You’re viewing a text-only version of this website that uses less data. View the main version of the website including all images and videos.
ਸਿੰਘੂ, ਗਾਜ਼ੀਪੁਰ ਅਤੇ ਟਿਕਰੀ ਬਾਰਡਰਾਂ ਉੱਤੇ ਕਿੰਨੀ ਬੈਰੀਕੇਡਿੰਗ ਤੇ ਕੀ ਕਹਿ ਰਹੇ ਨੇ ਕਿਸਾਨ
ਦਿੱਲੀ ਦੀ ਸੀਮਾ ਨਾਲ ਲਗਦੇ ਉਨ੍ਹਾਂ ਤਿੰਨਾਂ ਸਰਹੱਦਾਂ-ਗਾਜ਼ੀਪੁਰ, ਸਿੰਧੂ ਤੇ ਟਿਕਰੀ 'ਤੇ ਸੋਮਵਾਰ ਦੀ ਸਵੇਰ ਤੋਂ ਪੁਲਿਸ ਨੇ ਰਸਤਾ ਬੰਦ ਰੱਖਿਆ ਹੋਇਆ ਹੈ ਜਿਸ ਦੇ ਤਹਿਤ ਇਨ੍ਹਾਂ ਤਿੰਨਾਂ ਰੂਟਾਂ 'ਤੇ ਟਰੈਫਿਕ ਜਾਮ ਦੇ ਹਾਲਾਤ ਵੇਖਣ ਨੂੰ ਮਿਲੇ।
ਇਸ ਤੋਂ ਇਲਾਵਾ ਇਨ੍ਹਾਂ ਦੋਵਾਂ ਥਾਂਵਾਂ 'ਤੇ ਦਿੱਲੀ ਦੀ ਸਰਹੱਦ ਵੱਲ ਕਾਫੀ ਬੈਰੀਕੇਡਿੰਗ ਕੀਤੀ ਗਈ ਹੈ।
ਸਿੰਘੂ ਬਾਰਡਰ 'ਤੇ ਕਿਸਾਨਾਂ ਜੋਸ਼ 'ਚ ਕਮੀ ਨਹੀਂ
ਸਿੰਘੂ ਬਾਰਡਰ ਤੋਂ ਬੀਬੀਸੀ ਪੱਤਰਕਾਰ ਖ਼ੁਸ਼ਹਾਲ ਲਾਲੀ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਪ੍ਰਸ਼ਾਸਨ ਵਲੋਂ ਬੈਰੀਕੇਡ ਲਗਾਏ ਗਏ ਹਨ। ਦਿੱਲੀ ਵਲੋਂ ਸਿੰਘੂ ਬਾਰਡਰ ਵੱਲ ਜਾਂਦਿਆਂ ਦੋ ਕਿਲੋਮੀਟਰ ਪਹਿਲਾਂ ਤੋਂ ਹੀ ਬੈਰੀਕੇਡ ਲਗਾ ਦਿੱਤੇ ਗਏ ਹਨ।
ਇਹ ਵੀ ਪੜ੍ਹੋ:
ਇਸ ਵਿੱਚ ਚੋਣਵੀਆਂ ਗੱਡੀਆਂ ਨੂੰ ਹੀ ਜਾਣ ਦੀ ਆਗਿਆ ਦਿੱਤੀ ਜਾਂਦੀ ਹੈ। ਪਰ ਮੀਡੀਆ ਦੀਆਂ ਗੱਡੀਆਂ ਨੂੰ ਨਹੀਂ ਜਾਣ ਦਿੱਤਾ ਜਾਂਦਾ।
ਸਿੰਘੂ ਬਾਰਡਰ ਦੇ ਨੇੜੇ ਸੜਕ ਪੂਰੀ ਤਰ੍ਹਾਂ ਪੁੱਟ ਦਿੱਤੀ ਗਈ ਹੈ। ਸੰਯੁਕਤ ਕਿਸਾਨ ਮੋਰਚੇ ਦੇ ਮੰਚ ਤੋਂ ਪਹਿਲਾਂ ਇੱਕ ਕਿਸਾਨ ਸੰਘਰਸ਼ ਕਮੇਟੀ ਦੀ ਸਟੇਜ ਹੈ। ਇਸੇ ਸਟੇਜ 'ਤੇ ਦੋ ਦਿਨ ਪਹਿਲਾਂ ਪੱਥਰਬਾਜ਼ੀ ਕੀਤੀ ਗਈ ਸੀ।
ਇਸੇ ਸਟੇਜ ਦੇ ਅੱਗੇ ਪੂਰੀ ਤਰ੍ਹਾਂ ਸੀਮੇਂਟ ਅਤੇ ਸਰੀਏ ਪਾ ਕੇ ਬੈਰੀਕੇਡ ਲਗਾ ਦਿੱਤਾ ਗਏ ਹਨ।
ਸਿੰਘੂ ਬਾਰਡਰ ਤੱਕ ਜਾਣ ਦਾ ਹਰ ਰਾਹ ਬੰਦ ਕਰ ਦਿੱਤਾ ਗਿਆ ਹੈ। ਨਰੇਲਾ ਵਲੋਂ ਧਰਨੇ ਵਿੱਚ ਸ਼ਾਮਿਲ ਹੋਣ ਲਈ ਆ ਰਹੇ 46 ਕਿਸਾਨਾਂ ਨੂੰ ਹਿਰਾਸਤ ਵਿੱਚ ਰੱਖਕੇ ਪੁੱਛਗਿੱਛ ਕੀਤੀ ਗਈ।
ਸਿੰਘੂ ਬਾਰਡਰ 'ਤੇ ਮੌਜੂਦ ਇੱਕ ਕਿਸਾਨ ਨੇਤਾ ਸੁਰਜੀਤ ਸਿੰਧ ਢੇਰ ਨੇ ਦੱਸਿਆ ਕਿ, "ਜਿਸ ਤਰ੍ਹਾਂ ਦੀ ਕੰਧ ਉਸਾਰਨ ਦਾ ਐਲਾਨ ਟਰੰਪ ਨੇ ਅਮਰੀਕਾ ਅਤੇ ਮੈਕਸੀਕੋ ਦੀ ਹੱਦ 'ਤੇ ਕੀਤਾ ਸੀ, ਮੋਦੀ ਸਰਕਾਰ ਦਿੱਲੀ ਅਤੇ ਹਰਿਆਣਾ ਦੀ ਹੱਦ 'ਤੇ ਅਜਿਹੀ ਹੀ ਕੰਧ ਖੜੀ ਕਰ ਰਹੀ ਹੈ।"
ਜ਼ਮਹੂਰੀ ਕਿਸਾਨ ਸਭਾ ਦੇ ਮੁਖੀ ਸਤਨਾਮ ਸਿੰਘ ਪੰਨੂ ਨੇ ਦੱਸਿਆ, "ਸਰਕਾਰ ਨੇ ਇੰਟਰਨੈੱਟ ਬੰਦ ਕਰਕੇ ਅਤੇ ਬੈਰੀਕੇਡਿੰਗ ਕਰਕੇ ਕਿਸਾਨ ਅੰਦੋਲਨ ਦੀਆਂ ਖ਼ਬਰਾਂ ਬਾਹਰ ਆਉਣ ਤੋਂ ਰੋਕ ਦਿੱਤੀਆਂ ਹਨ।"
"ਇਸਦੇ ਇਲਾਵਾ ਮੋਦੀ ਸਰਕਾਰ ਆਪਣੇ ਪ੍ਰਚਾਰ ਸਾਧਨਾਂ ਨਾਲ ਇਹ ਜਤਾਉਣ ਦੀ ਕੋਸ਼ਿਸ਼ ਕਰ ਰਹੀ ਹੈ ਧਰਨਾ ਕਮਜ਼ੋਰ ਪੈ ਗਿਆ ਹੈ ਪਰ ਅਜਿਹਾ ਬਿਲਕੁਲ ਨਹੀਂ ਹੈ। ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਦਾ ਆਉਣਾ ਲਗਾਤਾਰ ਜਾਰੀ ਹੈ।"
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸਤਨਾਮ ਸਿੰਘ ਅਜਨਾਰਾ ਨੇ ਦੱਸਿਆ ਕਿ, "ਸਰਕਾਰ ਹਰ ਇੱਕ ਗ਼ੈਰ-ਮਨੁੱਖੀ ਕਦਮ ਚੁੱਕ ਰਹੀ ਹੈ। ਇਸ ਵਿੱਚ ਬਿਜਲੀ ਕੱਟਣਾ, ਪਾਣੀ ਬੰਦ ਕਰਨਾ ਅਤੇ ਇੰਟਰਨੈੱਟ ਬੰਦ ਕਰਨਾ ਸ਼ਾਮਿਲ ਹੈ।"
"ਹੁਣ ਸਰਕਾਰ ਬੈਰੀਕੇਡ ਲਗਾ ਰਹੀ ਹੈ। ਇਹ ਸਭ ਸਰਕਾਰ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ ਜੇ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਪਹਿਲਾਂ ਗੱਲਬਾਤ ਦਾ ਮਾਹੌਲ ਤਿਆਰ ਕਰਨਾ ਪਵੇਗਾ।"
ਸਤਨਾਮ ਸਿੰਘ ਪੰਨੂ ਨੇ ਬੀਬੀਸੀ ਨੂੰ ਦੱਸਿਆ,"ਇਸੇ ਤਰੀਕੇ ਨਾਲ ਬੈਰੀਕੇਡਿੰਗ ਟਿਕਰੀ, ਸਿੰਘੂ ਅਤੇ ਗਾਜ਼ੀਪੁਰ ਹਰ ਬਾਰਡਰ 'ਤੇ ਹੋ ਰਹੀ ਹੈ। ਸਰਕਾਰ ਦਾ ਇਹ ਤਰੀਕਾ ਕਿਸਾਨਾਂ ਦਾ ਮਨੋਬਲ ਘੱਟ ਕਰਨ ਦੀ ਕੋਸ਼ਿਸ਼ ਹੈ ਪਰ ਕਿਸਾਨ ਪੂਰੇ ਜੋਸ਼ ਵਿੱਚ ਹਨ ਅਤੇ ਤਿੰਨਾਂ ਕਾਨੂੰਨਾਂ ਨੂੰ ਰੱਦ ਕਰਵਾ ਕੇ ਅਤੇ ਐੱਮਐੱਸਪੀ ਦਾ ਕਾਨੂੰਨ ਬਣਵਾਕੇ ਹੀ ਵਾਪਸ ਜਾਣਗੇ।"
ਸਿੰਘੂ ਬਾਰਡਰ ਦੇ ਇੱਕ ਸਥਾਨਕ ਨੌਜਵਾਨ ਸਾਗਰ ਨੇ ਦੱਸਿਆ ਕਿ ਦੋ ਮਹੀਨਿਆਂ ਤੋਂ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਸਥਾਨਕ ਲੋਕਾਂ ਨੂੰ ਕੋਈ ਤਕਲੀਫ਼ ਨਹੀਂ ਹੋ ਰਹੀ, ਪਰ 26 ਜਨਵਰੀ ਦੇ ਬਾਅਦ ਸਰਕਾਰ ਦੀ ਬੈਰੀਕੇਡਿੰਗ ਅਤੇ ਸਖ਼ਤੀ ਨਾਲ ਲੋਕਾਂ ਦੀ ਤਕਲੀਫ਼ ਵੱਧ ਗਈ ਹੈ।
ਸਿੰਘੂ ਬਾਰਡਰ 'ਤੇ ਸੋਨੀਪਤ ਤੋਂ ਸੌ ਔਰਤਾਂ ਦਾ ਇੱਕ ਜੱਥਾ ਟਰੈਕਰ ਟਰਾਲੀ 'ਤੇ ਪਹੁੰਚਿਆ। ਇਨ੍ਹਾਂ ਔਰਤਾਂ ਨੇ ਬੀਬੀਸੀ ਨੂੰ ਕਿਹਾ, “ਸਰਕਾਰ ਸਾਡਾ ਕਿਸਾਨਾਂ ਦਾ ਹੌਸਲਾ ਢਾਹ ਨਹੀਂ ਸਕਦੀ, ਅਸੀਂ ਹਰ ਹਾਲ ਵਿੱਚ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਰ ਕਰਾਕੇ ਜਾਵਾਂਗੇ।”
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਗਾਜ਼ੀਪੁਰ ਬਾਰਡਰ ਤੋਂ ਸਮੀਰਾਤਮਜ ਮਿਸ਼ਰ ਦੀ ਰਿਪੋਰਟ
ਗਾਜ਼ੀਪੁਰ ਬਾਰਡਰ 'ਤੇ ਚੱਲ ਰਹੇ ਕਿਸਾਨਾਂ ਦੇ ਧਰਨੇ ਵਾਲੀ ਥਾਂ 'ਤੇ ਐਤਵਾਰ ਸ਼ਾਮ ਤੋਂ ਹੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਯੂਪੀ ਵੱਲੋਂ ਦਿੱਲੀ ਜਾਣ ਵਾਲੇ ਸਾਰੇ ਰਸਤਿਆਂ 'ਤੇ ਕਈ ਤਰੀਕਿਆਂ ਦੇ ਬਾੜ ਲਗਾ ਦਿੱਤੇ ਗਏ ਹਨ। ਇੱਥੋਂ ਤੱਕ ਕਿ ਪੈਦਲ ਜਾਣ ਦੇ ਰਾਹ ਵੀ ਬੰਦ ਕਰ ਦਿੱਤੇ ਗਏ ਹਨ।
ਪਿਛਲੇ ਦੋ ਮਹੀਨਿਆਂ ਤੋਂ ਬਾਰਡਰ 'ਤੇ ਚੱਲ ਰਹੇ ਕਿਸਾਨ ਅੰਦੋਲਨਾਂ ਨੂੰ ਕਵਰ ਕਰ ਰਹੇ ਸੀਨੀਅਰ ਪੱਤਰਕਾਰ ਪ੍ਰਭਾਕਰ ਮਿਸ਼ਰ ਦੱਸਦੇ ਹਨ, "ਮੈਂ ਅੱਜ ਸਵੇਰੇ ਦੋ ਘੰਟੇ ਰਸਤਾ ਤਲਾਸ਼ਦਾ ਰਿਹਾ।
ਇਲਾਕੇ ਦੇ ਡੀਸੀਪੀ ਤੋਂ ਵੀ ਮਦਦ ਮੰਗੀ, ਉਨ੍ਹਾਂ ਨੇ ਮਦਦ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਮੈਂ ਜਾਮ ਵਿੱਚ ਫਸਿਆ ਰਿਹਾ ਤੇ ਹੋਰ ਭਟਕੇ ਲੋਕਾਂ ਦੇ ਨਾਲ ਰਾਹ ਤਲਾਸ਼ਦਾ ਰਿਹਾ।"
ਦਿੱਲੀ ਤੋਂ ਯੂਪੀ ਆਉਣ ਵਾਲਾ ਕੇਵਲ ਇੱਕ ਰਾਹ ਖੋਲ੍ਹਿਆ ਹੋਇਆ ਹੈ ਜੋ ਕਿ ਆਨੰਦ ਵਿਹਾਰ ਤੋਂ ਹੁੰਦੇ ਹੋਏ ਗਾਜ਼ੀਆਬਾਦ ਆਉਂਦਾ ਹੈ ਪਰ ਇੱਥੇ ਵੀ ਕੇਵਲ ਇੱਕ ਹੋਰ ਰਾਹ ਖੁੱਲ੍ਹਿਆ ਹੈ ਅਤੇ ਉਸ 'ਤੇ ਲੰਬਾ ਜਾਮ ਲਗਿਆ ਹੈ।
ਇਸ ਤਰੀਕੇ ਦੀ ਘੇਰਾਬੰਦੀ ਕਿਉਂ ਕੀਤੀ ਗਈ ਹੈ ਦਿੱਲੀ ਪੁਲਿਸ ਦੇ ਅਧਿਕਾਰੀ ਇਸ ਦਾ ਕੋਈ ਜਵਾਬ ਨਹੀਂ ਦੇ ਰਹੇ ਹਨ।
ਉੱਥੇ ਮੌਜੂਦ ਪੁਲਿਸ ਮੁਲਾਜ਼ਮ ਕੇਵਲ ਇਹ ਕਹਿ ਰਹੇ ਹਨ ਕਿ ਉੱਪਰ ਤੋਂ ਹੁਕਮ ਹੈ। ਉੱਥੇ ਮੌਜੂਦ ਕੁਝ ਨੌਜਵਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਇਸ ਦੇ ਅੱਗੇ ਕੋਈ ਜਾ ਨਹੀਂ ਸਕਦਾ ਹੈ ਅਤੇ ਉਨ੍ਹਾਂ ਨੂੰ ਨਿਗਰਾਨੀ ਲਈ ਤਾਇਨਾਤ ਕੀਤਾ ਗਿਆ ਹੈ।
ਗਾਜ਼ੀਪੁਰ ਬਾਰਡਰ 'ਤੇ ਕਿਸਾਨਾਂ ਦੀ ਭੀੜ ਮੁੜ ਵਧਦੀ ਜਾ ਰਹੀ ਹੈ। ਉੱਥੇ ਮੌਜੂਦ ਕਿਸਾਨਾਂ ਦਾ ਕਹਿਣਾ ਹੈ ਕਿ ਅੱਗੇ ਟੈਂਟ ਨਾ ਵਧ ਸਕਣ ਇਸ ਲਈ ਪੁਲਿਸ ਨੇ ਇੰਨੀ ਸੁਰੱਖਿਆ ਕੀਤੀ ਹੋਈ ਹੈ।
ਇਸ ਇਲਾਕੇ ਦੇ ਜ਼ਿਆਦਾਤਰ ਲੋਕ ਦਿੱਲੀ ਵਿੱਚ ਕੰਮ ਕਰਦੇ ਹਨ ਅਤੇ ਵਸੁੰਧਰਾ, ਵੈਸ਼ਾਲੀ, ਇੰਦਰਾਪੁਰਮ, ਕੌਸ਼ੰਬੀ ਵਿੱਚ ਰਹਿੰਦੇ ਹਨ। ਸੜਕਾਂ ਬੰਦ ਹੋਣ ਕਾਰਨ ਲੋਕਾਂ ਨੂੰ ਖਾਸੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨੋਇਡਾ ਸੈਕਟਰ 62 ਤੋਂ ਰੇਲਵੇ ਦੀ ਪ੍ਰੀਖਿਆ ਦੇ ਕੇ ਵਾਪਸ ਆ ਰਹੇ ਮਨੀਸ਼ ਯਾਦਵ ਨੇ ਬੀਬੀਸੀ ਨੂੰ ਦੱਸਿਆ, "ਮੈਂ ਤਾਂ ਇਥੋਂ ਦਾ ਰਹਿਣ ਵਾਲਾ ਹਾਂ ਤਾਂ ਮੈਨੂੰ ਪੈਦਲ ਵਾਲੇ ਰਸਤੇ ਪਤਾ ਹਨ ਪਰ ਕਈ ਲੋਕ ਬਹੁਤ ਦੇਰ ਤੋਂ ਭਟਕ ਰਹੇ ਹਨ।"
ਟੀਕਰੀ ਬਾਰਡਰ ਤੋਂ ਬੀਬੀਸੀ ਪੱਤਰਕਾਰ ਦਿਲਨਵਾਜ਼ ਪਾਸ਼ਾ
ਟੀਕਰੀ ਬਾਰਡਰ ਤੋਂ ਪੁਲਿਸ ਨੇ ਕੰਕਰੀਟ ਦੇ ਸਲੈਬ ਲਗਾਏ ਹਨ। ਇਸ ਦੇ ਨਾਲ ਹੀ ਸੜਕ 'ਤੇ ਨੁਕੀਲੇ ਸਰੀਏ ਵੀ ਗੱਡੇ ਹਨ ਤਾਂ ਜੋ ਵਾਹਨ ਪਾਰ ਨਾ ਕਰ ਸਕਣ। ਇਸ ਤੋਂ ਇਲਾਵਾ ਇੰਟਰਨੈੱਟ ਬੈਨ ਨੂੰ ਵੀ ਸਰਕਾਰ ਨੇ ਦੋ ਫਰਵਰੀ ਤੱਕ ਵਧਾ ਦਿੱਤਾ ਹੈ।
ਬਾਰਡਰ 'ਤੇ ਮੌਜੂਦ ਕਿਸਾਨ ਇਸ ਨੂੰ ਸਾਜਿਸ਼ ਵਜੋਂ ਦੇਖ ਰਹੇ ਹਨ। ਕਿਸਾਨ ਸੋਸ਼ਲ ਆਰਮੀ ਨਾਲ ਜੁੜੇ ਅਨੂਪ ਚਣੌਤ ਕਹਿੰਦੇ ਹਨ, "ਜੋ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਬਸ ਇੱਕ ਫੋਨ ਕਾਲ ਦੂਰ ਹਾਂ ਉਹ ਇਸ ਤਰ੍ਹਾਂ ਦੇ ਬੈਰੀਕੇਡਿੰਗ ਲਗਾ ਰਹੀ ਹੈ ਜਿਵੇਂ ਸੀਮਾ 'ਤੇ ਲਗਾਏ ਜਾਂਦੇ ਹਨ।"
ਚਣੌਤ ਕਹਿੰਦੇ ਹਨ, 'ਅਸੀਂ ਸ਼ਾਂਤੀ ਨਾਲ ਆਪਣੇ ਮੋਰਚੇ 'ਤੇ ਬੈਠੇ ਹਨ ਅਤੇ ਅਸੀਂ ਇੱਥੇ ਬੈਠੇ ਰਹਿਣਗੇ। ਪਰ ਜੇਕਰ ਅਸੀਂ ਸੰਸਦ ਨੂੰ ਘੇਰਨ ਲਈ ਅੱਗੇ ਵਧਣਾ ਚਾਹਾਂਗਾ ਤਾਂ ਇਹ ਬੈਰੀਕੇਡ ਸਾਨੂੰ ਰੋਕ ਨਹੀਂ ਸਕਣਗੇ। ਸਰਕਾਰ ਸਾਜ਼ਿਸ਼ ਰਚ ਰਹੀ ਹੈ।"
ਉਹ ਕਹਿੰਦੇ ਹਨ, "ਇੰਟਰਨੈੱਟ ਵੀ ਬੰਦ ਕਰ ਦਿੱਤਾ ਗਿਆ, ਅਸੀਂ ਜ਼ਰੂਰੀ ਸੂਚਨਾਵਾਂ ਵੀ ਲੋਕਾਂ ਤੱਕ ਨਹੀਂ ਪਹੁੰਚਾ ਸਕਦੇ। ਹੁਣ ਟਵਿੱਟਰ ਤੋਂ ਕਿਸਾਨ ਅੰਦੋਲਨ ਦੇ ਅਕਾਊਂਟ ਬੰਦ ਕਰਵਾ ਦਿੱਤੇ ਗਏ ਹਨ। ਲੋਕ ਤੰਤਰ ਵਿੱਚ ਸਾਡੀ ਆਵਾਜ਼ ਨੂੰ ਘੁੱਟਿਆ ਜਾ ਰਿਹਾ ਹੈ।"
"ਇਸ ਸਾਰੇ ਦਬਾਅ ਦੇ ਬਵਾਜੂਦ ਅਸੀਂ ਟਿਕੇ ਰਹਾਂਗੇ ਅਤੇ ਸਾਡਾ ਪ੍ਰਦਰਸ਼ਨ ਜਾਰੀ ਰਹੇਗਾ।"
ਉੱਥੇ ਦਿੱਲੀ ਪੁਲਿਸ ਦੇ ਜੁਆਇੰਟ ਕਮਿਸ਼ਨਰ (ਨਾਰਥਨ ਰੇਂਜ) ਐੱਸਐੱਸ ਯਾਦਵ ਨੇ ਬੀਬੀਸੀ ਨਾਲ ਗੱਲ ਕਰਦਿਆਂ ਹੋਇਆ ਸਿੰਘੂ ਬਾਰਡਰ 'ਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾਣ ਦੀ ਪੁਸ਼ਟੀ ਕੀਤੀ।
ਹਾਲਾਂਕਿ, ਉਨ੍ਹਾਂ ਤੈਨਾਤ ਸੁਰੱਖਿਆ ਕਰਮੀਆਂ ਦੀ ਗਿਣਤੀ ਨੂੰ ਸੰਵੇਦਨਸ਼ੀਲ ਜਾਣਕਾਰੀ ਦਿੰਦਿਆਂ ਹੋਇਆ ਜ਼ਾਹਿਰ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਲਈ ਜੋ ਵੀ ਜ਼ਰੂਰੀ ਇੰਤਜ਼ਾਮ ਹੋ ਸਕਦਾ ਹੈ ਉਹ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: