ਜਦੋਂ ਜਰਨੈਲ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਦੇ ਇਰਾਦੇ ਨਾਲ ਵਿਧਾਇਕੀ ਛੱਡੀ

1973 ਵਿੱਚ ਪੈਦਾ ਹੋਏ ਜਰਨੈਲ ਸਿੰਘ ਦਾ ਦਿੱਲੀ ਵਿੱਚ ਅੱਜ ਯਾਨਿ 14 ਮਈ ਨੂੰ ਦੇਹਾਂਤ ਹੋ ਗਿਆ ਹੈ।

ਪੱਤਰਕਾਰ ਅਤੇ ਸਿਆਸੀ ਆਗੂ ਜਰਨੈਲ ਸਿੰਘ ਨੇ 29 ਅਪ੍ਰੈਲ ਨੂੰ ਆਪਣੀ ਫੇਸਬੁੱਕ ਪੋਸਟ ਰਾਹੀਂ ਕਿਹਾ ਸੀ, "ਉਹ ਹੋਰਨਾਂ ਵਾਂਗ ਸਰੀਰਕ ਕਸ਼ਟ 'ਚ ਹਨ, ਕ੍ਰਿਪਾ ਕਰਕੇ ਫੋਨ ਨਾ ਕਰੋ, ਗੱਲ ਕਰਨ ਨਾਲ ਸਾਹ ਹੋਰ ਔਖਾ ਹੁੰਦਾ ਹੈ। ਸਰਬਤ ਦੇ ਭਲੇ ਦੀ ਅਰਦਾਸ ਕਰੋ।"

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰਦਿਆਂ ਕਿਹਾ, "ਮੈਂ ਦਿੱਲੀ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਦੇ ਸਮੇਂ ਤੋਂ ਪਹਿਲਾਂ ਤੁਰ ਜਾਣ 'ਤੇ ਦੁੱਖੀ ਹਾਂ। ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ। ਸਮਾਜ ਵਿੱਚ ਆਪਣੇ ਯੋਗਦਾਨ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।"

ਜਰਨੈਲ ਸਿੰਘ ਇੱਕ ਪੱਤਰਕਾਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਵੀ ਰਹੇ ਸਨ।

ਉਨ੍ਹਾਂ ਨੇ ਜਨਵਰੀ 2017 ਤੱਕ ਰਾਜੌਰੀ ਗਾਰਡਨ ਹਲਕੇ ਤੋਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਵੀ ਰਹੇ ਸਨ, ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਖ਼ਿਲਾਫ਼ ਚੋਣ ਮੈਦਾਨ ਵਿੱਚ ਉਤਰਨ ਲਈ ਅਸਤੀਫ਼ਾ ਦੇ ਦਿੱਤਾ ਸੀ।

ਇਹ ਵੀ ਪੜ੍ਹੋ-

ਚਿਦੰਬਰਮ 'ਤੇ ਸੁੱਟਿਆ ਜੁੱਤਾ

ਜਰਨੈਲ ਸਿੰਘ ਸਾਲ 2009 ਵਿੱਚ ਤਤਕਾਲੀ ਗ੍ਰਹਿ ਮੰਤਰੀ ਪੀ ਚਿਦੰਬਰਮ 'ਤੇ ਜੁੱਤਾ ਸੁੱਟਣ ਕਾਰਨ ਚਰਚਾ ਵਿੱਚ ਆਏ ਸਨ।

ਉਸ ਵੇਲੇ ਉਨ੍ਹਾਂ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਆਪਣੇ ਕੀਤੇ ਉੱਤੇ ਉਨ੍ਹਾਂ ਨੂੰ ਅਫ਼ਸੋਸ ਹੈ।

ਉਨ੍ਹਾਂ ਦਾ ਕਹਿਣਾ ਸੀ, "ਜੋ ਵੀ ਕੀਤਾ ਕੇਵਲ ਭਾਵਨਾ ਵਿੱਚ ਵਹਿ ਕੇ ਕੀਤਾ।.ਅਜਿਹਾ ਕਰਨ ਪਿੱਛੇ ਗ਼ਲਤ ਭਾਵਨਾ ਨਹੀਂ ਸੀ ਅਤੇ ਨਾ ਹੀ ਉਸ ਲਈ ਕੋਈ ਯੋਜਨਾ ਬਣਾਈ ਸੀ।"

ਉਨ੍ਹਾਂ ਨੇ ਕਿਹਾ ਕਿ ਉਹ ਚਿਦੰਬਰਮ ਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਦਾ ਸੁੱਟਿਆ ਜੁੱਤਾ ਵੀ ਖੱਬੇ ਪਾਸੇ ਡਿੱਗਾ।

ਜਰਨੈਲ ਸਿੰਘ ਨੇ ਕਿਹਾ ਸੀ, "ਮੈਂ ਚਿਦੰਬਰਮ ਸਾਬ੍ਹ ਦੀ ਮੁੰਬਈ ਹਮਲਿਆਂ ਤੋਂ ਬਾਅਦ ਕੀਤੇ ਗਏ ਕੰਮਾਂ ਦੀ ਤਾਰੀਫ ਵੀ ਕੀਤੀ ਸੀ। ਉਸ ਤੋਂ ਬਾਅਦ ਸਿੱਖ ਦੰਗਿਆਂ ਨੂੰ ਲੈ ਕੇ ਸਵਾਲ ਪੁੱਛੇ ਪਰ ਚਿਦੰਬਰਮ ਜਵਾਬ ਨਹੀਂ ਦੇਣਾ ਚਾਹੁੰਦੇ ਸਨ। ਇਹ ਸਵਾਲ ਮੇਰੇ ਦਿਲ ਦੇ ਬਹੁਤ ਕਰੀਬ ਹਨ, ਇਸ ਲਈ ਮੈਂ ਉਤੇਜਿਤ ਹੋ ਗਿਆ ਅਤੇ ਇਹ ਘਟਨਾ ਹੋ ਗਈ।"

ਦਿੱਲੀ ਵਿਧਾਨ ਸਭਾ ਵਿੱਚ ਜਦੋਂ ਭਾਵੁਕ ਹੋਏ ਜਰਨੈਲ ਸਿੰਘ

ਸਾਲ 2015 ਵਿੱਚ ਦਿੱਲੀ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਨੇ 1984 ਵਿੱਚ ਸਿੱਖ ਵਿਰੋਧੀ ਦੰਗਿਆਂ ਵਿਰੁੱਧ ਇੱਕ ਪ੍ਰਸਤਾਵ ਪਾਸ ਕੀਤਾ ਸੀ, ਜਿਸ ਵਿੱਚ ਸਰਕਾਰ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਖ਼ਿਲਾਫ਼ ਦੰਗਾ ਮਾਮਲੇ ਵਿੱਚ ਐੱਫਆਈਆਰ ਦਰਜ ਕਰਨ ਲਈ ਕਿਹਾ ਸੀ।

ਇਸ ਪ੍ਰਸਤਾਵ ਨੂੰ ਜਰਨੈਲ ਸਿੰਘ ਨੇ ਵਿਧਾਨ ਸਭਾ ਵਿੱਚ ਪੇਸ਼ ਕੀਤਾ ਸੀ ਅਤੇ ਇਸ ਦੌਰਾਨ 1984 ਦੀਆਂ ਘਟਨਾ ਨੂੰ ਯਾਦ ਕਰਦਿਆਂ ਜਰਨੈਲ ਸਿੰਘ ਵਿਧਾਨ ਸਭਾ ਵਿੱਚ ਰੋ ਪਏ ਸਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੀ ਚੁਣੌਤੀ

ਸਾਲ 2017 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀ ਜਰਨੈਲ ਸਿੰਘ ਚਰਚਾ ਵਿੱਚ ਰਹੇ ਸਨ। ਆਮ ਆਦਮੀ ਪਾਰਟੀ ਨੇ ਜਰਨੈਲ ਸਿੰਘ ਨੂੰ ਆਪਣਾ ਚਿਹਰਾ ਬਣਾ ਕੇ ਪੰਜਾਬ ਭੇਜਿਆ ਸੀ।

ਇਸ ਦੌਰਾਨ ਉਹਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚੁਣੌਤੀ ਦਿੰਦਿਆਂ ਲੰਬੀ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਰੇ ਸਨ, ਪਰ ਹਾਰ ਗਏ।

ਪੰਜਾਬ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਰਾਜੌਰੀ ਗਾਰਡਨ ਦੀ ਆਪਣੀ ਸੀਟ ਤੋਂ ਅਸਤੀਫ਼ਾ ਦੇ ਵੀ ਦੇ ਦਿੱਤਾ ਸੀ।

ਚੋਣ ਹਾਰਨ ਤੋਂ ਬਾਅਦ ਉਨ੍ਹਾਂ ਆਪ ਨੇ ਦਿੱਲੀ ਦੀ ਪੰਜਾਬੀ ਅਕਾਦਮੀ ਦਾ ਚੇਅਰਮੈਨ ਵੀ ਬਣਾਇਆ ਸੀ।

ਹਾਲਾਂਕਿ, 2020 ਵਿੱਚ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)