ਪਾਕਿਸਤਾਨ ਤੋਂ ਮੁਹੰਮਦ ਹਨੀਫ ਦਾ VLOG: 'ਮਰਦ ਕਿਸੇ ਮੋਈ ਨੂੰ ਵੀ ਕਬਰ 'ਚੋ ਪੱਟ ਕੇ ਉਸ ਨੂੰ ਵੀ ਆਪਣੀ ਮਰਦਾਨਗ਼ੀ ਦਿਖਾ ਛੱਡਦੇ'

    • ਲੇਖਕ, ਮੁਹੰਮਦ ਹਨੀਫ਼
    • ਰੋਲ, ਸੀਨੀਅਰ ਪੱਤਰਕਾਰ ਤੇ ਲੇਖਕ, ਪਾਕਿਸਤਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਕੁਝ ਦਿਨ ਪਹਿਲਾਂ ਔਰਤਾਂ ਦੇ ਕੱਪੜਿਆਂ ਨੂੰ ਲੈ ਕੇ ਇੱਕ ਟਿੱਪਣੀ ਕੀਤੀ ਗਈ ਸੀ।

ਜਿਸ ਵਿੱਚ ਉਨ੍ਹਾਂ ਨੇ ਬਲਾਤਕਾਰ ਦੀਆਂ ਵੱਧਦੀਆਂ ਘਟਨਾਵਾਂ ਲਈ ਔਰਤਾਂ ਦੇ ਛੋਟੇ ਕੱਪੜਿਆਂ ਨੂੰ ਜ਼ਿਮੇਵਾਰ ਠਹਿਰਾਇਆ ਸੀ।

ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਤੇ ਲੇਖਕ ਮੁਹੰਮਦ ਹਨੀਫ਼ ਨੇ ਇਮਰਾਨ ਖ਼ਾਨ ਦੇ ਇਸ ਬਿਆਨ 'ਤੇ ਕੁਝ ਇਸ ਤਰ੍ਹਾਂ ਟਿੱਪਣੀ ਕੀਤੀ।

ਇਹ ਵੀ ਪੜ੍ਹੋ-

ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਕਦੇ-ਕਦੇ ਵੱਡੇ ਦਾਅਵੇ ਕਰਦੇ ਹਨ ਅਤੇ ਕਦੇ-ਕਦੇ ਦਾਅਵੇ ਕਰ ਕੇ ਮੁੱਕਰ ਵੀ ਜਾਂਦੇ ਹਨ ਪਰ ਇੱਕ ਦਾਅਵਾ ਉਨ੍ਹਾਂ ਦਾ ਅਜਿਹਾ ਹੈ, ਜਿਸ 'ਤੇ ਪੂਰੀ ਤਰ੍ਹਾਂ ਕੌਮ ਨੂੰ ਇਤਬਾਰ ਹੈ।

ਉਹ ਹਮੇਸ਼ਾ ਫਰਮਾਉਂਦੇ ਆਏ ਹਨ, ਕਿ ਮਰਗਬ (ਪੱਛਮ ਜਾਂ ਗੋਰਿਆਂ) ਨੂੰ ਮੇਰੇ ਤੋਂ ਜ਼ਿਆਦਾ ਕੋਈ ਨਹੀਂ ਸਮਝਦਾ।

ਕੌਮ ਇਸ ਲਈ ਮੰਨ ਲੈਂਦੀ ਹੈ ਕਿ ਖ਼ਾਨ ਸਾਬ੍ਹ ਛੋਟੀ ਉਮਰ ਵਿੱਚ ਵਲੈਤ ਚਲੇ ਗਏ ਸਨ, ਬਲਕਿ ਸਾਨੂੰ 'ਤੇ ਕਦੇ-ਕਦੇ ਇੰਝ ਲਗਦਾ ਹੈ ਕਿ ਮਲਿਕਾ-ਏ-ਬਰਤਾਨੀਆ ਰਾਣੀ ਐਲੀਜ਼ਾਬੈਥ ਨੇ ਉਨ੍ਹਾਂ ਨੂੰ ਗੋਦ 'ਚ ਬਿਠਾ ਕੇ ਉਨ੍ਹਾਂ ਖਾਲਿਆ ਹੈ।

ਫਿਰ ਉਨ੍ਹਾਂ ਦੀ ਪਰਵਰਿਸ਼ ਵੀ ਲੰਡਨ ਵਿੱਚ ਸ਼ਹਿਜ਼ਾਦਿਆਂ ਵਾਂਗ ਹੋਈ ਹੈ, ਵਲੈਤੀ ਸ਼ਹਿਜ਼ਾਦਿਆਂ ਦੀ ਇੱਕ ਨਿਸ਼ਾਨੀ ਇਹ ਹੁੰਦੀ ਹੈ ਕਿ ਉਨ੍ਹਾਂ ਨੂੰ ਆਪਣਾ ਖਰਚਾ ਕਦੇ ਆਪ ਨਹੀਂ ਚੁਕਣਾ ਪੈਂਦਾ ਬਲਕਿ ਉਨ੍ਹਾਂ ਨੂੰ ਕਦੇ ਜੇਬ੍ਹ 'ਚ ਹੱਥ ਨਹੀਂ ਪਾਉਣਾ ਪੈਂਦਾ।

ਫਿਰ ਵੀ ਖ਼ਾਨ ਸਾਬ੍ਹ ਦਾ ਪਹਿਲਾ ਵਿਆਹ ਵੀ ਉੱਥੇ ਹੀ ਅਮੀਰ ਗੋਰਿਆਂ ਵੱਲ ਹੋਇਆ। ਅੱਲ੍ਹ ਉਨ੍ਹਾਂ ਦੇ ਬੱਚਿਆਂ ਨੂੰ ਹਯਾਤੀ ਦੇਵੇ, ਉਨ੍ਹਾਂ ਦੇ ਮੁੰਡੇ ਵੀ ਹੁਣ ਉੱਥੇ ਹੀ ਰਹਿੰਦੇ ਹਨ ਅਤੇ ਪੜ੍ਹਦੇ ਹਨ।

ਹੁਣ ਪਾਕਿਸਤਾਨ ਦੇ ਮੁੰਡਿਆਂ, ਮਰਦਾਂ ਅਤੇ ਸਾਰਿਆਂ ਨੂੰ ਪਤਾ ਹੈ ਕਿ ਇੱਕ ਵਾਰ ਹੋਰ ਜੰਮ ਕੇ ਵੀ ਉਹ ਆ ਜਾਣ ਤਾਂ ਉਹ ਇਮਰਾਨ ਖ਼ਾਨ ਨਹੀਂ ਬਣ ਸਕਦੇ।

ਪਰ ਉਹ ਇਮਰਾਨ ਖ਼ਾਨ ਸਾਬ੍ਹ ਦੀ ਜ਼ਿੰਦਗੀ ਤੋਂ ਤੇ ਜੋ ਕੁਝ ਇਮਰਾਨ ਖ਼ਾਨ ਕਹਿੰਦੇ ਹਨ, ਉਸ ਤੋਂ ਸਿਖਦੇ ਹਨ।

ਉਹ ਬੜੇ ਖੁਸ਼ ਹੁੰਦੇ ਹਨ ਜਦੋਂ ਇਮਰਾਨ ਖ਼ਾਨ ਸਾਬ੍ਹ ਆਪਣੇ ਗੁੜ੍ਹੀ ਅੰਗਰੇਜ਼ੀ ਵਿੱਚ ਕਿਸੇ ਗੋਰੇ ਨੂੰ ਜਟਕੀਆਂ ਗੱਲਾਂ ਸਮਝਾਉਂਦੇ ਹਨ।

ਇੰਟਰਵਿਊ ਕਰਨ ਵਾਲੇ ਨੇ ਪੁੱਛਿਆ ਕਿ ਪਾਕਿਸਤਾਨ ਵਿੱਚ ਰੇਪ ਦੇ ਕੇਸ ਬਹੁਤ ਵਧ ਗਏ ਹਨ, ਤਾਂ ਖ਼ਾਨ ਸਾਬ੍ਹ ਨੇ ਫਰਮਾਇਆ ਕਿ ਔਰਤਾਂ ਘੱਟ ਕੱਪੜੇ ਪਹਿਨਣਗੀਆਂ ਤੇ ਮਰਦ ਆਪਣੇ ਆਪ ਨੂੰ ਕੰਟ੍ਰੋਲ ਨਹੀਂ ਕਰ ਸਕਦਾ, ਉਹ ਆਖ਼ਰ ਇਨਸਾਨ ਹੈ ਰੋਬੋਟ ਤਾਂ ਨਹੀਂ।

ਹੁਣ ਖ਼ਾਨ ਸਾਬ੍ਹ ਦੇ ਆਸ਼ਕ ਬਹੁਤ ਬਰੀਕੀਆਂ ਕੱਢ-ਕੱਢ ਕੇ ਸਮਝਾ ਰਹੇ ਹਨ ਕਿ ਖ਼ਾਨ ਸਾਬ੍ਹ ਦਾ ਇਹ ਮਤਲਬ ਨਹੀਂ ਸੀ।

ਰੇਪ ਪਾਕਿਸਤਾਨ ਵਿੱਚ ਇੱਕ ਬਹੁਤ ਖ਼ਤਰਨਾਕ ਮਸਲਾ ਹੈ

ਉਨ੍ਹਾਂ ਨੇ ਇਲਜ਼ਾਮ ਔਰਤਾਂ ਨੂੰ ਨਹੀਂ ਦਿੱਤਾ। ਮੈਂ ਵੀ ਖ਼ਾਨ ਸਾਬ੍ਹ ਦੀ ਗੱਲ ਨੂੰ ਘੁਮਾ-ਫਿਰਾ ਕੇ ਵੇਖਿਆ ਹੈ ਪਰ ਸਮਝ ਇਹ ਆਈ ਹੈ ਕਿ ਸਿਰ ਥੱਲੇ ਕਰ ਕੇ ਅਤੇ ਲੱਤਾਂ ਅਸਮਾਨ ਨੂੰ ਵੀ ਕਰ ਲਓ ਤਾਂ ਵੀ ਖ਼ਾਨ ਸਾਬ੍ਹ ਦੀ ਗੱਲ ਦਾ ਇੱਕੋ ਹੀ ਮਤਲਬ ਹੈ ਕਿ ਮਰਦ ਆਪਣੀ ਮਰਦਾਨਗੀ ਦੇ ਹੱਥੋਂ ਮਜ਼ਬੂਰ ਹੋ ਜਾਂਦੇ ਹੈ ਤੇ ਔਰਤਾਂ ਘੱਟ ਕੱਪੜੇ ਪਹਿਨਣਗੀਆਂ ਤਾਂ ਉਨ੍ਹਾਂ ਨਾਲ ਜ਼ਬਰਦਸਤੀ ਹੋਵੇਗੀ ਹੀ।

ਪਾਕਿਸਤਾਨ ਦੀਆਂ ਔਰਤਾਂ ਹੁਣ ਚੀਕ-ਚੀਕ ਦੇ ਦੱਸ ਰਹੀਆਂ ਹਨ ਕਿ ਮੇਰੀ ਉਮਰ 4 ਸਾਲ ਸੀ ਮੈਂ ਸਲਵਾਰ-ਕਮੀਜ਼ ਪਾਈ ਸੀ, ਮੇਰੀ ਉਮਰ 8 ਸਾਲ ਸੀ ਤੇ ਮੈਂ ਸਿਰ 'ਤੇ ਦੁਪੱਟਾ ਵੀ ਲਿਆ ਸੀ, ਮੈਂ 40 ਵਰ੍ਹਿਆਂ ਦੀ ਸਾਂ ਤੇ ਸਿਰ 'ਤੇ ਪੂਰੀ ਚਾਦਰ ਵੀ ਲਈ ਸੀ।

ਇੱਕ ਬੱਚੀ ਨੇ ਮੈਨੂੰ ਇਹ ਵੀ ਦੱਸਿਆ, ਉਹ ਉਮਰੇ 'ਤੇ ਗਈ ਸੀ ਤੇ ਅਹਿਰਾਮ (ਧਾਰਮਿਕ ਯਾਤਰਾ ਵੇਲੇ ਪਾਏ ਜਾਣ ਵਾਲੇ ਵਿਸ਼ੇਸ਼ ਕੱਪੜੇ) ਪਾਇਆ ਸੀ, ਖ਼ਾਨਾ-ਕਾਬਾ ਦਾ ਦੁਆਫ਼ ਵੀ ਕਰਦੀ ਸੀ, ਉੱਥੇ ਵੀ ਕਿਸੇ ਮਰਦ ਦੀ ਮਰਦਾਨਗ਼ੀ ਕੰਟ੍ਰੋਲ 'ਚ ਨਾ ਰਹੀ।

ਰੇਪ ਪਾਕਿਸਤਾਨ ਵਿੱਚ ਇੱਕ ਬਹੁਤ ਖ਼ਤਰਨਾਕ ਮਸਲਾ ਹੈ, ਸਾਲ ਵਿੱਚ ਹਜ਼ਾਰਾਂ ਔਰਤਾਂ, ਬੱਚੀਆਂ ਅਤੇ ਬੱਚੇ ਵੀ ਰੇਪ ਹੁੰਦੇ ਹਨ।

ਖ਼ਾਨ ਸਾਬ੍ਹ ਆਪ ਵੀ ਕਹਿ ਚੁੱਕੇ ਹਨ ਕਿ ਇਹ ਕੇਸ ਜਿਹੜੇ ਰਿਪੋਰਟ ਹੁੰਦੇ ਹਨ, ਇਹ ਅਸਲ ਦੇ ਇੱਕ ਫੀਸਦ ਤੋਂ ਵੀ ਜ਼ਿਆਦਾ ਨਹੀਂ ਕਿਉਂਕਿ ਜ਼ਿਆਦਾਤਰ ਰੇਪ ਘਰਾਂ ਵਿੱਚ ਹੀ ਹੁੰਦੇ ਹਨ, ਮੁਹੱਲਿਆਂ ਵਿੱਚ ਹੁੰਦੇ ਹਨ, ਮਾਮੇ, ਚਾਚੇ, ਭਰਾ, ਗੁਆਂਢੀ, ਉਸਤਾਦ ਤੇ ਲੋਕ ਕੇਸ ਨਹੀਂ ਕਰਦੇ।

ਇਹ ਵੀ ਪੜ੍ਹੋ-

ਖ਼ਾਨ ਸਾਬ੍ਹ ਨੂੰ ਇਸ ਦਾ ਅਹਿਸਾਸ ਵੀ ਰਿਹਾ ਅਤੇ ਇੱਕ ਵਾਰ ਫਰਮਾਇਆ ਕਿ ਮੈਂ ਸੋਚ ਰਿਹਾ ਜਿਸ 'ਤੇ ਰੇਪ ਜੁਰਮ ਸਾਬਿਤ ਹੋ ਜਾਵੇ, ਉਸ ਨੂੰ ਟੀਕੇ ਲਗਾ ਕੇ ਖੱਸੀ ਕਰ ਦਿੱਤਾ ਜਾਵੇ।

ਉੱਥੇ ਵੀ ਉਨ੍ਹਾਂ ਨੂੰ ਨਜ਼ਰ ਇਹੀ ਆਇਆ ਕਿ ਮਰਦ ਦਾ ਕੋਈ ਕੰਟ੍ਰੋਲ ਆਪਣੇ 'ਤੇ ਹੋ ਨਹੀਂ ਸਕਦਾ ਤੇ ਉਸ ਦਾ ਇੱਕ ਹੀ ਇਲਾਜ ਹੈ ਉਸ ਦੇ ਨਫ਼ਸ ਨੂੰ ਬੰਦ ਕਰ ਦੇਣਾ।

ਪਰ ਹੁਣ ਜਿਹੜਾ ਉਨ੍ਹਾਂ ਨੇ ਇਹ ਫਰਮਾਇਆ ਕਿ ਮਰਦ ਕੋਈ ਰੋਬੋਟ ਤਾਂ ਨਹੀਂ ਇਹ ਕਹਿ ਕੇ ਉਨ੍ਹਾਂ ਨੇ ਸਾਨੂੰ ਮਰਦਾਂ ਨੂੰ ਮਰਦਾਨਗ਼ੀ ਦਾ ਇੱਕ ਟੀਕਾ ਜਿਹਾ ਲਗਾ ਛੱਡਿਆ।

ਇਸ ਨਾਲ ਕਿੰਨੇ ਮਰਦਾਂ ਨੂੰ ਹੱਲਾਸ਼ੇਰੀ ਮਿਲੀ ਹੋਣੀ, ਦੇਖੋ ਸਾਡਾ ਵਜ਼ੀਰ-ਏ-ਆਜ਼ਮ ਸਾਡਾ ਵੱਡਾ ਖ਼ਾਨ ਆਪ ਫਰਮਾ ਰਿਹਾ ਕਿ ਮਰਦ ਤੇ ਇਹ ਹੀ ਉਹ ਜਿਹੜਾ ਔਰਤ ਨੂੰ ਵੇਖੇ ਤੇ ਕਾਬੂਓਂ ਬਾਹਰ ਹੋ ਜਾਏ।

ਖ਼ਾਨ ਸਾਬ੍ਹ ਅਗਰ ਮਰਗਿਬ ਨੂੰ ਬਿਹਤਰ ਜਾਣਦੇ ਹਨ ਤਾਂ ਅਸੀਂ ਵੀ ਥੋੜ੍ਹਾ-ਬਹੁਤ ਇਸ ਮੁਲਕ ਨੂੰ ਜਾਣਦੇ ਹਾਂ, ਜ਼ਿਆਦਾਤਰ ਮਰਦ, ਹਰ ਉਮਰ ਦੇ ਮਰਦ, ਬਾਬੇ ਵੀ ਤੇ ਮੁੰਡੇ ਵੀ, ਦਾੜ੍ਹੀਆਂ ਵਾਲੇ ਦੀਨਦਾਰ ਵੀ, ਸ਼ਰਾਬੀ-ਕਬਾਬੀ ਤੇ ਲਿਬਰਲ ਵੀ ਗੰਦੇ ਦਿਮਾਗ਼ ਤੇ ਭੈੜੀਆਂ ਨੀਤਾਂ ਲੈ ਕੇ 24 ਘੰਟੇ ਫਿਰਦੇ ਹਨ।

ਇਥੋਂ ਅੱਗੇ ਇਸ ਲਈ ਨਹੀਂ ਜਾਂਦੇ ਕਿ ਜਨਾਨੀ ਚਪੇੜ ਨਾ ਮਾਰ ਛੱਡੇ, ਰੌਲਾ ਨਾ ਪਾ ਦੇਵੇ, ਮੁਹੱਲੇ ਵਾਲੇ ਨਾ ਆ ਜਾਣ, ਪੁਲਿਸ ਨਾ ਬੁਲਾ ਲੈਣ, ਇਨ੍ਹਾਂ ਮਰਦਾਂ ਨੂੰ ਡਰਾਉਣ ਲਈ ਖ਼ਾਨ ਸਾਬ੍ਹ ਨੇ ਕੋਈ ਗੱਲ ਨਹੀਂ ਕੀਤੀ ਬਲਕਿ ਇਨ੍ਹਾਂ ਦਾ ਹੌਂਸਲਾ ਵਧਾਇਆ ਗਿਆ।

ਉਤੋਂ ਖ਼ਾਨ ਸਾਬ੍ਹ ਨੂੰ ਘੱਟ ਕੱਪੜਿਆਂ ਵਾਲੀਆਂ ਜਨਾਨੀਆਂ ਪਤਾ ਨਹੀਂ ਕਿਥੋਂ ਨਜ਼ਰ ਆ ਜਾਂਦੀਆਂ ਨੇ ਪਾਕਿਸਤਾਨ 'ਚ।

ਜ਼ਿਆਦਾਤਰ ਔਰਤਾਂ ਨੇ ਘਰੋਂ ਬਾਹਰ ਜੇ ਮਜ਼ੂਰੀ ਕਰਨ ਵੀ ਨਿਕਲਣਾ ਹੋਵੇ ਤਾਂ ਸ਼ਿਖਰ ਦੁਪਹਿਰੇ ਵੀ ਕਾਲਾ ਬੁਰਖਾ ਪਾ ਕੇ ਚਾਦਰ ਲਪੇਟ ਨਿਕਲਦੀਆਂ ਹਨ ਕਿ ਕਿਤੇ ਕਿਸੇ ਦੀ ਮਰਦਾਨਗ਼ੀ ਵਿਚਾਲੇ ਨਾ ਆ ਜਾਵੇ।

ਖ਼ਾਨ ਸਾਬ੍ਹ ਦੇ ਦੁਸ਼ਮਣ ਵੀ ਡਾਢੇ ਹਨ, ਉਹ ਆਖਦੇ ਨੇ ਕਿ ਕਿਉਂਕਿ ਖ਼ਾਨ ਸਾਬ੍ਹ ਨੇ ਜਵਾਨੀ ਵਲੈਤ ਦੇ ਕਲੱਬਾਂ ਵਿੱਚ ਗੁਜ਼ਾਰੀ ਹੈ ਤੇ ਉਨ੍ਹਾਂ ਨੂੰ ਇਸ ਪਰਦੇਦਾਰ ਮੁਲਕ ਵਿੱਚ ਵੀ ਇੰਝ ਹੀ ਲਗਦਾ ਹੈ ਕਿ ਜਿਵੇਂ ਕਿਸੇ ਡਿਸਕੋ ਵਿੱਚ ਬੈਠੇ ਹੋਣ।

ਸਬੂਤ ਵਜੋਂ ਉਹ ਖ਼ਾਨ ਸਾਬ੍ਹ ਦੀਆਂ ਪੁਰਾਣੀਆਂ ਫੋਟੋਆਂ ਵਿਖਾ ਛਡਦੇ ਹਨ, ਜਿਸ ਖ਼ਾਨ ਸਾਬ੍ਹ ਕਦੇ ਬੋਅ ਟਾਈ ਵਾਲਾ ਸੂਟ ਪਾ ਕੇ ਤੇ ਕਦੇ ਸੂਟ ਲਾਹ ਕੇ ਸਿਰਫ਼ ਕੱਛਾ ਪਾ ਕੇ ਗੋਰੀਆਂ ਨੂੰ ਇਮਾਨ ਦਾ ਦਰਜ ਦੇ ਰਹੇ ਹੁੰਦੇ ਹਨ।

ਖ਼ਾਨ ਸਾਬ੍ਹ ਖੁੱਲ੍ਹੇ-ਡੁੱਲੇ ਆਦਮੀ ਨੇ, ਆਪ ਮੰਨਦੇ ਹਨ ਕਿ ਪਹਿਲਾਂ ਮੈਂ ਬਦਮਾਸ਼ ਹੁੰਦਾ ਸੀ ਤੇ ਹੁਣ ਮੇਰੇ ਤੋਂ ਵੱਡਾ ਸ਼ਰੀਫ਼ ਕੋਈ ਨਹੀਂ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਖ਼ਾਨ ਸਾਬ੍ਹ ਨੂੰ ਮਰਗਿਬ ਨੂੰ ਅੰਦਰੋਂ-ਬਾਹਰੋਂ ਜਾਣਦੇ ਹੋਣਗੇ ਪਰ ਉਨ੍ਹਾਂ ਦਾ ਰਾਜ਼ ਦਾ ਮਸ਼ਤਿਕ ਦੇ ਇੱਕ ਮੁਲਕ 'ਤੇ, ਜਿਸ ਦਾ ਨਾਮ ਹੈ ਪਾਕਿਸਤਾਨ ਉਹ ਕਦੇ ਇਧਰ ਵੀ ਨਜ਼ਰ ਮਾਰ ਲਿਆ ਕਰਨ।

ਖ਼ਾਨ ਸਾਬ੍ਹ ਦਾ ਇੱਕ ਹੋਰ ਦਾਅਵਾ ਹੈ, ਜਿਸ 'ਤੇ ਮੈਨੂੰ ਪੂਰਾ ਯਕੀਨ ਵੀ ਹੈ ਕਿ ਉਨ੍ਹਾਂ ਨੇ ਕੁਝ ਅਰਸਾ ਪਹਿਲਾਂ ਫਰਮਾਇਆ ਸੀ, 'ਸਕੂਨ ਤੋਂ ਆਖ਼ਰ ਹਮੇ ਕਬਰ ਮੇਂ ਜਾ ਕੇ ਮਿਲੇਗਾ' ਪਰ ਪਾਕਿਸਤਾਨੀ ਔਰਤਾਂ ਦੇ ਮੁਕੱਦਰ ਵਿੱਚ ਉੱਥੇ ਵੀ ਕੋਈ ਸਕੂਨ ਨਹੀਂ।

ਹਰ ਸਾਲ-ਦੋ ਸਾਲ ਬਾਅਦ ਮਰਦ ਕਿਸੇ ਮੋਈ ਨੂੰ ਵੀ ਕਬਰ 'ਚੋ ਪੱਟ ਕੇ ਉਸ ਨੂੰ ਵੀ ਆਪਣੀ ਮਰਦਾਨਗ਼ੀ ਦਿਖਾ ਛੱਡਦੇ ਹਨ।

ਔਰਤ ਜ਼ਿੰਦਗੀ ਵਿੱਚ ਜਿਹੜੇ ਕੱਪੜੇ ਵੀ ਪਾਉਂਦੀ ਹੋਵੇ, ਮਰਨ ਤੋਂ ਬਾਅਦ ਉਸ ਨੂੰ ਅਸੀਂ ਕਫ਼ਨ ਪਾ ਕੇ ਹੀ ਦਫ਼ਨਾਈ ਦਾ ਹੈ।

ਹੁਣ ਖ਼ਾਨ ਸਾਬ੍ਹ ਹੁਣ ਤੁਸੀਂ ਦੱਸੋਂ, ਜਿਹੜੀ ਔਰਤ ਕਫ਼ਨ ਪਾ ਕੇ ਵੀ ਮਹਿਫ਼ੂਜ਼ ਨਹੀਂ, ਉਸ ਨੂੰ ਹੁਣ ਫਿਰ ਕਿਹੜੇ ਕੱਪੜੇ ਪੁਆਈਏ।

ਰੱਬ ਰਾਖਾ!

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)