ਕੋਰੋਨਾਵਾਇਰਸ: ਆਕਸੀਜਨ ਕੰਸਨਟ੍ਰੇਟਰ ਕੀ ਹਨ ਤੇ ਕੀ ਇਨ੍ਹਾਂ ਨਾਲ ਜਾਨ ਬੱਚ ਸਕਦੀ ਹੈ

    • ਲੇਖਕ, ਵਿਨੀਤ ਖਰੇ
    • ਰੋਲ, ਬੀਬੀਸੀ ਪੱਤਰਕਾਰ

ਉੱਤਰ ਪ੍ਰਦੇਸ਼ ਦੇ ਲਖਨਊ ਦੇ ਬਟਲਰ ਚੌਂਕ ਨੇੜੇ ਅੰਜਲੀ ਯਾਦਵ ਐਸਐਸਬੀ ਫਾਰਮਾਸਿਊਟਿਕਲਜ਼ 'ਚ ਆਕਸੀਜਨ ਕੰਸਨਟ੍ਰੇਟਰ ਵੇਚੇ ਜਾਂ ਫਿਰ ਕਿਰਾਏ 'ਤੇ ਮੁਹੱਈਆ ਕਰਵਾਏ ਜਾਂਦੇ ਹਨ।

ਪਰ ਪਿਛਲੇ ਕਈ ਹਫ਼ਤਿਆਂ ਤੋਂ 15,000 ਪ੍ਰਤੀ ਮਹੀਨਾ ਕਿਰਾਏ 'ਤੇ ਲਈਆਂ 15-20 ਮਸ਼ੀਨਾਂ ਨੂੰ ਲੋਕ ਵਾਪਸ ਕਰਨ ਦਾ ਨਾਂਅ ਹੀ ਨਹੀਂ ਲੈ ਰਹੇ ਹਨ। ਉਨ੍ਹਾਂ ਨੇ ਵਾਪਸ ਕਰਨ ਦੀ ਬਜਾਏ ਕੰਸਨਟ੍ਰੇਟਰ ਦੀ ਬੁਕਿੰਗ ਨੂੰ ਹੀ ਅੱਗੇ ਵਧਾ ਦਿੱਤਾ ਹੈ।

ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਸੜਕਾਂ 'ਤੇ, ਹਸਪਤਾਲਾਂ ਦੇ ਬਾਹਰ ਆਕਸੀਜਨ ਦੀ ਘਾਟ ਕਾਰਨ ਇੱਕ-ਇੱਕ ਸਾਹ ਲਈ ਤੜਫਦੇ ਲੋਕਾਂ ਦੀਆਂ ਕਹਾਣੀਆਂ ਸੁਣ ਕੇ ਅਤੇ ਤਸਵੀਰਾਂ ਵੇਖ ਕੇ ਲੋਕਾਂ ਦੇ ਮਨਾਂ 'ਚ ਡਰ ਬੈਠ ਗਿਆ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਦੇ ਮਨਾਂ 'ਚ ਵੀ ਦਹਿਸ਼ਤ ਘਰ ਕਰ ਗਈ ਹੈ ਕਿ ਕਿਤੇ ਇਹ ਸਥਿਤੀ ਉਨ੍ਹਾਂ 'ਤੇ ਵੀ ਨਾ ਆ ਜਾਵੇ।

ਇਸ ਸਮੇਂ ਰਾਜ 'ਚ ਆਕਸੀਜਨ ਸਿਲੰਡਰ ਦੀ ਇੰਨ੍ਹੀ ਘਾਟ ਹੈ ਕਿ ਬਲੈਕ 'ਚ ਇੱਕ ਸਿਲੰਡਰ 50 ਹਜ਼ਾਰ ਤੋਂ 1 ਲੱਖ ਰੁਪਏ ਤੱਕ ਮਿਲ ਰਿਹਾ ਹੈ।

ਅਜਿਹੀ ਸਥਿਤੀ 'ਚ ਜਾਨ ਬਚਾਉਣ ਲਈ ਲੋਕ ਆਕਸੀਜਨ ਕੰਸਨਟ੍ਰੇਟਰ ਨੂੰ ਸੀਮਤ ਸਮੇਂ 'ਚ ਇਸਤੇਮਾਲ ਹੋਣ ਵਾਲੇ ਮਹੱਤਵਪੂਰਨ ਵਿਕਲਪ ਵੱਜੋਂ ਵੇਖ ਰਹੇ ਹਨ।

ਆਕਸੀਜਨ ਸਿਲੰਡਰ ਦਾ ਵਿਕਲਪ?

ਆਕਸੀਜਨ ਕੰਸਨਟ੍ਰੇਟਰ ਇੱਕ ਅਜਿਹੀ ਮਸ਼ੀਨ ਹੈ, ਜੋ ਹਵਾ 'ਚੋਂ ਹੀ ਆਕਸੀਜਨ ਇੱਕਠੀ ਕਰਦੀ ਹੈ।

ਇਸ ਆਕਸੀਜਨ ਨੂੰ ਨੱਕ 'ਚ ਜਾਣ ਵਾਲੀ ਟਿਊਬ ਦੀ ਮਦਦ ਨਾਲ ਲਿਆ ਜਾਂਦਾ ਹੈ। ਮਾਹਰਾਂ ਅਨੁਸਾਰ ਇਸ ਤੋਂ ਨਿਕਲਣ ਵਾਲੀ ਆਕਸੀਜਨ 90-95% ਤੱਕ ਸਾਫ਼ ਹੀ ਹੁੰਦੀ ਹੈ।

ਮੌਜੂਦਾ ਸਮੇਂ ਜਦੋਂ ਹਸਪਤਾਲਾਂ 'ਚ ਬੈੱਡ ਨਹੀਂ ਮਿਲ ਰਹੇ ਹਨ ਅਤੇ ਲੋਕ ਸੜਕਾਂ 'ਤੇ ਹੀ ਦਮ ਤੋੜ ਰਹੇ ਹਨ, ਮੰਨਿਆ ਜਾ ਰਿਹਾ ਹੈ ਕਿ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਆਕਸੀਜਨ ਕੰਸਨਟ੍ਰੇਟਰ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ 1 ਲੱਖ ਆਕਸੀਜਨ ਕੰਸਨਟ੍ਰੇਟਰ ਖਰੀਦਣ ਦੀ ਗੱਲ ਕਹੀ ਹੈ।

ਜਰਮਨੀ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਤੋਂ ਵੀ ਭਾਰਤ ਦੀ ਮਦਦ ਲਈ ਆਕਸੀਜਨ ਕੰਸਨਟ੍ਰੇਟਰ ਭੇਜੇ ਜਾ ਰਹੇ ਹਨ। ਇਸ ਤੋਂ ਇਲਾਵਾ ਨਿੱਜੀ ਸੰਸਥਾਵਾਂ ਅਤੇ ਲੋਕ ਵੀ ਆਕਸੀਜਨ ਕੰਸਨਟ੍ਰੇਟਰ ਲੋੜਵੰਦਾਂ ਅਤੇ ਹਸਪਤਾਲਾਂ ਨੂੰ ਮੁਹੱਈਆ ਕਰਵਾਉਣ ਲਈ ਯਤਨ ਕਰ ਰਹੇ ਹਨ।

ਜਾਨਾਂ ਬਚਾਉਣ 'ਚ ਆਕਸੀਜਨ ਕੰਸਨਟ੍ਰੇਟਰ ਦੀ ਭੂਮਿਕਾ

ਅਪੋਲੋ ਹਸਪਤਾਲ 'ਚ ਪਲਮਨਰੀ ਮੈਡੀਸਨ ਦੇ ਸੀਨੀਅਰ ਸਲਾਹਕਾਰ ਡਾਕਟਰ ਰਾਜੇਸ਼ ਚਾਵਲਾ ਦਾ ਕਹਿਣਾ ਹੈ, "ਜੇਕਰ ਕਿਸੇ ਦਾ ਆਕਸੀਜਨ ਪੱਧਰ ਹੇਠਾਂ ਡਿੱਗ ਰਿਹਾ ਹੋਵੇ ਤਾਂ ਹਸਪਤਾਲ 'ਚ ਭਰਤੀ ਹੋਣ ਤੱਕ ਉਹ ਮਰੀਜ਼ ਆਕਸੀਜਨ ਕੰਸਨਟ੍ਰੇਟਰ ਦੀ ਮਦਦ ਨਾਲ ਆਪਣੀ ਜਾਨ ਸੁਰੱਖਿਅਤ ਕਰ ਸਕਦਾ ਹੈ।"

ਇਹ ਵਧੇਰੇ ਬਿਮਾਰ ਜਾਂ ਫਿਰ ਆਈਸੀਯੂ 'ਚ ਭਰਤੀ ਮਰੀਜ਼ਾਂ ਲਈ ਕਾਰਗਰ ਨਹੀਂ ਹੈ, ਕਿਉਂਕਿ ਉਸ ਸਮੇਂ ਮਰੀਜ਼ਾਂ ਨੂੰ ਇਸ ਦੇ ਮੁਕਾਬਲੇ ਪ੍ਰਤੀ ਘੰਟਾ ਕਈ ਗੁਣਾ ਜ਼ਿਆਦਾ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ, ਜੋ ਕਿ ਇਹ ਮਸ਼ੀਨਾਂ ਪੈਦਾ ਨਹੀਂ ਕਰ ਸਕਦੀਆਂ।

ਕੋਰੋਨਾਵਾਇਰਸ ਫੇਫੜਿਆਂ 'ਤੇ ਹਮਲਾ ਕਰਦਾ ਹੈ, ਜਿਸ ਕਾਰਨ ਲੋਕਾਂ 'ਚ ਆਕਸੀਜਨ ਦਾ ਪੱਧਰ ਡਿੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ।

ਵਿਸ਼ਵ ਸਿਹਤ ਸੰਗਠਨ ਅਨੁਸਾਰ ਆਕਸੀਜਨ ਕੰਸਨਟ੍ਰੇਟਰ ਦੀ ਵਰਤੋਂ ਉਨ੍ਹਾਂ ਲੋਕਾਂ ਨੂੰ ਵਧੇਰੇ ਆਕਸੀਜਨ ਦੇਣ ਲਈ ਕੀਤੀ ਜਾਂਦੀ ਹੈ ਜਿੰਨ੍ਹਾਂ ਨੂੰ ਕ੍ਰਾਨਿਕ ਆਬਸਟ੍ਰਿਕਟਿਵ ਪਲਮਨਰੀ ਬਿਮਾਰੀ ਹੁੰਦੀ ਹੈ। ਪਰ ਕੋਰੋਨਾ ਕਾਲ ਦੌਰਾਨ ਇਸ ਦਾ ਮਹੱਤਵ ਹੋਰ ਵੱਧ ਗਿਆ ਹੈ।

ਕ੍ਰਾਨਿਕ ਆਬਸਟ੍ਰਿਕਟਿਵ ਪਲਮਨਰੀ ਬਿਮਾਰੀ ਫੇਫੜਿਆਂ ਦੀ ਇੱਕ ਖ਼ਾਸ ਬਿਮਾਰੀ ਹੁੰਦੀ ਹੈ, ਜਿਸ 'ਚ ਉਸ ਤੱਕ ਪਹੁੰਚਣ ਵਾਲੀ ਆਕਸੀਜਨ ਦਾ ਰਸਤਾ ਬੰਦ ਹੋ ਜਾਂਦਾ ਹੈ ਅਤੇ ਮਰੀਜ਼ ਨੂੰ ਸਾਹ ਲੈਣ 'ਚ ਦਿੱਕਤ ਹੁੰਦੀ ਹੈ।

ਡਾ. ਚਾਵਲਾ ਕਹਿੰਦੇ ਹਨ ਕਿ ਆਕਸੀਜਨ ਕੰਸਨਟ੍ਰੇਟਰ ਦੀ ਮਦਦ ਨਾਲ ਬਹੁਤ ਸਾਰੇ ਲੋਕ ਘਰ 'ਚ ਹੀ ਆਪਣਾ ਇਲਾਜ ਕਰਵਾ ਸਕਦੇ ਹਨ।

ਉਨ੍ਹਾਂ ਅਨੁਸਾਰ ਜੇਕਰ ਮਰੀਜ਼ ਦਾ ਆਕਸੀਜਨ ਪੱਧਰ 90 ਤੋਂ ਹੇਠਾਂ ਆਉਂਦਾ ਹੈ ਤਾਂ ਹੀ ਉਸ ਨੂੰ ਇਸ ਦੀ ਵਰਤੋਂ ਬਾਰੇ ਸੋਚਣਾ ਚਾਹੀਦਾ ਹੈ।

ਉਹ ਅੱਗੇ ਇਹ ਕਹਿੰਦੇ ਹਨ ਕਿ ਜੇਕਰ ਆਕਸੀਜਨ ਕੰਸਨਟ੍ਰੇਟਰ ਮਰੀਜ਼ ਦੇ ਆਕਸੀਜਨ ਦੇ ਪੱਧਰ ਨੂੰ 88 ਜਾਂ 89 ਤੱਕ ਬਰਕਰਾਰ ਨਹੀਂ ਰੱਖ ਪਾ ਰਿਹਾ ਹੈ ਤਾਂ ਇਹ ਪ੍ਰਭਾਵਸ਼ਾਲੀ ਨਹੀਂ ਮੰਨਿਆ ਜਾ ਸਕਦਾ ਹੈ।

ਆਊਟ ਆਫ਼ ਸਟਾਕ

ਪਰ ਬਿਜਲੀ ਨਾਲ ਚੱਲਣ ਵਾਲੇ ਇਸ ਆਕਸੀਜਨ ਕੰਸਨਟ੍ਰੇਟਰ ਬਾਰੇ ਤਾਂ ਹੀ ਸੋਚਿਆ ਜਾ ਸਕਦਾ ਹੈ ਜੇ ਤੁਹਾਡੇ ਕੋਲ ਪੈਸੇ ਜਾਂ ਫਿਰ ਬਾਜ਼ਾਰ 'ਚ ਇਸ ਦੀ ਉਪਲਬਧਤਾ ਹੋਵੇ।

ਡਾ. ਚਾਵਲਾ ਅਨੁਸਾਰ ਪੰਜ ਲੀਟਰ ਪ੍ਰਤੀ ਘੰਟਾ ਆਕਸੀਜਨ ਬਣਾਉਣ ਵਾਲੇ ਇੱਕ ਕੰਸਨਟ੍ਰੇਟਰ ਦੀ ਕੀਮਤ ਲਗਭਗ 50 ਹਜ਼ਾਰ ਰੁਪਏ ਤੱਕ ਹੈ ਅਤੇ ਇੱਕ ਘੰਟੇ 'ਚ 10 ਲੀਟਰ ਆਕਸੀਜਨ ਤਿਆਰ ਕਰਨ ਵਾਲੇ ਕੰਸਨਟ੍ਰੇਟਰ ਦੀ ਕੀਮਤ ਤਕਰੀਬਨ 1 ਲੱਖ ਰੁਪਏ ਤੱਕ ਹੈ।

ਵਿਅਕਤੀ ਜਾਨ ਉੱਤੇ ਬਣਨ 'ਤੇ ਪੈਸੇ ਦਾ ਇੰਤਜ਼ਾਮ ਵੀ ਕਰ ਲਵੇ ਪਰ ਫਿਲਹਾਲ ਇਹ ਮਸ਼ੀਨ ਆਊਟ ਆਫ਼ ਸਟਾਕ ਹੈ।

ਆਨਲਾਈਨ ਅਤੇ ਆਫ਼ਲਾਈਨ ਹਰ ਮਾਰਕਿਟ 'ਚ ਇਸ ਦੀ ਉਪਲਬਧਤਾ ਨਹੀਂ ਹੋ ਪਾ ਰਹੀ ਹੈ। ਇੱਕ ਆਨਲਾਈਨ ਪੋਰਟਲ 'ਤੇ ਪ੍ਰਤੀ ਘੰਟਾ 7 ਲੀਟਰ ਆਕਸੀਜਨ ਤਿਆਰ ਕਰਨ ਵਾਲੀ ਮਸ਼ੀਨ 76 ਹਜ਼ਾਰ ਰੁਪਏ 'ਚ ਉਪਲਬਧ ਸੀ, ਪਰ ਉਸ ਲਈ ਵੀ ਜੁਲਾਈ ਤੱਕ ਦਾ ਇੰਤਜ਼ਾਰ ਕਰਨਾ ਪੈਣਾ ਸੀ।

ਲਖਨਊ ਦੀ ਅੰਜਲੀ ਯਾਦਵ ਕੋਲ ਘੱਟ ਤੋਂ ਘੱਟ 500 ਲੋਕਾਂ ਦੇ ਨਾਂਅ ਅਤੇ ਨੰਬਰ ਹਨ, ਜੋ ਕਿ ਆਕਸੀਜਨ ਕੰਸਨਟ੍ਰੇਟਰ ਖਰੀਦਣਾ ਚਾਹੁੰਦੇ ਹਨ ਅਤੇ ਆਪਣੀ ਵਾਰੀ ਦੇ ਇੰਤਜ਼ਾਰ 'ਚ ਹਨ।

ਉਨ੍ਹਾਂ ਦਾ ਮਾਲ ਅਮਰੀਕਾ ਤੋਂ ਆਉਂਦਾ ਹੈ ਅਤੇ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਅਗਲੀ ਖੇਪ ਮਈ ਮਹੀਨੇ ਆਵੇਗੀ। ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਹੈ ਕਿ ਉਨ੍ਹਾਂ ਦੇ ਆਰਡਰ ਮੁਤਾਬਕ ਉਨ੍ਹਾਂ ਨੂੰ ਮਸ਼ੀਨਾਂ ਮਿਲਣਗੀਆਂ ਜਾਂ ਫਿਰ ਨਹੀਂ।

ਅੰਜਲੀ ਕਹਿੰਦੇ ਹਨ, "ਅਸੀਂ 8-9 ਸਾਲਾਂ ਤੋਂ ਇਹ ਕੰਮ ਕਰ ਰਹੇ ਹਾਂ, ਪਰ ਅਜਿਹੀ ਸਥਿਤੀ ਅਸੀਂ ਇਸ ਤੋਂ ਪਹਿਲਾਂ ਕਦੇ ਨਹੀਂ ਵੇਖੀ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)