ਕੋਰੋਨਾਵਾਇਰਸ: ਪਿਤਾ ਲਈ ਹਸਪਤਾਲ 'ਚ ਇੱਕ ਬੈੱਡ ਲਈ ਸੰਘਰਸ਼ ਕਰਦੇ ਪਰਿਵਾਰ ਦੀ ਜਦੋਂ ਗੁਰਦੁਆਰੇ ਨੇ ਕੀਤੀ ਮਦਦ

    • ਲੇਖਕ, ਵਿਕਾਸ ਪਾਂਡੇ
    • ਰੋਲ, ਬੀਬੀਸੀ ਪੱਤਰਕਾਰ

ਅਨੂਪ ਸਕਸੈਨਾ (59 ਸਾਲ) ਅਪ੍ਰੈਲ ਦੇ ਅਖੀਰ ਵਿੱਚ ਉਨ੍ਹਾਂ ਸੈਂਕੜੇ ਹਜ਼ਾਰਾਂ ਭਾਰਤੀਆਂ ਵਿੱਚੋਂ ਇੱਕ ਸਨ ਜੋ ਕੋਵਿਡ ਨਾਲ ਬਿਮਾਰ ਹੋ ਗਏ।

ਹੋਰ ਬਹੁਤ ਸਾਰੇ ਲੋਕਾਂ ਵਾਂਗ, ਉੱਤਰੀ ਭਾਰਤ ਦੇ ਗਾਜ਼ੀਆਬਾਦ ਸ਼ਹਿਰ ਦੇ ਇਹ ਪਿਤਾ ਇੰਨੇ ਬਿਮਾਰ ਹੋ ਗਏ ਕਿ ਉਨ੍ਹਾਂ ਨੂੰ ਹਸਪਤਾਲ ਵਿੱਚ ਇਲਾਜ ਕਰਵਾਉਣ ਦੀ ਜ਼ਰੂਰਤ ਪਈ।

ਪਰ ਮਈ ਦੀ ਸ਼ੁਰੂਆਤ ਵਿੱਚ ਭਾਰਤ ਦੇ ਹਸਪਤਾਲਾਂ ਦੀ ਹਾਲਤ ਚਰਮਰਾ ਗਈ ਅਤੇ ਬੈੱਡਾਂ ਦੀ ਘਾਟ ਦੇ ਨਾਲ-ਨਾਲ ਆਕਸੀਜਨ ਦੀ ਬਹੁਤ ਘੱਟ ਸਪਲਾਈ ਸੀ - ਇਸ ਦੇ ਬਾਵਜੂਦ ਉੱਤਰ ਪ੍ਰਦੇਸ਼ ਜਿੱਥੇ ਗਾਜ਼ੀਆਬਾਦ ਸਥਿਤ ਹੈ, ਉਸ ਦੇ ਅਧਿਕਾਰੀਆਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਇੱਥੇ ਕੋਈ ਘਾਟ ਨਹੀਂ ਹੈ।

ਇਹ ਵੀ ਪੜ੍ਹੋ:

ਅਗਲੇ ਕੁਝ ਦਿਨਾਂ ਵਿੱਚ ਜੋ ਕੁਝ ਵਾਪਰਿਆ ਉਹ ਇੱਕ ਪਰਿਵਾਰ ਵੱਲੋਂ ਮਦਦ ਦੀ ਭਾਲ ਕਰਨ ਦੀ ਇੱਕ ਉਦਾਹਰਣ ਹੈ। ਉਹ ਜਿੱਥੋਂ ਵੀ ਇਸ ਨੂੰ ਲੈ ਸਕਦੇ ਸਨ, ਉਨ੍ਹਾਂ ਨੇ ਉੱਥੋਂ ਮਦਦ ਦੀ ਭਾਲ ਕੀਤੀ। ਪੂਰੇ ਭਾਰਤ ਵਿੱਚ ਅਜਿਹੇ ਹਜ਼ਾਰਾਂ ਹੋਰ ਪਰਿਵਾਰ ਹਨ।

ਇੱਥੇ, ਅਸੀਂ ਸਕਸੈਨਾ ਪਰਿਵਾਰ ਦੀ ਲੜਾਈ ਨੂੰ ਮੁੜ ਤੋਂ ਦਰਸਾਇਆ ਹੈ।

ਮੰਗਲਵਾਰ, 29 ਅਪ੍ਰੈਲ

ਕੋਈ ਟੈਸਟ ਉਪਲੱਬਧ ਨਹੀਂ ਹੈ

ਅਨੂਪ ਨੂੰ 29 ਅਪ੍ਰੈਲ ਨੂੰ ਤੇਜ਼ ਬੁਖਾਰ ਹੋ ਗਿਆ ਅਤੇ ਡਾਕਟਰ ਉਸ ਨੂੰ ਕੋਵਿਡ-19 ਦਾ ਟੈਸਟ ਕਰਵਾਉਣ ਲਈ ਕਹਿੰਦੇ ਹਨ। ਪਰਿਵਾਰ ਘਰ ਤੋਂ ਸੈਂਪਲ ਲੈਣ ਲਈ ਸਲਾਟ ਬੁੱਕ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਲੈਬ ਸੰਚਾਲਕਾਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਕੋਲ ਸੇਵਾ ਮੁਹੱਈਆ ਕਰਵਾਉਣ ਲਈ ਲੋੜੀਂਦੇ ਮੁਲਾਜ਼ਮ ਨਹੀਂ ਹਨ।

ਪਰਿਵਾਰ ਉਨ੍ਹਾਂ ਨੂੰ ਇੱਕ ਸਰਕਾਰੀ ਹਸਪਤਾਲ ਵਿੱਚ ਲੈ ਜਾਂਦਾ ਹੈ। ਕਤਾਰ ਲੰਬੀ ਹੈ ਅਤੇ ਅਨੂਪ ਦੇ ਪੁੱਤ ਤੁਸ਼ਾਰ ਚਾਹੁੰਦੇ ਹਨ ਕਿ ਉਹ ਅੱਗੇ ਵਧ ਸਕਣ ਪਰ ਉਨ੍ਹਾਂ ਦੇ ਸਾਹਮਣੇ ਹਰ ਕੋਈ ਇੰਨਾ ਹੀ ਬਿਮਾਰ ਹੈ।

ਦੋ ਘੰਟਿਆਂ ਬਾਅਦ, ਜਦੋਂ ਅਨੂਪ ਕਤਾਰ ਵਿੱਚ ਲੱਗੇ ਹੀ ਬੇਹੋਸ਼ ਹੋ ਗਏ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਘਰ ਲਿਆਉਣ ਦਾ ਫੈਸਲਾ ਕੀਤਾ।

ਸ਼ਨਿਚਰਵਾਰ, 1 ਮਈ

ਸਵੇਰੇ 10 ਵਜੇ: ਸਾਹ ਲੈਣ ਲਈ ਸੰਘਰਸ਼

ਅਨੂਪ ਸ਼ਨਿਚਰਵਾਰ ਸਵੇਰੇ ਉੱਠਦੇ ਹਨ ਅਤੇ ਆਪਣੇ ਪਰਿਵਾਰ ਨੂੰ ਦੱਸਦੇ ਹਨ ਕਿ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ। ਉਨ੍ਹਾਂ ਦੇ ਪਰਿਵਾਰ ਨੇ ਨੈਬੂਲਾਈਜ਼ਰ ਲਿਆਂਦਾ-ਮਰੀਜ਼ ਦੇ ਨੱਕ ਨੂੰ ਸਾਫ਼ ਕਰਨ ਵਿੱਚ ਸਹਾਇਤਾ ਲਈ ਦਵਾਈ ਦਾ ਸਪਰੇਅ ਕਰਨ ਵਾਲਾ ਛੋਟਾ ਜਿਹਾ ਮੈਡੀਕਲ ਉਪਕਰਣ।

ਇਸ ਨਾਲ ਥੋੜ੍ਹਾ ਜਿਹਾ ਆਰਾਮ ਮਿਲਦਾ ਹੈ ਪਰ ਉਨ੍ਹਾਂ ਦਾ ਆਕਸੀਜਨ ਦਾ ਪੱਧਰ ਘਟਦਾ ਜਾ ਰਿਹਾ ਹੈ।

ਸਵੇਰ ਦੇ 10 ਵਜੇ ਹਨ ਅਤੇ ਡਾਕਟਰ ਅਨੂਪ ਨੂੰ ਹਸਪਤਾਲ ਵਿੱਚ ਦਾਖਲ ਹੋਣ ਦੀ ਸਲਾਹ ਦਿੰਦਾ ਹੈ। ਪਰਿਵਾਰ ਐਂਬੂਲੈਂਸ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਕੋਈ ਵੀ ਉਪਲੱਬਧ ਨਹੀਂ ਹੁੰਦੀ ਅਤੇ ਉਨ੍ਹਾਂ ਕੋਲ ਆਪਣੀ ਕਾਰ ਨਹੀਂ ਹੈ।

ਫਿਰ ਉਹ ਆਪਣੇ ਚਚੇਰੇ ਭਰਾ, ਜੋ ਨੇੜਲੇ ਜ਼ਿਲ੍ਹਾ ਹਾਪੁੜ ਵਿੱਚ ਰਹਿੰਦੇ ਹਨ, ਉਨ੍ਹਾਂ ਨੂੰ ਆਪਣੀ ਕਾਰ ਗਾਜ਼ੀਆਬਾਦ ਲਿਆਉਣ ਲਈ ਕਹਿੰਦੇ ਹਨ ਜੋ ਕਿ 27 ਕਿਲੋਮੀਟਰ ਲੰਬੀ ਯਾਤਰਾ ਹੈ।

ਉਨ੍ਹਾਂ ਦੇ ਚਚੇਰਾ ਭਰਾ ਦੁਪਹਿਰ 2 ਵਜੇ ਅਕਾਸ਼ ਨਗਰ ਵਿੱਚ ਅਨੂਪ ਦੇ ਘਰ ਪਹੁੰਚੇ ਪਰ ਹਸਪਤਾਲ ਵਿੱਚ ਬੈੱਡ ਦਾ ਕੋਈ ਨਾਮੋਂ ਨਿਸ਼ਾਨ ਨਹੀਂ ਹੈ।

ਹੁਣ ਸ਼ਾਮ ਦੇ 4 ਵਜੇ ਹਨ, ਉਹ ਉਨ੍ਹਾਂ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਲੈ ਕੇ ਜਾਣ ਦਾ ਫੈਸਲਾ ਕਰਦੇ ਹਨ ਜਿੱਥੇ ਉਨ੍ਹਾਂ ਨੂੰ ਇੱਕ ਸਿਲੰਡਰ ਤੋਂ ਆਕਸੀਜਨ ਦਿੱਤੀ ਜਾਂਦੀ ਹੈ। ਇਹ ਇਲਾਜ ਲਈ ਸੰਘਰਸ਼ ਕਰ ਰਿਹਾ ਪਰਿਵਾਰ ਗੁਰਦੁਆਰੇ ਵੱਲੋਂ ਆਕਸੀਜਨ ਦੀ ਮੁਫ਼ਤ ਸੇਵਾ ਚਲਾਉਣ ਲਈ ਧੰਨਵਾਦ ਕਰਦਾ ਹੈ।

ਸ਼ਾਮ 7.30 ਵਜੇ: ਹਸਪਤਾਲ ਵਿੱਚ ਬੈੱਡ ਦੀ ਭਾਲ

ਉਨ੍ਹਾਂ ਦਾ ਆਕਸੀਜਨ ਪੱਧਰ ਗੁਰਦੁਆਰੇ ਵਿੱਚ ਸਥਿਰ ਹੋ ਜਾਂਦਾ ਹੈ ਪਰ ਵਾਲੰਟੀਅਰਾਂ ਦਾ ਸੁਝਾਅ ਹੈ ਕਿ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਜਾਣਾ ਚਾਹੀਦਾ ਹੈ ਕਿਉਂਕਿ ਉਹ ਉਨ੍ਹਾਂ ਨੂੰ ਜ਼ਿਆਦਾ ਦੇਰ ਲਈ ਉੱਥੇ ਨਹੀਂ ਰੱਖ ਸਕਦੇ।

ਤੁਸ਼ਾਰ ਉਨ੍ਹਾਂ ਨੂੰ ਬੇਨਤੀ ਕਰਦਾ ਹੈ ਕਿ ਉਹ ਉਸ ਦੇ ਪਿਤਾ ਨੂੰ ਗੁਰਦੁਆਰੇ ਵਿੱਚ ਹੀ ਰੱਖਣ ਪਰ ਉਹ ਆਪਣੇ ਮਨ ਹੀ ਮਨ ਵਿੱਚ ਜਾਣਦੇ ਹਨ ਕਿ ਉਨ੍ਹਾਂ ਨੂੰ ਹਸਪਤਾਲ ਦਾ ਬੈੱਡ ਜ਼ਰੂਰ ਲੱਭਣਾ ਚਾਹੀਦਾ ਹੈ।

ਪਰਿਵਾਰ ਉਨ੍ਹਾਂ ਨੂੰ ਸੂਬੇ ਦੇ ਐੱਮਐੱਮਜੀ ਹਸਪਤਾਲ ਵਿੱਚ ਲੈ ਜਾਂਦਾ ਹੈ। ਇੱਕ ਘੰਟਾ ਬਿਤਾਉਣ ਤੋਂ ਬਾਅਦ, ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਜਲਦੀ ਇੱਥੇ ਬੈੱਡ ਨਹੀਂ ਮਿਲੇਗਾ।

ਰਾਤ 8 ਵਜੇ: ਆਕਸੀਜਨ ਦੀ ਭਾਲ

ਰਾਤ ਦੇ 8 ਵਜੇ ਹਨ, ਪਰਿਵਾਰ ਹਾਲੇ ਹਸਪਤਾਲ ਵਿੱਚ ਹੈ। ਤੁਸ਼ਾਰ ਆਪਣੇ ਭਰਾ ਨੂੰ, ਜੋ ਘਰ ਹੈ, ਉਸ ਨੂੰ ਫੋਨ ਕਰਦਾ ਹੈ ਅਤੇ ਉਸ ਨੂੰ ਲਾਲ ਕੂਆਂ ਖੇਤਰ ਵਿੱਚ ਸਥਿਤ ਆਕਸੀਜਨ ਪਲਾਂਟ ਤੋਂ ਸਲੰਡਰ ਲਿਆਉਣ ਲਈ ਕਹਿੰਦਾ ਹੈ।

ਉਨ੍ਹਾਂ ਦਾ ਭਰਾ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਦਾ ਫ਼ੈਸਲਾ ਕਰਦਿਆਂ ਪਲਾਂਟ ਵਿੱਚ ਇੱਕ ਲੰਬੀ ਕਤਾਰ ਵਿੱਚ ਸ਼ਾਮਲ ਹੋ ਜਾਂਦਾ ਹੈ। ਤੁਸ਼ਾਰ ਹਰ ਮਿੰਟ ਆਪਣੇ ਭਰਾ ਨੂੰ ਫੋਨ ਕਰ ਰਿਹਾ ਹੈ। ਉਹ ਜਾਣਦਾ ਹੈ ਕਿ ਆਕਸੀਜਨ ਸਿਲੰਡਰ ਦਾ ਨਾ ਮਿਲਣਾ ਜਾਂ ਹਸਪਤਾਲ ਦਾ ਬੈੱਡ ਨਾ ਮਿਲਣ ਦਾ ਮਤਲਬ ਮਰੀਜ਼ ਦਾ ਰਾਤ ਕੱਢਣਾ ਮੁਸ਼ਕਿਲ ਹੋਵੇਗਾ।

ਰਾਤ 8.30 ਵਜੇ: ਹਸਪਤਾਲ ਵਿੱਚ ਹਾਰ ਮੰਨੀ

ਤੁਸ਼ਾਰ ਆਪਣੇ ਪਿਤਾ ਨੂੰ ਘਰ ਲੈ ਆਉਂਦਾ ਹੈ। ਉਹ ਅਨੂਪ ਨੂੰ ਸਾਹ ਲੈਣ ਵਿੱਚ ਮਦਦ ਦੇਣ ਲਈ 25 ਛੋਟੇ ਆਕਸੀਜਨ ਕੇਨ ਖਰੀਦਣ ਲਈ ਗਿਆ। ਇਹ ਕੇਨ ਨਿਯਮਤ ਅੰਤਰਾਲਾਂ 'ਤੇ ਉਸ ਨੂੰ ਥੋੜ੍ਹੀ ਥੋੜ੍ਹੀ ਆਕਸੀਜਨ ਦਿੰਦੇ ਹਨ, ਪਰ ਨਿਰੰਤਰ ਸਪਲਾਈ ਪ੍ਰਦਾਨ ਨਹੀਂ ਕਰ ਸਕਦੇ।

ਹਰੇਕ ਦੀ ਕੀਮਤ 2500 ਰੁਪਏ ਹੋ ਸਕਦੀ ਹੈ। ਉਹ ਆਮ ਤੌਰ 'ਤੇ 1000 ਰੁਪਏ ਤੋਂ ਘੱਟ ਵਿੱਚ ਮਿਲ ਜਾਂਦੇ ਹਨ। ਇਹ ਸਕਸੈਨਾ ਵਰਗੇ ਮੱਧਵਰਗੀ ਪਰਿਵਾਰ ਲਈ ਵੱਡੀ ਰਕਮ ਹੈ, ਪਰ ਉਨ੍ਹਾਂ ਕੋਲ ਕੋਈ ਹੋਰ ਬਦਲ ਨਹੀਂ ਹੈ।

ਆਕਸੀਜਨ ਸਿਲੰਡਰ ਨਾਲ ਆਪਣੇ ਭਰਾ ਦੇ ਵਾਪਸ ਆਉਣ ਦੀ ਉਡੀਕ ਕਰਦੇ ਹੋਏ ਤੁਸ਼ਾਰ ਆਪਣੇ ਪਿਤਾ ਨੂੰ ਕੇਨ ਨਾਲ ਸਥਿਰ ਰੱਖਣ ਦੀ ਕੋਸ਼ਿਸ਼ ਕਰਦੇ ਹਨ।

ਦੇਰ ਰਾਤ ਇੱਕ ਵਜੇ, ਉਨ੍ਹਾਂ ਦਾ ਭਰਾ ਸਿਲੰਡਰ ਤੋਂ ਬਿਨਾਂ ਵਾਪਸ ਪਰਤਿਆ ਕਿਉਂਕਿ ਉਨ੍ਹਾਂ ਦੀ ਵਾਰੀ ਆਉਣ ਤੋਂ ਪਹਿਲਾਂ ਹੀ ਪਲਾਂਟ ਬੰਦ ਹੋ ਗਿਆ ਸੀ। ਉਹ ਕੇਨ ਦੀ ਵਰਤੋਂ ਕਰਨਾ ਜਾਰੀ ਰੱਖਦੇ ਹਨ ਅਤੇ ਅਨੂਪ ਹੌਲੀ-ਹੌਲੀ ਸਥਿਰ ਹੁੰਦੇ ਹਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਐਤਵਾਰ, 2 ਮਈ

ਸਵੇਰੇ 10 ਵਜੇ: ਬੈੰਡ ਦੀ ਭਾਲ ਮੁੜ ਜਾਰੀ

ਡਾਕਟਰ ਉਸ ਨੂੰ ਹਸਪਤਾਲ ਵਿੱਚ ਲੈ ਕੇ ਜਾਣ ਦੀ ਦੁਬਾਰਾ ਸਲਾਹ ਦਿੰਦੇ ਹਨ। ਪਰਿਵਾਰ ਨੇ ਉਨ੍ਹਾਂ ਨੂੰ ਗਾਰਗੀ ਹਸਪਤਾਲ ਪਹੁੰਚਾਇਆ, ਜੋ ਉਨ੍ਹਾਂ ਦੇ ਘਰ ਤੋਂ ਨੇੜੇ ਹੀ ਸਥਿਤ ਹੈ।

ਸਟਾਫ ਮੈਂਬਰ ਉਨ੍ਹਾਂ ਨੂੰ ਦੂਸਰੇ ਹਸਪਤਾਲ ਲੈ ਜਾਣ ਦੀ ਕੋਸ਼ਿਸ਼ ਕਰਨ ਲਈ ਕਹਿੰਦੇ ਹਨ ਕਿਉਂਕਿ ਉਨ੍ਹਾਂ ਕੋਲ ਇੱਥੇ ਕੋਈ ਬੈੱਡ ਨਹੀਂ ਹੈ।

ਫਿਰ ਪਰਿਵਾਰ ਉਨ੍ਹਾਂ ਨੂੰ ਸਰਵੋਦਿਆ ਹਸਪਤਾਲ ਲੈ ਜਾਂਦਾ ਹੈ ਪਰ ਉੱਥੇ ਵੀ ਕੋਈ ਬੈੱਡ ਖਾਲੀ ਨਹੀਂ ਹੈ। ਇਸ ਦੌਰਾਨ ਅਨੂਪ ਸਾਹ ਲੈਣ ਲਈ ਸੰਘਰਸ਼ ਕਰ ਰਹੇ ਹਨ ਅਤੇ ਸਿਰਫ਼ ਘਰ ਜਾਣਾ ਚਾਹੁੰਦੇ ਹਨ।

ਪਰ ਪਰਿਵਾਰ ਹਾਰ ਨਹੀਂ ਮੰਨ ਰਿਹਾ।

ਦੁਪਹਿਰ ਦੇ 12:05 ਵਜੇ ਹਨ ਅਤੇ ਉਹ ਹੁਣ ਸੰਤੋਸ਼ ਹਸਪਤਾਲ ਵਿਖੇ ਹਨ - ਤੀਜੀ ਮੈਡੀਕਲ ਸਹੂਲਤ ਜਿਸ ਦੀ ਉਨ੍ਹਾਂ ਨੇ ਅੱਜ ਸਵੇਰ ਤੋਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਉਨ੍ਹਾਂ ਨੂੰ ਹਸਪਤਾਲ ਦੇ ਬਾਹਰ ਇੰਤਜ਼ਾਰ ਕਰਨ ਲਈ ਕਿਹਾ ਗਿਆ।

ਹਸਪਤਾਲ ਦੇ ਦਰਵਾਜ਼ੇ ਸੁਰੱਖਿਆ ਗਾਰਡਾਂ ਨਾਲ ਘਿਰੇ ਹੋਏ ਹਨ, ਜਿਸ ਨਾਲ ਪਰਿਵਾਰ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਕਿਸੇ ਜੇਲ੍ਹ ਤੋਂ ਬਾਹਰ ਹਨ।

ਉਹ 10 ਮਿੰਟ ਦੀ ਉਡੀਕ ਕਰਦੇ ਹਨ ਅਤੇ ਫਿਰ ਕਿਸੇ ਹੋਰ ਹਸਪਤਾਲ ਜਾਣ ਦੀ ਕੋਸ਼ਿਸ਼ ਕਰਨ ਦਾ ਫੈਸਲਾ ਕਰਦੇ ਹਨ।

ਤੁਸ਼ਾਰ ਹੈਰਾਨ ਪਰੇਸ਼ਾਨ ਹੋ ਰਿਹਾ ਹੈ ਕਿ ਉਨ੍ਹਾਂ ਦੇ ਪਿਤਾ ਕਿਹੜੇ ਹਸਪਤਾਲ ਵਿੱਚ ਆਖਰੀ ਸਾਹ ਲੈਣਗੇ, ਪਰ ਇਸ ਦੌਰਾਨ ਜਦੋਂ ਉਨ੍ਹਾਂ ਦੀ ਮਾਂ ਦਾ ਫੋਨ ਆਉਂਦਾ ਹੈ ਤਾਂ ਉਹ ਉਨ੍ਹਾਂ ਨੂੰ ਭਰੋਸਾ ਦਿੰਦਾ ਹੈ ਕਿ ਉਨ੍ਹਾਂ ਨੂੰ ਬੈੱਡ ਮਿਲ ਗਿਆ ਹੈ ਅਤੇ ਹੁਣ ਸਭ ਕੁਝ ਠੀਕ ਹੋਣ ਵਾਲਾ ਹੈ।

ਉਹ ਦੁਪਹਿਰ 12:30 ਵਜੇ ਚੌਥੇ ਹਸਪਤਾਲ ਪਹੁੰਚੇ। ਬਾਹਰ ਖੜ੍ਹਾ ਗਾਰਡ ਉਨ੍ਹਾਂ ਨੂੰ ਇੰਤਜ਼ਾਰ ਕਰਨ ਅਤੇ ਇਹ ਵੇਖਣ ਲਈ ਕਹਿੰਦਾ ਹੈ ਕਿ ਕਿਸ ਨੂੰ ਛੁੱਟੀ ਮਿਲ ਰਹੀ ਹੈ, ਜਾਂ ਕਿਸ ਦੀ ਮੌਤ ਹੋ ਗਈ। ਤੁਸ਼ਾਰ ਵਿਸ਼ਵਾਸ ਨਹੀਂ ਕਰ ਸਕਦਾ ਕਿ ਉਸ ਦੇ ਪਿਤਾ ਨੂੰ ਬੈੱਡ ਲੈਣ ਲਈ ਕਿਸੇ ਹੋਰ ਦੀ ਮੌਤ ਉੱਤੇ ਨਿਰਭਰ ਕਰਨਾ ਪਵੇ।

ਇਸ ਦੌਰਾਨ, ਆਕਸੀਜਨ ਦੇ ਛੋਟੇ ਕੇਨ ਹੁਣ ਹੋਰ ਮਦਦ ਨਹੀਂ ਕਰ ਰਹੇ ਸਨ ਅਤੇ ਅਨੂਪ ਫਿਰ ਸਾਹ ਲੈਣ ਲਈ ਤੜਫ਼ ਰਿਹਾ ਹੈ।

ਦੁਪਹਿਰ 2 ਵਜੇ: ਗੁਰਦੁਆਰੇ ਤੋਂ ਮਿਲੀ ਰਾਹਤ

ਅਨੂਪ ਦੀ ਹਾਲਤ ਹੋਰ ਵਿਗੜਦੀ ਜਾ ਰਹੀ ਹੈ ਅਤੇ ਪਰਿਵਾਰ ਨੇ ਫੈਸਲਾ ਕੀਤਾ ਕਿ ਹੁਣ ਹੋਰ ਸਮਾਂ ਬਰਬਾਦ ਨਾ ਕੀਤਾ ਜਾਵੇ ਅਤੇ ਉਹ ਉਨ੍ਹਾਂ ਨੂੰ ਵਾਪਸ ਗੁਰਦੁਆਰੇ ਲੈ ਜਾਣ।

ਉਹ ਇੱਕੋ ਇੱਕ ਜਗ੍ਹਾ ਹੈ ਜਿਨ੍ਹਾਂ ਨੇ ਹੁਣ ਤੱਕ ਉਨ੍ਹਾਂ ਦੀ ਮਦਦ ਕੀਤੀ ਹੈ। ਉਨ੍ਹਾਂ ਨੂੰ ਸਿਲੰਡਰ ਲਾਉਣ ਤੋਂ ਬਾਅਦ ਉਨ੍ਹਾਂ ਦਾ ਆਕਸੀਜਨ ਦਾ ਪੱਧਰ ਸੁਧਾਰਨਾ ਸ਼ੁਰੂ ਹੁੰਦਾ ਹੈ।

ਦੁਪਹਿਰ 3 ਵਜੇ: ਆਕਸੀਜਨ ਦੀ ਭਾਲ ਜਾਰੀ

ਜਦੋਂ ਤੁਸ਼ਾਰ ਆਪਣੇ ਪਿਤਾ ਨੂੰ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਲੈ ਜਾ ਰਿਹਾ ਸੀ, ਤਾਂ ਉਸ ਨੇ ਆਪਣੇ ਭਰਾ ਨੂੰ ਸਥਾਨਕ ਪੱਧਰ 'ਤੇ ਸਿਲੰਡਰ ਖਰੀਦਣ ਲਈ ਕਿਹਾ, ਪਰ ਕਤਾਰਾਂ ਬਹੁਤ ਲੰਬੀਆਂ ਹਨ।

ਕੋਈ ਉਸ ਨੂੰ ਕਹਿੰਦਾ ਹੈ ਕਿ ਨੇੜਲੇ ਜ਼ਿਲ੍ਹਾ ਬੁਲੰਦਸ਼ਹਿਰ ਦਾ ਇੱਕ ਘੰਟੇ ਦੀ ਦੂਰੀ 'ਤੇ ਸਥਿਤ ਇੱਕ ਪਲਾਂਟ ਆਕਸੀਜਨ ਸਿਲੰਡਰ ਵੇਚ ਰਿਹਾ ਹੈ ਪਰ ਜਦੋਂ ਤੱਕ ਤੁਸ਼ਾਰ ਦਾ ਭਰਾ ਉੱਥੇ ਪਹੁੰਚਿਆ, ਉਹ ਬੰਦ ਹੋ ਗਿਆ ਸੀ।

ਤੁਸ਼ਾਰ ਦਾ ਭਰਾ ਗਾਜ਼ੀਆਬਾਦ ਵਾਪਸ ਆਇਆ ਅਤੇ ਬਲੈਕ ਮਾਰਕੀਟ ਵਿੱਚੋਂ ਪੰਜ ਲੀਟਰ ਦਾ ਛੋਟਾ ਸਿਲੰਡਰ ਖਰੀਦਿਆ।

ਸ਼ਾਮ 5.30 ਵਜੇ: ਆਖਰੀ ਸਫ਼ਰ

ਤਕਰੀਬਨ ਅੱਠ ਘੰਟੇ ਹੋ ਗਏ ਹਨ ਜਦੋਂ ਡਾਕਟਰ ਨੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਾਉਣ ਲਈ ਕਿਹਾ ਸੀ। ਪਰ ਅਨੂਪ ਅਜੇ ਵੀ ਗੁਰਦੁਆਰੇ ਵਿੱਚ ਹਨ।

ਇਸ ਦੌਰਾਨ, ਉਨ੍ਹਾਂ ਦੀ ਲੜਕੀ, ਜੋ ਕਿ ਲਗਭਗ 120 ਕਿਲੋਮੀਟਰ (75 ਮੀਲ) ਦੀ ਦੂਰੀ 'ਤੇ ਅਲੀਗੜ੍ਹ ਸ਼ਹਿਰ ਵਿੱਚ ਰਹਿੰਦੀ ਹੈ, ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਇੱਕ ਬੈੱਡ ਮਿਲਿਆ ਅਤੇ ਉਹ ਪਰਿਵਾਰ ਨੂੰ ਉਨ੍ਹਾਂ ਨੂੰ ਉੱਥੇ ਲੈ ਕੇ ਆਉਣ ਲਈ ਕਹਿੰਦੀ ਹੈ।

ਉਹ ਸ਼ਾਮ ਨੂੰ ਕਰੀਬ 6 ਵਜੇ ਅਨੂਪ ਦੀ ਛੋਟੇ ਆਕਸੀਜਨ ਸਿਲੰਡਰ ਨਾਲ ਮਦਦਕਰਕੇ ਸਫ਼ਰ ਦੀ ਸ਼ੁਰੂਆਤ ਕਰਦੇ ਹਨ ਅਤੇ ਰਾਤ 8:30 ਵਜੇ ਹਸਪਤਾਲ ਪਹੁੰਚੇ।

ਉੱਥੇ ਉਨ੍ਹਾਂ ਨੂੰ ਤੁਰੰਤ ਸਖ਼ਤ ਨਿਗਰਾਨੀ ਵਿੱਚ ਲਿਜਾਇਆ ਗਿਆ। ਉੱਥੋਂ ਦੇ ਡਾਕਟਰ ਨੇ ਉਨ੍ਹਾਂ ਨੂੰ ਕਿਹਾ ਕਿ ਅਨੂਪ ਗੰਭੀਰ ਹਨ ਅਤੇ ਉਨ੍ਹਾਂ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ।

ਸੋਮਵਾਰ, 3 ਮਈ

ਸਵੇਰੇ 4 ਵਜੇ: ਜ਼ਿੰਦਗੀ ਦੀ ਜੰਗ ਹਾਰੀ

ਅੱਠ ਘੰਟੇ ਦੀ ਉਡੀਕ ਤੋਂ ਬਾਅਦ, ਕਿਸੇ ਚਮਤਕਾਰ ਦੀ ਪ੍ਰਾਰਥਨਾ ਕਰਦੇ ਹਨ, ਉਦੋਂ ਡਾਕਟਰ ਪਰਿਵਾਰ ਨੂੰ ਦੱਸਦੇ ਹਨ ਕਿ ਅਨੂਪ ਦੀ ਹਾਲਤ ਵਿਗੜ ਰਹੀ ਹੈ। ਤੁਸ਼ਾਰ ਹੈਰਾਨ ਪਰੇਸ਼ਾਨ ਹੈ ਕਿ ਜੇਕਰ ਉਹ ਕੁਝ ਹੋਰ ਕਰ ਸਕਦੇ ਸਨ ਤਾਂ ਕਰਨ।

ਛੇ ਘੰਟੇ ਬਾਅਦ, ਸਵੇਰੇ 10 ਵਜੇ, ਡਾਕਟਰ ਪਰਿਵਾਰ ਨੂੰ ਆਖਰੀ ਅਲਵਿਦਾ ਕਹਿਣ ਲਈ ਕਹਿੰਦੇ ਹਨ। ਅਨੂਪ ਦੀ ਮੌਤ ਇੱਕ ਘੰਟੇ ਬਾਅਦ ਸਵੇਰੇ 11 ਵਜੇ ਹੋ ਗਈ।

ਤੁਸ਼ਾਰ ਨੂੰ ਉਮੀਦ ਹੈ ਕਿ ਪਾਣੀ ਤੋਂ ਬਾਹਰ ਮੱਛੀਆਂ ਦੀ ਤਰ੍ਹਾਂ ਸਾਹ ਲੈਣ ਲਈ ਤੜਫ਼ਦੇ ਉਸ ਦੇ ਮਾਪਿਆਂ ਦੀ ਤਰ੍ਹਾਂ ਹੋਰਾਂ ਨੂੰ ਕਦੇ ਕਿਸੇ ਆਪਣੇ ਨੂੰ ਨਾ ਵੇਖਣਾ ਪਏ। ਉਹ ਸੋਚਦਾ ਹੈ ਕਿ ਕਿਵੇਂ ਇਹ ਵਿਵਸਥਾ ਹੈ ਜਿਸ ਨੇ ਉਨ੍ਹਾਂ ਦੇ ਪਿਤਾ ਨੂੰ ਮਾਰ ਦਿੱਤਾ, ਨਾ ਕਿ ਕੋਵਿਡ ਨੇ।

ਪਰ ਅਨੂਪ ਦੀ ਪਤਨੀ ਦੀ ਹਾਲਤ ਵਿਗੜਣ ਕਾਰਨ ਪਰਿਵਾਰ ਨੂੰ ਸੋਗ ਕਰਨ ਦਾ ਸਮਾਂ ਵੀ ਨਹੀਂ ਮਿਲਦਾ। ਉਹ ਵਾਪਸ ਆਪਣੇ ਘਰ ਗਾਜ਼ੀਆਬਾਦ ਚਲੇ ਗਏ।

(ਰੂਟ ਮੈਪਸ: ਪੌਲ ਸਾਰਜੈਂਟ, ਲੀਲੀ ਹੁਈਨਹ, ਗੈਰੀ ਫਲੇਚਰ ਅਤੇ ਜੋਏ ਰੌਕਸਸ ਵੱਲੋਂ )

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)