ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੂੰ ਇੱਕ ਵਿਅਕਤੀ ਨੇ ਮਾਰਿਆ ਥੱਪੜ - ਅਹਿਮ ਖ਼ਬਰਾਂ

ਇਸ ਪੇਜ ਰਾਹੀਂ ਅਸੀਂ ਤੁਹਾਡੇ ਤੱਕ ਕੋਰੋਨਾਵਾਇਰਸ ਅਤੇ ਦੇਸ਼-ਦੁਨੀਆਂ ਨਾਲ ਜੁੜੀਆਂ ਅਹਿਮ ਖ਼ਬਰਾਂ ਪਹੁੰਚਾ ਰਹੇ ਹਾਂ।

ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੂੰ ਇੱਕ ਵਿਅਕਤੀ ਨੇ ਥੱਪੜ ਜੜ ਦਿੱਤਾ ਹੈ।

ਇਹ ਘਟਨਾ ਮੰਗਲਵਾਰ ਨੂੰ ਫਰਾਂਸ ਦੇ ਦੱਖਣ ਪੂਰਬੀ ਇਲਾਕੇ ਵਿੱਚ ਵਾਪਰੀ ਜਿੱਥੇ ਰਾਸ਼ਟਰਪਤੀ ਇੱਕ ਅਧਿਕਾਰਿਕ ਦੌਰੇ ਉੱਪਰ ਸਨ।

ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਵੀਡੀਓ ਵਿੱਚ ਇੱਕ ਵਿਅਕਤੀ ਅਚਾਨਕ ਰਾਸ਼ਟਰਪਤੀ ਮੈਕਰੋਂ ਵੱਲ ਵਧਦਾ ਹੈ ਅਤੇ ਉਨ੍ਹਾਂ ਦੇ ਮੂੰਹ 'ਤੇ ਥੱਪੜ ਜੜ ਦਿੰਦਾ ਹੈ।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੈਕਰੋਂ ਬੈਰੀਅਰ ਦੇ ਦੂਜੇ ਪਾਸੇ ਖੜ੍ਹੇ ਲੋਕਾਂ ਵੱਲ ਵੱਧ ਰਹੇ ਹਨ ਅਤੇ ਲੋਕ ਤਾੜੀਆਂ ਮਾਰ ਕੇ ਉਨ੍ਹਾਂ ਦਾ ਸੁਆਗਤ ਕਰ ਰਹੇ ਹਨ।

ਇਸੇ ਦੌਰਾਨ ਭੀੜ ਵਿੱਚੋਂ ਇੱਕ ਵਿਅਕਤੀ ਅੱਗੇ ਹੋ ਕੇ ਉਨ੍ਹਾਂ ਦੇ ਥੱਪੜ ਮਾਰਦਾ ਹੈ ਅਤੇ ਮੈਕਰੋਂ ਵਿਰੁੱਧ ਨਾਅਰੇਬਾਜ਼ੀ ਕਰਦਾ ਹੈ। ਮੌਕੇ 'ਤੇ ਮੌਜੂਦ ਅਧਿਕਾਰੀ ਰਾਸ਼ਟਰਪਤੀ ਨੂੰ ਦੂਰ ਖਿੱਚ ਲੈਂਦੇ ਹਨ।

ਜੈਜ਼ੀ ਬੀ ਦੇ ਅਕਾਊਂਟ 'ਤੇ ਲੱਗੀ ਪਾਬੰਦੀ

ਪੰਜਾਬੀ ਗਾਇਕ ਜੈਜ਼ੀ ਬੀ ਦੇ ਟਵਿੱਟਰ ਅਕਾਊਂਟ ਨੂੰ ਭਾਰਤ ਸਰਕਾਰ ਦੀ ਅਪੀਲ ਉੱਤੇ ਵਿਥਹੈਲਡ ਕਰ ਦਿੱਤਾ ਗਿਆ ਹੈ ਯਾਨਿ ਉਸ ਉੱਤੇ ਰੋਕ ਲਗਾ ਦਿੱਤੀ ਗਈ ਹੈ।

ਜੈਜ਼ੀ ਬੀ ਨੇ ਇਸ ਬਾਰੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਟਵਿੱਟਰ ਅਕਾਊਂਟ ਬੰਦ ਹੋਣ ਬਾਰੇ ਜਾਣਕਾਰੀ ਸਾਂਝਾ ਕਰਦਿਆਂ ਕਿਹਾ, "ਮੈਂ ਆਪਣੇ ਲੋਕਾਂ ਦੇ ਹੱਕਾਂ ਦੀ ਅਵਾਜ਼ ਅੱਗੇ ਵੀ ਚੁੱਕਦਾ ਰਹਾਂਗਾ।”

ਟਵਿੱਟਰ ਦਾ ਨਵੇਂ ਨਿਯਮਾਂ ਬਾਰੇ ਕੀ ਬਿਆਨ ਆਇਆ?

ਟਵਿੱਟਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਭਾਰਤ ਸਰਕਾਰ ਦੀਆਂ ਨਵੀਆਂ ਗਾਈਡਲਾਈਂਸ ਦੀ ਪਾਲਣਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਟਵਿੱਟਰ ਭਾਰਤ ਲਈ ਪਹਿਲਾਂ ਵੀ ਪ੍ਰਤੀਬਧ ਰਿਹਾ ਹੈ ਤੇ ਹੁਣ ਵੀ ਹੈ। ਟਵਿੱਟਰ ਨੇ ਕਿਹਾ ਕਿ ਨਵੇਂ ਨਿਯਮਾਂ ਦੀ ਪਾਲਣਾ ਬਾਰੇ ਕੀਤੇ ਜਾ ਰਹੇ ਕੰਮ ਮੁਤੱਲਕ ਭਾਰਤ ਸਰਕਾਰ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।

ਟਵਿੱਟਰ ਦੇ ਬੁਲਾਰੇ ਨੇ ਕਿਹਾ ਕਿ ਉਹ ਭਾਰਤ ਸਰਕਾਰ ਨਾਲ ਉਸਾਰੂ ਗੱਲਬਾਤ ਜਾਰੀ ਰੱਖਣਗੇ।

ਭਿਵਾਨੀ ਪਹੁੰਚੇ ਰਾਮਦੇਵ ਦਾ ਵਿਰੋਧ

ਹਰਿਆਣਾ ਦੇ ਜ਼ਿਲ੍ਹਾ ਭਿਵਾਨੀ ਪਹੁੰਚਣ 'ਤੇ ਰਾਮਦੇਵ ਦਾ ਵਿਰੋਧ ਕੀਤਾ ਗਿਆ ਅਤੇ ਕਾਲੇ ਝੰਡੇ ਦਿਖਾਏ ਗਏ।

ਬੀਬੀਸੀ ਸਹਿਯੋਗੀ ਸੱਤ ਸਿੰਘ ਦੀ ਰਿਪੋਰਟ ਮੁਤਾਬਕ ਰਾਮਦੇਵ ਦਾ ਵਿਰੋਧ ਆਈਐੱਮਏ ਦੇ ਡਾਕਟਰਾਂ, ਕਿਸਾਨਾਂ, ਮਹਿਲਾ ਸੰਗਠਨਾਂ ਅਤੇ ਟੀਚਰਾਂ ਨੇ ਮਿਲ ਕੇ ਕੀਤਾ ਹੈ।

ਵਿਰੋਧ ਕਾਰਨ ਰਾਮਦੇਵ ਗੱਡੀ ਤੋਂ ਹੇਠਾਂ ਹੀ ਨਹੀਂ ਉਤਰੇ। ਇਸ ਦੌਰਾਨ ਆਈਐੱਮਏ ਦੇ ਸੂਬਾ ਪ੍ਰਧਾਨ ਡਾ. ਕਰਨ ਪੂਨੀਆ ਦੇ ਕਿਹਾ, "ਰਾਮਦੇਵ ਬਾਬਾ ਨਹੀਂ ਪਖੰਡੀ ਹਨ, ਉਨ੍ਹਾਂ 'ਤੇ ਦੇਸ਼ਧ੍ਰੋਹ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ।"

ਉਨ੍ਹਾਂ ਨੇ ਰਾਮਦੇਵ ਦੀ ਗ੍ਰਿਫ਼ਤਾਰੀ ਦੀ ਮੰਗ ਵੀ ਕੀਤੀ ਅਤੇ ਰਾਮਦੇਵ ਨੂੰ ਚਿਤਾਵਨੀ ਵੀ ਦਿੱਤੀ ਕਿ ਜਦੋਂ ਵੀ ਹਰਿਆਣਾ ਆਉਣਗੇ ਸਖ਼ਤ ਵਿਰੋਧ ਕੀਤਾ ਜਾਵੇਗਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)