ਦਿੱਲੀ ਵਿੱਚ ਕੇਜਰੀਵਾਲ ਸਰਕਾਰ ਨੂੰ ਝਟਕਾ, ਉਪ-ਰਾਜਪਾਲ ਨੂੰ ਵੱਧ ਤਾਕਤਾਂ ਦੇਣ ਵਾਲਾ ਬਿੱਲ ਪਾਸ - ਅਹਿਮ ਖ਼ਬਰਾਂ

ਦਿੱਲੀ ਨੂੰ ਲੈ ਕੇ ਜਿਸ ਬਿਲ 'ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਤਰਾਜ਼ ਸੀ ਉਸ ਨੂੰ ਸੋਮਵਾਰ ਨੂੰ ਲੋਕ ਸਭਾ ਵਿੱਚ ਪਾਸ ਕਰ ਦਿੱਤਾ ਗਿਆ ਹੈ।

ਇਸ ਬਿੱਲ ਦੇ ਅਨੁਸਾਰ ਕਿਸੇ ਵੀ ਕਾਰਜਾਕਾਰੀ ਫੈਸਲੇ ਤੋਂ ਪਹਿਲਾਂ ਦਿੱਲੀ ਸਰਕਾਰ ਨੂੰ ਐੱਲਜੀ ਦੀ ਰਾਇ ਲੈਣੀ ਪਵੇਗੀ।

ਇਸ ਬਿੱਲ ਵਿੱਚ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਦਿੱਲੀ ਵਿੱਚ ਸਰਕਾਰ ਦਾ ਮਤਲਬ ਉਪਰਾਜਪਾਲ ਹੈ।

ਇਹ ਵੀ ਪੜ੍ਹੋ

ਇਸ ਬਿੱਲ 'ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ ਤੇ ਇਸ ਨੂੰ ਗ਼ੈਰ-ਸੰਵਿਧਾਨਿਕ ਕਰਾਰ ਦਿੱਤਾ ਹੈ।

ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕ੍ਰਿਸ਼ਣਾ ਰੇੱਡੀ ਨੇ ਕਿਹਾ, "ਕੌਮੀ ਰਾਜਧਾਨੀ ਦਿੱਲੀ ਸਰਕਾਰ ਸੋਧ ਬਿੱਲ-2021 ਨੂੰ ਲਿਆਉਣਾ ਜ਼ਰੂਰੀ ਹੋ ਗਿਆ ਸੀ ਕਿਉਂਕਿ ਦਿੱਲੀ ਸਰਕਾਰ ਦੇ ਕੰਮਕਾਜ ਨਾਲ ਜੁੜੇ ਕਈ ਮੁੱਦਿਆਂ 'ਤੇ ਅਸਪਸ਼ਟਤਾ ਸੀ ਅਤੇ ਅਦਾਲਤਾਂ ਵਿੱਚ ਵੀ ਇਸ ਨੂੰ ਲੈ ਕੇ ਕਈ ਮਾਮਲੇ ਦਰਜ ਹੋਏ ਸਨ।"

ਰੇੱਡੀ ਨੇ ਕਿਹਾ, "ਤੁਸੀਂ ਇਸ ਨੂੰ ਸਿਆਸੀ ਬਿੱਲ ਨਾ ਕਹੋ। ਇਹ ਕੇਂਦਰ ਸ਼ਾਸ਼ਿਤ ਪ੍ਰਦੇਸ਼ ਦਿੱਲੀ ਵਿੱਚ ਤਮਾਮ ਮੁੱਦਿਆਂ 'ਤੇ ਟਕਰਾਅ ਦੀ ਸਥਿਤੀ ਨੂੰ ਖ਼ਤਮ ਕਰਨ ਲਈ ਲਿਆਇਆ ਗਿਆ ਹੈ। ਇਸ ਬਿੱਲ ਤੋਂ ਤਕਨੀਕੀ ਦਿੱਕਤਾਂ ਅਤੇ ਭਰਮ ਦੂਰ ਹੋਣਗੇ ਅਤੇ ਪ੍ਰਸ਼ਾਸਨ ਦੀ ਸਮਰੱਥਾ ਵਧੇਗੀ।"

ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ, "ਜੀਐੱਸੀਟੀਡੀ ਸੋਧ ਬਿਲ ਦਾ ਲੋਕ ਸਭਾ ਵਿੱਚ ਪਾਸ ਹੋਣਾ ਦਿੱਲੀ ਦੀ ਜਨਤਾ ਦਾ ਅਪਮਾਨ ਹੈ।"

"ਦਿੱਲੀ ਨੇ ਜਿਨ੍ਹਾਂ ਨੂੰ ਵੋਟ ਦੇ ਕੇ ਜਿਤਾਇਆ ਸੀ, ਉਨ੍ਹਾਂ ਤੋਂ ਇਹ ਬਿੱਲ ਸਾਰੀ ਸ਼ਕਤੀ ਵਾਪਸ ਲੈ ਰਿਹਾ ਹੈ। ਦਿੱਲੀ ਨੂੰ ਚਲਾਉਣ ਦੀ ਤਾਕਤ ਉਨ੍ਹਾਂ ਨੂੰ ਦਿੱਤੀ ਜਾ ਰਹੀ ਹੈ ਜਿਨ੍ਹਾਂ ਨੂੰ ਚੋਣਾਂ ਵਿੱਚ ਹਾਰ ਮਿਲੀ ਸੀ। ਭਾਜਪਾ ਨੇ ਲੋਕਾਂ ਨੂੰ ਧੋਖਾ ਦਿੱਤਾ ਹੈ।"

ਕੋਵੀਸ਼ੀਲਡ ਦੀ ਦੂਜੀ ਡੋਜ਼ ਲਈ ਸਮਾਂ ਵਧਿਆ

ਕੇਂਦਰ ਨੇ ਕੋਵਿਡਸ਼ੀਲਡ ਦੀ ਦੂਜੀ ਡੋਜ਼ ਦੀ ਸਮਾਂ ਸੀਮਾ ਵਧਾ ਕੇ ਚਾਰ ਤੋਂ ਅੱਠ ਹਫ਼ਤੇ ਕਰਨ ਦੀ ਸਲਾਹ ਦਿੱਤੀ ਹੈ। ਇਹ ਸਿਫ਼ਾਰਿਸ਼ ਟੀਕਾਕਰਨ 'ਤੇ ਕੌਮੀ ਤਕਨੀਕੀ ਸਲਾਹਕਾਰ ਸਮੂਹ ਤੇ ਕੋਵਿਡ ਲਈ ਟੀਕਾ ਪ੍ਰਬੰਧਨ ਦੇ ਕੌਮੀ ਸਮੂਹ ਨੇ ਦਿੱਤੀ ਹੈ।

ਅਧਿਐਨ ਵਿੱਚ ਪਤਾ ਲਗਿਆ ਹੈ ਕਿ ਦੂਜੀ ਡੋਜ਼ ਜਦੋਂ 6 ਤੋਂ ਅੱਠ ਹਫ਼ਤਿਆਂ ਵਿਚਾਲੇ ਦਿੱਤੀ ਗਈ ਤਾਂ ਸਰੀਰ ਦੀ ਬਿਮਾਰੀ ਨਾਲ ਲੜਨ ਦੀ ਸਮਰੱਥਾ ਵੱਧ ਗਈ। ਜਦੋਂ ਅੱਠ ਹਫ਼ਤਿਆਂ ਤੋਂ ਬਾਅਦ ਦੂਜੀ ਖੁਰਾਕ ਦਿੱਤੀ ਗਈ ਤਾਂ ਅਜਿਹਾ ਨਹੀਂ ਹੋਇਆ।

ਇਸ ਤੋਂ ਪਹਿਲਾਂ ਕੋਵਿਡਸ਼ਈਲਡ ਦੀਆਂ ਦੋਵੇਂ ਖੁਰਾਕਾਂ ਵਿਚਾਲੇ ਚਾਰ ਤੋਂ 6 ਹਫ਼ਤਿਆਂ ਦਾ ਵਕਫਾ ਰੱਖਣ 'ਤੇ ਸਹਿਮਤੀ ਬਣੀ ਸੀ। ਹਾਲਾਂਕਿ ਇਹ ਵੀ ਦੱਸਿਆ ਗਿਆ ਹੈ ਕਿ ਇਹ ਦੋਵੇਂ ਖੁਰਾਕਾਂ ਵਿਚਾਲੇ ਸਮੇਂ-ਸੀਮਾ ਵਧਾਉਣ ਦੀ ਗੱਲ ਕੇਵਲ ਕੋਵਿਡਸ਼ੀਲਡ ਵੈਕਸੀਨ ਲਈ ਹੈ।

ਕੋਵੈਕਸੀਨ ਦੇ ਮਾਮਲੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਗਾਂਧੀ ਸ਼ਾਂਤੀ ਪੁਰਸਕਾਰ ਦਾ ਐਲਾਨ

ਓਮਾਨ ਦੇ ਸਾਬਕਾ ਸੁਲਤਾਨ ਬਿਨ ਸਈਦ ਅਤੇ ਬੰਗਲਾਦੇਸ਼ ਦੇ ਸੰਸਥਾਪਕ ਸ਼ੇਖ ਮੁਜ਼ੀਬੁਰ ਰਹਿਮਾਨ ਨੂੰ ਗਾਂਧੀ ਸ਼ਾਂਤੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ।

ਓਮਾਨ ਦੇ ਸਾਬਕਾ ਸੁਲਤਾਨ ਮਰਹੂਮ ਕਬੂਸ ਬਿਨ ਸਈਦ ਅਲ ਸਈਦ ਨੂੰ 2019 ਦਾ ਜਦਕਿ ਬੰਗਲਾਦੇਸ਼ ਦੇ ਸੰਸਥਾਪਕ ਸ਼ੇਖ ਮੁਜ਼ੀਬੁਰ ਰਹਿਮਾਨ ਨੂੰ ਸਾਲ 2020 ਦੇ ਗਾਂਧੀ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ।

ਸਾਲ 2019 ਵਿੱਚ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਪੂਰਾ ਹੋਣ ਦੇ ਤਹਿਤ ਇਨ੍ਹਾਂ ਸਨਮਾਨਾਂ ਨੂੰ ਖ਼ਾਸ ਮੰਨਿਆ ਜਾ ਰਿਹਾ ਹੈ।

ਦਿੱਲੀ ਵਿੱਚ ਸ਼ਰਾਬ ਪੀਣ ਦੀ ਉਮਰ ਹੁਣ 21 ਸਾਲ

ਦਿੱਲੀ ਸਰਕਾਰ ਨੇ ਸ਼ਰਾਬ ਪੀਣ ਦੀ ਉਮਰ 25 ਸਾਲ ਤੋਂ ਘੱਟ ਕਰਕੇ 21 ਸਾਲ ਕਰ ਦਿੱਤੀ ਹੈ।

ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ ਕੈਬਨਿਟ ਨੇ ਨਵੀਂ ਆਬਕਾਰੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਸਿਸੋਦੀਆ ਨੇ ਕਿਹਾ ਕਿ ਦਿੱਲੀ ਵਿੱਚ ਸ਼ਰਾਬ ਦੀ ਕੋਈ ਸਰਕਾਰੀ ਦੁਕਾਨ ਨਹੀਂ ਹੋਵੇਗੀ। ਉਪ-ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਦਿੱਲੀ ਵਿੱਚ ਹੁਣ ਕੋਈ ਸ਼ਰਾਬ ਦੀ ਨਵੀਂ ਦੁਕਾਨ ਨਹੀਂ ਖੁੱਲ੍ਹੇਗੀ।

ਸਿਸੋਦੀਆ ਨੇ ਕਿਹਾ ਕਿ ਨਵੀਂ ਆਬਕਾਰੀ ਨੀਤੀ ਦਾ ਉਦੇਸ਼ ਟੈਕਸ ਚੋਰੀ ਨੂੰ ਰੋਕਣਾ ਹੈ।

ਇਸ ਨੀਤੀ ਤੋਂ ਸਰਕਾਰ ਨੂੰ ਮਾਲੀਆ ਵਿੱਚ 20 ਫੀਸਦੀ ਦਾ ਵਾਧਾ ਹੋਣ ਦੀ ਉਮੀਦ ਹੈ।

ਇਹ ਫ਼ੈਸਲਾ ਸਰਕਾਰ ਦੀ ਇੱਕ ਸਮਿਤੀ ਦੀ ਸਿਫਾਰਿਸ਼ ਤੋਂ ਬਾਅਦ ਕੀਤਾ ਗਿਆ ਹੈ।

ਸਰਕਾਰ ਦੀ ਸਮਿਤੀ ਨੇ ਸਿਫਾਰਿਸ਼ ਕੀਤੀ ਸੀ ਕਿ ਸ਼ਰਾਬ ਪੀਣ ਦੀ ਉਮਰ 25 ਸਾਲ ਤੋਂ ਘਟਾ ਕੇ 21 ਸਾਲ ਕੀਤੀ ਜਾਵੇ ਅਤੇ ਡਰਾਈ ਡੇਅ ਦੀ ਗਿਣਤੀ ਵੀ ਸਾਲ ਵਿੱਚ ਮਹਿਜ਼ ਤਿੰਨ ਤੱਕ ਹੋਣੀ ਚਾਹੀਦੀ ਹੈ।

ਦਿੱਲੀ ਸਰਕਾਰ ਨੇ ਪਿਛਲੇ ਸਾਲ ਸਿਤੰਬਰ ਮਹੀਨੇ ਵਿੱਚ ਆਬਕਾਰੀ ਕਮਿਸ਼ਨਰ ਦੀ ਪ੍ਰਧਾਨਗੀ ਵਿੱਚ ਇੱਕ ਸਮਿਤੀ ਦਾ ਗਠਨ ਕੀਤਾ ਸੀ।

ਸ਼ਰਾਬ ਦੀ ਸਮਿਤੀ ਨੇ ਨਵੀਂ ਨੀਤੀ ਤਹਿਤ ਬੀਅਰ, ਵਾਈਨ ਅਤੇ ਹੋਰ ਘੱਟ ਅਲਕੋਹਲ ਵਾਲੀ ਡ੍ਰਿੰਕਸ ਨੂੰ ਡਿਪਾਰਟਮੈਂਟਲ ਸਟੋਰ 'ਤੇ ਵੇਚਣ ਦੀ ਸਿਫ਼ਾਰਿਸ਼ ਕੀਤੀ ਸੀ।

ਇਹ ਵੀ ਪੜ੍ਹੋ:

ਰੱਬ ਦਾ ਰੇਡੀਓ-2 ਨੂੰ ਬੈਸਟ ਪੰਜਾਬੀ ਫ਼ਿਲਮ ਦਾ ਐਵਾਰਡ ਮਿਲਿਆ

67ਵੇਂ ਕੌਮੀ ਫਿਲਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਰੱਬ ਦਾ ਰੇਡੀਓ-2 ਨੂੰ ਬੈਸਟ ਪੰਜਾਬੀ ਫ਼ਿਲਮ ਦਾ ਐਵਾਰਡ ਮਿਲਿਆ ਹੈ।

ਬੈਸਟ ਅਦਾਕਾਰਾ ਦਾ ਪੁਰਸਕਾਰ ਕੰਗਣਾ ਰਨੌਤ ਨੂੰ ਫਿਲਮ 'ਮਣੀਕਣੀਕਾ' ਤੇ 'ਪੰਗਾ' ਲਈ ਦਿੱਤਾ ਗਿਆ ਹੈ।

ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ਿਲਮ 'ਛਿਛੋਰੇ' ਨੂੰ ਬੈਸਟ ਹਿੰਦੀ ਫ਼ਿਲਮ ਦਾ ਐਵਾਰਡ ਮਿਲਿਆ ਹੈ।

ਮਨੋਜ ਬਾਜਪਾਈ ਨੂੰ 'ਭੌਂਸਲੇ' ਫਿਲਮ ਲਈ ਬੈਸਟ ਅਦਾਕਾਰ ਦਾ ਐਵਾਰਡ ਮਿਲਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)