You’re viewing a text-only version of this website that uses less data. View the main version of the website including all images and videos.
ਦੀਪ ਸਿੱਧੂ ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇ ਤਾਂ ਜੇਲ੍ਹ ਜਾਣ ਬਾਰੇ ਤੇ ਕਿਸਾਨੀ ਅੰਦੋਲਨ ਬਾਰੇ ਕੀ ਕਿਹਾ - 5 ਅਹਿਮ ਖ਼ਬਰਾਂ
ਅਦਾਕਾਰ ਦੀਪ ਸਿੱਧੂ ਦਿੱਲੀ ਦੀ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਆਪਣੇ ਪੰਜਾਬ ਦੌਰੇ ਦੌਰਾਨ ਲੰਘੇ ਦਿਨੀਂ ਅੰਮ੍ਰਿਤਸਰ ਪਹੁੰਚੇ ਸਨ।
26 ਜਨਵਰੀ ਨੂੰ ਲਾਲ ਕਿਲ੍ਹੇ ਦੀ ਹਿੰਸਾ ਮਾਮਲੇ ਵਿੱਚ ਉਨ੍ਹਾਂ ਦੀ ਜ਼ਮਾਨਤ ਹੋਈ ਹੈ।
ਦਰਅਸਲ ਤਿੰਨੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ 26 ਜਨਵਰੀ 2021 ਨੂੰ ਘਟਨਾ ਵਾਪਰੀ ਸੀ।
ਇਹ ਵੀ ਪੜ੍ਹੋ:
ਦੀਪ ਸਿੱਧੂ ਨੇ ਕਿਹਾ ਕਿ 26 ਜਨਵਰੀ ਨੂੰ ਜਿਹੜਾ ਉਹ ਮੋਟਰਸਾਈਕਲ ਲੈ ਕੇ ਨਿਕਲੇ ਉਸ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ।
ਦੀਪ ਸਿੱਧੂ ਨੇ ਅੰਮ੍ਰਿਤਸਰ ਪਹੁੰਚ ਕੇ ਜੋ ਕਿਹਾ ਉਹ ਇੱਥੇ ਕਲਿੱਕ ਕਰਕੇ ਦੇਖੋ ਤੇ ਸੁਣੋ
ਆਕਸੀਜਨ ਦੀ ਘਾਟ ਕਰਕੇ ਹੋਏ ਹਾਦਸੇ 'ਤੇ ਪ੍ਰਾਈਵੇਟ ਹਸਪਤਾਲਾਂ ਖਿਲਾਫ਼ ਕਾਰਵਾਈ ਨਹੀਂ ਹੋਵੇਗੀ - ਕੈਪਟਨ
ਕੋਵਿਡ ਵੈਕਸੀਨ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਸੱਦੀ ਵਰਚੂਅਲ ਮੀਟਿੰਗ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਨੂੰ 2 ਲੱਖ ਖੁਰਾਕਾਂ ਮਿਲੀਆਂ ਸਨ ਪਰ ਇਹ 45 ਸਾਲ ਤੋਂ ਵੱਧ ਉਮਰ ਵਰਗ ਦੀਆਂ ਦੋ ਦਿਨ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੀ ਨਾਕਾਫੀ ਸੀ।
ਸੂਬੇ ਵਿੱਚ ਆਕਸੀਜਨ ਦੀ ਕਮੀ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਕੈਪਟਨ ਨੇ ਆਕਸੀਜਨ ਸਿਲੰਡਰਾਂ ਦੀ ਕਾਲਾ ਬਜ਼ਾਰੀ, ਜਮ੍ਹਾਂਖੋਰੀ ਜਾਂ ਨਿੱਜੀ ਮੁਨਾਫ਼ਾ ਕਮਾਉਣ ਜਾਂ ਸੂਬੇ ਤੋਂ ਬਾਹਰ ਇਸ ਦੀ ਤਸਕਰੀ ਦੀ ਕਿਸੇ ਵੀ ਕਾਰਵਾਈ ਖਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।
ਪ੍ਰਾਈਵੇਟ ਹਸਪਤਾਲਾਂ ਨੂੰ ਬੈੱਡਾਂ ਦੀ ਗਿਣਤੀ ਵਧਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰੀ ਏਜੰਸੀਆਂ ਵੱਲੋਂ ਇਨ੍ਹਾਂ ਹਸਪਤਾਲਾਂ ਨੂੰ ਲੋੜੀਂਦੀ ਆਕਸੀਜਨ ਸਪਲਾਈ ਕੀਤੀ ਜਾਵੇਗੀ ਅਤੇ ਆਕਸੀਜਨ ਦੀ ਘਾਟ ਕਰਕੇ ਕੋਈ ਵੀ ਦੁਰਘਟਨਾ ਵਾਪਰਨ 'ਤੇ ਉਨ੍ਹਾਂ ਖਿਲਾਫ਼ ਦੰਡਾਤਮਕ ਕਾਰਵਾਈ ਨਹੀਂ ਕੀਤੀ ਜਾਵੇਗੀ।
30 ਅਪ੍ਰੈਲ ਦੀਆਂ ਹੋਰ ਅਹਿਮ ਖ਼ਬਰਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ
'ਸੋਸ਼ਲ ਮੀਡੀਆ 'ਤੇ ਦਵਾਈਆਂ, ਬੈੱਡ ਤੇ ਆਕਸੀਜਨ ਦੀ ਸ਼ਿਕਾਇਤ ਕਰਨ ਵਾਲਿਆਂ ਖਿਲਾਫ਼ ਨਾ ਕਰੋ ਕਾਰਵਾਈ'
ਸੁਪਰੀਮ ਕੋਰਟ ਨੇ ਆਕਸੀਜਨ ਅਤੇ ਦਵਾਈ ਦੀ ਸਪਲਾਈ ਅਤੇ ਕੋਰੋਨਾ ਮਹਾਂਮਾਰੀ ਸਬੰਧੀ ਹੋਰਨਾਂ ਨੀਤੀਆਂ ਨਾਲ ਜੁੜੇ ਮੁੱਦਿਆਂ ਦਾ ਖੁਦ ਨੋਟਿਸ ਲੈਂਦਿਆਂ ਸੁਣਵਾਈ ਦੀ ਸ਼ੁਰੂਆਤ ਕੀਤੀ।
ਜਸਟਿਸ ਡੀ ਵਾਈ ਚੰਦਰਚੂੜ ਨੇ ਕਿਹਾ, "ਸਾਡੇ ਸਾਹਮਣੇ ਕੁਝ ਪਟੀਸ਼ਨਾਂ ਹਨ ਜੋ ਬੇਹੱਦ ਅਹਿਮੀਅਤ ਵਾਲੇ ਮੁੱਦਿਆਂ ਨੂੰ ਗੰਭੀਰਤਾ ਨਾਲ ਚੁੱਕਦੀਆਂ ਹਨ। ਅਜਿਹੇ ਮੁੱਦਿਆਂ ਨੂੰ ਹਾਈ ਕੋਰਟ ਵਿੱਚ ਚੁੱਕਿਆ ਜਾਣਾ ਚਾਹੀਦਾ ਹੈ।
ਜਸਟਿਸ ਚੰਦਰਚੂੜ ਨੇ ਪੁੱਛਿਆ ਕਿ ਟੈਂਕਰਾਂ ਅਤੇ ਸਲੰਡਰਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਕਿਹੜੇ ਉਪਾਅ ਕੀਤੇ ਗਏ ਹਨ?
ਕਿੰਨੀ ਆਕਸੀਜਨ ਸਪਲਾਈ ਦੀ ਉਮੀਦ ਹੈ? ਕੇਂਦਰ ਅਤੇ ਸੂਬਾ ਸਰਕਾਰ ਅਨਪੜ੍ਹ ਜਾਂ ਜਿਨ੍ਹਾਂ ਕੋਲ ਇੰਟਰਨੈੱਟ ਦੀ ਪਹੁੰਚ ਨਹੀਂ ਹੈ, ਉਨ੍ਹਾਂ ਲਈ ਟੀਕਾ ਰਜਿਸਟਰੇਸ਼ਨ ਨੂੰ ਕਿਵੇਂ ਕਰੇਗੀ?
ਅਦਾਲਤ ਨੇ ਕੇਂਦਰ, ਸੂਬਿਆਂ ਅਤੇ ਡੀਜੀਪੀ ਨੂੰ ਕਿਹਾ ਕਿ ਅਫਵਾਹ ਫੈਲਾਉਣ ਦੇ ਨਾਂ 'ਤੇ ਕਾਰਵਾਈ ਹੋਈ ਤਾਂ ਇਹ ਅਦਾਲਤ ਦਾ ਅਪਮਾਨ ਸਮਝਿਆ ਜਾਵੇਗਾ।
ਖ਼ਬਰ ਨੂੰ ਤਫ਼ਸੀਲ ਵਿੱਚ ਇੱਥੇ ਪੜ੍ਹੋ।
ਆਕਸੀਜਨ ਕੰਸਨਟ੍ਰੇਟਰ ਕੀ ਹਨ
ਆਕਸੀਜਨ ਸਿਲੰਡਰ ਦੀ ਇੰਨ੍ਹੀ ਘਾਟ ਹੈ ਕਿ ਬਲੈਕ 'ਚ ਇੱਕ ਸਿਲੰਡਰ 50 ਹਜ਼ਾਰ ਤੋਂ 1 ਲੱਖ ਰੁਪਏ ਤੱਕ ਮਿਲ ਰਿਹਾ ਹੈ।
ਅਜਿਹੀ ਸਥਿਤੀ 'ਚ ਜਾਨ ਬਚਾਉਣ ਲਈ ਲੋਕ ਆਕਸੀਜਨ ਕੰਸਨਟ੍ਰੇਟਰ ਨੂੰ ਸੀਮਤ ਸਮੇਂ 'ਚ ਇਸਤੇਮਾਲ ਹੋਣ ਵਾਲੇ ਮਹੱਤਵਪੂਰਨ ਵਿਕਲਪ ਵੱਜੋਂ ਵੇਖ ਰਹੇ ਹਨ।
ਆਕਸੀਜਨ ਕੰਸਨਟ੍ਰੇਟਰ ਇੱਕ ਅਜਿਹੀ ਮਸ਼ੀਨ ਹੈ, ਜੋ ਹਵਾ 'ਚੋਂ ਹੀ ਆਕਸੀਜਨ ਇੱਕਠੀ ਕਰਦੀ ਹੈ।
ਇਸ ਆਕਸੀਜਨ ਨੂੰ ਨੱਕ 'ਚ ਜਾਣ ਵਾਲੀ ਟਿਊਬ ਦੀ ਮਦਦ ਨਾਲ ਲਿਆ ਜਾਂਦਾ ਹੈ। ਮਾਹਰਾਂ ਅਨੁਸਾਰ ਇਸ ਤੋਂ ਨਿਕਲਣ ਵਾਲੀ ਆਕਸੀਜਨ 90-95% ਤੱਕ ਸਾਫ਼ ਹੀ ਹੁੰਦੀ ਹੈ।
ਆਕਸੀਜਨ ਕੰਸਨਟ੍ਰੇਟਰ ਕੀ ਮਰੀਜ਼ ਦੀ ਜਾਨ ਵੀ ਬਚਾ ਸਕਦੇ ਹਨ? - ਪੂਰੀ ਖ਼ਬਰ ਇੱਥੇ ਪੜ੍ਹੋ
ਕੋਰੋਨਾਵਾਇਰਸ ਪੰਜਾਬ: ਸ਼ਹਿਰਾਂ ਮੁਕਾਬਲੇ ਪੇਂਡੂ ਖੇਤਰਾਂ 'ਚ ਮੌਤ ਦਰ ਜ਼ਿਆਦਾ ਕਿਉਂ
ਕੋਰੋਨਾਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਹੁਣ ਸ਼ਹਿਰਾਂ ਦੇ ਮੁਕਾਬਲੇ ਪੰਜਾਬ ਦੇ ਪਿੰਡਾਂ ਦੇ ਵਿੱਚ ਜ਼ਿਆਦਾ ਪਸਰ ਰਿਹਾ ਹੈ।
ਪੰਜਾਬ ਦੇ ਸਿਹਤ ਮਹਿਕਮੇ ਦੇ 1 ਜਨਵਰੀ 2021 ਤੋਂ 12 ਅਪਰੈਲ 2021 ਦੇ ਅੰਕੜਿਆਂ ਉੱਤੇ ਜੇਕਰ ਗ਼ੌਰ ਕੀਤਾ ਜਾਵੇ ਤਾਂ ਸੂਬੇ ਦੇ ਪੇਂਡੂ ਖੇਤਰਾਂ ਵਿੱਚ 58 ਫ਼ੀਸਦੀ ਕੋਵਿਡ ਮੌਤਾਂ ਦਰਜ ਕੀਤੀਆਂ ਗਈਆਂ ਹਨ ਜਦੋਂਕਿ ਕੋਰੋਨਾ ਪੌਜ਼ੀਟਿਵ ਕੇਸ ਦਰ 27 ਫ਼ੀਸਦੀ ਹੈ।
ਦੂਜੇ ਪਾਸੇ ਜੇਕਰ ਸ਼ਹਿਰੀ ਖੇਤਰ ਦੀ ਅਸੀਂ ਗਲ ਕਰੀਏ ਤਾਂ ਇੱਥੇ ਪੌਜ਼ੀਟਿਵ ਕੇਸ 73 ਫ਼ੀਸਦੀ ਹਨ ਅਤੇ ਮੌਤ ਦਰ 42 ਫ਼ੀਸਦੀ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਪਿੰਡਾਂ ਵਿੱਚ ਸ਼ਹਿਰਾਂ ਨਾਲੋਂ ਕੋਰੋਨਾ ਦੇ ਮਾਮਲੇ ਘੱਟ ਹੋਣ ਦੇ ਬਾਵਜੂਦ ਵੀ ਮੌਤਾਂ ਵਧੇਰੇ ਹੋ ਰਹੀਆਂ ਹਨ।
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਸ਼ਹਿਰੀ ਖੇਤਰਾਂ ਵਿੱਚ 0.7 ਫ਼ੀਸਦੀ ਦੇ ਮੁਕਾਬਲੇ ਪੇਂਡੂ ਖੇਤਰਾਂ ਵਿੱਚ ਕੋਵਿਡ ਨਾਲ ਹੋਣ ਵਾਲੀ ਮੌਤ ਦਰ 2.8 ਫ਼ੀਸਦੀ ਹੈ। ਉਂਝ ਪੂਰੇ ਪੰਜਾਬ ਵਿੱਚ ਇਸ ਸਮੇਂ ਮੌਤ ਦਰ 2.0 ਫ਼ੀਸਦੀ ਹੈ।
ਪਿੰਡਾਂ ਵਿੱਚ ਮੌਤ ਦਰ ਵੱਧ ਹੋਣ ਦੇ ਕਾਰਨ ਜਾਣਨ ਲਈ ਪੂਰੀ ਖ਼ਬਰ ਇੱਥੇ ਪੜ੍ਹੋ
ਇਹ ਵੀ ਪੜ੍ਹੋ: