ਕੋਰੋਨਾਵਾਇਰਸ ਦਿੱਲੀ - ਬੱਤਰਾ ਹਸਤਪਾਲ ਵਿਚ ਕਿਵੇਂ ਹੋਈਆਂ 12 ਮੌਤਾਂ, ਅਦਾਲਤ ਦੀ ਕੇਂਦਰ ਨੂੰ ਚੇਤਾਵਨੀ - ਅਹਿਮ ਖ਼ਬਰਾਂ

ਇਸ ਪੰਨੇ ਰਾਹੀਂ ਅਸੀਂ ਤੁਹਾਨੂੰ ਕੋਰੋਨਾਵਾਇਰਸ ਨਾਲ ਜੁੜੀਆਂ ਅੱਜ ਦੀਆਂ ਦੇਸ਼-ਦੁਨੀਆਂ ਅਤੇ ਪੰਜਾਬ ਨਾਲ ਜੁੜੀਆਂ ਅਹਿਮ ਖ਼ਬਰਾਂ ਨਾਲ ਰੁਬਰੂ ਕਰਾਂਗੇ।

ਦਿੱਲੀ ਦੇ ਬੱਤਰਾ ਹਸਪਤਾਲ ਦੇ ਅਧਿਕਾਰਤ ਸੂਤਰਾਂ ਮੁਤਾਬਕ ਵਿੱਚ ਆਕਸੀਜਨ ਦੀ ਘਾਟ ਕਾਰਨ ਕੋਵਿਡ -19 ਮਰੀਜ਼ਾਂ ਦੀਆਂ ਮੌਤਾਂ ਦੀ ਗਿਣਤੀ 8 ਤੋਂ 12 ਹੋ ਗਈ ਹੈ।

ਬੱਤਰਾ ਹਸਪਤਾਲ ਦੇ ਸੀਈਓ ਡਾ. ਸੁਧਾਂਸ਼ੂ ਬੰਕਟਾ ਨੇ ਆਕਸੀਜਨ ਦੀ ਘਾਟ ਕਾਰਨ ਮਰਨ ਵਾਲਿਆਂ ਦੀ ਗਿਣਤੀ 8 ਤੋਂ 12 ਹੋਣ ਦੀ ਪੁਸ਼ਟੀ ਕੀਤੀ ਹੈ।

"ਹਸਪਤਾਲ ਨੇ ਅਧਿਕਾਰੀਆਂ ਮੁਤਾਬਕ, ਆਕਸੀਜਨ ਦੀ ਸਪਲਾਈ ਠੱਪ ਹੋਣ ਦੌਰਾਨ ਕੁਝ ਮਰੀਜ਼ਾਂ ਦਾ ਆਕਸੀਜਨ ਪੱਧਰ ਡਿੱਗ ਗਿਆ ਸੀ, ਜਿਨ੍ਹਾਂ ਵਿਚੋਂ ਕੁਝ ਨੂੰ ਬਚਾਇਆ ਨਹੀਂ ਜਾ ਸਕਿਆ"

"ਅਗਲੇ 24 ਘੰਟੇ ਹੋਰ ਨਾਜ਼ੁਕ ਹਨ ਅਤੇ ਮੌਤਾਂ ਦਾ ਅੰਕੜਾ ਹੋ ਵਧ ਸਕਦਾ ਹੈ।"

"ਬੱਤਰਾ ਹਸਪਤਾਲ ਵਿਚ ਇਸ ਸਮੇਂ 220 ਮਰੀਜ਼ ਆਕਸਜੀਨ ਸਪੋਰਟ ਉੱਤੇ ਹਨ"

ਮਰਨ ਵਾਲਿਆਂ ਵਿੱਚ ਬੱਤਰਾ ਹਸਪਤਾਲ ਦੇ ਗੈਸਟ੍ਰੋਐਂਟੇਰੋਲੌਜੀ ਵਿਭਾਗ ਦੇ ਚੇਅਰਮੈਨ ਵੀ ਸ਼ਾਮਲ ਹਨ, ਜਦੋਂ ਕਿ ਡਾਕਟਰਾਂ ਨੇ 5 ਹੋਰ ਮਰੀਜ਼ਾਂ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕੀਤੀ ਹੈ।

ਇਹ ਵੀ ਪੜ੍ਹੋ:

ਕੀ ਬੋਲੇ ਬੱਤਰਾ ਹਸਪਤਾਲ ਦੇ ਸੀਈਓ

ਬੱਤਰਾ ਹਸਪਤਾਲ ਦੇ ਸੀਈਓ ਡਾ. ਸੁਧਾਂਸ਼ੂ ਬੰਕਟਾ ਨੇ ਬੀਬੀਸੀ ਪੱਤਰਕਾਰ ਅਮੀਰ ਪੀਰਜ਼ਾਦਾ ਨਾਲ ਗੱਲ ਕਰਦਿਆਂ ਦੱਸਿਆ, "ਅਸੀਂ ਸਵੇਰੇ 7 ਵਜੇ ਇਹ ਜਾਣਦੇ ਸੀ ਕਿ 12 ਵਜੇ ਤੱਕ ਸਾਡੇ ਕੋਲ ਆਕਸੀਜਨ ਖ਼ਤਮ ਹੋ ਜਾਵੇਗੀ। ਅਸੀਂ ਦਿੱਲੀ ਸਰਕਾਰ ਦੇ ਸਾਰੇ ਨੋਡਲ ਅਫ਼ਸਰਾਂ ਨੂੰ ਫ਼ੋਨ ਕੀਤਾ ਅਤੇ ਮੌਜੂਦਾ ਹਾਲਾਤਾਂ ਤੋਂ ਜਾਣੂ ਕਰਵਾਇਆ।"

"ਅਸੀਂ ਆਪਣੇ ਮੁੱਖ ਸਪਲਾਈਰਾਂ ਗੋਇਲ ਅਤੇ ਇਨੋਕਸ ਗੈਸਿਸ ਨੂੰ ਵੀ ਆਕਸੀਜਨ ਦੇਣ ਦੀ ਅਪੀਲ ਕੀਤੀ ਪਰ ਉਨ੍ਹਾਂ ਕਿਹਾ ਕਿ ਉਹ ਸ਼ਾਮ ਤੋਂ ਪਹਿਲਾਂ ਆਕਸੀਜਨ ਨਹੀਂ ਦੇ ਸਕਦੇ। ਦੁਪਹਿਰ 12 ਵਜੇ ਮੈਂ ਖ਼ੁਦ ਹਾਈਕੋਰਟ 'ਚ ਮੌਜੂਦ ਸੀ ਅਤੇ ਮੈਂ ਅਦਾਲਤ ਨੂੰ ਦੱਸਿਆ ਕਿ ਸਾਡੇ ਕੋਲ ਆਕਸੀਜਨ ਖ਼ਤਮ ਹੋ ਗਈ ਹੈ।"

"ਉਨ੍ਹਾਂ ਨੇ ਦਿੱਲੀ ਸਰਕਾਰ ਨੂੰ ਸਾਡੀ ਮਦਦ ਕਰਨ ਲਈ ਕਿਹਾ। ਦਿੱਲੀ ਸਰਕਾਰ ਦੇ ਆਕਸੀਜਨ ਸੈਂਟਰ ਬੁਰਾੜੀ ਇਲਾਕੇ ਵੱਲ ਸੀ। ਸਾਡੇ ਕੋਲ ਜਦੋਂ ਤੱਕ ਉਹ ਪਹੁੰਚੇ, ਉਦੋਂ ਤੱਕ ਬਿਨਾਂ ਆਕਸੀਜਨ ਤੋਂ 1 ਘੰਟਾ 20 ਮਿੰਟ ਹੋ ਚੁੱਕੇ ਸਨ। ਇਸ ਦੌਰਾਨ 8 ਕੋਵਿਡ ਮਰੀਜ਼ਾਂ ਦੀ ਜਾਨ ਚਲੀ ਗਈ।"

"ਮਰਨ ਵਾਲਿਆਂ ਵਿੱਚ ਸਾਡੇ ਹਸਪਤਾਲ ਦੇ ਗੈਸਟ੍ਰੋਐਂਟੇਰੋਲੌਜੀ ਵਿਭਾਗ ਦੇ ਚੇਅਰਮੈਨ ਵੀ ਸ਼ਾਮਲ ਸਨ ਜਿੰਨਾਂ ਨੂੰ ਕੋਰੋਨਾ ਦੀ ਲਾਗ ਲੱਗੀ ਸੀ। ਇਸ ਤੋਂ ਪਹਿਲਾਂ ਉਹ ਦਿਨ-ਰਾਤ ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਸਨ।"

ਉਨ੍ਹਾਂ ਕਿਹਾ ਕਿ ਦਿੱਲੀ ਨੂੰ 700 ਮਿਟ੍ਰਿਕ ਟਨ ਆਕਸੀਜਨ ਦੀ ਇਸ ਵੇਲੇ ਲੋੜ ਹੈ ਜਦਕਿ ਕੇਂਦਰ ਸਰਕਾਰ ਵੱਲੋਂ 490 ਮਿਟ੍ਰਿਕ ਟਨ ਦਾ ਕੋਟਾ ਹੀ ਰੱਖਿਆ ਗਿਆ ਹੈ। ਇਸ ਵਿੱਚੋਂ ਵੀ ਮਹਿਜ਼ 445 ਚਨ ਦੇ ਕਰੀਬ ਆਕਸੀਜਨ ਦਿੱਲੀ ਨੂੰ ਮਿਲ ਰਹੀ ਹੈ।

"ਸਾਡੇ ਹਸਪਤਾਲ ਨੂੰ 7 ਮਿਟ੍ਰਿਕ ਟਨ ਆਕਸੀਜਨ ਦੀ ਲੋੜ ਹੈ ਪਰ ਸਾਨੂੰ ਮਹਿਜ਼ 4.9ਮਿਟ੍ਰਿਕ ਟਨ ਹੀ ਮਿਲ ਪਾ ਰਹੀ ਹੈ।"

ਦਿੱਲੀ ਹਾਈਕੋਰਟ ਦੀ ਕੇਂਦਰ ਨੂੰ ਚੇਤਾਵਨੀ, ਆਕਸੀਜਨ ਦਵੋ ਨਹੀਂ ਤਾਂ ਅਦਾਲਤੀ ਹੁਕਮ ਅਦੂਲੀ ਦਾ ਮਾਮਲਾ ਚੱਲੇਗਾ

ਦਿੱਲੀ ਹਾਈਕੋਰਟ ਨੇ ਸ਼ਨੀਵਾਰ ਨੂੰ ਭਾਰਤ ਦੀ ਕੇਂਦਰ ਸਰਕਾਰ ਨੂੰ ਦਿੱਲੀ ਲਈ ਰੋਜ਼ਾਨਾਂ 490 ਮੀਟ੍ਰਿਕ ਟਨ ਆਕਸੀਜਨ ਮਹੱਈਆ ਕਰਵਾਉਣਾ ਹਰ ਹੀਲੇ ਯਕੀਨੀ ਬਣਾਉਣ ਲਈ ਕਿਹਾ ਹੈ।

ਜਸਟਿਸ ਵਿਪਨ ਸਾਂਘੀ ਤੇ ਰੇਖਾ ਪਿੱਲੇ ਦੀ ਡਿਵੀਜਨ ਬੈਂਚ ਨੇ ਇਹ ਹੁਕਮ ਕਈ ਹਸਪਤਾਲਾਂ ਵਲੋਂ ਆਕਸੀਜਨ ਦੀ ਕਮੀ ਹੋਣ ਬਾਰੇ ਦੱਸੇ ਜਾਣ ਤੋਂ ਬਾਅਦ ਸੁਣਾਇਆ।

ਹਾਈਕੋਰਟ ਨੇ ਚੇਤਾਵਨੀ ਦਿੱਤੀ ਕਿ ਜੇਕਰ ਅੱਜ ਹੀ ਦਿੱਲੀ ਨੂੰ ਆਕਸੀਜਨ ਮਹੱਈਆ ਨਹੀਂ ਕਰਵਾਈ ਗਈ ਤਾਂ ਕੇਂਦਰ ਸਰਕਾਰ ਖਿਲਾਫ਼ ਅਦਾਲਤੀ ਹੁਕਮ ਅਦੂਲੀ ਦਾ ਮਾਮਲਾ ਚੱਲੇਗਾ।

ਅਦਾਲਤ ਨੇ ਕਿਹਾ, ''ਪਾਣੀ ਸਿਰ ਤੋਂ ਲੰਘ ਗਿਆ ਹੈ, ਹੁਣ ਅਸੀਂ ਅਮਲ ਕਰਵਾਉਣਾ ਹੈ, ਤੁਹਾਨੂੰ( ਕੇਂਦਰ) ਹੁਣ ਸਭ ਪਾਸੇ ਦਾ ਪ੍ਰਬੰਧ ਕਰਨਾ ਪਵੇਗਾ''

ਕਈ ਹਸਪਤਾਲਾਂ ਨੇ ਅੱਜ ਅਦਾਲਤ ਨੂੰ ਦੱਸਿਆ ਕਿ ਇੰਡਿਅਨ ਏਅਰ ਆਕਸੀਜਨ ਦੀ ਸਪਲਾਈ ਨਹੀਂ ਕਰ ਰਹੀ। ਅਦਾਲਤ ਨੇ ਕਿਹਾ ਹੁਣ ਬਹੁਤ ਹੋ ਗਿਆ, ਤੁਹਾਨੂੰ ਪ੍ਰਬੰਧ ਕਰਨਾ ਹੀ ਪੈਣਾ ਹੈ।

ਅਦਾਲਤ ਨੇ ਕਿਹਾ ਕਿ ਜੇਕਰ ਹੁਕਮਾਂ ਦੀ ਪਾਲ਼ਣਾ ਨਾ ਹੋਈ ਤਾਂ ਸਬੰਧਤ ਅਧਿਕਾਰੀ ਅਗਲੀ ਪੇਸ਼ੀ ਦੌਰਾਨ ਅਦਾਲਤ ਵਿਚ ਹਾਜ਼ਰ ਰਹਿਣ।

ਅਦਾਲਤ ਨੇ ਕਿਹਾ ਕਿ ਦਿੱਲੀ ਕੋਈ ਸਨਅਤ ਸੂਬਾ ਨਹੀਂ ਹੈ ਅਤੇ ਇੱਥੇ ਕਰਾਇਓਜੈਨਿਕ ਟੈਂਕਰ ਨਹੀਂ ਹਨ।

ਬੱਤਰਾ ਹਸਪਤਾਲ ਵਿਚ ਵਿਚ ਆਕਸੀਜਨ ਦੀ ਘਾਟ ਕਾਰਨ 8 ਮਰੀਜ਼ਾਂ ਦੀ ਮੌਤ ਹੋਣ ਦੀ ਜਾਣਕਾਰੀ ਵੀ ਅਦਾਲਤ ਕੋਲ ਪੁੱਜੀ ਤਾਂ ਅਦਾਲਤ ਨੇ ਕਿਹਾ, ''ਦਿੱਲੀ ਵਿਚ ਲੋਕ ਮਰ ਰਹੇ ਹਨ ਅਤੇ ਅਸੀਂ ਅੱਖਾਂ ਬੰਦ ਕਰੀ ਬੈਠੇ ਹਾਂ।"

ਅਦਾਲਤ ਨੇ ਦੇਖਿਆ ਕਿ 20 ਅਪ੍ਰੈਲ ਤੋਂ ਬਾਅਦ ਇੱਕ ਦਿਨ ਵੀ ਦਿੱਲੀ ਨੂੰ ਅਲਾਟ ਕੀਤੀ ਆਕਸੀਜਨ ਸਪਲਾਈ ਦਾ ਕੋਟਾ ਨਹੀਂ ਮਿਲਿਆ।

ਵਧੀਕ ਅਟਾਰਨੀ ਜਨਰਲ ਚੇਤਨ ਸ਼ਰਮਾਂ ਨੇ ਕਿਹਾ ਕਿ ਹਰ ਬੰਦਾ ਮੁਸ਼ਕਲ ’ਚ ਹੈ।

ਪਰ ਅਦਾਲਤ ਨੇ ਕਿਹਾ ਕਿ ਅਲ਼ਾਟਮੈਂਟ ਤੁਸੀਂ ਕੀਤੀ ਹੈ, ਤੁਹਾਨੂੰ ਇਹ ਪੂਰੀ ਕਰਨੀ ਪਵੇਗੀ, ਤੁਸੀਂ ਇਸ ਦੀ ਪੂਰਤੀ ਕਰੋ।

ਕਈ ਹਸਪਤਾਲਾਂ ਨੇ ਐਮਰਜੈਂਸੀ ਕਾਲ ਦਿੱਤੀ ਹੈ - ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਹੈ ਕਿ ਆਕਸੀਜਨ ਦੀ ਭਾਰੀ ਘਾਟ ਹੈ ਅਤੇ ਕਈ ਹਸਪਤਾਲਾਂ ਨੇ ਐਮਰਜੈਂਸੀ ਕਾਲ ਦਿੱਤੀ ਹੈ।

ਉਨ੍ਹਾਂ ਕਿਹਾ, "ਅਸੀਂ ਅਦਾਲਤ ਨੂੰ ਦੱਸਿਆ ਹੈ ਅਤੇ ਕੇਂਦਰ ਨੂੰ ਇਹ ਵੀ ਲਿਖਿਆ ਹੈ ਕਿ ਦਿੱਲੀ ਨੂੰ ਰੋਜ਼ਾਨਾ 976 ਟਨ ਆਕਸੀਜਨ ਦੀ ਜ਼ਰੂਰਤ ਹੈ ਪਰ ਸਾਨੂੰ ਸਿਰਫ਼ 490 ਟਨ ਆਕਸੀਜਨ ਹੀ ਦਿੱਤੀ ਗਈ ਹੈ ਅਤੇ ਕੱਲ੍ਹ ਸਾਨੂੰ ਸਿਰਫ 312 ਟਨ ਆਕਸੀਜਨ ਮਿਲੀ ਹੈ। ਆਖ਼ਰ ਇੰਝ ਕਿਵੇਂ ਚੱਲੇਗਾ? "

ਇਸੇ ਦੌਰਾਨ ਦਿੱਲੀ ਹਾਈਕੋਰਟ ਨੇ ਕੇਂਦਰ ਨੂੰ ਹੁਕਮ ਦਿੱਤੇ ਹਨ ਕਿ ਉਹ ਦਿੱਲੀ ਨੂੰ ਹਰ ਹੀਲੇ ਅੱਜ ਹੀ 490 ਮੀਟ੍ਰਿਕ ਟਨ ਆਕਸੀਜਨ ਉਪਲੱਬਧ ਕਰਵਾਏ ।

ਕੋਵਿਡ ਸੰਕਟ: ਮੋਦੀ ਸਰਕਾਰ ਨੇ ਵਿਗਿਆਨੀਆਂ ਦੀ ਚੇਤਾਵਨੀ ਨੂੰ ਨਜ਼ਰ ਅੰਦਾਜ਼ ਕੀਤਾ - ਰੌਇਟਰਜ਼

ਸਰਕਾਰ ਦੁਆਰਾ ਬਣਾਈ ਗਈ ਵਿਗਿਆਨਕ ਸਲਾਹਕਾਰਾਂ ਦੇ ਇੱਕ ਫੋਰਮ ਨੇ ਮਾਰਚ ਦੀ ਸ਼ੁਰੂਆਤ ਵਿੱਚ ਭਾਰਤੀ ਅਧਿਕਾਰੀਆਂ ਨੂੰ ਇੱਕ ਵਿਸ਼ੇਸ਼ ਚੇਤਾਵਨੀ ਦਿੱਤੀ ਸੀ। ਉਨ੍ਹਾਂ ਨੇ ਦੇਸ਼ ਵਿੱਚ ਇੱਕ ਨਵੇਂ ਅਤੇ ਵਧੇਰੇ ਲਾਗ ਵਾਲੇ ਵੈਰਿਅੰਟਾਂ ਦੇ ਫੈਲਣ ਦੇ ਸੰਕੇਤ ਦਿੱਤੇ ਸੀ।

ਫੋਰਮ ਵਿੱਚ ਸ਼ਾਮਲ ਪੰਜ ਵਿਗਿਆਨੀਆਂ ਨੇ ਇਹ ਜਾਣਕਾਰੀ ਨਿਊਜ਼ ਏਜੰਸੀ ਰੌਇਟਰਜ਼ ਨੂੰ ਦਿੱਤੀ ਹੈ।

ਚਾਰ ਵਿਗਿਆਨੀਆਂ ਨੇ ਕਿਹਾ ਕਿ ਚੇਤਾਵਨੀ ਦੇ ਬਾਵਜੂਦ, ਕੇਂਦਰ ਸਰਕਾਰ ਨੇ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਵੱਡੇ ਪੱਧਰ 'ਤੇ ਪਾਬੰਦੀਆਂ ਨਹੀਂ ਲਗਾਈਆਂ।

ਲੱਖਾਂ ਲੋਕਾਂ ਨੇ ਬਿਨਾਂ ਮਾਸਕ ਪਹਿਨੇ ਹੀ ਧਾਰਮਿਕ ਸਮਾਗਮਾਂ ਅਤੇ ਰਾਜਨੀਤਿਕ ਰੈਲੀਆਂ ਵਿਚ ਹਿੱਸਾ ਲਿਆ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਵਿਰੋਧੀ ਨੇਤਾਵਾਂ ਨੇ ਕੀਤੀਆਂ ਸੀ।

ਇਸ ਦੌਰਾਨ ਹਜ਼ਾਰਾਂ ਕਿਸਾਨਾਂ ਨੇ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨੋਂ ਖ਼ੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੀਆਂ ਸਰਹੱਦਾਂ 'ਤੇ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ।

ਦੁਨੀਆ ਦਾ ਦੂਜਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੁਣ ਲਾਗ ਦੇ ਦੂਜੇ ਦੌਰ ਨਾਲ ਜੂਝ ਰਿਹਾ ਹੈ, ਜੋ ਪਿਛਲੇ ਸਾਲ ਦੇ ਪਹਿਲੇ ਗੇੜ ਨਾਲੋਂ ਵੀ ਗੰਭੀਰ ਹੈ।

ਦੂਜੀ ਲਹਿਰ ਲਈ, ਕੁਝ ਵਿਗਿਆਨੀ ਨਵੇਂ ਵੈਰਿਅੰਟਾਂ ਨੂੰ ਜ਼ਿੰਮੇਵਾਰ ਮੰਨਦੇ ਹਨ ਅਤੇ ਦੂਸਰੇ ਬ੍ਰਿਟੇਨ ਵਿੱਚ ਪਹਿਲਾਂ ਮਿਲੇ ਵੈਰਿਅੰਟ ਨੂੰ ਇਸ ਦਾ ਜ਼ਿੰਮੇਦਾਰ ਠਹਿਰਾਉਂਦੇ ਹਨ।

ਕੋਰੋਨਾਵਾਇਰਸ ਨੂੰ ਲੈ ਕੇ ਇਹ ਮੌਜੂਦੀ ਸਥਿਤੀ ਨਰਿੰਦਰ ਮੋਦੀ ਲਈ ਸੱਤਾ ਵਿੱਚ ਆਉਣ ਤੋਂ ਬਾਅਦ ਦਾ ਸਭ ਤੋਂ ਵੱਡਾ ਸੰਕਟ ਹੈ। ਇਹ ਵੇਖਣਾ ਹੋਵੇਗਾ ਕਿ ਵਾਇਰਸ ਦੀ ਤਬਦੀਲੀ ਨਾਲ ਨਜਿੱਠਣ ਦਾ ਉਨ੍ਹਾਂ ਦਾ ਤਰੀਕਾ ਕਿਵੇਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਾਰਟੀ ਨੂੰ ਰਾਜਨੀਤਿਕ ਤੌਰ 'ਤੇ ਪ੍ਰਭਾਵਤ ਕਰਦਾ ਹੈ।

ਅਗਲੀਆਂ ਆਮ ਚੋਣਾਂ 2024 ਵਿਚ ਹੋਣੀਆਂ ਹਨ। ਸਥਾਨਕ ਚੋਣਾਂ ਲਈ ਵੋਟਿੰਗ ਹਾਲ ਹੀ ਦੇ ਮਾਮਲਿਆਂ ਵਿੱਚ ਰਿਕਾਰਡ ਉਛਾਲ ਤੋਂ ਪਹਿਲਾਂ ਹੀ ਪੂਰੀ ਹੋਈ ਹੈ।

ਮਾਰਚ ਦੇ ਸ਼ੁਰੂ ਵਿੱਚ, ਇੰਡੀਅਨ ਸਾਰਸ-ਕੋਵ -2 ਜੈਨੇਟਿਕਸ ਕੰਸੋਰਟੀਅਮ ਜਾਂ INSACOG ਨੇ ਨਵੇਂ ਰੂਪਾਂਤਰਣ ਬਾਰੇ ਚੇਤਾਵਨੀ ਜਾਰੀ ਕੀਤੀ ਸੀ।

ਇੱਕ ਵਿਗਿਆਨੀ ਅਤੇ ਉੱਤਰੀ ਭਾਰਤ ਵਿੱਚ ਇੱਕ ਖੋਜ ਕੇਂਦਰ ਦੇ ਨਿਰਦੇਸ਼ਕ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਚੇਤਾਵਨੀ ਇੱਕ ਉੱਚ ਅਧਿਕਾਰੀ ਨੂੰ ਦਿੱਤੀ ਗਈ ਸੀ ਜੋ ਸਿੱਧੇ ਪ੍ਰਧਾਨ ਮੰਤਰੀ ਨੂੰ ਰਿਪੋਰਟ ਕਰਦੇ ਹਨ।

ਰੌਇਟਰਜ਼ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕੇ ਕਿ INSACOG ਦੀ ਫਾਈਡਿੰਗ ਖੁਦ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਗਈ ਸੀ ਜਾਂ ਨਹੀਂ। ਰੌਇਟਰਜ਼ ਨੇ ਇਸ ਸਬੰਧ ਵਿਚ ਪ੍ਰਧਾਨ ਮੰਤਰੀ ਦਫਤਰ ਨਾਲ ਸੰਪਰਕ ਕੀਤਾ, ਜਿੱਥੋਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ।

ਗੁਜਰਾਤ ਦੇ ਭਰੂਚ 'ਚ ਅੱਗ ਲੱਗਣ ਨਾਲ ਘੱਟੋ-ਘੱਟ 18 ਕੋਵਿਡ ਮਰੀਜ਼ਾਂ ਦੀ ਮੌਤ

ਗੁਜਰਾਤ ਦੇ ਭਰੂਚ ਵਿੱਚ ਅੱਜ ਸਵੇਰੇ ਇੱਕ ਹਸਪਤਾਲ ਵਿੱਚ ਅੱਗ ਲੱਗਣ ਕਰਕੇ ਹੁਣ ਤੱਕ ਘੱਟੋ-ਘੱਟ 18 ਕੋਵਿਡ ਮਰੀਜ਼ਾਂ ਦੀ ਮੌਤ ਹੋ ਗਈ ਹੈ।

ਹਸਪਤਾਲ ਵਿੱਚ ਅੱਗ ਲੱਗਣ ਦੀਆਂ ਤਸਵੀਰਾਂ ਦਿਲ ਦਹਿਲਾ ਦੇਣ ਵਾਲੀਆਂ ਹਨ। ਚਾਰ ਮੰਜ਼ਿਲਾ ਹਸਪਤਾਲ ਵਿੱਚ ਜਦੋਂ ਅੱਗ ਲੱਗੀ ਤਾਂ 50 ਮਰੀਜ਼ ਮੌਜੂਦ ਸਨ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਅੱਗ ਅੱਧੀ ਰਾਤ ਨੂੰ ਕਰੀਬ ਇੱਕ ਵਜੇ ਲੱਗੀ। ਬਾਕੀ ਮਰੀਜ਼ਾਂ ਨੂੰ ਸਥਾਨਕ ਲੋਕਾਂ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੀ ਮਦਦ ਨਾਲ ਕੱਢਿਆ ਗਿਆ।

ਇੱਕ ਪੁਲਿਸ ਅਧਿਕਾਰੀ ਨੇ ਪੀਟੀਆਈ ਨੂੰ ਕਿਹਾ ਕਿ ਸਵੇਰੇ ਸਾਢੇ ਛੇ ਵਜੇ ਤੱਕ ਮਰਨ ਵਾਲਿਆਂ ਦੀ ਗਿਣਤੀ 18 ਸੀ। ਇਸ ਤੋਂ ਪਹਿਲਾਂ 12 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਸੀ।

ਭਰੂਚ ਦੇ ਐਸਪੀ ਰਾਜੇਂਦਰ ਸਿੰਘ ਚੁਡਾਸਾਮਾ ਨੇ ਕਿਹਾ ਕਿ 12 ਮਰੀਜ਼ਾਂ ਦੀ ਮੌਤ ਸਾਹ ਘੁਟਣ ਨਾਲ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਸਾਫ਼ ਨਹੀਂ ਹੈ ਕਿ ਬਾਕੀ 6 ਲੋਕਾਂ ਦੀ ਵੀ ਮੌਤ ਹੋਈ ਹੈ ਜਾਂ ਉਨ੍ਹਾਂ ਨੂੰ ਕਿਸੇ ਦੂਜੇ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ ਹੈ।

ਪੀਐੱਮ ਨਰਿੰਦਰ ਮੋਦੀ ਨੇ ਇਸ ਹਾਦਸੇ ਨੂੰ ਲੈ ਕੇ ਦੁੱਖ ਜ਼ਾਹਿਰ ਕੀਤਾ ਤੇ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਜਤਾਈ ਹੈ।

4 ਮਈ ਤੋਂ ਅਮਰੀਕਾ ਲਈ ਭਾਰਤ ਦਾ ਹਵਾਈ ਸਫ਼ਰ ਬੰਦ

ਕੋਰੋਨਾਵਇਰਸ ਦੇ ਵੱਧਦੇ ਕੇਸਾਂ ਵਿਚਾਲੇ ਭਾਰਤ ਦੇ ਤਾਜ਼ਾ ਹਾਲਾਤ ਨੂੰ ਦੇਖਦਿਆਂ ਅਮਰੀਕਾ ਨੇ ਭਾਰਤ ਤੋਂ ਹਵਾਈ ਸਫ਼ਰ ਕਰਨ ਵਾਲੇ ਉਨ੍ਹਾਂ ਲੋਕਾਂ ਉੱਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਹੈ ਜਿਹੜੇ ਅਮਰੀਕਾ ਵਾਸੀ ਨਹੀਂ ਹਨ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਗ਼ੈਰ-ਅਮਰੀਕੀ ਨਾਗਰਿਕਾਂ ਦੀ ਅਮਰੀਕਾ ਵਿੱਚ ਐਂਟਰੀ ਉੱਤੇ ਰੋਕ ਲਗਾਈ ਹੈ।

ਇਹ ਫੈਸਲਾ ਉਨ੍ਹਾਂ ਉੱਤੇ ਲਾਗੂ ਨਹੀਂ ਹੋਵੇਗਾ ਜਿਹੜੇ ਅਮਰੀਕਾ ਦੇ ਪੱਕੇ ਵਸਨੀਕ ਜਾਂ ਗ੍ਰੀਨ ਕਾਰਡ ਹੋਲਡਰ ਹਨ।

ਅਮਰੀਕਾ ਸਰਕਾਰ ਦੇ ਇਸ ਫ਼ੈਸਲੇ ਪਿੱਛੇ ਭਾਰਤ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਕੇਸਾਂ ਨੂੰ ਕਾਰਨ ਦੱਸਿਆ ਗਿਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)