹੱਕ ਵਿੱਚ ਸਮਰਥਕਾਂ ਦੇ ਜ਼ੋਰਦਾਰ ਨਾਅਰੇ ਵੀ ਸੁਣਾਈ ਦੇ ਰਹੇ ਸਨ। ਅੰਮ੍ਰਿਤਰ ਦੇ ਗੋਲਡਨ ਗੇਟ ਤੋਂ ਲੈ ਕੇ ਸ਼ਹਿਰ ਦੇ ਮੁੱਖ ਹਿੱਸਿਆ ਵਿੱਚ ਰੋਡ ਸ਼ੋਅ ਨਿਕਲਿਆ।
ਇੱਕ ਗੱਲ ਜੋ ਇੱਥੇ ਵੀ ਨਜ਼ਰ ਆਈ। ਉਹ ਇਹ ਸੀ ਕਿ ਹੱਥ ਵੀ ਉਨ੍ਹਾਂ ਨੇ ਭਗਤ ਸਿੰਘ ਦੀ ਤਸਵੀਰ ਫੜੀ ਹੋਈ ਸੀ।
ਆਉਣ ਵਾਲੇ ਦਿਨਾਂ ਵਿੱਚ ਨਵਜੋਤ ਸਿੰਘ ਨੇ ਆਪਣੇ ਹੋਰ ਵੀ ਪ੍ਰੋਗਰਾਮ ਤੈਅ ਕੀਤੇ ਹਨ।
ਪਰ ਇੱਕ ਗੱਲ ਜੋ ਦੇਖਣ ਵਾਲੀ ਹੈ, ਉਹ ਇਹ ਹੈ ਕਿ ਸਿੱਧੂ ਅਜੇ ਤੱਕ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਮਿਲੇ।
ਪੰਜਾਬ ਦੀ ਸਿਆਸਤ ਨੂੰ ਨੇੜਿਓਂ ਵੇਖਣ ਵਾਲੇ ਵਿਸ਼ਲੇਸ਼ਕ ਮੰਨਦੇ ਹਨ ਕਿ ਇੰਝ ਲਗਦਾ ਹੈ ਕਿ ਕੈਪਟਨ ਸੁਲਾਹ ਕਰਨ ਦੇ ਮੂਡ ਵਿੱਚ ਨਹੀਂ ਹੈ।
ਇਹ ਵੀ ਪੜ੍ਹੋ: