ਕਿਸਾਨ ਅੰਦੋਲਨ: ਕਿਸਾਨ ਸੰਯੁਕਤ ਮੋਰਚਾ ਨੇ 6 ਫਰਵਰੀ ਨੂੰ 3 ਘੰਟਿਆਂ ਲਈ ਰੋਡ ਜਾਮ ਕਰਨ ਦਾ ਐਲਾਨ ਕੀਤਾ

ਕਿਸਾਨ ਸੰਯੁਕਤ ਮੋਰਚਾ ਨੇ ਕਿਹਾ ਹੈ ਕਿ ਪੂਰੇ ਦੇਸ ਵਿੱਚ 6 ਫਰਵਰੀ ਨੂੰ ਪੂਰੇ ਦੇਸ ਵਿੱਚ 3 ਘੰਟੇ ਲਈ ਜਾਮ ਲਗਾਇਆ ਜਾਵੇਗਾ।

ਮੋਰਚੇ ਵੱਲੋਂ ਆਮ ਬਜਟ ਵਿੱਚ ਕਿਸਾਨੀ ਲਈ ਬਜਟ ਘਟਾਉਣ ਦੀ ਨਿੰਦਾ ਕੀਤੀ ਗਈ ਹੈ। ਇਸ ਦੇ ਨਾਲ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਬਾਰੇ ਦਿੱਤੀ ਜਾਣਕਾਰੀ ਬਾਰੇ ਵੀ ਸੰਯੁਕਤ ਮੋਰਚੇ ਨੇ ਪ੍ਰਤੀਕਰਮ ਦਿੱਤਾ।

ਕਿਸਾਨ ਆਗੂ ਪ੍ਰੇਮ ਸਿੰਘ ਭੰਗੂ ਨੇ ਪੁਲਿਸ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਹੀ ਕਿਹਾ ਕਿ 122 ਲੋਕ ਥਾਣੇ ਵਿੱਚ ਬੰਦ ਹਨ ਜਦਕਿ 43 ਲੋਕਾਂ 'ਤੇ ਪਰਚਾ ਦਰਜ ਕਰਕੇ ਜੇਲ੍ਹ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ:

ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਕਿਹਾ, "ਸਰਕਾਰ ਇੱਕ ਤਰ੍ਹਾਂ ਨਾਲ ਘਬਰਾ ਗਈ ਹੈ। ਆਪਣੇ ਗੁੰਡਿਆਂ ਤੋਂ ਹਮਲੇ ਕਰਵਾਉਣੇ, ਇੰਟਰਨੈੱਟ ਬੰਦ ਕਰ ਦੇਣਾ, ਟਰੇਨਾਂ ਦਾ ਮੂੰਹ ਮੋੜ ਦੇਣਾ, ਟਵਿੱਟਰ ਬੰਦ ਕਰਨੇ, ਕੇਸ ਬਣਾ ਦੇਣਾ, ਇਹ ਡਰੀ ਹੋਈ ਸਰਕਾਰ ਦਾ ਸਬੂਤ ਹੈ।"

"ਇਹ ਅੰਦੋਲਨ ਸਭ ਯਾਤਨਾਵਾਂ ਦੇ ਬਾਵਜੂਦ ਅੱਗੇ ਵਧੇਗਾ ਤੇ 6 ਫਰਵਰੀ ਨੂੰ 3 ਘੰਟੇ ਦਾ ਜਾਮ ਸਫ਼ਲ ਹੋਵੇਗਾ।"

ਕਿਸਾਨ ਆਗੂ ਦਰਸ਼ਨ ਪਾਲ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਬਿਜਲੀ ਕੱਟ ਕੇ ਤੇ ਪਾਣੀ ਦੀ ਸਪਲਾਈ ਰੋਕ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ।

ਕਿਸਾਨ ਆਗੂ ਧਰਮਿੰਦਰ ਨੇ ਕਿਹਾ ਕਿ ਗਾਜ਼ੀਪੁਰ ਬਾਰਡਰ 'ਤੇ ਵੀ ਪਾਣੀ ਤੇ ਬਿਜਲੀ ਦੀ ਸਪਲਾਈ ਨੂੰ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਦਿੱਲੀ ਸਰਕਾਰ ਤੋਂ ਮਦਦ ਮੰਗੀ ਤਾਂ ਕਈ ਲੇਅਰ ਦੇ ਬੈਰੀਕੇਡ ਲਗਾ ਕੇ ਸਪਲਾਈ ਨੂੰ ਰੋਕ ਦਿੱਤਾ ਗਿਆ।

ਪੰਜਾਬ ਸਰਕਾਰ ਦੇ ਵਫ਼ਦ ਦੀ ਅਮਿਤ ਸ਼ਾਹ ਨਾਲ ਮੁਲਾਕਾਤ

ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦਾ ਇੱਕ ਵਫ਼ਦ ਨੇ ਲਾਪਤਾ ਹੋਏ ਨੌਜਵਾਨਾਂ ਬਾਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ।

ਸੁਖਜਿੰਦਰ ਰੰਧਾਵਾ ਨੇ ਕਿਹਾ, "ਅਸੀਂ ਗ੍ਰਹਿ ਮੰਤਰੀ ਨਾਲ ਕਿਸਾਨ ਅੰਦੋਲਨ ਦੌਰਾਨ ਗਾਇਬ ਹੋਏ ਨੌਜਵਾਨਾਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਉਹ ਗ੍ਰਿਫ਼ਤਾਰ ਹੋਏ ਨੌਜਵਾਨਾਂ ਦੀ ਲਿਸਟ ਅਪਡੇਟ ਕਰਵਾ ਦੇਣਗੇ ਜੋ ਉਨ੍ਹਾਂ ਨੇ ਕਰਵਾ ਵੀ ਦਿੱਤੀ ਹੈ।"

ਟਰੇਨਾਂ ਤੋਂ ਦਿੱਲੀ ਆ ਰਹੇ ਕਿਸਾਨਾਂ ਨੂੰ ਰੋਹਤਕ ਰੋਕਿਆ ਗਿਆ

ਹਰਿਆਣਾ ਦੇ ਰੋਹਤਕ ਤੋਂ ਸੱਤ ਸਿੰਘ ਦੀ ਰਿਪੋਰਟ ਮੁਤਾਬਕ ਬਠਿੰਡਾ ਤੋਂ ਦਿੱਲੀ ਜਾਣ ਵਾਲੀ ਕਿਸਾਨ ਐਕਸਪ੍ਰੈੱਸ ਵਿੱਚ ਯਾਤਰਾ ਕਰਨ ਵਾਲੇ ਸੈਂਕੜੇ ਕਿਸਾਨਾਂ ਨੂੰ ਸਾਥਨਕ ਪ੍ਰਸ਼ਾਸਨ ਵੱਲੋਂ ਰੋਕੇ ਜਾਣ ਤੋਂ ਬਾਅਦ ਰੋਹਤਕ ਰੇਲਵੇ ਸਟੇਸ਼ਨ 'ਤੇ ਉਤਰਨਾ ਪਿਆ।

ਇਹ ਕਿਸਾਨ ਰੋਹਤਕ ਸਟੇਸ਼ਨ ਤੋਂ ਆਟੋ ਰਿਕਸ਼ਾ ਰਾਹੀਂ ਆਪਣੀ ਮੰਜ਼ਿਲ ਵੱਲ ਵਧੇ।

ਫਿਰੋਜ਼ਪੁਰ-ਦਿੱਲੀ, ਮੁੰਬਈ ਜਾਣ ਵਾਲੀ ਟਰੇਨ ਨੂੰ ਵੀ ਰੋਹਤਕ ਰੇਲਵੇ ਸਟੇਸ਼ਨ ਤੋਂ ਰਿਵਾੜੀ ਵੱਲ ਮੋੜ ਦਿੱਤਾ ਗਿਆ। ਇਸ ਵਿੱਚ ਕਈ ਕਿਸਾਨ ਦਿੱਲੀ ਆਉਣ ਲਈ ਸਫ਼ਰ ਕਰ ਰਹੇ ਸਨ।

ਇਸ ਵਿਚਾਲੇ ਗੰਗਾਨਗਰ-ਹਰਿਦੁਆਰ-ਬਠਿੰਡਾ ਐਕਸਪ੍ਰੈੱਸ ਟਰੇਨ ਜੋ ਰੋਹਤਕ ਰੇਲਵੇ ਸਟੇਸ਼ਨ 'ਤੇ ਸਵੇਰੇ 11 ਵਜੇ ਪਹੁੰਚੀ, ਉਸ ਨੂੰ 15 ਮਿੰਟ ਲਈ ਰੋਕ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਬਹਾਦੁਰਗੜ੍ਹ ਜਾਣ ਦੀ ਆਗਿਆ ਮਿ ਗਈ ਸੀ। ਇਸ ਟਰੇਨ ਵਿੱਚ ਕਿਸਾਨ ਸਵਾਰ ਸਨ।

ਡੀਐੱਸਪੀ (ਹੈੱਡਕੁਆਟਰ) ਗੋਰਖਪਾਲ ਸਿੰਘ ਰਾਣਾ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਵੱਡੀ ਗਿਣਤੀ ਵਿੱਚ ਕਿਸਾਨ ਟੇਰਨਾਂ ਰਾਹੀਂ ਦਿੱਲੀ ਜਾਣ ਲਈ ਆ ਰਹੇ ਹਨ।

ਕਿਸਾਨ ਐਕਸਪ੍ਰੈੱਸ ਰਾਹੀਂ ਯਾਤਰਾ ਕਰਨ ਵਾਲੇ ਕਿਸਾਨਾਂ ਨੂੰ ਰੋਹਤਕ ਰੇਲਵੇ ਸਟੇਸ਼ਨ 'ਤੇ ਰੋਕਿਆ ਗਿਆ ਅਤੇ ਉਹ ਸੜਕ ਰਾਹੀਂ ਆਪਣੇ ਠਿਕਾਣਿਆਂ ਵੱਲ ਵਧੇ।

ਰੋਹਤਕ ਰੇਲਵੇ ਸਟੇਸ਼ਨ ਮਾਸਟਰ ਬੀਐੱਸ ਮੀਣਾ ਨੇ ਇਸ ਮਾਮਲੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

‘ਬਿੱਲ ਵਾਪਸੀ ਨਹੀਂ ਤਾਂ ਘਰ ਵਾਪਸੀ ਨਹੀਂ’

ਦਿੱਲੀ-ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਬਾਰਡਰ 'ਤੇ ਮੌਜੂਦ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਹੁਣ ਤੋਂ ਥੋੜ੍ਹੀ ਦੇਰ ਪਹਿਲਾਂ ਕਿਸਾਨਾਂ ਨੂੰ ਸੰਬੋਧਿਤ ਕੀਤਾ ਤੇ ਕਿਹਾ, 'ਬਿਲ ਵਾਪਸੀ ਨਹੀਂ ਤਾਂ ਘਰ ਵਾਪਸੀ ਨਹੀਂ'

ਉਨ੍ਹਾਂ ਕਿਹਾ, "ਜਿਸ ਤਰ੍ਹਾਂ ਦੀ ਕਿਸਾਨਾਂ ਦੀ ਫੌਜ ਹੁਣ ਤਿਆਰ ਹੋਈ ਹੈ ਉਸ ਨੂੰ ਟੁੱਟਣ ਨਹੀਂ ਦੇਣਾ।"

ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਾਲੀਆ ਬਿਆਨ 'ਚ ਕਿਹਾ, "ਪ੍ਰਧਾਨ ਮੰਤਰੀ ਆਪਣਾ ਨੰਬਰ ਦੱਸ ਦੇਣ ਕਿ ਕਿਹੜੇ ਨੰਬਰ 'ਤੇ ਗੱਲ ਕਰਨੀ ਹੈ। ਅਸੀਂ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਇੰਤਜ਼ਾਰ ਕਰ ਰਹੇ ਹਾਂ।"

ਬੀਤੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਬ ਪਾਰਟੀ ਮੀਟਿੰਗ ਦੌਰਾਨ ਕਿਸਾਨ ਅੰਦੋਲਨ 'ਤੇ ਆਪਣੀ ਗੱਲ ਰੱਖੀ ਸੀ ਕਿ, "ਸਰਕਾਰ ਚਰਚਾ ਲਈ ਤਿਆਰ ਹੈ। ਜੇ ਕਿਸਾਨ ਸੰਗਠਨ ਅੱਗੇ ਵੀ ਚਰਚਾ ਕਰਨਾ ਚਾਹੁੰਦੇ ਹਨ ਤਾਂ ਅਸੀਂ ਇੱਕ ਕਾਲ ਦੀ ਦੂਰੀ 'ਤੇ ਹਾਂ।"

ਗਾਜ਼ੀਪੁਰ ਬਾਰਡਰ 'ਤੇ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਰਾਕੇਸ਼ ਟਿਕੈਤ ਨੇ ਕਿਹਾ, "ਅੰਦੋਲਨ ਨੂੰ ਦਫ਼ਨ ਕਰਨ ਦੀ ਕੋਸ਼ਿਸ਼ ਹੋਈ ਹੈ ਪਰ ਹੁਣ ਘਬਰਾਉਣ ਦੀ ਲੋੜ ਨਹੀਂ ਹੈ।"

ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਟਿਕੈਤ ਕਹਿੰਦੇ ਹਨ, "26 ਤਰੀਕ ਨੂੰ ਚਾਰ ਲੱਖ ਕਿਸਾਨ ਆਪਣੇ ਟਰੈਕਟਰ ਲੈ ਕੇ ਦਿੱਲੀ ਆਏ ਸੀ। ਇੱਥੇ ਗੁਰੂ ਪਰੰਪਰਾ ਨਾਲ ਜੁੜੇ ਲੋਕ ਸਨ ਪਰ ਕਿਸਾਨਾਂ ਨੂੰ ਬਦਨਾਮ ਕੀਤਾ ਗਿਆ ਹੈ। ਉਨ੍ਹਾਂ ਨੂੰ ਖਾਲਿਸਤਾਨੀ ਕਿਹਾ ਗਿਆ, ਅਫ਼ਗਾਨਿਸਤਾਨੀ ਕਿਹਾ ਗਿਆ, ਕਦੇ ਇਸ ਨੂੰ ਪੰਜਾਬ-ਹਰਿਆਣਾ ਦਾ ਅੰਦੋਲਨ ਕਿਹਾ ਗਿਆ ਤਾਂ ਕਦੇ ਉੱਤਰ ਪ੍ਰਦੇਸ਼ ਦਾ ਕਿਹਾ ਗਿਆ, ਪਰ ਇਹ ਅੰਦੋਲਨ ਪੂਰੇ ਭਾਰਤ ਦਾ ਹੈ।"

ਉਨ੍ਹਾਂ ਨੇ ਫਿਰ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਜੋ ਪ੍ਰਦਰਸ਼ਨ ਚੱਲ ਰਿਹਾ ਹੈ ਉਸ ਦਾ ਹੱਲ ਗੱਲਬਾਤ ਨਾਲ ਨਿਕਲਣਾ ਚਾਹੀਦਾ ਹੈ।

ਉਨ੍ਹਾਂ ਕਿਹਾ, "ਅਸੀਂ ਗੱਲਬਾਤ ਲਈ ਤਿਆਰ ਹਾਂ। ਕਿਸਾਨਾਂ ਦੀ ਜੋ 40 ਸੰਗਠਨਾਂ ਦੀ ਕਮੇਟੀ ਹੈ, ਉਸ ਨਾਲ ਗੱਲ ਕਰੋ। ਅਸੀਂ ਕਮੇਟੀ ਦੇ ਹੀ ਮੈਂਬਰ ਹਾਂ, ਉਸ ਤੋਂ ਵੱਖ ਨਹੀਂ ਹਾਂ।"

44 ਐੱਫਆਈਆਰ ਦਰਜ ਤੇ 122 ਗ੍ਰਿਫ਼ਤਾਰੀਆਂ

ਡੀਸੀਪੀ ਨਵੀਂ ਦਿੱਲੀ ਈਸ਼ ਸਿੰਗਲ ਨੇ ਕਿਸਾਨ ਅੰਦੋਲਨ ਦੌਰਾਨ ਹੋਈਆਂ ਗ੍ਰਿਫ਼ਾਤਰੀਆਂ ਜਾਂ ਹਿਰਾਸਤ 'ਚ ਲਏ ਜਾਣ ਬਾਰੇ ਪੁਲਿਸ 'ਤੇ ਲੱਗ ਰਹੇ ਇਲਜ਼ਾਮਾਂ ਬਾਰੇ ਬੋਲਦਿਆਂ ਕਿਹਾ, "ਦਿੱਲੀ ਪੁਲਿਸ ਨੇ ਕਿਸਾਨ ਅੰਦੋਲਨ ਬਾਰੇ 44 ਐੱਫਆਈਆਰ ਦਰਜ ਕੀਤੀਆਂ ਅਤੇ 122 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।"

ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਦਿੱਲੀ ਪੁਲਿਸ ਵੱਲੋਂ ਕਿਸੇ ਨੂੰ ਵੀ ਗ਼ੈਰ-ਕਾਨੂੰਨੀ ਢੰਗ ਨਾਲ ਹਿਰਾਸਤ 'ਚ ਨਹੀਂ ਲਿਆ ਗਿਆ ਹੈ ਤੇ ਨਾ ਹੀ ਬਿਠਾ ਕੇ ਰੱਖਿਆ ਗਿਆ ਹੈ।"

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ 44 ਐੱਫਆਈਆਰ ਤੇ 122 ਗ੍ਰਿਫ਼ਤਾਰੀਆਂ ਬਾਰੇ ਦਿੱਲੀ ਪੁਲਿਸ ਦੀ ਵੈਬਸਾਈਟ 'ਤੇ ਓਨੀ ਜਾਣਕਾਰੀ ਸਾਂਝੀ ਕਰ ਦਿੱਤੀ ਹੈ ਜਿੰਨੀ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕਰ ਸਕਦੇ ਹਾਂ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)