ਕੋਰੋਨਾਵਾਇਰਸ: ਹਸਪਤਾਲਾਂ ਬਾਹਰ ਆਪਣਿਆਂ ਨੂੰ ਬਚਾਉਣ ਲਈ ਵਿਲਕਦੇ ਲੋਕਾਂ ਦੀ ਦਾਸਤਾਨ - 5 ਅਹਿਮ ਖ਼ਬਰਾਂ

ਰਾਜਧਾਨੀ ਦਿੱਲੀ ਵਿੱਚ ਇਸ ਵੇਲੇ ਕੋਰੋਨਾਵਾਇਰਸ ਕਾਰਨ ਹਾਲਾਤ ਬਹੁਤ ਖਰਾਬ ਹਨ। ਲੋਕਾਂ ਨੂੰ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹਸਪਤਾਲਾਂ ਦੇ ਬਾਹਰ ਸਿਰਫ਼ ਚੀਖ਼ਾਂ ਤੇ ਵੈਣ ਸੁਣਾਈ ਦੇ ਰਹੇ ਹਨ। ਲੋਕ ਆਪਣਿਆਂ ਨੂੰ ਬਚਾਉਣ ਲਈ ਵਿਲਕ ਰਹੇ ਹਨ।

ਇਹ ਵੀ ਪੜ੍ਹੋ:

ਅਜਿਹੇ ਹੀ ਲੋਕਾਂ ਦੀਆਂ ਕਹਾਣੀਆਂ ਜੋ ਆਪਣਿਆਂ ਦੀ ਜਾਨ ਬਚਾਉਣ ਲਈ ਤਰਸਦੇ ਰਹੇ ਪਰ ਬਚਾਅ ਨਾ ਸਕੇ — ਵੀਡੀਓ ਰਿਪੋਰਟ ਇੱਥੇ ਦੇਖੋ

ਭਾਰਤ ਵਿੱਚ ਕੋਰੋਨਾ ਦਾ ਦੂਜਾ ਵੇਰੀਐਂਟ ਇੰਨਾਂ ਖ਼ਤਰਨਾਕ ਕਿਉਂ

ਭਾਰਤ ਵਿੱਚ ਕੋਰੋਨਾਵਾਇਰਸ ਦਾ ਨਵਾਂ ਵੇਰੀਐਂਟ, ਕੀ ਦੂਜੀ ਲਹਿਰ ਨੂੰ ਵਧੇਰੇ ਖ਼ਤਰਨਾਕ ਬਣਾ ਰਿਹਾ ਹੈ? ਕੀ ਇਹ ਦੁਨੀਆਂ ਭਰ 'ਚ ਫ਼ੈਲ ਰਿਹਾ ਹੈ ਤੇ ਕੀ ਇਹ ਵਿਸ਼ਵ ਪੱਧਰ 'ਤੇ ਖ਼ਤਰਾ ਬਣ ਚੁੱਕਿਆ ਹੈ?

ਭਾਰਤੀ ਵਿਗਿਆਨੀਆਂ ਨੂੰ ਹਾਲ ਦੀ ਘੜੀ ਇਸ ਗੱਲ ਨੂੰ ਲੈ ਕੇ ਪੱਕਾ ਯਕੀਨ ਨਹੀਂ ਹੈ ਕਿ ਕਥਿਤ ਡਬਲ ਮਿਊਟੈਂਟ ਵਾਇਰਸ, ਜਿਸ ਨੂੰ ਅਧਿਕਾਰਿਤ ਤੌਰ 'ਤੇ ਬੀ.1.67 ਕਿਹਾ ਜਾਂਦਾ ਹੈ, ਉਸ ਦੀ ਵਜ੍ਹਾ ਨਾਲ ਲਾਗ਼ ਦੇ ਮਾਮਲੇ ਵੱਧ ਰਹੇ ਹਨ।

ਇਸ ਦਾ ਇੱਕ ਕਾਰਨ ਤਾਂ ਇਹੀ ਹੈ ਕਿ ਹਾਲੇ ਭਾਰਤ ਵਿੱਚ ਜੀਨੋਮ ਸੀਕਵੈਂਸ ਲਈ ਲੋੜੀਂਦੇ ਨਮੂਨੇ ਨਹੀਂ ਇਕੱਠੇ ਹੋ ਸਕੇ। ਹਾਲਾਂਕਿ, ਮਹਾਰਾਸ਼ਟਰ ਵਿੱਚ ਇਕੱਠੇ ਕੀਤੇ ਗਏ ਸੀਮਤ ਸੈਂਪਲਾਂ ਵਿੱਚੋਂ 61 ਫ਼ੀਸਦ ਮਾਮਲਿਆਂ ਵਿੱਚ ਇਹ ਵੇਰੀਐਂਟ ਪਾਇਆ ਗਿਆ ਹੈ।

ਹਾਲਾਂਕਿ ਭਾਰਤ ਅਤੇ ਯੂਕੇ ਦਰਮਿਆਨ ਹਵਾਈ ਯਾਤਰਾ ਜਾਰੀ ਰਹਿਣ ਦੇ ਚਲਦਿਆਂ ਇਹ ਵੇਰੀਐਂਟ ਯੂਕੇ ਤੱਕ ਵੀ ਪਹੁੰਚ ਗਿਆ।

ਪੂਰੀ ਰਿਪੋਰਟ ਨੂੰ ਤਫ਼ਸੀਲ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ

ਆਕਸੀਜਨ ਸੰਕਟ: ਪੂਰੇ ਭਾਰਤ 'ਚ ਹਾਹਾਕਾਰ, ਪੰਜਾਬ ਦੇ ਹਾਲਾਤ ਕੀ?

ਆਕਸੀਜਨ ਦਾ ਸੰਕਟ ਇਸ ਵੇਲੇ ਸਮੁੱਚੇ ਭਾਰਤ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਇਸੇ ਨੂੰ ਲੈ ਕੇ ਪੰਜਾਬ ਵਿੱਚ ਵੀ ਸਥਿਤੀ ਕੁਝ ਠੀਕ ਨਹੀਂ ਹੈ।

ਆਕਸੀਜਨ ਦੀ ਕਮੀ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੂੰ ਚਿੱਠੀ ਲਿਖ ਕੇ ਆਕਸੀਜਨ ਦਾ ਕੋਟਾ ਵਧਾਉਣ ਦੀ ਮੰਗ ਕੀਤੀ ਹੈ।

ਓਧਰ ਭਾਰਤ ਵਿਚ ਆਕਸੀਜਨ ਕਾਰਨ ਮਚੀ ਹਾਹਾਕਾਰ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਮਾਮਲੇ ਵਿੱਚ ਖੁਦ ਹੀ ਦਖ਼ਲ ਦਿੱਤਾ ਹੈ।

ਕੋਰਟ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਹਸਪਤਾਲਾਂ ਨੂੰ ਆਕਸੀਜਨ ਸਪਲਾਈ, ਦਵਾਈਆਂ ਅਤੇ ਟੀਕੇ ਮੁਹੱਈਆਂ ਕਰਵਾਉਣ ਦੇ ਨੈਸ਼ਨਲ ਪਲਾਨ ਅਦਾਲਤ ਸਾਹਮਣੇ ਰੱਖੇ।

ਪੰਜਾਬ ਦੇ ਸਿਹਤ ਮੰਤਰਾਲੇ ਦੇ ਦਸਤਾਵੇਜ਼ਾਂ ਮੁਤਾਬਕ ਇਸ ਸਮੇਂ ਸੂਬੇ ਵਿਚਲੀਆਂ ਸਾਰੀਆਂ ਸਿਹਤ ਸੰਭਾਲ ਸੰਸਥਾਵਾਂ ਵਿੱਚ ਮੈਡੀਕਲ ਆਕਸੀਜਨ ਸਟੋਰ ਕਰਕੇ ਰੱਖਣ ਦੀ ਸਮਰੱਥਾ 300 ਐਮ.ਟੀ. ਹੈ।

ਪੰਜਾਬ ਵਿੱਚ ਜ਼ਿਲ੍ਹਾ ਪੱਧਰ 'ਤੇ ਕੀ ਹਾਲਾਤ ਹਨ, ਜਾਣਨ ਲਈ ਇੱਥੇ ਪੜ੍ਹੋ

ਵੱਧਦੇ ਸਿਹਤ ਸੰਕਟ 'ਚ ਸੁਪਰੀਮ ਕੋਰਟ ਦੀ ਕੇਂਦਰ ਨੂੰ ਝਾੜ: 'ਕੌਮੀ ਪਲਾਨ ਦੱਸੋ'

ਸੁਪਰੀਮ ਕੋਰਟ ਦੇ ਤਿੰਨ ਮੈਂਬਰੀ ਬੈਂਚ ਨੇ ਸੋਲੀਸਿਟਰ ਜਨਰਲ ਨੂੰ ਕਿਹਾ ਕਿ ਸਰਕਾਰ ਕੋਰੋਨਾਵਾਇਰਸ ਨਾਲ ਨਜਿੱਠਣ ਦਾ ਕੌਮੀ ਪਲਾਨ ਕੋਰਟ ਨਾਲ ਸਾਂਝਾ ਕਰੇ।

ਤਿੰਨ ਮੈਂਬਰੀ ਬੈਂਚ ਦੀ ਅਗਵਾਈ ਚੀਫ ਜਸਟਿਸ ਆਫ ਇੰਡੀਆ ਐੱਸ ਏ ਬੋਬੜੇ ਕਰ ਰਹੇ ਹਨ ਜਿਨ੍ਹਾਂ ਨੇ ਸਥਿਤੀ ਨੂੰ ਬਹੁਤ ਗੰਭੀਰ ਦੱਸਿਆ।

ਸੁਪਰੀਮ ਕੋਰਟ ਵਿੱਚ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਦੇਸ਼ ਨੂੰ ਆਕਸੀਜਨ ਦੀ ਬਹੁਤ ਜ਼ਿਆਦਾ ਲੋੜ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਆਕਸੀਜਨ ਦੀ ਪੂਰਤੀ ਲਈ ਕੋਸ਼ਿਸ਼ਾਂ ਕਰ ਰਿਹਾ ਹੈ। ਵੇਦਾਂਤਾ ਆਪਣਾ ਪਲਾਂਟ ਸ਼ੁਰੂ ਕਰਨਾ ਚਾਹੁੰਦਾ ਹੈ ਪਰ ਵੇਦਾਂਤਾ ਨੂੰ ਇਹ ਪਲਾਂਟ ਸਿਹਤ ਜ਼ਰੂਰਤਾਂ ਲਈ ਆਕਸੀਜਨ ਨਿਰਮਾਣ ਲਈ ਹੀ ਸ਼ੁਰੂ ਕਰਨਾ ਚਾਹੀਦਾ ਹੈ।

ਤੁਸ਼ਾਰ ਮਹਿਤਾ ਨੇ ਅੱਗੇ ਕਿਹਾ, ''ਸਾਡਾ ਝੁਕਾਅ ਇਨਸਾਨੀ ਜਾਨਾਂ ਬਚਾਉਣ ਵੱਲ ਹੋਣਾ ਚਾਹੀਦਾ ਹੈ।''

22 ਅਪ੍ਰੈਲ ਦੀਆਂ ਹੋਰ ਅਹਿਮ ਖ਼ਬਰਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ

ਮੌਸਮੀ ਤਬਦੀਲੀ: ਅਮਰੀਕਾ 2030 ਤੱਕ ਅੱਧੀ ਕਰੇਗਾ ਗਰੀਨ ਹਾਊਸ ਗੈਸਾਂ ਦੀ ਪੈਦਾਵਾਰ - ਬਾਇਡਨ

ਮੌਸਮੀ ਤਬਦੀਲੀ ਦੇ ਮੁੱਦੇ ਉੱਤੇ ਕੰਮ ਕਰਨ ਦੀ ਆਪਣੀ ਵਚਨਬੱਧਤਾ ਨੂੰ ਅਮਲੀ ਰੂਪ ਦਿੰਦਿਆਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ 2030 ਤੱਕ ਮੁਲਕ ਦੀਆਂ ਗਰੀਨ ਹਾਊਸ ਗੈਸਾਂ ਦੀ ਪੈਦਾਵਾਰ ਅੱਧੀ ਕਰਨ ਦਾ ਐਲਾਨ ਕੀਤਾ ਹੈ।

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਮੌਸਮੀ ਤਬਦੀਲੀ ਬਾਰੇ ਦੁਨੀਆਂ ਦੇ 40 ਆਗੂਆਂ ਦੇ ਸੰਮੇਲਨ ਦੌਰਾਨ ਅਮਰੀਕਾ ਵੱਲੋਂ ਇਹ ਐਲਾਨ ਕੀਤਾ।

ਅਮਰੀਕਾ ਦੇ ਵ੍ਹਾਈਟ ਹਾਊਸ ਵੱਲੋਂ ਮੌਸਮੀ ਤਬਦੀਲੀ ਦੇ ਵਰਤਾਰੇ ਉੱਤੇ ਇੱਕ ਵਰਚੂਅਲ ਸੰਮੇਲਨ ਕਰਵਾਇਆ ਜਾ ਰਿਹਾ ਹੈ। ਜਿਸ ਦੌਰਾਨ ਬਾਇਡਨ ਨੇ ਇਹ ਅਹਿਮ ਐਲਾਨ ਕੀਤਾ ਹੈ।

ਪੂਰੀ ਖ਼ਬਰ ਇੱਥੇ ਪੜ੍ਹੋ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)