ਕੋਰੋਨਾਵਾਇਰਸ: ਗੋਆ ’ਚ ਦੇਰ ਰਾਤ ਮੁੜ 15 ਮਰੀਜ਼ਾਂ ਦੀ ਮੌਤ, ਕਾਂਗਰਸ ਨੇ ਕਿਹਾ, ਮੁੱਖ ਮੰਤਰੀ ਖਿਲਾਫ਼ ਕਰਾਂਗੇ ਸ਼ਿਕਾਇਤ-ਅਹਿਮ ਖ਼ਬਰਾਂ

ਇਸ ਪੰਨੇ ਰਾਹੀ ਅਸੀਂ ਤੁਹਾਨੂੰ ਕੋਰੋਨਾਵਾਇਰਸ ਮਹਾਮਾਰੀ ਨਾਲ ਜੁੜੀਆਂ ਅੱਜ ਦੀਆਂ ਅਹਿਮ ਘਟਨਾਵਾਂ ਤੇ ਜਾਣਕਾਰੀਆਂ ਮੁਹੱਈਆ ਕਰਵਾ ਰਹੇ ਹਾਂ।

ਗੋਆ ਵਿੱਚ ਸਰਕਾਰੀ ਹਸਪਤਾਲ ਵਿੱਚ ਅਧਿਕਾਰੀਆਂ ਨੇ ਕਿਹਾ ਹੈ ਕਿ ਇੱਥੇ 15 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਮੌਤ ਦਾ ਕਾਰਨ ਆਕਸੀਜਨ ਦੀ ਪ੍ਰੈਸ਼ਰ ਘਟ ਹੋਣਾ ਹੈ।

ਮਰੀਜਾਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਗੋਆ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਜਦੋਂ ਤੱਕ ਆਕਸੀਜਨ ਦਾ ਪ੍ਰੈਸ਼ਰ ਸਹੀ ਹੋਇਆ ਉਦੋਂ ਤੱਕ ਕੁਝ ਮਰੀਜ਼ਾਂ ਲਈ ਕਾਫੀ ਦੇਰ ਹੋ ਗਈ ਸੀ।

ਖ਼ਬਰ ਏਜੰਸੀ ਏਐੱਨਆਈ ਅਨੁਸਾਰ ਕਥਿਤ ਤੌਰ 'ਤੇ ਆਕਸੀਜਨ ਦੀ ਸਪਲਾਈ ਦੇ ਕਾਰਨ ਰਾਤ 2 ਵਜੇ ਤੋਂ ਲੈ ਕੇ ਤੜਕੇ ਸਵੇਰੇ 6 ਵਜੇ ਵਿਚਾਲੇ ਮਰੀਜ਼ਾਂ ਦੀ ਮੌਤ ਹੋਈ ਹੈ।

ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਫਿਲਹਾਲ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।

ਇਹ ਵੀ ਪੜ੍ਹੋ-

ਇਸ ਤੋਂ ਕੁਝ ਦਿਨ ਪਹਿਲਾਂ ਇਸੇ ਹਸਪਤਾਲ ਵਿੱਚ ਆਮ ਹਾਲਾਤ ਵਿੱਚ 26 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਸੀ।

ਉਸ ਵੇਲੇ ਵੀ ਮੌਤਾਂ ਦਾ ਵਕਤ ਰਾਤ ਦੋ ਵਜੇ ਤੋਂ ਸਵੇਰੇ 6 ਵਜੇ ਤੱਕ ਸੀ।

ਉੱਧਰ ਕਾਂਗਰਸੀ ਨੇ ਕਿਹਾ ਹੈ ਕਿ ਜੇ ਸੂਬੇ ਦੇ ਸਿਹਤ ਮੰਤਰੀ ਮੰਨ ਰਹੇ ਹਨ ਕਿ ਸਵੇਰੇ 2 ਵਜੇ ਤੋਂ ਸਵੇਰੇ 6 ਵਜੇ ਵਿਚਾਲੇ ਮੌਤਾਂ ਹੋ ਰਹੀਆਂ ਹਨ ਤਾਂ ਉਨ੍ਹਾਂ ਨੇ ਤੇ ਮੁੱਖ ਮੰਤਰੀ ਨੇ ਕੋਈ ਐਕਸ਼ਨ ਕਿਉਂ ਨਹੀਂ ਲਿਆ।

ਕਾਂਗਰਸ ਦੇ ਗੋਆ ਮੁਖੀ ਗਿਰੀਸ਼ ਚੋਦਾਨਕਰ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਮੁੱਖ ਮੰਤਰੀ ਤੇ ਸਿਹਤ ਮੰਤਰੀ ਖਿਲਾਫ਼ ਕ੍ਰਿਮਿਨਲ ਕੰਪਲੇਂਟ ਦਰਜ ਕਰਵਾਈ ਜਾਵੇਗੀ ਤੇ ਲੋੜ ਪੈਣ ’ਤੇ ਅਦਾਲਤ ਦਾ ਬੂਹਾ ਵੀ ਖੜਕਾਇਆ ਜਾਵੇਗਾ।

ਕੋਰੋਨਾ ਪੀੜਤਾਂ ਦੀ ਮਦਦ ਕਰਨ ਸਬੰਧੀ ਦਿੱਲੀ ਪੁਲਿਸ ਦੀ ਪੁੱਛਗਿੱਛ ਤੋਂ ਕਾਂਗਰਸ ਨਰਾਜ਼

ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਕਾਂਗਰਸ ਆਗੂ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਬੀ ਵੀ ਸ੍ਰੀਨਿਵਾਸ ਅਤੇ ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਤੋਂ ਪੁੱਛਗਿੱਛ ਕੀਤੀ।

ਸ੍ਰੀਨਿਵਾਸ ਅਤੇ ਗੌਤਮ ਗੰਭੀਰ ਦੋਵੇਂ ਕੋਰੋਨਾ ਪੀੜਤਾਂ ਦੀ ਮਦਦ ਲਈ ਆਕਸੀਜਨ ਅਤੇ ਫੈਬੀਫਲੂ ਵਰਗੀਆਂ ਜ਼ਰੂਰੀ ਦਵਾਈਆਂ ਪਹੁੰਚਾ ਰਹੇ ਹਨ।

ਦੋਵਾਂ 'ਤੇ ਦਵਾਈਆਂ ਅਤੇ ਜ਼ਰੂਰੀ ਮੌਡੀਕਲ ਸਮਾਨਾਂ ਦਾ ਭੰਡਾਰਨ ਅਤੇ ਵੰਡਣ ਦੇ ਇਲਜ਼ਾਮ ਲਗਾਏ ਗਏ ਹਨ। ਦੋਵੇਂ ਇਨ੍ਹਾਂ ਇਲਜ਼ਾਮਾਂ ਨੂੰ ਗਲਤ ਦੱਸ ਰਹੇ ਹਨ।

ਕਾਂਗਰਸ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਦੀ ਪਾਰਟੀ ਦੇ ਲੋਕ ਕੋਰੋਨਾ ਪੀੜਤਾਂ ਦੀ ਮਦਦ ਕਰ ਰਹੇ ਹਨ, ਇਸ ਲਈ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਦਿੱਲੀ ਪੁਲਿਸ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਹੈ।

ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸਰਕਾਰ ਨੇ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀਨਿਵਾਸ 'ਤੇ ਛਾਪਾ ਮਾਰ ਕੇ 'ਸ਼ਰਮਨਾਕ ਮਿਸਾਲ' ਕਾਇਮ ਕੀਤੀ ਹੈ।

ਉਨ੍ਹਾਂ ਨੇ ਕਿਹਾ, "ਮੋਦੀ ਜੀ ਅਤੇ ਅਮਿਤ ਸ਼ਾਹ ਜੀ ਦਾ ਰੇਡ ਰਾਜ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੋਦੀ ਅਤੇ ਅਮਿਤ ਸ਼ਾਹ ਹੁਣ ਅਜਿਹੇ ਸ਼ਾਸਕ ਬਣ ਗਏ ਹਨ ਜੋ ਮਹਾਂਮਾਰੀ ਵਿੱਚ ਜਨ ਸੇਵਾ ਅਤੇ ਮਨੁੱਖੀ ਸੇਵਾ ਕਰਨ ਵਾਲਿਆਂ 'ਤੇ ਛਾਪੇਮਾਰੀ ਕਰ ਰਹੇ ਹਨ ਅਤੇ ਉਨ੍ਹਾਂ ਖਿਲਾਫ਼ ਪੁਲਿਸ ਦੀ ਮਾੜੀ ਵਰਤੋਂ ਕਰ ਰਹੇ ਹਨ।"

ਉਨ੍ਹਾਂ ਨੇ ਕਿਹਾ ਕਿ ਲੋੜਵੰਦਾਂ ਨੂੰ ਆਕਸੀਜਨ ਦੇਣਾ, ਜ਼ਿੰਦਗੀ ਬਚਾਉਣ ਵਾਲੀ ਦਵਾਈ ਮੁਹੱਈਆ ਕਰਵਾਉਣਾ ਕੋਈ ਗੁਨਾਹ ਨਹੀਂ ਹੈ।

ਕੀ ਹੋਵੋਗੀ ਸੁਪਤਨਿਕ ਦੀ ਭਾਰਤ ਵਿੱਚ ਕੀਮਤ?

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਡਾ. ਰੇਡੀ ਲੈਬੋਰਟ੍ਰੀ ਨੇ ਕਿਹਾ ਹੈ ਕਿ ਦਰਾਮਦ ਕੀਤੀ ਗਈ ਕੋਰੋਨਾ ਵੈਕਸੀਨ ਸਪੂਤਨਿਕ ਵੀ ਦੀ ਕੀਮਤ 948+5 ਫੀਸਦ ਜੀਐੱਸਟੀ ਪ੍ਰਤੀ ਡੋਜ਼ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਸਥਾਨਕ ਸਪਲਾਈ ਸ਼ੁਰੂ ਹੋਣ ਨਾਲ ਕੀਮਤ ਘੱਟ ਹੋ ਸਕਦੀ ਹੈ।

ਕੋਰੋਨਾ: ਅਮਰੀਕਾ 'ਚ ਮਾਸਕ ਤੋਂ ਛੁੱਟੀ, ਬਾਈਡਨ ਨੇ ਮਾਸਕ ਉਤਾਰ ਕੀਤਾ ਐਲਾਨ

ਅਮਰੀਕੀ ਅਧਿਕਾਰੀਆਂ ਦੇ ਇਹ ਕਹਿਣ ਤੋਂ ਬਾਅਦ ਕਿ "ਵੈਕਸੀਨ ਲਗਵਾ ਚੁੱਕੇ ਲੋਕ ਹੁਣ ਵਧੇਰੇ ਥਾਵਾਂ 'ਤੇ ਬਿਨਾ ਮਾਸਕ ਦੇ ਰਹਿ ਸਕਦੇ ਹਨ", ਰਾਸ਼ਟਰਪਤੀ ਜੋ ਬਾਈਡਨ ਨੇ ਇਸ ਨੂੰ ਅਮਰੀਕਾ ਲਈ 'ਇੱਕ ਵੱਡਾ ਦਿਨ' ਦੱਸਿਆ ਹੈ।

ਇਸ ਨਵੇਂ ਦਿਸ਼ਾ-ਨਿਰਦੇਸ਼ ਦੇ ਐਲਾਨ ਤੋਂ ਬਾਅਦ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੇ ਓਵਲ ਆਫਿਸ ਵਿੱਚ ਹੋਰਨਾਂ ਸੰਸਦ ਮੈਂਬਰਾਂ ਦੇ ਨਾਲ ਮਾਸਕ ਉਤਾਰ ਦਿੱਤਾ।

ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਲੋਕ ਖੁੱਲ੍ਹੀਆਂ ਜਾਂ ਬੰਦ, ਵਧੇਰੇ ਥਾਵਾਂ 'ਤੇ ਬਿਨਾ ਮਾਸਕ ਦੇ ਜਾ ਸਕਦੇ ਹਨ।

ਹਾਲਾਂਕਿ, ਭੀੜ ਵਾਲੀਆਂ ਬੰਦ ਥਾਵਾਂ, ਜਿਵੇਂ ਬੱਸ ਅਤੇ ਹਵਾਈ ਯਾਤਰਾ ਦੌਰਾਨ ਜਾਂ ਹਸਪਤਾਲਾਂ ਵਿੱਚ ਅਜੇ ਵੀ ਮਾਸਕ ਪਾਉਣ ਦੀ ਸਲਾਹ ਦਿੱਤੀ ਗਈ ਹੈ।

ਦੱਸਿਆ ਗਿਆ ਹੈ ਕਿ ਜੋ ਬਾਈਡਨ ਪ੍ਰਸ਼ਾਸਨ 'ਤੇ ਕੋਵਿਡ-19 ਨਾਲ ਜੁੜੀਆਂ ਪਾਬੰਦੀਆਂ ਘੱਟ ਕਰਨ ਦਾ ਵੀ ਵੱਡਾ ਦਬਾਅ ਸੀ, ਖ਼ਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੂੰ ਕੋਰੋਨਾ ਵੈਕਸੀਨ ਲੱਗ ਗਈ ਹੈ।

ਇਸ ਵਿਚਾਲੇ ਅਮਰੀਕਨ ਫੈਡਰੇਸ਼ਨ ਆਫ ਟੀਚਰਸ ਲੇਬਰ ਯੂਨੀਅਨ ਨੇ ਵੀ ਆਉਣ ਵਾਲੇ ਸਮੇਂ ਵਿੱਚ ਸਕੂਲਾਂ ਨੂੰ ਪੂਰੀ ਤਰ੍ਹਾਂ ਖੋਲ੍ਹ ਦੇਣ ਦੀ ਸਿਫ਼ਾਰਿਸ਼ ਕੀਤੀ ਹੈ।

ਅਸਮ: ਭਾਰਤੀ ਸੈਨਾ ਨੇ ਤਿੰਨ ਦਿਨ 'ਚ ਤਿਆਰ ਕੀਤੀ 5 ਆਈਸੀਯੂ ਅਤੇ 45 ਆਕਸੀਜਨ ਬੈੱਡ ਦੀ ਯੂਨਿਟ

ਅਸਮ ਦੇ ਤੇਜ਼ਪੁਰ ਮੈਡੀਕਲ ਕਾਲਜ ਵਿੱਚ ਭਾਰਤੀ ਫੌਜ ਨੇ 5 ਆਈਸੀਯੂ ਅਤੇ 45 ਆਕਸੀਜਨ ਬੈੱਡ ਦੀ ਇੱਕ ਯੂਨਿਟ ਸਥਾਪਿਤ ਕੀਤੀ ਹੈ। ਕੋਵਿਡ-19 ਦੇ ਮਰੀਜ਼ਾਂ ਦੀ ਦੇਖਭਾਲ ਲਈ ਇਹ ਯੂਨਿਟ ਬਣਾਈ ਗਈ ਹੈ।

ਸੈਨਾ ਦੇ ਸੀਨੀਅਰ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਦੀ ਸੂਚਨਾ ਦਿੱਤੀ।

ਅਸਮ ਦੇ ਮੁੱਖ ਮੰਤਰੀ ਹਿੰਮਤ ਬਿਸਵਾ ਸਰਮਾ ਨੇ ਇਸ ਲਈ ਭਾਰਤੀ ਫੌਜ ਦਾ ਧੰਨਵਾਦ ਕੀਤਾ ਹੈ।

ਸਰਮਾ ਨੇ ਟਵੀਟ ਕਰਦਿਆਂ ਲਿਖਿਆ, "ਕੋਰੋਨਾ ਮਹਾਮਾਰੀ ਦੇ ਖ਼ਿਲਾਫ਼ ਆਕਸੀਜਨ ਬੈੱਡਸ ਦੀ ਲੋੜ ਸਭ ਤੋਂ ਅਹਿਮ ਹੈ। ਸਾਡੀ ਗੁਜ਼ਾਰਿਸ਼ 'ਤੇ ਕਾਪਰਸ (ਭਾਰਤੀ ਸੈਨਾ) ਨੇ ਤੇਜ਼ਪੁਰ ਵਿੱਚ 45 ਬੈੱਡਸ ਦੀ ਇੱਕ ਯੂਨਿਟ ਤਿਆਰ ਕੀਤੀ ਹੈ ਅਤੇ ਇਸ ਨੂੰ ਸਿਰਫ਼ ਤਿੰਨ ਦਿਨਾਂ ਵਿੱਚ ਤਿਆਰ ਕੀਤਾ ਗਿਆ ਹੈ।"

ਅਸਮ ਵਿੱਚ ਬੀਤੇ ਚਾਰ ਦਿਨਾਂ ਤੋਂ ਕੋਰੋਨਾ ਲਾਗ ਦੇ 23,186 ਮਾਮਲੇ ਸਾਹਮਣੇ ਆਏ ਹਨ ਅਤੇ 308 ਲੋਕਾਂ ਦੀ ਕੋਵਿਡ-19 ਨਾਲ ਮੌਤ ਹੋ ਗਈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)