ਕੋਰੋਨਾਵਾਇਰਸ: ਪੰਜਾਬ 'ਚ ਆਕਸੀਜਨ ਦੀ ਕਮੀ ਕਾਰਨ ਹਸਪਤਾਲਾਂ ਨੇ ਦਾਖਲੇ ਨੂੰ ਕਹੀ ਨਾਂਹ - ਪ੍ਰੈੱਸ ਰਿਵੀਊ

ਪੰਜਾਬ ਵਿੱਚ ਆਕਸੀਜਨ ਦੀ ਘਾਟ ਦੇ ਚੱਲਦਿਆਂ ਕਈ ਪ੍ਰਾਈਵੇਟ ਹਸਪਤਾਲਾਂ ਨੇ ਮਰੀਜ਼ਾਂ ਨੂੰ ਦਾਖਲੇ ਤੋਂ ਇਨਕਾਰ ਕਰ ਦਿੱਤਾ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਬਠਿੰਡਾ ਦੇ ਜਿਹੜੇ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵਿਡ ਮਰੀਜ਼ ਹਨ ਉੱਥੇ ਆਕਸੀਜਨ ਦੀ ਸਪਲਾਈ ਘੱਟ ਹੋਣ ਕਰਕੇ ਕਈ ਹਸਪਤਾਲਾਂ ਨੇ ਨਵੇਂ ਮਰੀਜ਼ਾਂ ਨੂੰ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ:

ਆਕਸੀਜਨ ਦੀ ਘਾਟ ਨੇ ਪ੍ਰਾਈਵੇਟ ਹਸਪਤਾਲਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ ਅਤੇ ਖ਼ਬਰ ਮੁਤਾਬਕ ਸ਼ਹਿਰ ਦੇ ਨਾਮਦੇਵ ਰੋਡ ਉੱਤੇ ਇੱਕ ਨਿੱਜੀ ਹਸਪਤਾਲ ਨੂੰ 20 ਮਰੀਜ਼ਾਂ ਨੂੰ ਵਾਪਸ ਭੇਜਣਾ ਪਿਆ।

ਉਧਰ ਦੂਜੇ ਪਾਸੇ ਅੰਮ੍ਰਿਤਸਰ ਵਿੱਚ ਵੀ ਨਿੱਜੀ ਹਸਪਤਾਲ ਨੇ ਆਕਸੀਜਨ ਦੀ ਕਮੀ ਦੇ ਚੱਲਦਿਆਂ ਮਰੀਜ਼ਾਂ ਨੂੰ ਦਾਖਲੇ ਤੋਂ ਨਾਂਹ ਕਰ ਦਿੱਤੀ ਹੈ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਮਾਝਾ ਤੇ ਦੁਆਬਾ ਦੇ 8 ਜ਼ਿਲ੍ਹਿਆਂ ਤੋਂ ਕੋਰੋਨਾ ਦੇ ਮਰੀਜ਼ ਦਾਖਲ ਹਨ ਅਤੇ ਹਸਪਤਾਲ ਨੇ ਕ੍ਰਿਟਿਕਲ ਕੇਅਰ ਵਿੱਚ ਹੋਰ ਮਰੀਜ਼ਾਂ ਦੇ ਦਾਖਲੇ ਨੂੰ ਆਕਸੀਜਨ ਦੀ ਕਮੀ ਅਤੇ ਬੈੱਡ ਨਾ ਹੋਣ ਕਰਕੇ ਨਾਂਹ ਕਰ ਦਿੱਤੀ ਹੈ।

ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਰਾਜੀਵ ਕੁਮਾਰ ਦੇਵਗਨ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਆ ਰਹੇ ਮਰੀਜ਼ਾਂ ਦਾ ਲੋਡ ਕਿਵੇਂ ਹੈਂਡਲ ਕਰਨਗੇ।

ਕੋਰੋਨਾ ਨਿਯਮਾਂ ਨੂੰ ਤੋੜਨ ਕਰਕੇ ਸੁਖਬੀਰ 'ਤੇ ਪਰਚਾ, ਕਈ ਅਕਾਲੀ ਆਗੂ ਗ੍ਰਿਫ਼ਤਾਰ

ਕੋਰੋਨਾ ਨਿਯਮਾਂ ਨੂੰ ਤੋੜਨ ਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਪਰਚਾ ਦਰਜ ਕੀਤਾ ਗਿਆ ਹੈ।

ਹਿੰਦੂਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਕੋਰੋਨਾ ਪ੍ਰੋਟੋਕੌਲ ਦੀ ਉਲੰਘਣਾ ਕਰਦਿਆਂ ਬਾਦਲ ਪਿੰਡ ਵਿਖੇ ਇੱਕ ਸਿਆਸੀ ਪ੍ਰੋਗਰਾਮ ਕਰਨ ਕਰਕੇ ਸੁਖਬੀਰ ਸਿੰਘ ਬਾਦਲ ਉੱਤੇ ਪਰਚਾ ਦਰਜ ਹੋਇਆ ਹੈ।

ਇਸ ਤੋਂ ਇਲਾਵਾ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਅਤੇ ਪੰਜ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਲੰਬੀ ਦੇ ਐੱਸਐੱਚਓ ਚੰਦਰ ਸ਼ੇਖਰ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਸਟੂਡੈਂਟ ਆਰਗਾਨਾਈਜ਼ੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਅਰਸ਼ਦੀਪ ਸਿੰਘ ਉਰਫ਼ ਰੋਬਿਨ ਬਰਾੜ ਵੀ ਸ਼ਾਮਿਲ ਹਨ।

ਪੁਲਿਸ ਮੁਤਾਬਕ, ਸਾਰੇ ਮੁਲਜ਼ਮਾਂ ਨੂੰ ਧਾਰਾ 188 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਅਤੇ ਬਾਅਦ ਵਿੱਚ ਜ਼ਮਾਨਤ 'ਤੇ ਰਿਹਾ ਕੀਤਾ ਗਿਆ।

ਗੱਲਬਾਤ ਲਈ ਤਿਆਰ ਪਰ ਇਹ ਸਿਰਫ਼ ਖੇਤੀ ਕਾਨੂੰਨ ਰੱਦ ਕਰਨ ਬਾਰੇ ਹੋਵੇ - ਟਿਕੈਤ

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਨਾਲ ਗੱਲ ਕਰਨ ਨੂੰ ਤਿਆਰ ਹਨ।

ਐਨਡੀਟੀਵੀ ਦੀ ਖ਼ਬਰ ਮੁਤਾਬਕ ਉਨ੍ਹਾਂ ਇਹ ਵੀ ਕਿਹਾ ਕਿ ਗੱਲਬਾਤ ਸਿਰਫ਼ ਕਾਨੂੰਨ ਰੱਦ ਕਰਨ ਉੱਤੇ ਹੀ ਹੋਣੀ ਚਾਹੀਦੀ ਹੈ।

ਖ਼ਬਰ ਮੁਤਾਬਕ ਹਰਿਆਣਾ ਦੇ ਭਿਵਾਨੀ ਵਿੱਚ ਪ੍ਰੇਮ ਨਗਰ ਪਿੰਡ 'ਚ ਕਿਸਾਨ ਪੰਚਾਇਤ ਦੌਰਾਨ ਟਿਕੈਤ ਨੇ ਕਿਹਾ ਕਿ ਕਿਸਾਨਾਂ ਨੂੰ ਆਪਣਾ ਅੰਦੋਲਨ ਲੰਬੇ ਸਮੇਂ ਤੱਕ ਰੱਖਣਾ ਹੋਵੇਗਾ, ਪਰ ਇਹ ਪੱਕਾ ਹੈ ਕਿ ਉਹ ਜਿੱਤ ਤੋਂ ਬਗੈਰ ਘਰਾਂ ਨੂੰ ਨਹੀਂ ਪਰਤਣਗੇ।

ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਨੂੰ ਪੰਜ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਖੇਤੀ ਕਾਨੂੰਨਾਂ ਖ਼ਿਲਾਫ਼ ਮੁਜ਼ਾਹਰਾ ਕਰਦਿਆਂ।

ਕੋਰੋਨਾ ਵੈਕਸੀਨ: ਸਟੌਕ ਦੀ ਘਾਟ ਕਾਰਨ ਕਈ ਸੂਬੇ ਕਹਿੰਦੇ ਟੀਕਾਕਰਨ 1 ਮਈ ਤੋਂ ਨਹੀਂ

18 ਸਾਲ ਤੋਂ ਵੱਧ ਦੀ ਉਮਰ ਦੇ ਲੋਕਾਂ ਲਈ ਕੋਰੋਨਾ ਵੈਕਸੀਨ ਲਗਵਾਉਣ ਲਈ 1 ਮਈ ਤਾਰੀਖ਼ ਸਰਕਾਰ ਵੱਲੋਂ ਤੈਅ ਕੀਤੀ ਗਈ ਸੀ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਇਸ ਟੀਕਾਕਰਨ ਲਈ ਇੱਕ ਤੋਂ ਬਾਅਦ ਇੱਕ ਸੂਬੇ ਐਲਾਨ ਕਰ ਰਹੇ ਹਨ ਕਿ ਵੈਕਸੀਨ ਦਾ ਸਟੌਕ ਨਾ ਹੋਣ ਕਰਕੇ ਉਹ ਤੈਅ ਸਮੇਂ ਉੱਤੇ ਵੈਕਸੀਨੇਸ਼ਨ ਸ਼ੁਰੂ ਨਹੀਂ ਕਰ ਸਕਣਗੇ।

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਇਹ ਕਹਿ ਚੁੱਕੇ ਹਨ ਕਿ 18-45 ਉਮਰ ਵਰਗ ਦੇ ਲੋਕਾਂ ਲਈ ਵੈਕਸੀਨੇਸ਼ਨ 1 ਮਈ ਤੋਂ ਸ਼ੁਰੂ ਨਹੀਂ ਹੋਵੇਗੀ ਪਰ 45 ਸਾਲ ਤੋਂ ਵੱਧ ਦੇ ਲੋਕਾਂ ਲਈ ਵੈਕਸੀਨੇਸ਼ਨ ਜਾਰੀ ਹੈ।

ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਿਅਨ ਨੇ ਵੀ ਕਿਹਾ ਹੈ ਕਿ ਸਾਡੀ ਪ੍ਰਾਥਮਿਕਤਾ ਦੂਜੀ ਡੋਜ਼ ਲੈਣ ਵਾਲੇ ਲੋਕ ਹੋਣਗੇ

ਇਸ ਤੋਂ ਇਲਾਵਾ ਦਿੱਲੀ, ਪੰਜਾਬ, ਮਹਾਰਾਸ਼ਟਰ ਅਤੇ ਗੁਜਰਾਤ ਨੇ ਵੀ ਇਸ ਗੱਲ ਵੱਲ ਇਸ਼ਾਰਾ ਕੀਤਾ ਹੈ ਕਿ ਸਟੌਕ ਨਾ ਆਉਣ ਕਰਕੇ ਉਹ 1 ਮਈ ਤੋਂ 18 ਸਾਲ ਤੋਂ ਵੱਧ ਦੇ ਲੋਕਾਂ ਲਈ ਟੀਕਾਕਰਨ ਸ਼ੁਰੂ ਨਹੀਂ ਕਰ ਸਕਣਗੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)