You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਭਾਰਤ 'ਚ ਬਣੀ ਕੋਵੈਕਸੀਨ ਦੂਜੀਆਂ ਵੈਕਸੀਨਾਂ ਦੇ ਮੁਕਾਬਲੇ ਮਹਿੰਗੀ ਕਿਉਂ ਹੈ
- ਲੇਖਕ, ਸਰੋਜ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਸਾਲ 2020, ਅਗਸਤ ਦਾ ਪਹਿਲਾ ਹਫ਼ਤਾ, ਇੱਕ ਪਬਲਿਕ ਈਵੈਂਟ ਵਿੱਚ ਮੌਜੂਦ ਭਾਰਤ ਬਾਇਓਟੈਕ ਦੇ ਚੇਅਰਮੈਨ ਡਾ. ਕ੍ਰਿਸ਼ਨਾ ਏਲਾ ਨੂੰ ਸਵਾਲ ਪੁੱਛਿਆ ਗਿਆ, ''ਕੰਪਨੀ ਜੋ ਕੋਵੈਕਸੀਨ ਬਣਾ ਰਹੀ ਹੈ, ਉਸ ਦੀ ਕੀਮਤ ਕੀ ਆਮ ਲੋਕਾਂ ਦੀ ਪਹੁੰਚ ਵਿੱਚ ਹੋਵੇਗੀ?''
ਇਸ ਸਵਾਲ ਦੇ ਜਵਾਬ ਵਿੱਚ ਭਾਰਤ ਬਾਇਓਟੈਕ ਦੇ ਚੇਅਰਮੈਨ ਡਾ. ਕ੍ਰਿਸ਼ਨਾ ਏਲਾ ਨੇ ਕਿਹਾ ਸੀ, ''ਇੱਕ ਕੰਪਨੀ ਦੀ ਬੋਤਲ ਦੀ ਕੀਮਤ ਤੋਂ ਘੱਟ ਹੋਵੇਗੀ ਟੀਕੇ ਦੀ ਕੀਮਤ।''
10 ਮਹੀਨੇ ਬਾਅਦ ਉਨ੍ਹਾਂ ਦਾ ਇਹ ਬਿਆਨ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ:
ਸੋਸ਼ਲ ਮੀਡੀਆ 'ਤੇ ਲੋਕ ਸਵਾਲ ਕਰ ਰਹੇ ਹਨ ਕਿ 10 ਮਹੀਨੇ ਵਿੱਚ ਅਜਿਹਾ ਕੀ ਹੋਇਆ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਲੱਗਣ ਵਾਲੀ ਕੋਵੈਕਸੀਨ ਹੁਣ ਭਾਰਤ ਵਿੱਚ ਵਿਕਣ ਵਾਲੀ ਕੋਰੋਨਾ ਦੀ ਸਭ ਤੋਂ ਮਹਿੰਗੀ ਵੈਕਸੀਨ ਹੋ ਗਈ ਹੈ।
8 ਜੂਨ ਨੂੰ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਨੋਟੀਫ਼ੀਕੇਸ਼ਨ ਵਿੱਚ ਕੋਵੈਕਸੀਨ ਦੀ ਕੀਮਤ 1200 ਰੁਪਏ ਤੈਅ ਕੀਤੀ ਗਈ ਹੈ।
ਇਸ 'ਤੇ ਜੀਐੱਸਟੀ 60 ਰੁਪਏ ਅਤੇ ਸਰਵਿਸ ਚਾਰਜ 150 ਰੁਪਏ ਲਗਾਉਣ ਤੋਂ ਬਾਅਦ ਪ੍ਰਾਈਵੇਟ ਹਸਪਤਾਲ ਵਿੱਚ ਤੁਹਾਨੂੰ ਇਹ ਵੈਕਸੀਨ 1410 ਰੁਪਏ ਦੀ ਮਿਲੇਗੀ।
ਉੱਥੇ ਹੀ ਕੋਵੀਸ਼ੀਲਡ ਦੀ ਕੀਮਤ 780 ਰੁਪਏ ਅਤੇ ਸਪੂਤਨਿਕ-V ਦੀ ਕੀਮਤ 1145 ਰੁਪਏ ਹੈ।
ਇਸ ਸਰਕਾਰੀ ਆਦੇਸ਼ ਦੇ ਬਾਅਦ ਸੋਸ਼ਲ ਮੀਡੀਆ 'ਤੇ ਕਈ ਲੋਕ ਹੁਣ ਇਹ ਸਵਾਲ ਪੁੱਛ ਰਹੇ ਹਨ ਕਿ ਸਵਦੇਸ਼ੀ ਹੋਣ ਦੇ ਬਾਅਦ ਵੀ ਕੋਵੈਕਸੀਨ ਇੰਨੀ ਮਹਿੰਗੀ ਕਿਉਂ ਹੈ?
ਟੀਕਾ ਬਣਾਉਣ ਵਿੱਚ ਖਰਚ ਕਿੱਥੇ-ਕਿੱਥੇ ਹੁੰਦਾ ਹੈ?
ਇਸ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਟੀਕਾ ਬਣਾਉਣ ਦੀ ਪ੍ਰਕਿਰਿਆ ਕੀ ਹੈ ਅਤੇ ਮੋਟਾ ਖਰਚ ਕਿੱਥੇ-ਕਿੱਥੇ ਹੁੰਦਾ ਹੈ।
ਇਹੀ ਸਮਝਣ ਲਈ ਅਸੀਂ ਗੱਲ ਕੀਤੀ ਆਈਆਈਐੱਸਈਆਰ (IISER) ਭੋਪਾਲ ਵਿੱਚ ਪ੍ਰਿੰਸੀਪਲ ਵਿਗਿਆਨੀ ਡਾ. ਅਮਜਦ ਹੁਸੈਨ ਨਾਲ।
ਡਾ. ਅਮਜਦ ਹੁਸੈਨ ਨੇ ਭੋਪਾਲ ਤੋਂ ਫੋਨ 'ਤੇ ਬੀਬੀਸੀ ਨੂੰ ਦੱਸਿਆ, ''ਵੈਕਸੀਨ ਕਿਸ ਤਰੀਕੇ ਨਾਲ ਬਣੀ ਹੈ ਉਸ 'ਤੇ ਨਿਰਭਰ ਕਰਦਾ ਹੈ ਕਿ ਉਸ ਨੂੰ ਬਣਾਉਣ ਵਿੱਚ ਕਿਸ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ।''
''ਜਿਸ ਤਕਨੀਕ ਨਾਲ ਕੋਵੈਕਸੀਨ ਬਣਾਈ ਜਾ ਰਹੀ ਹੈ, ਉਸ ਵਿੱਚ ਇਨਐਕਟੀਵੇਟੇਡ ਵਾਇਰਸ ਬੇਸ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਦੂਜੇ ਤਰੀਕਿਆਂ ਦੇ ਮੁਕਾਬਲੇ ਥੋੜ੍ਹਾ ਜ਼ਿਆਦਾ ਖਰਚੀਲਾ ਹੈ।''
''ਇਸ ਵਿੱਚ ਵਾਇਰਸ ਨੂੰ ਸੈੱਲ ਦੇ ਅੰਦਰ ਪਹਿਲਾਂ ਕਲਚਰ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਇਨਐਕਟਿਵ ਕੀਤਾ ਜਾਂਦਾ ਹੈ।''
''ਵਾਇਰਸ ਦੇ ਕਲਚਰ ਦੀ ਜੋ ਪ੍ਰਕਿਰਿਆ ਹੈ, ਉਸ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ। ਇਸ ਤੋਂ ਇਲਾਵਾ ਵੈਕਸੀਨ ਬਣਨ ਤੋਂ ਪਹਿਲਾਂ ਕਈ ਪੱਧਰਾਂ 'ਤੇ ਇਸ ਦੇ ਟ੍ਰਾਇਲ ਹੁੰਦੇ ਹਨ।''
''ਪਹਿਲਾਂ ਪ੍ਰੀ-ਕਲੀਨਿਕਲ ਸਟਡੀ, ਜਿਸ ਵਿਚ ਸੈੱਲਜ਼ ਵਿੱਚ ਪ੍ਰੀਖਣ ਅਤੇ ਟੈਸਟ ਕੀਤੇ ਜਾਂਦੇ ਹਨ। ਉਸ ਤੋਂ ਬਾਅਦ ਕਲੀਨਿਕਲ ਟ੍ਰਾਇਲ ਦੇ ਤਿੰਨ ਪੜਾਅ ਹੁੰਦੇ ਹਨ। ਇਸ ਪ੍ਰਕਿਰਿਆ ਵਿੱਚ ਵੀ ਕਾਫ਼ੀ ਖਰਚ ਆਉਂਦਾ ਹੈ।''
''ਹਰ ਦੇਸ਼ ਵਿੱਚ ਇਸ ਦੇ ਕੁਝ ਨਿਯਮ ਇੱਕੋ ਜਿਹੇ ਹੁੰਦੇ ਹਨ, ਪਰ ਕੁਝ ਨਿਯਮ ਅਲੱਗ ਵੀ ਹੁੰਦੇ ਹਨ। ਇਨ੍ਹਾਂ ਟ੍ਰਾਇਲਜ਼ ਦੇ ਨਤੀਜਿਆਂ ਦੇ ਆਧਾਰ 'ਤੇ ਦੇਸ਼ ਦੀਆਂ ਨਾਮੀ ਸੰਸਥਾਵਾਂ ਵੈਕਸੀਨ ਦੀ ਵਰਤੋਂ ਲਈ ਇਜਾਜ਼ਤ ਦਿੰਦੀਆਂ ਹਨ।''
''ਫਿਰ ਵੱਡੇ ਪੈਮਾਨੇ 'ਤੇ ਇਸ ਦਾ ਉਤਪਾਦਨ ਸ਼ੁਰੂ ਹੁੰਦਾ ਹੈ। ਇਸ 'ਤੇ ਵੀ ਕਾਫ਼ੀ ਖਰਚ ਆਉਂਦਾ ਹੈ। ਪ੍ਰਕਿਰਿਆ ਦੇ ਇਸ ਪੜਾਅ ਵਿੱਚ ਕੁਆਲਿਟੀ ਮੌਨੀਟਰਿੰਗ ਬੇਹੱਦ ਮਹੱਤਵਪੂਰਨ ਹੁੰਦੀ ਹੈ। ਇਸ ਤੋਂ ਬਾਅਦ ਹੀ ਵੈਕਸੀਨ ਨੂੰ ਵੈਕਸੀਨੇਸ਼ਨ ਸੈਂਟਰ 'ਤੇ ਭੇਜਿਆ ਜਾਂਦਾ ਹੈ।''
''ਇਸ ਦਾ ਮਤਲਬ ਇਹ ਹੋਇਆ ਕਿ ਵੈਕਸੀਨ ਦੀ ਕੀਮਤ ਸਿਰਫ਼ ਤਕਨੀਕ 'ਤੇ ਹੀ ਨਹੀਂ ਨਿਰਭਰ ਕਰਦੀ, ਬਲਕਿ ਉਸ ਦੇ ਟ੍ਰਾਇਲ, ਉਤਪਾਦਨ, ਸਾਂਭ ਸੰਭਾਲ, ਕੁਆਲਿਟੀ ਕੰਟਰੋਲ 'ਤੇ ਵੀ ਨਿਰਭਰ ਕਰਦੀ ਹੈ।''
ਵੈਕਸੀਨ ਤਕਨੀਕ 'ਤੇ ਭਾਰਤ ਬਾਇਓਟੈਕ ਦਾ ਖਰਚ
ਕੋਵੈਕਸੀਨ ਦੀ ਕੀਮਤ ਜ਼ਿਆਦਾ ਕਿਉਂ ਹੈ, ਇਹ ਜਾਣਨ ਲਈ ਇਹ ਸਮਝਣਾ ਬੇਹੱਦ ਜ਼ਰੂਰੀ ਹੈ ਕਿ ਭਾਰਤ ਬਾਇਓਟੈਕ ਨੇ ਕੋਵੈਕਸੀਨ ਬਣਾਉਣ ਵਿੱਚ ਕਿਸ ਚੀਜ਼ ਵਿੱਚ ਕਿੰਨਾ ਖਰਚ ਕੀਤਾ ਹੈ।
ਸਭ ਤੋਂ ਪਹਿਲੀ ਗੱਲ ਤਕਨੀਕ ਦੀ। ਕੋਵੈਕਸੀਨ ਇਨਐਕਟੀਵੇਟੇਡ ਵਾਇਰਸ ਵੈਕਸੀਨ ਹੈ ਜੋ ਮਰੇ ਹੋਏ ਵਾਇਰਸ ਦੀ ਵਰਤੋਂ ਨਾਲ ਬਣਾਈ ਗਈ ਹੈ।
ਇਸ ਕਾਰਨ ਵੱਡੇ ਪੈਮਾਨੇ 'ਤੇ ਕੋਵੈਕਸੀਨ ਬਣਾਉਣ ਦੀ ਰਫ਼ਤਾਰ ਓਨੀ ਤੇਜ਼ ਨਹੀਂ ਹੋ ਸਕਦੀ, ਜਿੰਨੀ ਵੈਕਟਰ ਬੇਸਡ ਵੈਕਸੀਨ ਬਣਾਉਣ ਦੀ ਹੋ ਸਕਦੀ ਹੈ।
ਜੇ ਕਿਸੇ ਸੀਮਤ ਮਿਆਦ ਵਿੱਚ 100 ਵੈਕਟਰ ਬੇਸਡ ਵੈਕਸੀਨ ਬਣ ਸਕਦੀ ਹੈ ਤਾਂ ਓਨੇ ਹੀ ਸਮੇਂ ਵਿੱਚ ਇੱਕ ਇਨਐਕਟੀਵੇਟੇਡ ਵਾਇਰਸ ਵੈਕਸੀਨ ਬਣ ਸਕਦੀ ਹੈ।
ਇਸ ਤਰ੍ਹਾਂ ਦੀ ਵੈਕਸੀਨ ਬਣਾਉਣ ਲਈ ਮਰੇ ਹੋਏ ਵਾਇਰਸ ਨੂੰ ਕਲਚਰ ਕਰਨ ਦੀ ਜ਼ਰੂਰਤ ਹੁੰਦੀ ਹੈ ਜੋ ਖਾਸ ਤਰ੍ਹਾਂ ਦੀ ਬਾਇਓ ਸੇਫਟੀ ਲੈਵਲ-3 (BSL3) ਲੈਬ ਵਿੱਚ ਹੀ ਸੰਭਵ ਹੋ ਸਕਦਾ ਹੈ।
ਟ੍ਰਾਇਲ ਦੇ ਸ਼ੁਰੂਆਤੀ ਦਿਨਾਂ ਦੌਰਾਨ ਭਾਰਤ ਬਾਇਓਟੈਕ ਕੋਲ ਸਿਰਫ਼ ਇੱਕ BSL3 ਲੈਬ ਸੀ, ਪਰ ਹੁਣ ਹੌਲੀ-ਹੌਲੀ ਉਸ ਨੇ ਇਹ ਗਿਣਤੀ ਵਧਾ ਕੇ ਚਾਰ ਕੀਤੀ ਹੈ। ਜਿਨ੍ਹਾਂ ਵਿੱਚ ਇਹ ਕੰਮ ਚੱਲ ਰਿਹਾ ਹੈ। ਇਸ 'ਤੇ ਕੰਪਨੀ ਨੇ ਕਾਫ਼ੀ ਖਰਚ ਕੀਤਾ ਹੈ।
ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ (IISER) ਪੁਣੇ ਨਾਲ ਜੁੜੀ ਡਾਕਟਰ ਵਿਨੀਤਾ ਬਾਲ BSL3 ਲੈਬ ਬਾਰੇ ਦੱਸਦੇ ਹਨ ਕਿ ਇਸ ਵਿੱਚ ਕੰਮ ਕਰਨ ਵਾਲਿਆਂ ਨੂੰ ਕਈ ਗੱਲਾਂ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਉਹ ਕਹਿੰਦੇ ਹਨ ਕਿ ਇੱਥੇ ਕੰਮ ਕਰਦੇ ਸਮੇਂ ਕਰਮਚਾਰੀਆਂ ਨੂੰ ਪੀਪੀਈ ਕਿੱਟ ਵਰਗਾ ਪ੍ਰੋਟੈਕਟਿਵ ਕਵਰਿੰਗ ਪਹਿਨਣਾ ਪੈਂਦਾ ਹੈ। ਇਸ ਦਾ ਪੂਰਾ ਖਰਚਾ ਕਾਫ਼ੀ ਮਹਿੰਗਾ ਹੁੰਦਾ ਹੈ।
ਇੱਕ ਉਦਾਹਰਨ ਜ਼ਰੀਏ ਉਹ ਸਮਝਾਉਂਦੇ ਹਨ, ''ਮੰਨ ਲਓ ਵੈਕਸੀਨ ਦੀ ਇੱਕ ਡੋਜ਼ ਵਿੱਚ ਦੱਸ ਲੱਖ ਵਾਇਰਸ ਪਾਰਟੀਕਲ ਹੁੰਦੇ ਹਨ। ਵਾਇਰਸ ਜਦੋਂ ਪੂਰੀ ਤਰ੍ਹਾਂ ਨਾਲ ਵਿਕਸਤ ਹੋਣਗੇ, ਉਦੋਂ ਹੀ ਇੰਨੀ ਵੱਡੀ ਗਿਣਤੀ ਵਿੱਚ ਵਾਇਰਸ ਪਾਰਟੀਕਲ ਬਣਨਗੇ।''
''ਦੱਸ ਲੱਖ ਵਾਇਰਸ ਪਾਰਟੀਕਲ ਲਈ ਉਸ ਤੋਂ ਕਈ ਗੁਣਾ ਜ਼ਿਆਦਾ ਪਾਰਟੀਕਲ ਤਿਆਰ ਕਰਨੇ ਹੋਣਗੇ। ਜਿਸ ਵਿੱਚ ਸਾਵਧਾਨੀ ਤਾਂ ਚਾਹੀਦੀ ਹੀ ਹੈ, ਸਗੋਂ ਖਾਸਾ ਸਮਾਂ ਵੀ ਲੱਗਦਾ ਹੈ।''
''ਕਿਉਂਕਿ ਇਹ ਵਾਇਰਸ ਬਹੁਤ ਖਤਰਨਾਕ ਹੈ, ਇਸ ਲਈ ਇਹ ਪੂਰੀ ਪ੍ਰਕਿਰਿਆ ਕਾਫ਼ੀ ਸੁਰੱਖਿਆ ਨਿਯਮਾਂ ਨਾਲ BSL3 ਲੈਬ ਵਿੱਚ ਹੀ ਹੁੰਦੀ ਹੈ। ਵਿਗਿਆਨਕ ਅਤੇ ਡਾਕਟਰ ਜਿੰਨੀ ਆਸਾਨੀ ਨਾਲ BSL1 ਜਾਂ BSL2 ਲੈਬ ਵਿੱਚ ਕੰਮ ਕਰ ਸਕਦੇ ਹਨ, ਓਨੀ ਆਸਾਨੀ ਨਾਲ BSL3 ਵਿੱਚ ਕੰਮ ਨਹੀਂ ਕਰ ਸਕਦੇ।''
ਉਹ ਕਹਿੰਦੇ ਹਨ, ''ਇੱਕ ਤਾਂ ਇਸ ਤਰ੍ਹਾਂ ਦੀ ਸੁਵਿਧਾ ਵਾਲੀਆਂ ਲੈਬ ਪਹਿਲਾਂ ਹੀ ਕਾਫ਼ੀ ਘੱਟ ਹਨ, ਉਸ 'ਤੇ ਇਨ੍ਹਾਂ ਨੂੰ ਬਣਾਉਣ ਵਿੱਚ ਚਾਰ ਤੋਂ ਅੱਠ ਮਹੀਨੇ ਦਾ ਸਮਾਂ ਵੀ ਲੱਗਦਾ ਹੈ। ਇੱਥੇ ਕੰਮ ਕਰਨ ਵਾਲਿਆਂ ਨੂੰ ਵੀ ਖਾਸ ਸਿਖਲਾਈ ਦੇਣੀ ਹੁੰਦੀ ਹੈ।''
ਇਹੀ ਕਾਰਨ ਹੈ ਕਿ ਇਸ ਤਰ੍ਹਾਂ ਦੀ ਗੱਲ ਚੱਲ ਰਹੀ ਹੈ ਕਿ ਦੋ ਜਾਂ ਚਾਰ ਹੋਰ ਕੰਪਨੀਆਂ ਕੋਵੈਕਸੀਨ ਬਣਾਉਣਾ ਸ਼ੁਰੂ ਕਰਨ। ਇਸ ਲਈ ਭਾਰਤ ਬਾਇਓਟੈਕ ਨੂੰ ਉਨ੍ਹਾਂ ਨਾਲ ਵੈਕਸੀਨ ਦਾ ਫਾਰਮੂਲਾ ਸਾਂਝਾ ਕਰਨਾ ਪਵੇਗਾ। ਇਸ ਕੰਮ ਵਿੱਚ ਕੇਂਦਰ ਸਰਕਾਰ ਵੀ ਮਦਦ ਕਰ ਰਹੀ ਹੈ।
ਕਲੀਨਿਕਲ ਟ੍ਰਾਇਲ 'ਤੇ ਖਰਚ
ਭਾਰਤ ਬਾਇਓਟੈਕ ਦੇ ਚੇਅਰਮੈਨ ਡਾ. ਕ੍ਰਿਸ਼ਨਾ ਏਲਾ ਨੇ ਹਾਲ ਹੀ ਵਿੱਚ ਇੱਕ ਟੀਵੀ ਸ਼ੋਅ ਵਿੱਚ ਕਿਹਾ, ''ਇੱਕ ਕੰਪਨੀ ਦੇ ਤੌਰ 'ਤੇ ਅਸੀਂ ਚਾਹਾਂਗੇ ਕਿ ਅਸੀਂ ਆਪਣੀ ਲਾਗਤ ਦਾ ਵੱਡਾ ਹਿੱਸਾ ਵੈਕਸੀਨ ਵੇਚ ਕੇ ਕਮਾ ਸਕੀਏ।''
''ਵੈਕਸੀਨ ਦੇ ਟ੍ਰਾਇਲ ਅਤੇ ਦੂਜੀਆਂ ਚੀਜ਼ਾਂ 'ਤੇ ਕਾਫ਼ੀ ਖਰਚ ਹੁੰਦਾ ਹੈ। ਇਸ ਪੈਸੇ ਦੀ ਵਰਤੋਂ ਅਸੀਂ ਅੱਗੇ ਖੋਜ ਅਤੇ ਵਿਕਾਸ ਵਿੱਚ ਕਰਾਂਗੇ ਤਾਂ ਕਿ ਭਵਿੱਖ ਵਿੱਚ ਹੋਣ ਵਾਲੀ ਮਹਾਂਮਾਰੀ ਲਈ ਸਾਡੀ ਤਿਆਰੀ ਪੂਰੀ ਰਹੇ।''
ਭਾਰਤ ਬਾਇਓਟੈਕ ਦਾ ਦਾਅਵਾ ਹੈ ਕਿ ਕੋਵੈਕਸੀਨ ਦੇ ਕਲੀਨਿਕਲ ਟ੍ਰਾਇਲ 'ਤੇ ਉਨ੍ਹਾਂ ਨੇ ਤਕਰੀਬਨ 350 ਕਰੋੜ ਰੁਪਏ ਖਰਚ ਕੀਤੇ ਹਨ ਅਤੇ ਇਸ ਵਿੱਚ ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਕੋਈ ਮਦਦ ਨਹੀਂ ਲਈ ਹੈ।
ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਖਰਚ ਨੂੰ ਆਪਣੀ ਜ਼ਿੰਮੇਵਾਰੀ ਸਮਝਿਆ ਅਤੇ ਕਦੇ ਇਸ ਲਈ ਕੇਂਦਰ ਤੋਂ ਕੋਈ ਮੰਗ ਨਹੀਂ ਕੀਤੀ।
ਵੈਕਸੀਨ ਉਤਪਾਦਨ ਦੀ ਹੌਲੀ ਰਫ਼ਤਾਰ
ਭਾਰਤ ਬਾਇਓਟੈਕ ਦੇ ਚੇਅਰਮੈਨ ਡਾ. ਕ੍ਰਿਸ਼ਨਾ ਏਲਾ ਦਾ ਕਹਿਣਾ ਹੈ, ''ਅੱਜ ਤੱਕ ਦੁਨੀਆ ਵਿੱਚ ਕਿਸੇ ਵੀ ਕੰਪਨੀ ਨੇ ਇੱਕ ਸਾਲ ਵਿੱਚ ਇਨਐਕਟੀਵੇਟੇਡ ਵਾਇਰਸ ਵੈਕਸੀਨ ਦੀਆਂ 15 ਕਰੋੜ ਡੋਜ਼ ਤੋਂ ਜ਼ਿਆਦਾ ਨਹੀਂ ਬਣਾਈਆਂ ਹਨ।''
''ਭਾਰਤ ਬਾਇਓਟੈਕ ਨੇ ਪਹਿਲੀ ਵਾਰ ਸਾਲ ਭਰ ਵਿੱਚ 70 ਕਰੋੜ ਡੋਜ਼ ਬਣਾਉਣ ਦਾ ਟੀਚਾ ਰੱਖਿਆ ਹੈ। ਇਹ ਜਾਣਦੇ ਹੋਏ ਵੀ ਇਸ ਨੂੰ ਬਣਾਉਣ ਦੀ ਰਫ਼ਤਾਰ ਹੌਲੀ ਹੈ।''
''ਇਸ ਕਾਰਨ ਕਈ ਲੋਕ ਕਹਿੰਦੇ ਹਨ ਕਿ ਤੁਹਾਡੇ ਮੁਕਾਬਲੇ ਦੂਜੀਆਂ ਕੰਪਨੀਆਂ ਤੇਜ਼ੀ ਨਾਲ ਜ਼ਿਆਦਾ ਡੋਜ਼ ਤਿਆਰ ਕਰ ਰਹੀਆਂ ਹਨ, ਪਰ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਜਿਹੀ ਤੁਲਨਾ ਕੋਵੈਕਸੀਨ ਨਾਲ ਕਰਨਾ ਬਿਲਕੁਲ ਉਚਿਤ ਨਹੀਂ ਹੈ।''
ਇਹ ਵੀ ਪੜ੍ਹੋ:
ਸਪੱਸ਼ਟ ਹੈ ਕਿ ਭਾਰਤ ਬਾਇਓਟੈਕ ਦੀ ਵੈਕਸੀਨ ਘੱਟ ਸਮੇਂ ਵਿੱਚ ਲੋੜ ਅਨੁਸਾਰ ਵੱਡੀ ਮਾਤਰਾ ਵਿੱਚ ਨਹੀਂ ਬਣਾਈ ਜਾ ਸਕਦੀ।
ਇਹ ਵੀ ਇੱਕ ਵੱਡੀ ਵਜ੍ਹਾ ਹੈ ਕਿ ਭਾਰਤ ਵਿੱਚ 90 ਫੀਸਦ ਲੋਕਾਂ ਨੂੰ ਕੋਵੀਸ਼ੀਲਡ ਵੈਕਸੀਨ ਲਗਾਈ ਜਾ ਰਹੀ ਹੈ ਅਤੇ ਸਿਰਫ਼ 10 ਫੀਸਦ ਲੋਕਾਂ ਨੂੰ ਹੀ ਕੋਵੈਕਸੀਨ ਦੀ ਡੋਜ਼ ਮਿਲ ਰਹੀ ਹੈ।
ਪਰ ਲਾਗਤ ਜ਼ਿਆਦਾ ਹੋਣ ਕਰਕੇ ਕੰਪਨੀ ਨੂੰ ਇਸ ਦੇ 10 ਫੀਸਦ ਵਿੱਚੋਂ ਆਪਣੀ ਪੂਰੀ ਲਾਗਤ ਕੱਢਣੀ ਹੈ।
ਹੋਰ ਕਿਹੜੇ ਦੇਸ਼ਾਂ ਨਾਲ ਹੈ ਕਰਾਰ
ਇਸ ਲਾਗਤ ਦੀ ਵਸੂਲੀ ਦਾ ਇੱਕ ਤਰੀਕਾ ਵਿਦੇਸ਼ਾਂ ਵਿੱਚ ਵੈਕਸੀਨ ਵੇਚ ਕੇ ਪੂਰਾ ਕੀਤਾ ਜਾ ਸਕਦਾ ਹੈ।
ਕੰਪਨੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਵੈਕਸੀਨ ਨੂੰ ਲੈ ਕੇ 60 ਦੇਸ਼ਾਂ ਨਾਲ ਉਨ੍ਹਾਂ ਦੀ ਗੱਲਬਾਤ ਚੱਲ ਰਹੀ ਹੈ। ਕੁਝ ਦੇਸ਼ਾਂ ਜਿਵੇਂ ਜ਼ਿੰਬਾਵੇ, ਮੈਕਸੀਕੋ, ਫਿਲੀਪੀਂਸ, ਇਰਾਨ ਵਿੱਚ ਇਸ ਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਇਜਾਜ਼ਤ ਵੀ ਮਿਲ ਚੁੱਕੀ ਹੈ।
ਪਰ ਕਈ ਦੇਸ਼ਾਂ ਵਿੱਚ ਅਜੇ ਇਸਦੀ ਇਜਾਜ਼ਤ ਮਿਲਣੀ ਬਾਕੀ ਹੈ। ਬ੍ਰਾਜ਼ੀਲ ਅਤੇ ਅਮਰੀਕਾ ਵਰਗੇ ਦੇਸ਼ਾਂ ਨਾਲ ਕੰਪਨੀ ਦਾ ਕਰਾਰ ਨਹੀਂ ਹੋ ਸਕਿਆ ਹੈ।
ਕੰਪਨੀ ਦਾ ਕਹਿਣਾ ਹੈ ਕਿ ਦੂਜੇ ਦੇਸ਼ਾਂ ਨੂੰ ਵੀ ਉਹ 15 ਤੋਂ 20 ਅਮਰੀਕੀ ਡਾਲਰ ਵਿੱਚ ਹੀ ਕੋਵੈਕਸੀਨ ਵੇਚ ਰਹੇ ਹਨ। ਭਾਰਤੀ ਰੁਪਏ ਵਿੱਚ ਇਹ ਰਕਮ 1,000-1,500 ਰੁਪਏ ਵਿਚਕਾਰ ਹੋਵੇਗੀ।
ਕੇਂਦਰ ਸਰਕਾਰ ਲਈ ਘੱਟ ਕੀਮਤ
ਬੀਬੀਸੀ ਨੇ ਭਾਰਤ ਬਾਇਓਟੈਕ ਅਤੇ ਕੇਂਦਰੀ ਸਿਹਤ ਮੰਤਰਾਲਾ ਦੋਵਾਂ ਨਾਲ ਕੋਵੈਕਸੀਨ ਦੀ ਕੀਮਤ ਨੂੰ ਲੈ ਕੇ ਉਨ੍ਹਾਂ ਦਾ ਪੱਖ ਜਾਣਨਾ ਚਾਹਿਆ। ਦੋਵਾਂ ਵੱਲੋਂ ਹੁਣ ਤੱਕ ਕੋਈ ਜਵਾਬ ਨਹੀਂ ਆਇਆ ਹੈ।
ਹਾਲਾਂਕਿ ਕੰਪਨੀ ਦੇ ਇੱਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਭਾਰਤ ਸਰਕਾਰ ਤਾਂ ਭਾਰਤ ਬਾਇਓਟੈਕ ਤੋਂ 150 ਰੁਪਏ ਦੀ ਕੀਮਤ 'ਤੇ ਹੀ ਵੈਕਸੀਨ ਖਰੀਦ ਰਹੀ ਹੈ।
ਇਸ ਦਾ ਮਤਲਬ ਹੈ ਕਿ ਕੁੱਲ ਉਤਪਾਦਨ ਦਾ 75 ਫੀਸਦ ਹਿੱਸਾ (ਜੋ ਕੇਂਦਰ ਸਰਕਾਰ ਖਰੀਦੇਗੀ) ਉਸ ਨਾਲ ਕੰਪਨੀ ਦੀ ਕੋਈ ਕਮਾਈ ਨਹੀਂ ਹੋਵੇਗੀ।
ਹਾਲਾਂਕਿ 'ਐਸੋਸੀਏਸ਼ਨ ਆਫ ਹੈਲਥਕੇਅਰ ਪ੍ਰੋਵਾਈਡਰਜ਼ ਇੰਡੀਆ' ਦੇ ਪ੍ਰਧਾਨ ਡਾਕਟਰ ਐਲੇਕਜ਼ੈਂਡਰ ਥਾਮਸ ਨੇ ਬੀਬੀਸੀ ਨੂੰ ਕਿਹਾ ਕਿ ਵੈਕਸੀਨ ਦੀ ਉੱਚੀ ਕੀਮਤ ਕਾਰਨ ਕਈ ਛੋਟੇ ਹਸਪਤਾਲ ਭਾਰਤ ਦੀ ਟੀਕਾਕਰਨ ਮੁਹਿੰਮ ਨਾਲ ਜੁੜ ਨਹੀਂ ਪਾ ਰਹੇ ਹਨ।
ਉਨ੍ਹਾਂ ਨੇ ਕਿਹਾ, ''ਭਾਰਤ ਦੀ 70 ਫੀਸਦ ਆਬਾਦੀ ਦੀਆਂ ਸਿਹਤ ਸੇਵਾਵਾਂ ਦਾ ਖਿਆਲ ਪ੍ਰਾਈਵੇਟ ਸੈਕਟਰ ਦੇ ਹਸਪਤਾਲ ਰੱਖਦੇ ਹਨ। ਅਜਿਹੇ ਵਿੱਚ ਉਨ੍ਹਾਂ ਨੂੰ 25 ਫੀਸਦੀ ਟੀਕਾ ਦੇਣ ਦਾ ਕੋਈ ਆਧਾਰ ਹੋਣਾ ਚਾਹੀਦਾ ਹੈ।''
ਉਹ ਕਹਿੰਦੇ ਹਨ, ''ਕੇਂਦਰ ਸਰਕਾਰ ਪ੍ਰਾਈਵੇਟ ਹਸਪਤਾਲਾਂ ਲਈ ਵੀ ਟੀਕਾ ਖਰੀਦ ਕੇ ਉਨ੍ਹਾਂ ਨੂੰ ਮੁਹੱਈਆ ਕਰਵਾ ਸਕਦੀ ਹੈ। ਇਹ ਹਸਪਾਤਲ ਸਿਰਫ਼ ਸਰਵਿਸ ਚਾਰਜ ਲੈ ਕੇ ਲੋਕਾਂ ਨੂੰ ਟੀਕਾ ਦੇ ਸਕਦੇ ਹਨ।''
ਅਜਿਹੇ ਵਿੱਚ ਟੀਕਾਕਰਨ ਦਾ ਭਾਰ ਸਿਰਫ਼ ਵੱਡੇ ਪ੍ਰਾਈਵੇਟ ਹਸਪਤਾਲਾਂ 'ਤੇ ਨਹੀਂ ਪਵੇਗਾ, ਬਲਕਿ ਅਜਿਹੇ ਛੋਟੇ ਹਸਪਤਾਲ ਵੀ ਇਸ ਨਾਲ ਜੁੜ ਸਕਣਗੇ ਜੋ ਟੀਕੇ ਦੀ ਕੀਮਤ ਕਾਰਨ ਵੱਡਾ ਆਰਡਰ ਨਹੀਂ ਦੇ ਸਕਦੇ।''
ਐਸੋਸੀਏਸ਼ਨ ਆਫ ਹੈਲਥਕੇਅਰ ਪ੍ਰੋਵਾਈਡਰਜ਼ ਇੰਡੀਆ ਦੇਸ਼ ਭਰ ਵਿੱਚ ਛੋਟੇ ਹਸਪਤਾਲਾਂ ਨਾਲ ਕੰਮ ਕਰਦੀ ਹੈ।
ਵੈਕਸੀਨ ਪਾਲਿਸੀ ਵਿੱਚ ਤਬਦੀਲੀ ਨਾਲ ਨੁਕਸਾਨ
ਹਾਲ ਹੀ ਵਿੱਚ ਵੈਕਸੀਨ ਪਾਲਿਸੀ ਲਈ ਕੀਤੀਆਂ ਗਈਆਂ ਤਬਦੀਲੀਆਂ ਨਾਲ ਵੀ ਭਾਰਤ ਬਾਇਓਟੈਕ ਨੂੰ ਵੱਡਾ ਨੁਕਸਾਨ ਹੋਇਆ ਹੈ।
ਪਹਿਲਾਂ ਕੇਂਦਰ ਸਰਕਾਰ ਲਈ ਕੋਵੈਕਸੀਨ ਦੀ ਕੀਮਤ 150 ਰੁਪਏ ਸੀ ਜਦਕਿ ਸੂਬਿਆਂ ਲਈ ਇਸ ਦੀ ਕੀਮਤ 300 ਤੋਂ 400 ਰੁਪਏ ਸੀ।
ਪਰ ਪ੍ਰਧਾਨ ਮੰਤਰੀ ਮੋਦੀ ਦੇ ਤਾਜ਼ਾ ਆਦੇਸ਼ਾਂ ਦੇ ਬਾਅਦ ਸੂਬਿਆਂ ਨੂੰ ਦਿੱਤੀ ਜਾਣ ਵਾਲੀ ਵੈਕਸੀਨ ਦਾ 25 ਫੀਸਦੀ ਹਿੱਸਾ ਵੀ ਹੁਣ ਕੇਂਦਰ ਸਰਕਾਰ ਹੀ ਖਰੀਦੇਗੀ।
ਇਸ ਦਾ ਮਤਲਬ ਇਹ ਹੋਇਆ ਕਿ ਹੁਣ ਤੱਕ ਸੂਬਿਆਂ ਨੂੰ 300 ਤੋਂ 400 ਰੁਪਏ ਵਿੱਚ ਵੈਕਸੀਨ ਵੇਚ ਕੇ ਭਾਰਤ ਬਾਇਓਟੈਕ ਨੂੰ ਜਿੰਨੇ ਪੈਸੇ ਮਿਲੇ, ਉਹ ਹੀ ਮਿਲੇ ਹਨ, ਪਰ ਹੁਣ ਅੱਗੇ ਅਜਿਹਾ ਨਹੀਂ ਹੋਵੇਗਾ।
ਇਸ ਨਾਲ ਹੋਏ ਨੁਕਸਾਨ ਦੀ ਥੋੜ੍ਹੀ ਪੂਰਤੀ ਕੰਪਨੀ ਨੇ ਪ੍ਰਾਈਵੇਟ ਹਸਪਤਾਲਾਂ ਲਈ ਕੀਮਤ ਵਧਾ ਕੇ ਕਰਨ ਦੀ ਕੋਸ਼ਿਸ਼ ਕੀਤੀ ਹੈ।
ਜਿੱਥੇ ਪਹਿਲਾਂ ਨਿੱਜੀ ਹਸਪਤਾਲਾਂ ਵਿੱਚ ਕੋਵੈਕਸੀਨ 1200 ਰੁਪਏ ਦੀ ਮਿਲ ਰਹੀ ਸੀ, ਹੁਣ ਇਹ 1410 ਰੁਪਏ ਦੀ ਮਿਲੇਗੀ।
ਇਹ ਵੀ ਪੜ੍ਹੋ: