ਮਨਮੋਹਨ ਸਿੰਘ ਅਤੇ ਅਮਿਤ ਸ਼ਾਹ ਦਾ CAA 'ਤੇ ਅਸਾਮ ਦੇ ਲੋਕਾਂ ਨੂੰ ਇਹ ਵਾਅਦਾ - ਪ੍ਰੈੱਸ ਰਿਵੀਊ

ਸਾਬਕਾ ਪ੍ਰਧਾਨ ਮੰਤਰੀ ਡਾ਼ ਮਨਮੋਹਨ ਸਿੰਘ ਨੇ ਕੇਂਦਰ ਅਤੇ ਅਸਾਮ ਦੀ ਸੂਬਾ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਸ਼ੁੱਕਰਵਾਰ ਨੂੰ ਇੱਕ ਵੀਡੀਓ ਸੁਨੇਹਾ ਜਾਰੀ ਕੀਤਾ।

ਉਨ੍ਹਾਂ ਨੇ ਅਸਾਮ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸੂਬੇ ਵਿੱਚ ਧਾਰਮਿਕ ਵੰਡੀਆਂ ਪਾਈਆਂ ਜਾ ਰਹੀਆਂ ਹਨ ਅਤੇ ਉਹ ਸਮਝਦਾਰੀ ਨਾਲ ਵੋਟ ਕਰਨ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ 28 ਸਾਲ (1991-2019) ਅਸਾਮ ਦੀ ਰਾਜ ਸਭਾ ਵਿੱਚ ਨੁਮਾਇੰਦਗੀ ਕਰ ਚੁੱਕੇ ਮਨਮੋਹਨ ਸਿੰਘ ਨੇ ਕਿਹਾ,"ਤੁਹਾਨੂੰ ਉਸ ਸਰਕਾਰ ਲਈ ਵੋਟ ਕਰਨੀ ਚਾਹੀਦੀ ਹੈ ਜੋ ਸਾਰੇ ਨਾਗਰਿਕਾਂ ਦਾ, ਸਾਰੇ ਭਾਈਚਾਰਿਆਂ ਦਾ ਖ਼ਿਆਲ ਰੱਖੇ।''

''ਤੁਹਾਨੂੰ ਅਜਿਹੀ ਸਰਕਾਰ ਲਈ ਵੋਟ ਕਰਨੀ ਚਾਹੀਦੀ ਹੈ ਜੋ ਸਭ ਦੇ ਵਿਕਾਸ ਨੂੰ ਯਕੀਨੀ ਬਣਾਵੇ ਅਤੇ ਅਸਾਮ ਨੂੰ ਇੱਕ ਵਾਰ ਮੁੜ ਅਮਨ ਤੇ ਵਿਕਾਸ ਦੇ ਰਾਹ 'ਤੇ ਪਾਵੇ।"

ਇਹ ਵੀ ਪੜ੍ਹੋ:

ਉਨ੍ਹਾਂ ਨੇ ਅਸਾਮ ਦੇ ਵੋਟਰਾਂ ਨੂੰ ਕਾਂਗਰਸ ਵੱਲੋਂ ਪੰਜ ਵਾਅਦੇ ਵੀ ਕੀਤੇ।

ਉਨ੍ਹਾਂ ਨੇ ਕਿਹਾ ਕਾਂਗਰਸ ਦੇ ਮਹਾਂਗਠਜੋੜ ਦੀ ਸਰਕਾਰ ਆਉਣ 'ਤੇ ਸੂਬੇ ਵਿੱਚ ਸੀਏਏ ਲਾਗੂ ਨਹੀਂ ਕੀਤਾ ਜਾਵੇਗਾ, ਪੰਜ ਲੱਖ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ।

''ਚਾਹ ਮਜ਼ਦੂਰਾਂ ਦੀ ਦਿਹਾੜੀ ਵਧਾ ਕੇ 365 ਰੁਪਏ ਕੀਤੀ ਜਾਵੇਗੀ, ਹਰ ਘਰ ਨੂੰ 200 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ ਅਤੇ ਘਰੇਲੂ ਔਰਤਾਂ ਨੂੰ 2,000 ਮਾਸਿਕ ਆਮਦਨ ਦਿੱਤੀ ਜਾਵੇਗੀ।''

ਇੰਡੀਅਨ ਐਕਸਪ੍ਰੈਸ ਦੀ ਇੱਕ ਹੋਰ ਖ਼ਬਰ ਮੁਤਾਬਕ ਅਸਾਮ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਚਾਰ ਰੈਲੀਆਂ ਨੂੰ ਸੰਬੋਧਿਤ ਕੀਤਾ।

ਬਰਾਕ ਘਾਟੀ ਵਿੱਚ ਬੋਲਦਿਆਂ ਉਨ੍ਹਾਂ ਨੇ ਕਿਹਾ,"ਰਫ਼ਿਊਜੀਆਂ ਨੂੰ ਨਾਗਰਿਕਤਾ ਦਿੱਤੀ ਜਾਵੇਗੀ ਪਰ ਘੁਸਪੈਠੀਆਂ ਨੂੰ ਬਾਹਰ ਕੱਢਿਆ ਜਾਵੇਗਾ।" ਇਸ ਤਰ੍ਹਾਂ ਉਨ੍ਹਾਂ ਨੇ ਸੀਏਏ ਲਾਗੂ ਕੀਤੇ ਜਾਣ ਦਾ ਸਪੱਸ਼ਟ ਸੰਕੇਤ ਦਿੱਤਾ।

ਬਰਾਕ ਵੈਲੀ ਦੇ ਸਿਲਚਰ ਵਿੱਚ ਇੱਕ ਹੋਰ ਰੈਲੀ ਦੌਰਾਨ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਜੇ “ਭਾਜਪਾ ਸਰਕਾਰ ਵਿੱਚ ਆਈ ਤਾਂ ਅੱਤਵਾਦ ਅਤੇ ਮੁਜ਼ਾਹਰੇ ਖ਼ਤਮ ਹੋ ਜਾਣਗੇ ਪਰ ਜੇ ਕਾਂਗਰਸ ਆਈ ਤਾਂ ਜਾਰੀ ਰਹਿਣਗੇ।”

ਉਨ੍ਹਾਂ ਨੇ ਕਿਹਾ ਕਿ ਅਸਾਮ ਵਿੱਚ “ਲਵ ਜਿਹਾਦ” ਅਤੇ “ਲੈਂਡ ਜਿਹਾਦ” ਖ਼ਿਲਾਫ਼ ਕਾਨੂੰਨ ਲਾਗੂ ਕੀਤੇ ਜਾਣਗੇ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਮਿਸਰ ਰੇਲ ਹਾਦਸਾ: 32 ਮੌਤਾਂ, 165 ਜ਼ਖਮੀ

ਮਿਸਰ ਦੇ ਅਧਿਕਾਰੀਆਂ ਮੁਤਾਬਕ ਦੇਸ਼ ਦੇ ਸੋਹਾਗ ਸੂਬੇ ਦੇ ਤਹਾਤਾ ਵਿੱਚ ਇੱਕ ਰੇਲ ਹਾਦਸੇ ਵਿੱਚ 32 ਜਣਿਆਂ ਦੀ ਮੌਤ ਹੋ ਗਈ ਹੈ ਜਦਕਿ 165 ਲੋਕ ਜ਼ਖਮੀ ਹੋਏ ਹਨ।

ਕੇਂਦਰੀ ਮਿਸਰ ਵਿੱਚ ਵਾਪਰੇ ਇਸ ਹਾਦਸੇ ਵਿੱਚ ਦੋ ਯਾਤਰੀ ਗੱਡੀਆਂ ਟੱਕਰ ਮਗਰੋਂ ਪਲਟ ਗਈਆਂ।

ਰੇਲਵੇ ਅਧਿਕਾਰੀਆਂ ਮੁਤਾਬਕ "ਅਣਪਛਾਤੇ ਲੋਕਾਂ" ਵੱਲੋਂ ਐਮਰਜੈਂਸੀ ਬਰੇਕਾਂ ਖਿੱਚ ਦਿੱਤੀਆਂ ਗਈਆਂ ਜਿਸ ਕਾਰਨ ਪਿਛਲੀ ਟਰੇਨ ਆ ਕੇ ਮੂਹਰਲੀ ਗੱਡੀ ਵਿੱਚ ਵੱਜੀ।

ਰਾਹਤ ਕਾਰਜਾਂ ਲਈ 70 ਐਂਬੂਲੈਂਸਾਂ ਰਵਾਨਾ ਕੀਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਮੋਸਤਫ਼ਾ ਮਜਬੂਲੇ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਪੀੜਤਾਂ ਦੀ ਆਰਥਿਕ ਮਦਦ ਦਾ ਵਾਅਦਾ ਕੀਤਾ।

ਮਿਸਰ ਵਿੱਚ ਸਾਂਭ-ਸੰਭਾਲ ਅਤੇ ਨਿਵੇਸ਼ ਦੀ ਕਮੀ ਕਾਰਨ ਰੇਲ ਹਾਦਸੇ ਆਮ ਗੱਲ ਹਨ।

ਕੁਝ ਸਭ ਤੋਂ ਭਿਆਨਕ ਹਾਦਸਿਆਂ ਵਿੱਚੋਂ ਇੱਕ ਸਾਲ 2002 ਵਿੱਚ ਹੋਇਆ ਸੀ ਜਦੋਂ ਇੱਕ ਰੇਲ ਨੂੰ ਅੱਗ ਲੱਗ ਜਾਣ ਕਾਰਨ 373 ਜਣਿਆਂ ਦੀਆਂ ਜਾਨਾਂ ਚਲੀਆਂ ਗਈਆਂ ਸਨ।

ਭਾਰਤ ਬੰਦ ਤੋਂ ਬਾਅਦ ਰੇਲਵੇ ਨੇ ਕੀ ਕਿਹਾ

ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਨੂੰ 4 ਮਹੀਨੇ ਹੋ ਗਏ ਹਨ। ਇਸੇ ਵਿਚਾਲੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸ਼ੁੱਕਰਵਾਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਰੇਲਵੇ ਦੇ ਸੂਤਰਾਂ ਨੇ ਬੰਦ ਦੇ ਅਸਰ ਬਾਰੇ ਕਿਹਾ ਕਿ ਸ਼ੁੱਕਰਵਾਰ ਦੇ ਬੰਦ ਨਾਲ ਮਸਾਂ 0.5% ਰੇਲਾਂ ਪ੍ਰਭਾਵਿਤ ਹੋਈਆਂ। "ਪੰਜਾਬ ਅਤੇ ਹਰਿਆਣਾ ਵਿੱਚ ਵਿੱਚ ਸੀਮਤ ਗਿਣਤੀ ਦੀਆਂ ਰੇਲਾਂ ਰੋਕੀਆਂ ਗਈਆਂ, ਬੰਦ ਦਾ ਪੂਰੇ ਭਾਰਤ ਵਿੱਚ ਅਸਰ ਸਿਫ਼ਰ ਦੇ ਬਰਾਬਰ ਰਿਹਾ।"

ਰਾਹੁਲ ਗਾਂਧੀ ਨੇ ਵੀ ਇਸ ਮੌਕੇ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ,"ਭਾਰਤ ਦਾ ਇਤਿਹਾਸ ਗਵਾਹ ਹੈ ਕਿ ਸੱਤਿਆਗ੍ਰਹਿ ਨਾਲ ਹੀ ਅੱਤਿਆਚਾਰ, ਬੇਇਨਸਾਫ਼ੀ ਅਤੇ ਹੰਕਾਰ ਦਾ ਅੰਤ ਹੁੰਦਾ ਹੈ। ਅੰਦੋਲਨ ਦੇਸ਼ ਹਿੱਤ ਹੋਵੇ ਅਤੇ ਸ਼ਾਂਤੀਪੂਰਬਕ ਹੋਵੇ!

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)