ਨੌਦੀਪ ਕੌਰ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਜ਼ਮਾਨਤ ਦਿੱਤੀ

ਮਜ਼ਦੂਰ ਹੱਕਾਂ ਦੀ ਕਾਰਕੁਨ ਨੌਦੀਪ ਕੌਰ ਨੂੰ ਤੀਜੀ ਐੱਫ਼ਆਈਆਰ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ।

ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਹਰਿਆਣਾ ਦੇ ਸੋਨੀਪਤ ਵਿੱਚ ਪੈਂਦੇ ਇਲਾਕੇ ਕੁੰਡਲੀ ਉਦਯੋਗਿਕ ਖੇਤਰ (ਕੇਆਈਏ) ਆਧਾਰਿਤ ਉਦਯੋਗਾਂ ਵੱਲੋਂ ਪਰਵਾਸੀ ਮਜ਼ਦੂਰਾਂ ਦਾ ਬਕਾਇਆ ਮਿਹਨਤਾਨਾ ਨਾ ਦਿੱਤੇ ਜਾਣ ਵਿਰੁੱਧ ਆਵਾਜ਼ ਚੁੱਕਣ ਵਾਲੇ 24 ਸਾਲਾ ਨੌਦੀਪ ਕੌਰ ਪਿਛਲੇ ਕਈ ਦਿਨਾਂ ਤੋਂ ਜੇਲ੍ਹ ਵਿੱਚ ਬੰਦ ਹਨ।

ਇਹ ਵੀ ਪੜ੍ਹੋ:-

ਨੌਦੀਪ ਕੌਰ ਉੱਤੇ ਇਲਜ਼ਾਮ ਹਨ ਕਿ ਉਹ ਕਥਿਤ ਤੌਰ 'ਤੇ ਜ਼ਬਰਨ ਪੈਸੇ ਉਗਰਾਹ ਰਹੇ ਸਨ ਅਤੇ ਜਦੋਂ ਪੁਲਿਸ ਅਧਿਕਾਰੀਆਂ ਦੀ ਇੱਕ ਟੀਮ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰਨ ਪਹੁੰਚੀ ਤਾਂ ਪੁਲਿਸ ਕਰਮੀਆਂ 'ਤੇ ਡੰਡਿਆਂ ਨਾਲ ਹਮਲਾ ਕੀਤਾ ਗਿਆ।

ਨੌਦੀਪ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਕਿਸ ਨੇ ਕੀ ਕਿਹਾ

ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ ਸਮੇਤ ਦੇਸ-ਵਿਦੇਸ਼ ਦੀਆਂ ਕਈ ਸ਼ਖ਼ਸੀਅਤਾਂ ਨੇ ਨੌਦੀਪ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਸੋਸ਼ਲ ਮੀਡੀਆ ਰਾਹੀਂ ਵਿਰੋਧ ਕੀਤਾ ਸੀ।

ਇਹ ਵੀ ਪੜ੍ਹੋ:-

ਉਨ੍ਹਾਂ ਨੇ ਨੌਦੀਪ ਨੂੰ ਜ਼ਮਾਨਤ ਮਿਲਣ ਬਾਰੇ ਵੀ ਟਵੀਟ ਸਾਂਝੇ ਕੀਤੇ।

ਮੀਨਾ ਹੈਰਿਸ ਨੇ ਟਵੀਟ ਕਰਦਿਆਂ ਕਿਹਾ ਕਿ ਨੌਦੀਪ ਕੌਰ ਤੇ ਦਿਸ਼ਾ ਰਾਵੀ ਨੂੰ ਜ਼ਮਾਨਤ ਮਿਲ ਗਈ ਹੈ। "ਮੈਂ ਮੰਨਦੀ ਹਾਂ ਇਸ ਦਾ ਕਾਰਨ ਹੈ ਕਿ ਲੋਕਾਂ ਨੇ ਸਰਕਾਰ ਦੇ ਖਿਲਾਫ ਆਵਾਜ਼ ਚੁੱਕੀ।"

ਨੌਦੀਪ ਕੌਰ ਨੂੰ ਜ਼ਮਾਨਤ ਤੋਂ ਬਾਅਦ ਸੋਸ਼ਲ ਮੀਡੀਆ ਉੱਪਰ ਲੋਕਾਂ ਨੇ ਜਿੱਥੇ ਇਸ ਬਾਰੇ ਖ਼ੁਸ਼ੀ ਜਤਾਈ ਹੈ ਉੱਥੇ ਹੀ ਸ਼ਿਵ ਕੁਮਾਰ ਦੀ ਰਿਹਾਈ ਹੋਣ ਤੱਕ ਇਸ ਨੂੰ ਅੱਧਾ ਇਨਸਾਫ਼ ਕਿਹਾ ਹੈ।

ਉੱਤਰ ਪ੍ਰਦੇਸ਼ ਤੋਂ ਡਾਕਟਰ ਅਤੇ ਐਕਟਿਵਿਸਟੀ ਕਫ਼ੀਲ ਖ਼ਾਨ ਨੇ ਵੀ ਜਮਾਨਤ ਮਿਲਣ ’ਤੇ ਟਵੀਟ ਰਾਹੀਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

ਕਿਉਂ ਹੋਈ ਨੌਦੀਪ ਕੌਰ ਨੂੰ ਜੇਲ੍ਹ

ਨੌਦੀਪ ਕੌਰ ਦੀ ਭੈਣ ਰਾਜਵੀਰ ਕੌਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਭੈਣ ਕੁੰਡਲੀ ਉਦਯੋਗਿਕ ਖੇਤਰ (ਕੇਆਈਏ) ਅੰਦਰ ਪੈਂਦੇ ਇੱਕ ਉਦਯੋਗ ਵਿੱਚ ਕੰਮ ਕਰਦੀ ਸੀ ਤੇ ਪਰਵਾਸੀ ਮਜ਼ਦੂਰਾਂ ਦੀ ਆਵਾਜ਼ ਚੁੱਕਦੀ ਸੀ।

ਨੌਦੀਪ ਮਜ਼ਦੂਰ ਅਧਿਕਾਰ ਸੰਘਰਸ਼ (ਐੱਮਏਐੱਸ) ਦੀ ਮੈਂਬਰ ਹੈ ਅਤੇ ਮਜ਼ਦੂਰਾਂ ਦਾ ਬਕਾਇਆ ਮਿਹਨਤਾਨਾ ਦੇਣ ਤੋਂ ਇਨਕਾਰ ਕਰਨ ਵਾਲੇ ਉਦਯੋਗਾਂ ਦੇ ਦਰਵਾਜ਼ੇ ਮੂਹਰੇ ਧਰਨੇ ਲਗਾਉਣ ਵਿੱਚ ਕਾਫ਼ੀ ਸਰਗਰਮ ਸੀ।

ਰਾਜਵੀਰ ਨੇ ਕਿਹਾ ਕਿ ਕੇਆਈਏ ਦੇ ਨੇੜੇ ਸਿੰਘੂ ਬਾਰਡਰ 'ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਗਠਨਾਂ ਵੱਲੋਂ ਧਰਨਾ ਲੱਗਣ ਤੋਂ ਬਾਅਦ ,ਉੱਥੇ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਕਿਸਾਨਾਂ ਦਾ ਸਮਰਥਨ ਕੀਤਾ।

ਉਨ੍ਹਾਂ ਅੱਗੇ ਕਿਹਾ, "ਮੇਰੀ ਭੈਣ ਨੂੰ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਬਦਲੇ ਆਪਣੀ ਨੌਕਰੀ ਗਵਾਉਣੀ ਪਈ।"

ਪੁਲਿਸ ਵੱਲੋਂ ਜਬਰਨ ਪੈਸੇ ਵਸੂਲੀ ਸਬੰਧੀ ਲਾਈਆਂ ਗਈਆਂ ਧਾਰਾਵਾਂ ਬਾਰੇ ਰਾਜਵੀਰ ਕੌਰ ਕਹਿੰਦੀ ਹੈ, "ਕੇਆਈਏ ਨੇ ਇੱਕ ਕੁਇੱਕ ਰਿਸਪੌਂਸ ਟੀਮ (ਕਿਊਆਰਟੀ) ਬਣਾਈ ਹੈ ਜੋ ਮਜ਼ਦੂਰਾਂ ਦੁਆਰਾ ਲੰਬਿਤ ਮਜ਼ਦੂਰੀ ਦੇ ਮਾਮਲੇ ਵਿੱਚ ਕਿਸੇ ਵੀ ਧਰਨੇ ਦਾ ਆਯੋਜਨ ਕਰਨ ਦੀ ਕੋਸ਼ਿਸ਼ ਨੂੰ ਰੋਕਣ ਦਾ ਕੰਮ ਕਰਦੀ ਹੈ।"

"28 ਦਸੰਬਰ ਨੂੰ ਜਦੋਂ ਐੱਮਏਐੱਸ ਦੁਆਰਾ ਬਕਾਇਆ ਮਜ਼ਦੂਰੀ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਸੀ ਕਿਉਆਰਟੀ ਨੇ ਤਨਖ਼ਾਹ ਦੀ ਮੰਗ ਕਰਦੇ ਮੁਜ਼ਾਹਰਾਕਾਰੀਆਂ ਦੇ ਦਬਾਅ ਨੂੰ ਭੰਗ ਕਰਨ ਲਈ ਉਨ੍ਹਾਂ 'ਤੇ ਹਮਲਾ ਕਰ ਦਿੱਤਾ।"

"ਇਸ ਸਬੰਧੀ ਸ਼ਿਕਾਇਤ ਸੋਨੀਪਤ ਦੇ ਐੱਸਪੀ ਨੂੰ ਭੇਜੀ ਗਈ ਸੀ ਤਾਂ ਕਿ ਕਿਊਆਰਟੀ ਦੇ ਮੈਂਬਰਾਂ ਵਿਰੁੱਧ ਕਾਰਵਾਈ ਕੀਤੀ ਜਾ ਸਕੇ ਪਰ ਇਸ 'ਤੇ ਕੋਈ ਜਵਾਬ ਨਹੀਂ ਦਿੱਤਾ ਗਿਆ।"

ਰਾਜਵੀਰ ਕੌਰ ਨੇ ਦੱਸਿਆ ਕਿ 12 ਜਨਵਰੀ ਨੂੰ ਜਦੋਂ ਨੌਦੀਪ ਐੱਮਏਐੱਸ ਦੇ ਹੋਰ ਮੈਂਬਰਾਂ ਨਾਲ ਮਿਲ ਕੇ ਕੇਆਈਏ ਦੇ ਅੰਦਰ ਇੱਕ ਉਦਯੋਗ ਦੇ ਬਾਹਰ ਧਰਨਾ ਦੇ ਰਹੇ ਸਨ, ਪੁਲਿਸ ਅਧਿਕਾਰੀ ਪਹੁੰਚੇ ਅਤੇ ਉਨ੍ਹਾਂ ਦੀ ਭੈਣ ਨੂੰ ਧਰਨੇ ਵਾਲੀ ਜਗ੍ਹਾਂ ਤੋਂ ਗ੍ਰਿਫ਼ਤਾਰ ਕਰ ਕੇ ਲੈ ਗਏ।

ਉਨ੍ਹਾਂ ਨੇ ਇਲਜ਼ਾਮ ਲਗਾਇਆ, "ਨੌਦੀਪ ਨੂੰ ਸਿਰਫ਼ ਮਰਦ ਪੁਲਿਸ ਮੁਲਾਜ਼ਮਾਂ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਹਿਰਾਸਤ ਵਿੱਚ ਲੈ ਜਾਣ ਤੋਂ ਬਾਅਦ ਵੀ ਮਰਦ ਪੁਲਿਸ ਮੁਲਾਜ਼ਮਾਂ ਵੱਲੋਂ ਉਨ੍ਹਾਂ 'ਤੇ ਹਮਲਾ ਕੀਤਾ ਗਿਆ ਅਤੇ ਅੰਦਰੂਨੀ ਹਿੱਸਿਆਂ 'ਤੇ ਬੇਰਹਿਮੀ ਨਾਲ ਠੁੱਡੇ ਮਾਰੇ ਗਏ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)