ਕੋਰੋਨਾ ਦਾ ਟੀਕਾ ਹੁਣ 24 ਘੰਟੇ ਲੱਗ ਸਕੇਗਾ, ਇੰਝ ਕਰਵਾਓ ਰਜਿਸਟ੍ਰੇਸ਼ਨ

ਕੋਰੋਨਾਵਾਇਰਸ ਨੂੰ ਲੈ ਕੇ ਜਿੱਥੇ ਦੁਨੀਆਂ ਭਰ ਵਿੱਚ ਵੈਕਸੀਨ ਪਹੁੰਚ ਰਹੀ ਹੈ, ਉੱਥੇ ਹੀ ਭਾਰਤ ਵਿੱਚ ਵੀ ਵੈਕਸੀਨ ਲਗਵਾਉਣ ਦਾ ਸਿਲਸਿਲਾ ਚੱਲ ਰਿਹਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਇਲਾਵਾ ਆਮ ਲੋਕ ਵੀ ਵੈਕਸੀਨ ਲਗਵਾ ਰਹੇ ਹਨ।

ਕੇਂਦਰ ਸਰਕਾਰ ਨੇ ਹਸਪਤਾਲਾਂ ਨੂੰ ਇਜਾਜ਼ਤ ਦੇ ਦਿੱਤੀ ਹੈ ਕਿ ਉਹ ਲੋਕਾਂ ਨੂੰ ਉਨ੍ਹਾਂ ਦੀ ਸਹੂਲਤ ਮੁਤਾਬਕ ਕਿਸੇ ਵੀ ਸਮੇਂ ਟੀਕਾ ਲਗਾ ਸਕਦੇ ਹਨ।

ਇਹ ਵੀ ਪੜ੍ਹੋ:-

ਦੂਜਾ ਪੜਾਅ

ਭਾਰਤ ਵਿੱਚ ਕੋਵਿਡ ਵੈਕਸੀਨ ਦਾ ਦੂਜਾ ਪੜਾਅ 1 ਮਾਰਚ ਨੂੰ ਸ਼ੁਰੂ ਹੋਇਆ ਹੈ।

ਹੁਣ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਅਤੇ ਹੋਰ ਬਿਮਾਰੀਆਂ ਨਾਲ ਪੀੜਤ 45 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਲੋਕ ਵੈਕਸੀਨ ਲੈ ਸਕਦੇ ਹਨ।

ਇਸ ਪੜਾਅ ਦੇ ਨਾਲ ਹੀ ਹੁਣ ਸਰਕਾਰੀ ਦੇ ਨਾਲ-ਨਾਲ ਨਿੱਜੀ ਹਸਪਤਾਲਾਂ ਵਿੱਚ ਵੀ ਵੈਕਸੀਨ ਉਪਲਬਧ ਹੈ।

ਕੇਂਦਰ ਸਰਕਾਰ ਵੱਲੋਂ ਪ੍ਰਾਈਵੇਟ ਹਸਪਤਾਲਾਂ ਵਿੱਚ ਵੈਕਸੀਨ ਦੀ ਇੱਕ ਡੋਜ਼ ਦੀ ਕੀਮਤ ਵੱਧ ਤੋਂ ਵੱਧ 250 ਰੁਪਏ ਤੈਅ ਕੀਤੀ ਹੈ। ਇਸ ਦੇ ਨਾਲ ਹੀ ਸਰਕਾਰੀ ਹਸਪਤਾਲਾਂ ਵਿੱਚ ਵੈਕਸੀਨ ਪਹਿਲਾਂ ਵਾਂਗ ਹੀ ਮੁਫ਼ਤ ਰਹੇਗੀ।

ਕਿਵੇਂ ਕਰਵਾਈਏ ਰਜਿਸਟ੍ਰੇਸ਼ਨ?

ਕੋਵਿਡ ਵੈਕਸੀਨ ਲਗਵਾਉਣ ਲਈ ਤੁਹਾਨੂੰ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ। ਵੈਕਸੀਨ ਲਗਵਾਉਣ ਲਈ ਤੁਹਾਨੂੰ ਰਜਿਸਟ੍ਰੇਸ਼ਨ ਕੋ-ਵਿਨ 2.0 ਪੋਰਟਲ ਰਾਹੀਂ ਜਾਂ ਫ਼ਿਰ ਆਰੋਗਿਆ ਸੇਤੂ ਐਪ ਰਾਹੀਂ ਕਰਵਾਉਣੀ ਹੋਵੇਗੀ।

ਇਸ ਤੋਂ ਇਲਾਵਾ ਤੁਸੀਂ ਹਸਪਤਾਲ ਵਿੱਚ ਪਹੁੰਚ ਕੇ (ਔਨ-ਸਾਈਟ) ਵੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ।

ਪਹਿਲਾਂ ਕੋਵਿਡ ਵੈਕਸੀਨ ਲਗਵਾਉਣ ਲਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਦਾ ਹੀ ਸਮਾਂ ਨਿਰਧਾਰਿਤ ਸੀ ਪਰ ਹੁਣ ਤੁਸੀਂ 24 ਘੰਟੇ ਕਿਸੇ ਵੀ ਸਮੇਂ ਵੈਕਸੀਨ ਲਗਵਾ ਸਕਦੇ ਹੋ।

ਕਿਹੜੀ-ਕਿਹੜੀ ਵੈਕਸੀਨ ਮੌਜੂਦ?

ਭਾਰਤ ਵਿੱਚ ਇਸ ਸਮੇਂ 'ਦਿ ਸੀਰਮ ਇੰਸਟੀਚਿਊਟ ਆਫ਼ ਇੰਡੀਆ (SII) ਦੀ ਵੈਕਸੀਨ 'ਕੋਵੀਸ਼ੀਲਡ' ਅਤੇ ਭਾਰਤ ਬਾਇਓਟੈਕ ਦੀ 'ਕੋਵੈਕਸੀਨ' ਦੀ ਵਰਤੋਂ ਹੋ ਰਹੀ ਹੈ।

ਬੁੱਧਵਾਰ 3 ਮਾਰਚ ਨੂੰ ਭਾਰਤ ਬਾਇਓਟੈਕ ਨੇ ਕੋਵੈਕਸੀਨ ਦੇ ਤੀਜੇ ਪੜਾਅ ਦੇ ਕਲੀਨਿਕਲ ਟ੍ਰਾਇਲ ਵਿੱਚ 81 ਫੀਸਦੀ ਪ੍ਰਭਾਵੀ ਹੋਣ ਦਾ ਦਾਅਵਾ ਕੀਤਾ ਹੈ।

ਭਾਰਤ ਬਾਇਓਟੈਕ ਨੇ ਇਸ ਵੈਕਸੀਨ ਨੂੰ ICMR ਦੇ ਨਾਲ ਮਿਲ ਕੇ ਬਣਾਇਆ ਹੈ ਅਤੇ ਇਹ ਪੂਰੀ ਤਰ੍ਹਾਂ ਸਵਦੇਸ਼ੀ ਵੈਕਸੀਨ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)