ਸਾਗਰ ਸਰਹੱਦੀ: '47 ਦੀ ਵੰਡ ਅਤੇ ਚੁਰਾਸੀ ਦੀ ਪੀੜ ਦੇ ਝੰਬੇ ਫਿਲਮਕਾਰ ਨੂੰ ਯਾਦ ਕਰਦਿਆਂ

    • ਲੇਖਕ, ਜਤਿੰਦਰ ਮੌਹਰ
    • ਰੋਲ, ਫ਼ਿਲਮਸਾਜ਼

ਸਰਹੱਦੀ ਸਾਹਿਬ ਦਾ ਨਾਮ ਪਹਿਲੀ ਵਾਰ ਸਰਦੂਲ ਸਿਕੰਦਰ ਦੇ ਗੀਤ 'ਸੁਰਮਾ ਵਿਕਣਾ ਆਇਆ ਨੀ ਕੁੜੀਉ' ਵਿੱਚ ਸੁਣਿਆ ਸੀ। ਇਸ ਗੀਤ ਵਿੱਚ ਸਰਦੂਲ ਬਾਲੀਵੁੱਡ ਦੇ ਵੱਡੇ-ਵੱਡੇ ਫ਼ਨਕਾਰਾਂ ਦੇ ਨਾਮ ਗਿਣਦਾ ਹੈ।

ਫ਼ਕੀਰ ਮੌਲੀਵਾਲੇ ਦੇ ਲਿਖੇ ਗੀਤ ਵਿੱਚ ਸਰਹੱਦੀ ਸਾਹਿਬ ਦਾ ਨਾਮ ਇਉਂ ਦਰਜ ਹੈ, "ਸਰਹੱਦੀ ਨੇ ਫ਼ਿਲਮ ਬਣਾਈ, ਨਾਂ ਹੈ ਵਗਦੇ ਪਾਣੀ।"

ਸਰਹੱਦੀ ਸਾਹਿਬ ਦੀ ਪਰਦਾਪੇਸ਼ ਨਾ ਹੋ ਸਕਣ ਵਾਲੀ ਪੰਜਾਬੀ ਫ਼ਿਲਮ 'ਵਗਦੇ ਪਾਣੀ' ਬਾਬਤ ਪੰਜਾਬ ਦੇ ਫ਼ਿਲਮੀ ਰਸਾਲਿਆਂ ਅਤੇ ਅਖ਼ਬਾਰੀ ਕਾਲਮਾਂ ਵਿੱਚ ਜ਼ਿਕਰ ਚਲਦਾ ਰਹਿੰਦਾ ਸੀ।

ਬਾਅਦ ਵਿੱਚ ਉਨ੍ਹਾਂ ਦੀਆਂ ਕਿਰਤਾਂ ਦੇਖਣ ਅਤੇ ਉਨ੍ਹਾਂ ਬਾਰੇ ਜਾਣਨ ਦਾ ਮੌਕਾ ਮਿਲਿਆ। ਜਿਨ੍ਹਾਂ ਵਿੱਚ ਕਭੀ ਕਭੀ, ਨੂਰੀ, ਸਿਲਸਿਲਾ, ਮਸ਼ਾਲ, ਚਾਂਦਨੀ ਅਤੇ ਹੋਰ ਕਈ ਫ਼ਿਲਮਾਂ ਸ਼ਾਮਿਲ ਹਨ। ਉਹ ਯਾਦਗਾਰੀ ਫ਼ਿਲਮ 'ਬਾਜ਼ਾਰ' ਦੇ ਲੇਖਕ ਅਤੇ ਹਦਾਇਤਕਾਰ ਸਨ।

ਸਾਗਰ ਸਰਹੱਦੀ ਦਾ ਅਸਲੀ ਨਾਮ 'ਗੰਗਾ ਸਾਗਰ ਤਲਵਾੜ' ਸੀ ਅਤੇ ਜਨਮ ਐਬਟਾਬਾਦ ਨੇੜੇ ਵਫ਼ਾ ਪਿੰਡ ਵਿੱਚ ਹੋਇਆ। ਸਰਹੱਦੀ ਸੂਬੇ (ਮੌਜੂਦਾ ਪਾਕਿਸਤਾਨ) ਨਾਲ ਸੰਬੰਧਤ ਹੋਣ ਕਰਕੇ ਉਨ੍ਹਾਂ ਨੇ ਆਪਣੇ ਨਾਮ ਨਾਲ 'ਸਰਹੱਦੀ' ਤਖ਼ੱਲਸ ਜੋੜ ਲਿਆ।

ਇਹ ਵੀ ਪੜ੍ਹੋ:

ਮੁਲਕ ਦੀ ਫ਼ਿਰਕੂ ਵੰਡ ਨੇ ਕਰੋੜਾਂ ਲੋਕਾਂ ਵਾਂਗੂ ਸਰਹੱਦੀ ਸਾਹਿਬ ਨੂੰ ਆਪਣੇ ਜੱਦੀ ਪਿੰਡ ਤੋਂ ਉਜੜਣ ਲਈ ਮਜਬੂਰ ਕਰ ਦਿੱਤਾ। ਉਹ ਦਿੱਲੀ ਹੁੰਦੇ ਹੋਏ ਬੰਬਈ (ਮੁੰਬਈ) ਜਾ ਪਹੁੰਚੇ ਜਿੱਥੇ ਉਨ੍ਹਾਂ ਨੇ ਖਾਲਸਾ ਕਾਲਜ ਅਤੇ ਸੇਂਟ ਜ਼ੇਵੀਅਰ ਵਿੱਚ ਪੜ੍ਹਾਈ ਕੀਤੀ।

'ਕਭੀ ਕਭੀ' ਫ਼ਿਲਮ ਲਿਖਣ ਦਾ ਸੱਦਾ

ਯਸ਼ ਚੋਪੜਾ ਨੇ ਸਰਹੱਦੀ ਸਾਹਿਬ ਦਾ ਨਾਟਕ 'ਮਿਰਜ਼ਾ-ਸਾਹਿਬਾ' ਬੰਬਈ ਵਿੱਚ ਦੇਖਿਆ। ਇਹ ਨਾਟਕ ਭਾਰਤ-ਪਾਕਿ ਜੰਗ ਬਾਬਤ ਸੀ। ਨਾਟਕ ਦੇਖ ਕੇ ਯਸ਼ ਚੋਪੜਾ ਨੇ ਸਰਹੱਦੀ ਸਾਹਿਬ ਨੂੰ 'ਕਭੀ ਕਭੀ' ਫ਼ਿਲਮ ਲਿਖਣ ਦਾ ਸੱਦਾ ਦਿੱਤਾ।

ਵੰਡ ਦਾ ਦਰਦ ਅਤੇ ਗੁੱਸਾ ਉਨ੍ਹਾਂ ਨੇ ਆਪਣੇ ਵਜੂਦ ਦਾ ਹਿੱਸਾ ਬਣਾ ਲਿਆ। ਬੰਬਈ ਵਿੱਚ ਉਹ ਖੱਬੇ ਪੱਖੀਆਂ ਦੇ ਸੰਪਰਕ ਵਿੱਚ ਆਏ ਅਤੇ ਸਮਾਜਵਾਦੀ ਵਿਚਾਰਾਂ ਦਾ ਅਸਰ ਕਬੂਲਿਆ। ਫ਼ਿਰਕੂ ਵੰਡ ਅਤੇ ਸਮਾਜਿਕ ਨਾਬਰਾਬਰੀ ਨੇ ਉਨ੍ਹਾਂ ਦੇ ਸੁਭਾਅ ਵਿੱਚ ਤਲਖ਼ੀ ਲਿਆਂਦੀ।

ਉਹ ਕਹਿੰਦੇ ਸਨ, "ਮੈਨੂੰ ਹਮੇਸ਼ਾਂ ਇਸ ਗੱਲ ਦੀ ਤਲਾਸ਼ ਰਹੀ ਹੈ ਕਿ ਉਹ ਕਿਹੜੀਆਂ ਤਾਕਤਾਂ ਹਨ ਜੋ ਵਸੇ-ਵਸਾਏ ਇਨਸਾਨ ਨੂੰ ਜੜ੍ਹੋਂ ਉਖਾੜ ਕੇ ਪਨਾਹਗੀਰ ਬਣਨ ਲਈ ਮਜਬੂਰ ਕਰ ਦਿੰਦੀਆਂ ਹਨ।”

1947 ਦੀ ਵੰਡ ਤੇ ਚੁਰਾਸੀ ਦਾ ਦਰਦ

“ਮੇਰਾ ਜੀਵਨ ਪਨਾਹਗੀਰ ਦੇ ਦੁਬਾਰਾ ਵਸ ਸਕਣ ਦੇ ਘੋਲ ਦਾ ਦੂਜਾ ਨਾਮ ਹੈ। ਮੈਂ ਅੱਜ ਵੀ ਆਪਣੇ ਜੱਦੀ ਪਿੰਡ 'ਵਫ਼ਾ' ਤੋਂ ਬੇਦਖ਼ਲ ਹੋਣ ਅਤੇ ਸਹੇ ਉਜਾੜੇ ਤੇ ਬੇਇੱਜ਼ਤੀ ਨੂੰ ਭੁਲਾ ਨਹੀਂ ਸਕਿਆ। ਮੇਰੀ ਸਾਰੀ ਜ਼ਿੰਦਗੀ 'ਸੈਂਸ ਔਫ਼ ਬੀਲੌਗਿੰਗ' ਪੈਦਾ ਕਰਨ ਵਿੱਚ ਗੁਜ਼ਰ ਗਈ ਜਿਹਦੇ ਵਿੱਚ ਕਿਤਾਬਾਂ ਦਾ ਅਹਿਮ ਹਿੱਸਾ ਹੈ।"

ਸੰਤਾਲੀ ਦੀ ਵੰਡ ਤੋਂ ਬਾਅਦ ਸਰਹੱਦੀ ਸਾਹਿਬ ਦੀ ਰੂਹ ਨੂੰ ਚੁਰਾਸੀ ਦੀ ਪੀੜ ਨੇ ਝੰਬਿਆ। ਪੰਜਾਬ ਦੇ ਕਾਲੇ ਸਮੇਂ ਵਿੱਚ ਉਹ ਪੰਜਾਬ ਦੀ ਪੀੜ ਦੀ ਗੱਲ ਕਰਨ ਤੁਰਿਆ।

ਫ਼ਿਲਮਸਾਜ਼ ਰਾਜੀਵ ਕੁਮਾਰ ਮੁਤਾਬਕ, "ਸਾਗਰ ਸਰਹੱਦੀ ਚੁਰਾਸੀ ਦੀ ਤ੍ਰਾਸਦੀ ਬਾਬਤ ਫ਼ਿਲਮ ਬਣਾਉਣਾ ਚਾਹੁੰਦੇ ਸਨ। ਉਨ੍ਹਾਂ ਨੇ ਜਨਤਕ ਤੌਰ 'ਤੇ ਕਿਹਾ ਸੀ ਕਿ ਨਾ ਕੋਈ ਵਿੱਤੀ ਮਾਲਕ ਪੈਸੇ ਲਾਉਣ ਲਈ ਤਿਆਰ ਹੈ ਅਤੇ ਨਾ ਸੈਂਸਰ ਬੋਰਡ ਫ਼ਿਲਮ ਪਾਸ ਕਰੇਗਾ।”

“ਨਾਟਕਕਾਰ ਗੁਰਸ਼ਰਨ ਸਿੰਘ ਨੇ ਸਰਹੱਦੀ ਸਾਹਿਬ ਨਾਲ ਮਿਲ ਕੇ ਫ਼ਿਲਮ ਬਣਾਉਣ ਦਾ ਐਲਾਨ ਕੀਤਾ। ਇਹ ਫ਼ਿਲਮ ਦੀ ਕਹਾਣੀ ਪੰਜਾਬ ਦੇ ਪਿੰਡ ਵਿੱਚ ਰਹਿਣ ਵਾਲੇ ਨੌਜਵਾਨਾਂ ਦੀ ਸੀ ਜੋ ਸਮਾਜਿਕ ਹਾਲਾਤ ਵਿੱਚ ਦਖ਼ਲਅੰਦਾਜ਼ੀ ਕਰਨ ਦਾ ਬੀੜਾ ਚੁੱਕਦੇ ਹਨ।”

“ਫ਼ਿਲਮ ਦੇ ਨਾਇਕ ਮਸ਼ਹੂਰ ਰੰਗਮੰਚ ਅਦਾਕਾਰ ਸੁਖਦੇਵ ਪ੍ਰੀਤ ਸਨ। ਸੁਖਦੇਵ ਨੂੰ ਬੁਨਿਆਦ ਪ੍ਰਸਤਾਂ ਨੇ ਕਤਲ ਕਰ ਦਿੱਤਾ। ਇਹ ਫ਼ਿਲਮ ਕਦੇ ਨਹੀਂ ਬਣ ਸਕੀ। ਇਸ ਤਰ੍ਹਾਂ ਬਿਹਤਰ ਪੰਜਾਬੀ ਸਿਨੇਮਾ ਦੇ ਸੁਪਨਿਆਂ ਨੂੰ ਬੂਰ ਨਾ ਪੈ ਸਕਿਆ।"

ਸਰਹੱਦੀ ਸਾਹਿਬ ਦਾ ਆਪਣੀ ਮਾਂ-ਬੋਲੀ ਵਿੱਚ ਫ਼ਿਲਮ ਬਣਾਉਣ ਦਾ ਸੁਪਨਾ ਅਧੂਰਾ ਰਹਿ ਗਿਆ।

ਸਰਹੱਦੀ ਸਾਹਿਬ ਸਾਹਿਤ ਅਤੇ ਕਿਤਾਬਾਂ ਦੇ ਆਸ਼ਕ ਸਨ। ਅੱਜ ਤੋਂ ਪੰਦਰਾਂ ਸਾਲ ਪਹਿਲਾਂ ਸਾਈਕਲ ਉੱਤੇ ਸਿਉਨ ਤੋਂ ਲੋਖੰਡਵਾਲਾ ਆਉਂਦੇ ਸਨ ਜੋ ਤਕਰੀਬਨ 19 ਕਿਲੋਮੀਟਰ ਬਣਦਾ ਹੈ।

ਜਦੋਂ ਮੈਂ ਪਹਿਲੀ ਵਾਰ ਉਨ੍ਹਾਂ ਨੂੰ ਬੰਬਈ ਮਿਲਿਆ ਤਾਂ ਉਨ੍ਹਾਂ ਦਾ ਪਹਿਲਾ ਸਵਾਲ ਸੀ, "ਪੰਜਾਬ ਤੋਂ ਆਇਐਂ?…ਸੁਰਜੀਤ ਪਾਤਰ ਪੜ੍ਹਿਆ?"

ਸਿਆਸੀ ਸਰਹੱਦਾਂ ਅਤੇ ਫ਼ਿਰਕੂ ਵੰਡੀਆਂ ਨੇ ਉਜਾੜਿਆ

ਸਾਦਗੀ ਦੇ ਨਾਲ-ਨਾਲ ਸਿਰੇ ਦੇ ਬੇਬਾਕ ਸਨ। ਵੱਡੇ ਸਿਤਾਰੇ ਦੇ ਹਦਾਇਤਕਾਰ ਪਿਉ ਨੇ ਉਨ੍ਹਾਂ ਨੂੰ ਅਗਲੀ ਫ਼ਿਲਮ ਲਿਖਣ ਲਈ ਸੱਦਿਆ। ਇਸ ਤੋਂ ਪਹਿਲੀ ਫ਼ਿਲਮ ਬੇਹੱਦ ਕਾਮਯਾਬ ਰਹੀ ਸੀ ਜਿਹੜੀ ਸਰਹੱਦੀ ਸਾਹਿਬ ਦੀ ਲਿਖੀ ਹੋਈ ਸੀ।

ਸਰਹੱਦੀ ਸਾਹਿਬ ਨੇ ਅਗਲੀ ਫ਼ਿਲਮ ਦਾ ਸੀਨ ਲਿਖ ਕੇ ਸੁਣਾਇਆ। ਹਦਾਇਤਕਾਰ ਨੇ ਵਾਰ-ਵਾਰ ਸੀਨ ਸੁਣਨ ਤੋਂ ਬਾਅਦ ਕਿਹਾ, "ਸਰਹੱਦੀ ਸਾਹਿਬ ਗੁੱਸਾ ਨਾ ਕਰਿਉ। ਮੈਂ ਖੁਦ ਅਦਾਕਾਰ ਰਿਹਾਂ ਅਤੇ ਕਾਮਯਾਬ ਹਦਾਇਤਕਾਰ ਹਾਂ। ਥੋਡਾ ਸੀਨ ਮੈਨੂੰ ਇੰਨ੍ਹੀ ਵਾਰ ਸੁਣ ਕੇ ਵੀ ਸਮਝ ਨਹੀਂ ਆਇਆ ਤਾਂ ਆਮ ਬੰਦੇ ਨੂੰ ਕਿਵੇਂ ਸਮਝ ਆਜੂ?"

ਸਰਹੱਦੀ ਸਾਹਿਬ ਨੇ ਬੇਬਾਕੀ ਨਾਲ ਕਿਹਾ, "ਆਮ ਬੰਦਾ ਥੋਡੇ ਵਾਂਗੂ ਕਮਅਕਲ ਨਹੀਂ ਹੁੰਦਾ। ਉਸ ਨੂੰ ਸਭ ਸਮਝ ਆਉਂਦਾ। ਸਮੱਸਿਆ ਥੋਡੀ ਹੈ ਜਿਨ੍ਹਾਂ ਨੂੰ ਲ਼ਗਦਾ ਕਿ ਆਮ ਲੋਕ ਸਾਡੇ ਤੋਂ ਘੱਟ ਅਕਲ ਵਾਲੇ ਹੁੰਦੇ ਹਨ।"

ਪੰਜਾਬ ਦੇ ਇਸ ਪੁੱਤ ਨੂੰ ਸਿਆਸੀ ਸਰਹੱਦਾਂ ਅਤੇ ਫ਼ਿਰਕੂ ਵੰਡੀਆਂ ਨੇ ਉਜਾੜਿਆ। ਚਾਲੂ ਫ਼ਿਲਮਾਂ ਦੀ ਮੰਡੀ ਤੋਂ ਭੱਜਦਾ 'ਬਾਜ਼ਾਰ' ਜਿਹੀ ਮਾਰਮਿਕ ਫ਼ਿਲਮ ਬਣਾ ਕੇ ਸਾਹ ਸੁਖਾਲਾ ਕਰਦਾ ਰਿਹਾ।

ਉਨ੍ਹਾਂ ਦੀ ਜ਼ਿੰਦਗੀ ਵਿੱਚ ਹਮੇਸ਼ਾਂ ਸਰਹੱਦ ਰਹੀ। ਸਰਹੱਦੀ ਸਾਹਿਬ ਨੇ ਕੀ ਸਿਰਜਿਆ ਅਤੇ ਉਹ ਕੀ ਸਿਰਜਣਾ ਚਾਹੁੰਦੇ ਸਨ, ਇਸ ਪੜਚੋਲ ਤੋਂ ਬਿਨ੍ਹਾਂ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਅਧੂਰਾ ਰਹੇਗਾ।

ਉਨ੍ਹਾਂ ਦਾ ਗੁੱਸਾ, ਤਲਖੀ, ਕਿੱਤੇ ਦਾ ਹੁਨਰ, ਸੁਹਜ ਅਤੇ ਬਿਹਤਰ ਮਨੁੱਖੀ ਸਮਾਜ ਦਾ ਸੁਪਨਾ ਸਮਕਾਲੀ ਹਕੀਕਤਾਂ ਨਾਲ ਦੋ-ਚਾਰ ਹੁੰਦਾ ਰਿਹਾ।

ਉਨ੍ਹਾਂ ਦਾ ਕਹਿਣਾ ਸੀ ਕਿ ਮੈਂ ਕਮਿਉਨਿਜ਼ਮ ਵਿੱਚ ਯਕੀਨ ਰੱਖਣ ਵਾਲਾ ਬੰਦਾ ਗਰੀਬੀ ਅਤੇ ਸਮਾਜਿਕ ਨਾ-ਬਰਾਬਰੀ ਨੂੰ ਕਿਵੇਂ ਅੱਖੋਂ ਉਹਲੇ ਕਰ ਸਕਦਾਂ ਹਾਂ?

ਸਾਡੇ ਸਾਹਮਣੇ ਹਮੇਸ਼ਾ ਸਵਾਲ ਰਹੇਗਾ ਕਿ ਇੰਨ੍ਹਾਂ ਕਾਮਯਾਬ ਲੇਖਕ ਫ਼ਿਲਮ 'ਬਾਜ਼ਾਰ' ਤੋਂ ਬਾਅਦ ਇੱਕੋ ਇੱਕ ਫ਼ਿਲਮ 'ਚੌਸਰ' ਬਣਾ ਸਕਿਆ ਜਿਹੜੀ ਅਜੇ ਤੱਕ ਪਰਦਾਪੇਸ਼ ਨਹੀਂ ਹੋਈ। ਉਨ੍ਹਾਂ ਦੇ ਸ਼ਬਦਾਂ ਵਿੱਚ, "ਮੈਂ ਉਜਾੜਿਆ ਬੰਦਾ ਹਾਂ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)