ਕਿਸਾਨ ਅੰਦੋਲਨ: ਟਰੇਨਾਂ ਤੋਂ ਦਿੱਲੀ ਆ ਰਹੇ ਕਿਸਾਨਾਂ ਨੂੰ ਰਾਹ ਵਿੱਚ ਹੀ ਰੋਕਿਆ - 5 ਅਹਿਮ ਖ਼ਬਰਾਂ

ਕਿਸਾਨ ਜਥੇਬੰਦੀਆਂ ਨੇ ਇਲਜ਼ਾਮ ਲਾਇਆ ਹੈ ਕਿ ਟਰੇਨਾਂ ਰਾਹੀਂ ਪੰਜਾਬ ਤੋਂ ਆ ਰਹੇ ਕਿਸਾਨਾਂ ਨੂੰ ਰਾਹ ਵਿੱਚ ਹੀ ਰੋਕਿਆ ਜਾ ਰਿਹਾ ਹੈ।

ਪ੍ਰੈੱਸ ਕਾਨਫਰੰਸ ਦੌਰਾਨ ਡਾ. ਦਰਸ਼ਨਪਾਲ ਨੇ ਕਿਹਾ, "ਪੰਜਾਬ ਮੇਲ ਨੂੰ ਝੱਜਰ, ਰੇਵਾੜੀ ਵੱਲ ਮੋੜ ਦਿੱਤਾ ਗਿਆ, ਰੇਵਾੜੀ ਜਾ ਕੇ ਕਿਸਾਨ ਉਤਰੇ। ਜਦੋਂਕਿ ਦੋ ਟਰੇਨਾਂ ਰੋਹਤਕ ਰੋਕ ਦਿੱਤੀਆਂ ਗਈਆਂ। ਹਜ਼ਾਰਾਂ ਕਿਸਾਨਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ।"

ਰੋਹਤਕ ਤੋਂ ਬੀਬੀਸੀ ਸਹਿਯੋਗੀ ਸੱਤ ਸਿੰਘ ਦੀ ਰਿਪੋਰਟ ਮੁਤਾਬਕ ਬਠਿੰਡਾ ਤੋਂ ਦਿੱਲੀ ਜਾਣ ਵਾਲੀ ਕਿਸਾਨ ਐਕਸਪ੍ਰੈੱਸ ਵਿੱਚ ਯਾਤਰਾ ਕਰਨ ਵਾਲੇ ਸੈਂਕੜੇ ਕਿਸਾਨਾਂ ਨੂੰ ਸਾਥਨਕ ਪ੍ਰਸ਼ਾਸਨ ਵੱਲੋਂ ਰੋਕੇ ਜਾਣ ਤੋਂ ਬਾਅਦ ਰੋਹਤਕ ਰੇਲਵੇ ਸਟੇਸ਼ਨ 'ਤੇ ਉਤਰਨਾ ਪਿਆ।

ਇਹ ਕਿਸਾਨ ਰੋਹਤਕ ਸਟੇਸ਼ਨ ਤੋਂ ਆਟੋ ਰਿਕਸ਼ਾ ਰਾਹੀਂ ਆਪਣੀ ਮੰਜ਼ਿਲ ਵੱਲ ਵਧੇ।

ਫਿਰੋਜ਼ਪੁਰ-ਦਿੱਲੀ, ਮੁੰਬਈ ਜਾਣ ਵਾਲੀ ਟਰੇਨ ਨੂੰ ਵੀ ਰੋਹਤਕ ਰੇਲਵੇ ਸਟੇਸ਼ਨ ਤੋਂ ਰੇਵਾੜੀ ਵੱਲ ਮੋੜ ਦਿੱਤਾ ਗਿਆ। ਇਸ ਵਿੱਚ ਕਈ ਕਿਸਾਨ ਦਿੱਲੀ ਆਉਣ ਲਈ ਸਫ਼ਰ ਕਰ ਰਹੇ ਸਨ।

ਇਸ ਵਿਚਾਲੇ ਗੰਗਾਨਗਰ-ਹਰਿਦੁਆਰ-ਬਠਿੰਡਾ ਐਕਸਪ੍ਰੈੱਸ ਟਰੇਨ ਜੋ ਰੋਹਤਕ ਰੇਲਵੇ ਸਟੇਸ਼ਨ 'ਤੇ ਸਵੇਰੇ 11 ਵਜੇ ਪਹੁੰਚੀ, ਉਸ ਨੂੰ 15 ਮਿੰਟ ਲਈ ਰੋਕ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਬਹਾਦੁਰਗੜ੍ਹ ਜਾਣ ਦੀ ਇਜਾਜ਼ਤ ਮਿਲ ਗਈ ਸੀ।

ਡੀਐੱਸਪੀ (ਹੈੱਡਕੁਆਟਰ) ਗੋਰਖਪਾਲ ਸਿੰਘ ਰਾਣਾ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਵੱਡੀ ਗਿਣਤੀ ਵਿੱਚ ਕਿਸਾਨ ਟੇਰਨਾਂ ਰਾਹੀਂ ਦਿੱਲੀ ਜਾਣ ਲਈ ਆ ਰਹੇ ਹਨ। ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਸਿੰਘੂ, ਗਾਜ਼ੀਪੁਰ ਅਤੇ ਟਿਕਰੀ ਬਾਰਡਰਾਂ ਉੱਤੇ ਕਿੰਨੀ ਬੈਰੀਕੈਡਿੰਗ

ਦਿੱਲੀ ਦੇ ਬਾਰਡਰ ਨਾਲ ਲਗਦੀਆਂ ਤਿੰਨ ਸਰਹੱਦਾਂ - ਗਾਜ਼ੀਪੁਰ, ਸਿੰਧੂ ਤੇ ਟਿਕਰੀ 'ਤੇ ਸੋਮਵਾਰ ਦੀ ਸਵੇਰ ਤੋਂ ਪੁਲਿਸ ਨੇ ਰਾਹ ਬੰਦ ਰੱਖਿਆ ਹੋਇਆ ਹੈ। ਇਸ ਕਾਰਨ ਇਨ੍ਹਾਂ ਤਿੰਨਾਂ ਰੂਟਾਂ 'ਤੇ ਟਰੈਫਿਕ ਜਾਮ ਲੱਗ ਗਿਆ।

ਦਿੱਲੀ ਵੱਲੋਂ ਸਿੰਘੂ ਬਾਰਡਰ ਵੱਲ ਜਾਂਦਿਆਂ ਦੋ ਕਿਲੋਮੀਟਰ ਪਹਿਲਾਂ ਤੋਂ ਹੀ ਬੈਰੀਕੇਡ ਲਗਾ ਦਿੱਤੇ ਗਏ ਹਨ। ਸਿੰਘੂ ਬਾਰਡਰ ਦੇ ਨੇੜੇ ਸੜਕ ਪੂਰੀ ਤਰ੍ਹਾਂ ਪੁੱਟ ਦਿੱਤੀ ਗਈ ਹੈ।

ਦਿੱਲੀ ਪੁਲਿਸ ਵੱਲੋਂ ਗਾਜ਼ੀਪੁਰ ਬਾਰਡਰ 'ਤੇ ਕਿੱਲਾਂ ਲਗਾਈਆਂ ਗਈਆਂ ਹਨ। ਦਿੱਲੀ ਤੋਂ ਯੂਪੀ ਆਉਣ ਵਾਲਾ ਕੇਵਲ ਇੱਕ ਰਾਹ ਖੋਲ੍ਹਿਆ ਹੋਇਆ ਹੈ ਜੋ ਕਿ ਆਨੰਦ ਵਿਹਾਰ ਤੋਂ ਹੁੰਦੇ ਹੋਏ ਗਾਜ਼ੀਆਬਾਦ ਆਉਂਦਾ ਹੈ।

ਟਿਕਰੀ ਬਾਰਡਰ ਤੋਂ ਪੁਲਿਸ ਨੇ ਕੰਕਰੀਟ ਦੇ ਸਲੈਬ ਲਗਾਏ ਹਨ। ਇਸ ਦੇ ਨਾਲ ਹੀ ਸੜਕ 'ਤੇ ਨੁਕੀਲੇ ਸਰੀਏ ਵੀ ਗੱਡੇ ਹਨ ਤਾਂ ਜੋ ਵਾਹਨ ਪਾਰ ਨਾ ਕਰ ਸਕਣ।

ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਟਵਿੱਟਰ ਨੇ ਕਿਸਾਨ ਏਕਤਾ ਮੋਰਚਾ ਤੇ ਦਿ ਕਾਰਵਾਂ ਦਾ ਅਕਾਊਂਟ ਮੁੜ ਬਹਾਲ ਕੀਤਾ

ਟਵਿੱਟਰ ਨੇ ਕਿਸਾਨ ਏਕਤਾ ਮੋਰਚਾ, ਦਿ ਕਾਰਵਾਂ ਸਣੇ ਕਈ ਟਵਿੱਟਰ ਅਕਾਊਂਟਜ਼ ਨੂੰ ਭਾਰਤ ਵਿੱਚ 'ਵਿਦਹੈਲਡ' ਕਰ ਦਿੱਤਾ ਸੀ ਯਾਨਿ ਕਿ ਉਨ੍ਹਾਂ ਦਾ ਕੰਮਕਾਜ਼ ਰੋਕ ਦਿੱਤਾ ਗਿਆ।

ਹਾਲਾਂਕਿ ਕਿਸਾਨ ਏਕਤਾ ਮੋਰਚਾ ਅਤੇ ਦਿ ਕਾਰਵਾਂ ਦਾ ਟਵਿੱਟਰ ਅਕਾਊਂਟ ਹੁਣ ਬਹਾਲ ਕਰ ਦਿੱਤਾ ਹੈ ਅਤੇ ਮੁੜ ਦੇਖਿਆ ਜਾ ਸਕਦਾ ਹੈ।

ਇਨ੍ਹਾਂ ਵਿੱਚੋਂ ਕਈ ਅਕਾਊਂਟਜ਼ ਕਿਸਾਨ ਅੰਦੋਲਨ ਬਾਰੇ ਹੋ ਰਹੀਆਂ ਗਤੀਵਿਧੀਆਂ ਬਾਰੇ ਪੋਸਟਾਂ ਪਾ ਰਹੇ ਸਨ।

ਟਵਿੱਟਰ ਨੇ ਇਨ੍ਹਾਂ ਅਕਾਊਂਟਜ਼ ਦੇ ਕੰਮਕਾਜ਼ ਨੂੰ ਬੰਦ ਕਰਨ ਦਾ ਕਾਰਨ ਲੀਗਲ ਡਿਮਾਂਡ ਯਾਨਿ ਕਾਨੂੰਨੀ ਮੰਗ ਦੱਸਿਆ। ਕਾਨੂੰਨੀ ਮੰਗ ਤੋਂ ਇੱਥੇ ਮਤਲਬ ਹੈ ਕਿ ਜਦੋਂ ਇੱਕ ਦੇਸ ਦੀ ਸਰਕਾਰ ਵੱਲੋਂ ਟਵਿੱਟਰ ਨੂੰ ਅਜਿਹਾ ਕਰਨ ਲਈ ਕਿਹਾ ਜਾਂਦਾ ਹੈ। ਟਵਿੱਟਰ ਇਸ ਤਰ੍ਹਾਂ ਕਦੋਂ ਕਰਦਾ ਹੈ, ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਬਜਟ 2021 ਵਿੱਚ ਕੀ ਹੈ ਖ਼ਾਸ

ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਣ ਨੇ ਸੋਮਵਾਰ ਨੂੰ ਡਿਜੀਟਲ ਟੈਬਲੇਟ ਰਾਹੀਂ ਬਜਟ ਪੇਸ਼ ਕੀਤਾ।

ਕੇਂਦਰੀ ਬਜਟ ਵਿੱਚ ਪੈਟਰੋਲ 'ਤੇ 2.50 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 4 ਰੁਪਏ ਪ੍ਰਤੀ ਲੀਟਰ ਖੇਤੀ ਸਰੰਚਨਾਤਮਕ ਅਤੇ ਵਿਕਾਸ ਸੈੱਸ (ਏਆਈਡੀਸੀ) ਲਗਾਇਆ ਗਿਆ ਹੈ ਪਰ ਇਸ ਦਾ ਉਪਭੋਗਤਾਵਾਂ 'ਤੇ ਕੋਈ ਅਸਰ ਨਹੀਂ ਪਵੇਗਾ।

ਇਸ ਦਾ ਕਾਰਨ ਇਹ ਕਿ ਅਨਬਰਾਂਡਡ ਪੈਟਰੋਲ ਪਹਿਲਾਂ ਬੇਸਿਕ ਐਕਸਾਈਜ਼ ਡਿਊਟੀ 2.98 ਰੁਪਏ ਅਤੇ ਸਪੈਸ਼ਲ ਵਾਧੂ ਐਕਸਾਈਜ਼ ਡਿਊਟੀ 12 ਰੁਪਏ ਸੀ ਅਤੇ ਇਹ ਹੁਣ ਕ੍ਰਮਵਾਰ 1.4 ਅਤੇ 11 ਰੁਪਏ ਹੋ ਗਿਆ ਹੈ।

ਇਸ ਤੋਂ ਇਲਾਵਾ ਰੇਲਵੇ ਲਈ 1,10,055 ਕਰੋੜ ਦਾ ਪ੍ਰਸਤਾਵ ਹੈ। ਸਿਹਤ ਸੈਕਟਰ ਲਈ 2.38 ਲੱਖ ਕਰੋੜ ਰੁਪਏ ਖਰਚ ਕੀਤੇ ਜਾਣਗੇ।

ਪੂਰੀ ਖ਼ਬਰ ਪੜ੍ਹਣ ਲਈ ਇੱਥਏ ਕਲਿੱਕ ਕਰੋ।

ਮਿਆਂਮਾਰ 'ਚ ਫੌਜ ਨੇ ਕੀਤਾ ਤਖ਼ਤਾਪਲਟ

ਮਿਆਂਮਾਰ ਦੀ ਫੌਜ ਨੇ ਔਂ ਸਾਂ ਸੂ ਚੀ ਸਣੇ ਕਈ ਆਗੂਆਂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਸੱਤਾ ਆਪਣੇ ਹੱਥ ਵਿੱਚ ਲੈ ਲਈ ਹੈ।

ਮਿਲਟਰੀ ਟੀਵੀ ਨੇ ਕਿਹਾ ਕਿ ਵਿਵਾਦਤ ਚੋਣਾਂ ਤੋਂ ਬਾਅਦ ਸਿਵਲੀਅਨ ਸਰਕਾਰ ਅਤੇ ਫੌਜ ਵਿਚਾਲੇ ਤਣਾਅ ਵਧਣ ਤੋਂ ਬਾਅਦ ਇਹ ਤਖ਼ਤਾ ਪਲਟਿਆ ਹੈ।

'ਕੂ' ਫਰੈਂਚ ਸ਼ਬਦ ਹੈ ਜਿਸ ਦਾ ਸ਼ਾਬਦਿਕ ਅਰਥ ਹੈ ਤਖ਼ਤਾ ਪਲਟ।

ਅਜਿਹਾ ਉਦੋਂ ਹੁੰਦਾ ਹੈ ਜਦੋਂ ਲੋਕ ਗ਼ੈਰ-ਕਾਨੂੰਨੀ ਢੰਗ ਨਾਲ ਸਰਕਾਰ ਨੂੰ ਪੁੱਟ ਸੁੱਟਣ ਲਈ ਕਾਰਵਾਈ ਕਰਦੇ ਹਨ ਅਤੇ ਅਕਸਰ ਹਿੰਸਾ ਜਾਂ ਧਮਕੀਆਂ ਦੀ ਵੀ ਵਰਤੋਂ ਕਰਦੇ ਹਨ।

ਲੋਕ ਇਹ ਸਭ ਇਸ ਲਈ ਕਰਦੇ ਹਨ ਕਿਉਂਕਿ ਉਹ ਉਸ ਸਰਕਾਰ ਦੀ ਕਾਰਗੁਜਾਰੀ ਤੋਂ ਖੁਸ਼ ਨਹੀਂ ਹੁੰਦੇ।

ਔਂ ਸਾਂ ਸੂ ਚੀ ਬਾਰੇ ਹੋਰ ਜਾਣਨ ਲਈ ਇੱਥੇ ਕਲਿੱਕ ਕਰੋ।

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)