You’re viewing a text-only version of this website that uses less data. View the main version of the website including all images and videos.
ਜੈਪਾਲ ਭੁੱਲਰ ਦਾ ਮੁੜ ਪੋਸਟਮਾਰਟਮ ਹੋਵੇਗਾ, ਹੁਕਮ ਜਾਰੀ ਕਰਦਿਆਂ ਕੋਰਟ ਨੇ ਇਹ ਕਿਹਾ - ਅਹਿਮ ਖ਼ਬਰਾਂ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜੈਪਾਲ ਭੁੱਲਰ ਦੇ ਪਿਤਾ ਦੀ ਮੁੜ ਪੋਸਟਮਾਰਟਮ ਕਰਨ ਦੀ ਅਰਜ਼ੀ ਨੂੰ ਸਵੀਕਾਰ ਕਰ ਲਿਆ ਹੈ।
ਭੁੱਲਰ ਦੇ ਪਿਤਾ ਨੇ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਦਾ ਦੁਬਾਰਾ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ ਸੀ। ਇਸ ਅਰਜ਼ੀ ਨੂੰ ਪਹਿਲਾਂ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ ਪਰ ਸੁਪੀਰਮ ਕੋਰਟ ਦੇ ਦਿਸ਼ਾ ਨਿਰਦੇਸ਼ 'ਤੇ ਅਦਾਲਤ ਨੇ ਮੁੜ ਸੁਣਵਾਈ ਕੀਤੀ।
ਇਹ ਵੀ ਪੜ੍ਹੋ-
ਇੱਥੇ ਜ਼ਿਕਰਯੋਗ ਹੈ ਕਿ ਜੈਪਾਲ ਭੁੱਲਰ ਦਾ ਕੋਲਕਾਤਾ ਵਿਖੇ 9 ਜੂਨ ਨੂੰ ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਦਾ ਕਥਿਤ ਐਨਕਾਉਂਟਰ ਹੋਇਆ ਸੀ।
ਐਡਵੋਕੇਟ ਸਿਮਰਨਜੀਤ ਸਿੰਘ ਜੋ ਇਸ ਕੇਸ ਵਿਚ ਭੁੱਲਰ ਦੇ ਪਿਤਾ ਦੀ ਅਗਵਾਈ ਕਰ ਰਹੇ ਹਨ, ਉਨ੍ਹਾਂ ਨੇ ਬੀਬੀਸੀ ਪੱਤਰਕਾਰ ਅਰਸ਼ਦੀਪ ਨੂੰ ਦੱਸਿਆ,"ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੰਗਲਵਾਰ ਸਵੇਰੇ 10 ਵਜੇ ਭੁੱਲਰ ਦਾ ਪੀਜੀਆਈ ਵਿੱਚ ਪੋਸਟਮਾਰਟਮ ਕਰਨ ਦੇ ਆਦੇਸ਼ ਦਿੱਤੇ ਹਨ।"
"ਕੋਰਟ ਅਨੁਸਾਰ ਪੀਜੀਆਈ ਮੈਡੀਕਲ ਬੋਰਡ ਦਾ ਗਠਨ ਵੀ ਕਰੇਗਾ ਅਤੇ ਪਰਿਵਾਰ ਮ੍ਰਿਤਕ ਦੇਹ ਪੀਜੀਆਈ ਨੂੰ ਪੋਸਟਮਾਰਟਮ ਲਈ ਸੌਂਪ ਦੇਵੇਗਾ। ਪੰਜਾਬ ਪੁਲਿਸ ਪਰਿਵਾਰ ਨੂੰ ਇਸ ਵਿਚ ਐਸਕਾਰਟ ਕਰੇਗੀ।"
ਐਡਵੋਕੇਟ ਸਿਮਰਨਜੀਤ ਅਨੁਸਾਰ ਪੰਜਾਬ ਸਰਕਾਰ ਨੂੰ ਇਸ ਵਿੱਚ ਕੋਈ ਇਤਰਾਜ਼ ਨਹੀਂ ਸੀ। ਉਨ੍ਹਾਂ ਦੱਸਿਆ ਕਿ ਅਦਾਲਤ ਅਨੁਸਾਰ ਇਹ ਮਾਮਲਾ ਹੁਣ ਮਨੁੱਖੀ ਅਧਿਕਾਰਾਂ ਦਾ ਹੈ।
ਇਸ ਮਾਮਲੇ ਵਿੱਚ ਭੁੱਲਰ ਦੇ ਪਰਿਵਾਰ ਵੱਲੋਂ ਪੋਸਟਮਾਰਟਮ ਦੌਰਾਨ ਵੀਡੀਓਗ੍ਰਾਫ਼ੀ ਦੀ ਮੰਗ ਵੀ ਕੀਤੀ ਗਈ ਸੀ ਜਿਸ ਨੂੰ ਅਦਾਲਤ ਨੇ ਖਾਰਿਜ ਕਰ ਦਿੱਤਾ ਹੈ। ਐਡਵੋਕੇਟ ਸਿਮਰਨਜੀਤ ਨੇ ਦੱਸਿਆ ਕਿ ਅਦਾਲਤ ਦੀ ਸੁਣਵਾਈ ਅਨੁਸਾਰ ਜੇ ਪੀਜੀਆਈ ਵਿੱਚ ਹੋਏ ਪੋਸਟਮਾਰਟਮ ਅਤੇ ਕੋਲਕਾਤਾ ਵਿੱਚ ਹੋਏ ਪੋਸਟਮਾਰਟਮ ਦੀ ਰਿਪੋਰਟ ਆਪਸ ਵਿੱਚ ਮਿਲਦੀਆਂ ਹੋਈਆਂ ਤਾਂ ਇਸ ਕੇਸ ਨੂੰ ਕਲੋਜ਼ ਕਰ ਦਿੱਤਾ ਜਾਵੇਗਾ ਅਤੇ ਜੇ ਦੋਵੇਂ ਰਿਪੋਰਟਾਂ ਵਿਚ ਮੇਲ ਨਾ ਹੋਇਆ ਤਾਂ ਪਰਿਵਾਰ ਅੱਗੇ ਦੀ ਕਾਨੂੰਨੀ ਕਾਰਵਾਈ ਕਰ ਸਕਦਾ ਹੈ।
ਮੁਸਲਿਮ ਬਜ਼ੁਰਗ ਦੀ ਕੁੱਟਮਾਰ ਦੇ ਵਾਇਰਲ ਵੀਡੀਓ ਮਾਮਲੇ 'ਚ ਕਾਨੂੰਨੀ ਨੋਟਿਸ 'ਤੇ ਟਵਿੱਟਰ ਨੇ ਕੀ ਕਿਹਾ
ਉੱਤਰ ਪ੍ਰਦੇਸ਼ ਵਿੱਚ ਇੱਕ ਬਜ਼ੁਰਗ ਦੀ ਕੁੱਟਮਾਰ ਨਾਲ ਜੁੜੇ ਵਾਇਰਲ ਵੀਡੀਓ ਦੀ ਜਾਂਚ ਦੇ ਸਿਲਸਿਲੇ ਵਿੱਟ ਹੁਣ ਟਵਿੱਟਰ ਇੰਡੀਆ ਨੇ ਪੁਲਿਸ ਦੇ ਨੋਟਿਸ ਦਾ ਜਵਾਬ ਦਿੱਤਾ ਹੈ।
ਗ਼ਾਜ਼ੀਆਬਾਦ ਦੇ ਸੀਨੀਅਰ ਐਸਐਸਪੀ ਅਮਿਤ ਪਾਠਕ ਨੇ ਦੱਸਿਆ ਕਿ ਟਵਿੱਟਰ ਇੰਡੀਆ ਨੇ ਆਪਣੇ ਜਵਾਬ ਵਿੱਚ ਕਿਹਾ ਹੈ ਕਿ ਉਹ ਵੀਡੀਓ ਕਾਨਫਰੰਸਿਗ ਦੇ ਜ਼ਰੀਏ ਪੁੱਛਗਿੱਛ ਲਈ ਤਿਆਰ ਹਨ।
ਦੱਸ ਦਈਏ ਕਿ ਗ਼ਾਜ਼ੀਆਬਾਦ ਦੀ ਪੁਲਿਸ ਨੇ ਟਵਿੱਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨੀਸ਼ ਮਾਹੇਸ਼ਵਰੀ ਨੂੰ ਇਸ ਮਾਮਲੇ ਵਿੱਚ ਕਾਨੂੰਨੀ ਨੋਟਿਸ ਭੇਜਿਆ ਸੀ।
ਖ਼ਬਰ ਏਜੰਸੀ ਏਐਨਆਈ ਦਾ ਕਹਿਣਾ ਹੈ ਕਿ ਗ਼ਾਜ਼ੀਆਬਾਦ ਪੁਲਿਸ ਟਵਿੱਟਰ ਇੰਡੀਆ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੈ ਅਤੇ ਇੱਖ ਹੋਰ ਨੋਟਿਸ ਭੇਜਣ 'ਤੇ ਵਿਚਾਰ ਕਰ ਰਹੀ ਹੈ।
ਅਮਿਤ ਪਾਠਕ ਨੇ ਦੱਸਿਆ ਕਿ ਟਵਿੱਟਰ ਇੰਡੀਆ ਨੇ ਆਪਣੇ ਜਵਾਬ ਵਿੱਚ ਉੱਤਰ ਪ੍ਰਦੇਸ਼ ਪੁਲਿਸ ਨੂੰ ਨੋਟਿਸ 'ਚ ਕੁਝ ਬਦਲਾਅ ਕਰਨ ਲਈ ਕਿਹਾ ਹੈ।
ਇਸ ਮਾਮਲੇ 'ਚ ਗ਼ਾਜ਼ੀਆਬਾਦ ਪੁਲਿਸ ਨੇ ਆਪਣੇ ਨੋਟਿਸ ਵਿੱਚ ਟਵਿੱਟਰ ਇੰਡੀਆ ਦੇ ਐਮਡੀ ਨੂੰ ਆਪਣਾ ਬਿਆਨ ਦਰਜ ਕਰਵਾਉਣ ਲਈ ਕਿਹਾ ਸੀ।
ਨੋਟਿਸ ਮੁਤਾਬਕ ਟਵਿੱਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨੀਸ਼ ਮਾਹੇਸ਼ਵਰੀ ਨੂੰ ਸੱਤ ਦਿਨਾਂ ਦੇ ਅੰਦਰ ਲੋਨੀ ਥਾਣੇ ਆ ਕੇ ਆਪਣਾ ਬਿਆਨ ਦਰਜ ਕਰਵਾਉਣਾ ਹੋਵੇਗਾ।
ਪੁਲਿਸ ਦਾ ਇਲਜ਼ਾਮ ਹੈ ਕਿ ਟਵਿੱਟਰ ਇੰਡੀਆ ਨੇ ਉਸ ਵੀਡੀਓ ਨੂੰ ਵਾਇਰਲ ਹੋਣ ਦਿੱਤਾ। ਇਹ ਮਾਮਲਾ ਅਜਿਹੇ ਸਮੇਂ ਵਿੱਚ ਤੂਲ ਫੜਦਾ ਹੋਇਆ ਦਿਖ ਰਿਹਾ ਹੈ ਜਦੋਂ ਟਵਿੱਟਰ ਇੰਡੀਆ ਨੇ ਇੰਟਰਮੀਡੀਅਰੀ ਪਲੇਟਫਾਰਮ ਦੇ ਤੌਰ 'ਤੇ ਮਿਲਿਆ ਕਾਨੂੰਨੀ ਕਵੱਚ ਗੁਆ ਦਿੱਤਾ ਹੈ।
ਕੌਮਾਂਤਰੀ ਯੋਗ ਦਿਵਸ: ਕੋਰੋਨਾ ਮਹਾਮਾਰੀ ਵਿਚ ਯੋਗ ਆਸ ਦੀ ਕਿਰਨ ਬਣਿਆ - ਮੋਦੀ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸੱਤਵੇਂ ਕੌਮਾਂਤਰੀ ਯੋਗ ਦਿਵਸ ਮੌਕ ਬੋਲਦਿਆਂ ਕਿਹਾ ਕਿ ਇੱਕ ਪਾਸੇ ਪੂਰਾ ਵਿਸ਼ਵ ਕੋਰੋਨਾ ਮਹਾਮਾਰੀ ਦਾ ਮੁਕਾਬਲਾ ਕਰ ਰਿਹਾ ਹੈ ਤਾਂ ਉਧਰ ਦੂਜੇ ਪਾਸੇ ਯੋਗ ਆਸ ਦੀ ਕਿਰਨ ਬਣੀ ਹੋਈ ਹੈ।
ਉਨ੍ਹਾਂ ਨੇ ਕਿਹਾ, "ਦੋ ਸਾਲ ਤੋਂ ਭਾਰਤ ਸਣੇ ਦੁਨੀਆਂ ਭਰ ਵਿੱਚ ਵੱਡੇ ਜਨਤਕ ਪ੍ਰੋਗਰਾਮ ਨਹੀਂ ਕਰਵਾਏ ਜਾ ਸਕੇ ਪਰ ਯੋਗ ਦਿਵਸ ਪ੍ਰਤੀ ਉਤਸ਼ਾਹ ਘੱਟ ਨਹੀਂ ਹੋਇਆ ਹੈ।"
"ਕੋਰੋਨਾ ਦੇ ਬਾਵਜੂਦ ਇਸ ਵਾਰ ਵੀ ਯੋਗ ਦਿਵਸ ਦੀ ਥੀਮ 'ਯੋਗ ਫਾਰ ਵੈਲਨੈੱਸ' ਨੇ ਕਰੋੜਾਂ ਲੋਕਾਂ ਵਿੱਚ ਉਤਸ਼ਾਹ ਹੋਰ ਵਧਾਇਆ ਹੈ।"
"ਮੈਂ ਯੋਗ ਦਿਵਸ 'ਤੇ ਇਹ ਕਾਮਨਾ ਕਰਦਾ ਹਾਂ ਕਿ ਹਰ ਦੇਸ਼, ਹਰ ਸਮਾਜ, ਹਰ ਵਿਅਕਤੀ ਸਿਹਤਮੰਦ ਹੋਵੇ। ਸਾਰੇ ਇੱਕ-ਦੂਜੇ ਦੀ ਤਾਕਤ ਬਣਨ। ਸਾਡੇ ਰਿਸ਼ੀਆਂ-ਮੁੰਨੀਆਂ ਨੇ 'ਸਮਸਤਮ ਯੋਗ ਉੱਚਤੇ' ਦੀ ਇਹੀ ਪਰਿਭਾਸ਼ਾ ਦਿੱਤੀ ਸੀ।"
"ਉਨ੍ਹਾਂ ਨੇ ਸੁੱਖ-ਦੁੱਖ ਵਿੱਚ ਬਰਾਬਰ ਰਹਿਣ ਲਈ ਯੋਗ ਨੂੰ ਸੰਜਮ ਦਾ ਪੈਰਾਮੀਟਰ ਬਣਾਇਆ ਸੀ। ਇਸ ਵਿਸ਼ਵ ਤ੍ਰਾਸਦੀ ਵਿੱਚ ਯੋਗ ਨੇ ਇਸ ਨੂੰ ਸਾਬਿਤ ਕਰ ਦਿਖਾਇਆ ਹੈ।"
ਪੀਐੱਮ ਮੋਦੀ ਨੇ ਕਿਹਾ ਕਿ ਕੋਰੋਨਾ ਦੇ ਇਸ ਦੌਰ ਵਿੱਚ ਭਾਰਤ ਸਣੇ ਕਿੰਨੇ ਹੀ ਦੇਸ਼ਾਂ ਨੇ ਸੰਕਟ ਦਾ ਸਾਹਮਣਾ ਕੀਤਾ ਹੈ।
ਯੋਗ ਨਾਲ ਪਿਆਰ ਵਧਿਆ
"ਸਾਥੀਓ ਦੁਨੀਆਂ ਦੇ ਵਧੇਰੇ ਦੇਸ਼ਾਂ ਲਈ ਯੋਗ ਦਿਵਸ ਉਨ੍ਹਾਂ ਦਾ ਸੱਭਿਆਚਾਰਕ ਦਿਵਸ ਨਹੀਂ ਹੈ। ਇੰਨੇ ਮੁਸ਼ਕਿਲ ਸਮੇਂ ਵਿੱਚ ਕਈ ਦੇਸ਼ ਇਸ ਨੂੰ ਆਸਾਨੀ ਨਾਲ ਭੁੱਲ ਸਕਦੇ ਸਨ, ਇਸ ਦੀ ਅਣਦੇਖੀ ਕਰ ਸਕਦੇ ਸਨ ਪਰ ਇਸ ਦੇ ਉਲਟ ਲੋਕਾਂ ਦਾ ਉਤਸ਼ਾਹ ਹੋਰ ਵਧਿਆ ਹੈ, ਯੋਗ ਨਾਲ ਪ੍ਰੇਮ ਵਧਿਆ ਹੈ। ਪਿਛਲੇ ਡੇਢ ਸਾਲਾਂ ਵਿੱਚ ਦੁਨੀਆਂ ਦੇ ਕੋਨੇ-ਕੋਨੇ ਵਿੱਚ ਲੱਖਾਂ ਲੋਕ ਯੋਗ ਸਾਧਕ ਬਣੇ ਹਨ।"
"ਕੋਰੋਨਾ ਦੇ ਅਦ੍ਰਿਸ਼ ਵਾਇਰਸ ਨੇ ਦੁਨੀਆਂ ਵਿੱਚ ਜਦੋਂ ਦਸਤਕ ਦਿੱਤੀ ਸੀ ਤਾਂ ਕੋਈ ਵੀ ਦੇਸ਼ ਸਾਧਨਾਂ ਨਾਲ, ਸਮਰਥਤਾ ਨਾਲ ਅਤੇ ਮਾਨਸਿਕ ਤੌਰ 'ਤੇ ਇਸ ਲਈ ਤਿਆਰ ਨਹੀਂ ਸੀ। ਅਸੀਂ ਸਾਰਿਆਂ ਨੇ ਦੇਖਿਆ ਹੈ ਕਿ ਅਜਿਹੀ ਔਖੀ ਘੜੀ ਵਿੱਚ ਯੋਗ ਆਤਮ ਬਲ ਦਾ ਇੱਕ ਵੱਡਾ ਮਾਧਿਅਮ ਬਣਿਆ।"
"ਯੋਗ ਨੇ ਲੋਕਾਂ ਵਿੱਚ ਉਹ ਭਰੋਸਾ ਬਣਾਇਆ ਕਿ ਅਸੀਂ ਇਸ ਬਿਮਾਰੀ ਨਾਲ ਲੜ ਸਕਦਾ ਹਾਂ। ਮੈਂ ਜਦੋਂ ਫਰੰਟਲਾਈਨ ਵਾਰੀਅਰਜ਼ ਅਤੇ ਡਾਕਟਰਾਂ ਨਾਲ ਗੱਲ ਕਰਦਾ ਹਾਂ ਤਾਂ ਉਹ ਦੱਸਦੇ ਹਨ ਕਿ ਉਨ੍ਹਾਂ ਨੇ ਕੋਰੋਨਾ ਨਾਲ ਲੜਾਈ ਵਿੱਚ ਯੋਗ ਨੂੰ ਹਥਿਆਰ ਬਣਾਇਆ। ਉਨ੍ਹਾਂ ਨੇ ਆਪਣੇ ਲਈ ਅਤੇ ਮਰੀਜ਼ਾਂ ਯੋਗ ਦੀ ਵਰਤੋਂ ਕੀਤੀ।"
ਇਲਾਜ ਦੇ ਨਾਲ-ਨਾਲ ਹੀਲਿੰਗ 'ਤੇ ਵੀ ਜ਼ੋਰ
ਪ੍ਰਧਾਨ ਮੰਤਰੀ ਨੇ ਇਸ ਮੌਕੇ ਕਿਹਾ ਕਿ ਮੈਡੀਕਲ ਸਾਇੰਸ ਇਲਾਜ ਦੇ ਨਾਲ-ਨਾਲ ਹੀਲਿੰਗ 'ਤੇ ਵੀ ਜ਼ੋਰ ਦਿੰਦੀ ਹੈ ਅਤੇ ਯੋਗ ਹੀਲਿੰਗ ਵਿੱਚ ਉਪਚਾਰਕ ਹੈ।
"ਯੋਗ ਦੇ ਇਸ ਪਹਿਲੂ 'ਤੇ ਦੁਨੀਆਂ ਦੇ ਮਾਹਿਰ ਰਿਸਰਚ ਕਰ ਰਹੇ ਹਨ। ਸਾਥੀਓ ਕੋਰੋਨਾ ਕਾਲ ਵਿੱਚ ਯੋਗ ਨਾਲ ਸਾਡੇ ਸਰੀਰ ਅਤੇ ਇਮਿਊਨਿਟੀ ਅਤੇ ਸਕਾਰਾਤਮਕ ਪ੍ਰਭਾਵਾਂ 'ਤੇ ਕਈ ਸਟੱਡੀਜ਼ ਹੋ ਰਹੀਆਂ ਹਨ।"
"ਯੋਗ ਵਿੱਚ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸਹਿਤ 'ਤੇ ਵੀ ਧਿਆਨ ਦਿੱਤਾ ਗਿਆ ਹੈ। ਜਦੋਂ ਅਸੀਂ ਯੋਗ ਕਰਦੇ ਹਾਂ ਤਾਂ ਇਸ ਨਾਲ ਸਾਨੂੰ ਅਹਿਸਾਸ ਹੁੰਦਾ ਹੈ ਕਿ ਸਾਡੀ ਵਿਚਾਰ ਸ਼ਕਤੀ ਅਤੇ ਆਂਤਿਰਕ ਸਮਰਥਤਾ ਇੰਨੀ ਜ਼ਿਆਦਾ ਹੈ ਕਿ ਦੁਨੀਆਂ ਦੀ ਕੋਈ ਪਰੇਸ਼ਾਨੀ ਸਾਨੂੰ ਤੋੜ ਨਹੀਂ ਸਕਦੀ। ਯੋਗ ਵਿੱ ਨੈਗੇਟੀਵਿਟੀ ਤੋਂ ਕ੍ਰਿਏਟੀਵਿਟੀ ਦਾ ਰਸਤਾ ਨਜ਼ਰ ਆਉਂਦਾ ਹੈ।"
ਪੀਐੱਮ ਮੋਦੀ ਨੇ ਦੱਸਿਆ ਕਿ ਦੁਨੀਆਂ ਨੂੰ ਵਿਸ਼ਵ ਸਿਹਤ ਸੰਗਠਨ ਰਾਹੀਂ ਯੋਗ 'ਤੇ ਇੱਕ ਮੋਬਾਈਲ ਐਪਲੀਕੇਸ਼ਨ ਦੀ ਸ਼ਕਤੀ ਮਿਲਣ ਜਾ ਰਹੀ ਹੈ, ਜਿਸ ਵਿੱਚ ਯੋਗ ਸਿਖਲਾਈ ਦੇ ਕਈ ਵੀਡੀਓਜ਼ ਕਈ ਭਾਸ਼ਾਵਾਂ ਵਿੱਚ ਮੌਜੂਦ ਹੋਣਗੇ ਜਾ ਦੁਨੀਆਂ ਭਰ ਵਿੱਚ ਇਸ ਦਾ ਪ੍ਰਸ਼ਾਰ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਣਗੇ।"
"ਯੋਗ ਤੋਂ ਸਹਿਯੋਗ ਤੱਕ ਸਾਨੂੰ ਇੱਕ ਨਵਾਂ ਮਾਰਗ ਦਿਖਾਏਗਾ। ਇਸੀ ਸ਼ੁਭਕਾਮਨਾਵਾਂ ਦੇ ਨਾਲ ਪੂਰੀ ਮਨੁੱਖ ਜਾਤੀ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।"
ਇਹ ਵੀ ਪੜ੍ਹੋ: