ਕੋਰੋਨਾਵਾਇਰਸ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਆਕਸੀਜਨ ਦੀ ਘਾਟ ਕਰਕੇ ਹੋਏ ਹਾਦਸੇ 'ਤੇ ਪ੍ਰਾਈਵੇਟ ਹਸਪਤਾਲਾਂ ਖਿਲਾਫ਼ ਕਾਰਵਾਈ ਨਹੀਂ ਹੋਵੇਗੀ - ਅਹਿਮ ਖ਼ਬਰਾਂ

ਇਸ ਪੰਨੇ ਰਾਹੀਂ ਅਸੀਂ ਕੋਰੋਨਾਵਾਇਰਸ ਸਬੰਧੀ ਅੱਜ ਦੀਆਂ ਅਹਿਮ ਖ਼ਬਰਾਂ ਦੀ ਜਾਣਕਾਰੀ ਦੇ ਰਹੇ ਹਾਂ।

ਕੋਵਿਡ ਵੈਕਸੀਨ ਦੀ ਘਾਟ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 18-45 ਸਾਲ ਉਮਰ ਵਰਗ ਦੀ ਤੀਜੇ ਪੜਾਅ ਦੇ ਟੀਕਾਕਰਨ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਇਹ ਮੁਹਿੰਮ ਪਹਿਲੀ ਮਈ ਨੂੰ ਸ਼ੁਰੂ ਹੋਣੀ ਸੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਰੇ ਪ੍ਰਾਈਵੇਟ ਸਿਹਤ ਸੰਸਥਾਵਾਂ ਵੱਲੋਂ ਸ਼ੁੱਕਰਵਾਰ ਸ਼ਾਮ ਨੂੰ ਬਕਾਇਆ ਪਈ ਅਣਵਰਤੀ ਵੈਕਸੀਨ ਭਾਰਤ ਸਰਕਾਰ ਨੂੰ ਵਾਪਸ ਕੀਤੇ ਜਾਣ ਨਾਲ ਇਨ੍ਹਾਂ ਸੰਸਥਾਵਾਂ ਕੋਲ ਭਲਕੇ ਤੋਂ 45 ਸਾਲ ਤੋਂ ਵੱਧ ਵਰਗ ਲਈ ਲਗਾਈ ਜਾਣ ਵਾਲੀ ਖੁਰਾਕ ਨਹੀਂ ਬਚੀ।

ਕੋਵਿਡ ਵੈਕਸੀਨ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਸੱਦੀ ਵਰਚੁਅਲ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ 2 ਲੱਖ ਖੁਰਾਕਾਂ ਮਿਲੀਆਂ ਸਨ ਪਰ ਇਹ 45 ਸਾਲ ਤੋਂ ਵੱਧ ਉਮਰ ਵਰਗ ਦੀਆਂ ਦੋ ਦਿਨ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੀ ਨਾਕਾਫੀ ਸੀ।

ਸੂਬੇ ਵਿੱਚ ਆਕਸੀਜਨ ਦੀ ਕਮੀ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਕੈਪਟਨ ਨੇ ਆਕਸੀਜਨ ਸਲੰਡਰਾਂ ਦੀ ਕਾਲਾਬਜ਼ਾਰੀ, ਜਮ੍ਹਾਂਖੋਰੀ ਜਾਂ ਨਿੱਜੀ ਮੁਨਾਫ਼ਾ ਕਮਾਉਣ ਜਾਂ ਸੂਬੇ ਤੋਂ ਬਾਹਰ ਇਸ ਦੀ ਤਸਕਰੀ ਦੀ ਕਿਸੇ ਵੀ ਕਾਰਵਾਈ ਖਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।

ਪ੍ਰਾਈਵੇਟ ਹਸਪਤਾਲਾਂ ਨੂੰ ਬੈੱਡਾਂ ਦੀ ਗਿਣਤੀ ਵਧਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰੀ ਏਜੰਸੀਆਂ ਵੱਲੋਂ ਇਨ੍ਹਾਂ ਹਸਪਤਾਲਾਂ ਨੂੰ ਲੋੜੀਂਦੀ ਆਕਸੀਜਨ ਸਪਲਾਈ ਕੀਤੀ ਜਾਵੇਗੀ ਅਤੇ ਆਕਸੀਜਨ ਦੀ ਘਾਟ ਕਰਕੇ ਕੋਈ ਵੀ ਦੁਰਘਟਨਾ ਵਾਪਰਨ 'ਤੇ ਉਨ੍ਹਾਂ ਖਿਲਾਫ਼ ਦੰਡਾਤਮਕ ਕਾਰਵਾਈ ਨਹੀਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ:

ਨਿਊਜ਼ ਐਂਕਰ ਰੋਹਿਤ ਸਰਦਾਨਾ ਦਾ ਦੇਹਾਂਤ

ਮਸ਼ਹੂਰ ਟੀਵੀ ਪੱਤਰਕਾਰ ਅਤੇ ਐਂਕਰ ਰੋਹਿਤ ਸਰਦਾਨਾ ਦਾ ਦੇਹਾਂਤ ਹੋ ਗਿਆ ਹੈ। 42 ਸਾਲ ਦੇ ਰੋਹਿਤ ਸਰਦਾਨਾ ਨੇ 24 ਅਪ੍ਰੈਲ ਨੂੰ ਟਵੀਟ ਕੀਤਾ ਸੀ ਕਿ ਉਨ੍ਹਾਂ ਨੂੰ ਸੀਟੀ ਸਕੈਨ ਵਿੱਚ ਕੋਰੋਨਾ ਦੀ ਲਾਗ ਬਾਰੇ ਪਤਾ ਲੱਗਿਆ ਹੈ।

ਉਦੋਂ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ ਪਰ ਛੇ ਦਿਨਾਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਚੈਨਲ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।

ਹਰਿਆਣਾ ਦੇ ਕੁਝ ਜ਼ਿਲ੍ਹਿਆਂ 'ਚ ਵੀਕੈਂਡ ਲੌਕਡਾਊਨ

ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਹਰਿਆਣਾ ਦੇ ਨੌਂ ਜ਼ਿਲ੍ਹਿਆਂ ਵਿੱਚ ਵੀਕੈਂਡ ਲੌਕਡਾਊਨ ਦਾ ਐਲਾਨ ਕਰ ਦਿੱਤਾ ਗਿਆ ਹੈ।

ਹਰਿਆਣਾ ਦੇ ਮੁੱਖ-ਮੰਤਰੀ ਮਨੋਹਰ ਲਾਲ ਨੇ ਟਵੀਟ ਕਰਕੇ ਕਿਹਾ ਕਿ ਪੰਚਕੂਲਾ, ਗੁਰੂਗ੍ਰਾਮ, ਫਰੀਦਾਬਾਦ, ਰੋਹਤਕ, ਕਰਨਾਲ, ਹਿਸਾਰ, ਸਿਰਸਾ, ਸੋਨੀਪਤ ਅਤੇ ਫਤੇਹਾਬਾਦ ਜ਼ਿਲ੍ਹਿਆਂ ਵਿੱਚ ਵੀਕੈਂਡ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ।

ਇਹ ਲੌਕਡਾਊਨ ਅੱਜ ਰਾਤ 10 ਵਜੇ ਤੋਂ ਤਿੰਨ ਮਈ ਸਵੇਰੇ 5 ਵਜੇ ਤੱਕ ਲਾਗੂ ਰਹੇਗਾ।

ਦਿੱਲੀ ਦੇ ਲੈਫਟੀਨੈਂਟ ਗਵਰਨਰ ਕੋਰੋਨਾ ਪੌਜ਼ੀਟਿਵ

ਦਿੱਲੀ ਦੇ ਲੈਫ਼ਟੀਨੈੱਟ ਗਵਰਨਰ ਅਨਿਲ ਬੈਜਲ ਕੋਵਿਡ ਪੌਜ਼ਿਟਿਵ ਹੋ ਗਏ ਹਨ। ਉਨ੍ਹਾਂ ਨੇ ਇਹ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ।

ਉਨ੍ਹਾਂ ਕਿਹਾ, "ਹਲਕੇ ਲਛਣਾ ਦੇ ਨਾਲ ਮੇਰਾ ਕੋਵਿਡ ਟੈਸਟ ਪੌਜ਼ਿਟਿਵ ਆਇਆ ਹੈ। ਮੈਂ ਖੁਦ ਨੂੰ ਵੱਖ ਕਰ ਲਿਆ ਹੈ। ਜੋ ਵੀ ਮੇਰੇ ਸੰਪਰਕ ਵਿੱਚ ਆਏ ਸਨ ਸਭ ਦਾ ਟੈਸਟ ਹੋ ਗਿਆ ਹੈ। ਆਪਣੇ ਘਰ ਤੋਂ ਹੀ ਦਿੱਲੀ ਦੇ ਹਾਲਾਤ ਬਾਰੇ ਜਾਣਕਾਰੀ ਅਤੇ ਕੰਮ ਕਰਦਾ ਰਹਾਂਗਾ।"

ਅਮਰੀਕਾ ਤੋਂ ਮਦਦ ਲਈ ਪਹਿਲਾ ਪੈਕੇਜ ਭਾਰਤ ਪਹੁੰਚਿਆ

ਭਾਰਤ ਵਿੱਚ ਕੋਰੋਨਾ ਸੰਕਟ ਨੂੰ ਦੇਖਦਿਆਂ ਅਮਰੀਕਾ ਸਰਕਾਰ ਨੇ ਮਦਦ ਦਾ ਐਲਾਨ ਕੀਤਾ ਸੀ।

ਇਸ ਤੋਂ ਬਾਅਦ ਸ਼ੁੱਕਰਵਾਰ 30 ਅਪ੍ਰੈਲ ਨੂੰ ਸਵੇਰ ਅਮਰੀਕੀ ਹਵਾਈ ਫੌਜ ਦੇ ਜਹਾਜਾਂ ਰਾਹੀਂ ਪਹਿਲਾ ਮਦਦ ਪੈਕੇਜ ਰਾਜਧਾਨੀ ਦਿੱਲੀ ਪਹੁੰਚਿਆ।

ਖ਼ਬਰ ਏਜੰਸੀ ਏਐਨਆਈ ਮੁਤਾਬਕ ਅਗਲੇ ਹਫ਼ਤੇ ਅਜਿਹੇ ਹੋਰ ਜਹਾਜ਼ ਵੀ ਆਉਣਗੇ।

ਅਮਰੀਕਾ ਵੱਲੋਂ ਆ ਰਹੇ ਇਨ੍ਹਾਂ ਪੈਕੇਜ ਵਿੱਚ ਆਕਸੀਜਨ ਸਪਲਾਈ ਵਿੱਚ ਮਦਦ ਕਰਨ ਵਾਲੇ ਉਪਕਰਨ ਤੋਂ ਇਲਾਵਾ ਟੈਸਟ ਤੇ ਵੈਕਸੀਨ ਨਾਲ ਜੁੜਿਆ ਸਮਾਨ ਸ਼ਾਮਲ ਹੈ।

ਦਿੱਲੀ ਨਹੀਂ ਪਹੁੰਚੀ ਵੈਕਸੀਨ, ਨਹੀਂ ਸ਼ੁਰੂ ਹੋਵੇਗਾ 1 ਮਈ ਨੂੰ ਟੀਕਾਕਰਨ

ਕੋਰੋਨਾਵਾਇਰਸ ਨਾਲ ਲੜਾਈ ਵਿੱਚ ਕਾਰਗਰ ਮੰਨੀਆਂ ਜਾਂਦੀਆਂ ਵੈਕਸੀਨ ਦੀ ਸਪਲਾਈ ਦਿੱਲੀ ਸਣੇ ਕਈ ਸੂਬਿਆਂ ਵਿੱਚ ਨਹੀਂ ਹੋਈ ਹੈ।

ਹਾਲਾਂਕਿ ਭਾਰਤ ਸਰਕਾਰ ਨੇ ਇੱਕ ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਵੈਕਸੀਨ ਦੀ ਸ਼ੁਰੂਆਤ ਦੀ ਗੱਲ ਆਖੀ ਹੈ ਪਰ ਅਜੇ ਵੀ ਕਈ ਸੂਬਿਆਂ ਨੂੰ ਵੈਕਸੀਨ ਦੀ ਸਪਲਾਈ ਨਹੀਂ ਹੋਈ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਵੈਕਸੀਨ ਨਹੀਂ ਮਿਲੀ ਹੈ ਤੇ ਅਸੀਂ ਕੰਪਨੀਆਂ ਦੇ ਸੰਪਰਕ ਵਿੱਚ ਹਾਂ।

ਉਨ੍ਹਾਂ ਕਿਹਾ ਕਿ ਮੈਂ ਲੋਕਾਂ ਨੂੰ ਸ਼ਨੀਵਾਰ 1 ਮਈ ਨੂੰ ਵੈਕਸੀਨ ਸੈਂਟਰਾਂ ਉੱਤੇ ਲਾਈਨਾਂ ਵਿੱਚ ਨਾ ਲੱਗਣ ਦੀ ਅਪੀਲ ਕਰਦੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਪਹਿਲੀ ਕੈਬਨਿਟ ਬੈਠਕ ਸੱਦੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਿੱਚ ਕੋਰੋਨਾ ਸੰਕਟ ਸਬੰਧੀ ਮੰਤਰੀ ਮੰਡਲ ਨਾਲ ਬੈਠਕ ਕਰ ਰਹੇ ਹਨ। ਇਹ ਬੈਠਕ 11 ਵਜੇ ਤੋਂ ਵੀਡੀਓ ਕਾਨਫਰੰਸਿੰਗ ਹੋ ਰਹੀ ਹੈ।

ਦੇਸ਼ ਵਿੱਚ ਕੋਰੋਨਾ ਲਾਗ ਦੀ ਦੂਜੀ ਲਹਿਰ ਆਉਣ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੈ ਜਦੋਂ ਪ੍ਰਧਾਨ ਮੰਤਰੀ ਕੈਬਨਿਟ ਦੇ ਨਾਲ ਬੈਠਕ ਕਰ ਰਹੇ ਹਨ।

24 ਘੰਟਿਆਂ 'ਚ 3.86 ਲੱਖ ਭਾਰਤੀਆਂ ਨੂੰ ਲਾਗ, 3,498 ਮੌਤਾਂ

ਭਾਰਤ ਵਿੱਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ।

ਹਰ ਦਿਨ ਲਾਗ ਦੇ ਮਾਮਲੇ ਵੱਧਦੇ ਜਾ ਰਹੇ ਹਨ ਅਤੇ ਮੌਤਾਂ ਦੇ ਨਵੇਂ ਰਿਕਾਰਡ ਬਣ ਰਹੇ ਹਨ।

ਲੰਘੇ 24 ਘੰਟਿਆਂ ਵਿੱਚ ਕੋਰੋਨਾ ਲਾਗ ਦੇ ਭਾਰਤ ਵਿੱਚ 3 ਲੱਖ 86 ਹਜ਼ਾਰ 452 ਨਵੇਂ ਮਾਮਲੇ ਦਰਜ ਹੋਏ ਹਨ ਅਤੇ 3,498 ਮੌਤਾਂ ਹੋਈਆਂ ਹਨ।

21 ਅਪ੍ਰੈਲ ਤੋਂ ਬਾਅਦ ਭਾਰਤ ਵਿੱਚ ਹਰ ਦਿਨ ਕੋਰੋਨਾ ਦੇ ਤਿੰਨ ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)