You’re viewing a text-only version of this website that uses less data. View the main version of the website including all images and videos.
ਸੁਸ਼੍ਰੀ ਦਿਬਯਦਰਸ਼ਿਨੀ ਪ੍ਰਧਾਨ: ਆਫ਼ ਸਪਿੱਨ ਗੇਂਦਬਾਜ਼ ਜਿਸਨੇ ਸਹੂਲਤਾਂ ਤੋਂ ਸੱਖਣੇ ਹੋਣ ਦੇ ਬਾਵਜੂਦ ਕਾਮਯਾਬੀ ਹਾਸਲ ਕੀਤੀ
ਸੁਸ਼੍ਰੀ ਦਿਬਯਦਰਸ਼ਿਨੀ ਪ੍ਰਧਾਨ ਓਡੀਸ਼ਾ ਦੀ ਰਹਿਣ ਵਾਲੀ ਹੈ, ਉਹ ਸੂਬਾ ਜੋ ਦੇਸ ਵਿੱਚ ਕ੍ਰਿਕਟ ਲਈ ਨਹੀਂ ਜਾਣਿਆ ਜਾਂਦਾ।
ਘੱਟ ਸਹੂਲਤਾਂ ਦੇ ਬਾਵਜੂਦ, ਉਸ ਨੇ ਆਪਣੀ ਮਿਨਹਤ ਸਦਕਾ ਆਪਣੀ ਪਛਾਣ ਬਣਾਈ ਹੈ।
ਉਹ ਆਫ਼ ਸਪਿੱਨਰ ਹੈ ਤੇ ਸੱਜੇ ਹੱਥ ਨਾਲ ਗੇਂਦਬਾਜ਼ੀ ਕਰਦੀ ਹੈ ਅਤੇ ਬੱਲੇ ਨਾਲ ਕਾਫ਼ੀ ਵਧੀਆ ਪ੍ਰਦਰਸ਼ਨ ਕਰਦੀ ਹੈ। ਸੁਸ਼੍ਰੀ ਦਿਬਯਦਰਸ਼ਿਨੀ ਓਡੀਸ਼ਾ ਲਈ ਖੇਡਦੀ ਹੈ।
ਉਸ ਨੇ ਅੰਡਰ-23 ਮਹਿਲਾ ਚੈਲੰਜਰ ਟਰਾਫੀ ਵਿੱਚ ਇੰਡੀਆ ਗ੍ਰੀਨ ਟੀਮ ਦੀ ਕਪਤਾਨੀ ਕੀਤੀ ਅਤੇ ਆਪਣੀ ਟੀਮ ਨੂੰ ਇਸ ਟੂਰਨਾਮੈਂਟ ਦੇ ਫਾਈਨਲ ਤੱਕ ਲੈ ਕੇ ਗਈ।
ਇਹ ਵੀ ਪੜ੍ਹੋ:
ਉਹ 2020 ਵਿੱਚ ਯੂਏਈ ਵਿੱਚ ਮਹਿਲਾ ਟੀ-20 ਚੈਲੇਂਜ ਵਿੱਚ ਭਾਰਤੀ ਦਿੱਗਜ ਮਿਥਾਲੀ ਰਾਜ ਦੀ ਕਪਤਾਨੀ ਵਿੱਚ ਫ੍ਰੈਂਚਾਇਜ਼ੀ ਵੈਲੋਸਿਟੀ ਕ੍ਰਿਕਟ ਟੀਮ ਲਈ ਖੇਡੀ ਸੀ। ਇਸ ਟੂਰਨਾਮੈਂਟ ਦਾ ਪ੍ਰਬੰਧ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੁਆਰਾ ਕੀਤਾ ਗਿਆ ਸੀ।
ਭਾਰਤੀ ਮਹਿਲਾ ਕ੍ਰਿਕਟ ਟੀਮ ਤੋਂ ਅਣਜਾਣ
ਸੁਸ਼੍ਰੀ ਦਿਬਯਦਰਸ਼ਿਨੀ ਸੱਤ ਸਾਲ ਦੀ ਸੀ ਜਦੋਂ ਉਸ ਨੇ ਆਪਣੇ ਗੁਆਂਢੀ ਮੁੰਡਿਆਂ ਨਾਲ ਕਿਸੇ ਵੀ ਕ੍ਰਿਕਟ ਪ੍ਰੇਮੀ ਵਾਂਗ ਖੇਡਣਾ ਸ਼ੁਰੂ ਕੀਤਾ।
ਉਸ ਸਮੇਂ ਉਸਨੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਖੇਡ ਉਸਦੀ ਜ਼ਿੰਦਗੀ ਦਾ ਇੱਕ ਜਨੂੰਨ ਅਤੇ ਕਰੀਅਰ ਬਣ ਜਾਵੇਗਾ।
ਉਸ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਭਾਰਤ ਕੋਲ ਮਹਿਲਾ ਕ੍ਰਿਕਟ ਟੀਮ ਹੈ ਅਤੇ ਕੁੜੀਆਂ ਪੇਸ਼ੇਵਰ ਢੰਗ ਨਾਲ ਕ੍ਰਿਕਟ ਖੇਡ ਸਕਦੀਆਂ ਹਨ।
ਉਸਦੇ ਪਿਤਾ ਨੇ ਉਸ ਨੂੰ ਕੁਝ ਹੋਰ ਖੇਡਾਂ ਜਿਵੇਂ ਕਿ ਐਥਲੈਟਿਕਸ ਲਈ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ।
ਪਰ ਪ੍ਰਧਾਨ ਨੇ ਕ੍ਰਿਕਟ ਖੇਡਣ ਦਾ ਮਨ ਬਣਾ ਲਿਆ ਸੀ। ਉਹ ਸਥਾਨਕ ਜਾਗ੍ਰਿਤੀ ਕ੍ਰਿਕਟ ਕਲੱਬ ਵਿੱਚ ਸ਼ਾਮਲ ਹੋਈ ਅਤੇ ਕੋਚ ਖਿਰੋਦ ਬੈਹਰਾ ਦੀ ਅਗਵਾਈ ਵਿੱਚ ਸਿਖਲਾਈ ਸ਼ੁਰੂ ਕੀਤੀ।
ਸੁਸ਼੍ਰੀ ਦਿਬਯਦਰਸ਼ਿਨੀ ਦਾ ਕਹਿਣਾ ਹੈ ਕਿ ਉਸਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਪੜਾਅ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਸੀ ਕਿਉਂਕਿ ਕ੍ਰਿਕਟ ਇੱਕ ਮਹਿੰਗਾ ਖੇਡ ਹੈ।
ਇਸ ਤੋਂ ਇਲਾਵਾ ਜਦੋਂ ਕ੍ਰਿਕਟ ਖੇਡਣ ਜਾਂ ਬੁਨਿਆਦੀ ਢਾਂਚੇ ਦੀ ਗੱਲ ਆਉਂਦੀ ਹੈ ਤਾਂ ਓਡੀਸ਼ਾ ਮਹਾਰਾਸ਼ਟਰ ਜਾਂ ਕਰਨਾਟਕ ਵਰਗੇ ਸੂਬਿਆਂ ਦੇ ਬਰਾਬਰ ਨਹੀਂ ਹੈ।
ਇਹ ਵੀ ਪੜ੍ਹੋ:
ਹਾਲਾਂਕਿ ਇੱਕ ਵਾਰ ਜਦੋਂ ਪ੍ਰਧਾਨ ਨੇ ਗੰਭੀਰਤਾ ਨਾਲ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਤਾਂ ਉਸਦੇ ਮਾਪਿਆਂ ਨੇ ਉਸ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ।
ਉਸਨੇ ਆਖਰਕਾਰ 2012 ਵਿੱਚ ਈਸਟ ਜ਼ੋਨ ਅੰਡਰ-19 ਮਹਿਲਾ ਕ੍ਰਿਕਟ ਟੀਮ ਵਿੱਚ ਜਗ੍ਹਾ ਬਣਾਈ। ਉਹ ਓਡੀਸ਼ਾ ਦੀ ਸੀਨੀਅਰ ਟੀਮ ਲਈ ਵੀ ਖੇਡਦੀ ਹੈ ਅਤੇ ਟੀ20 ਕ੍ਰਿਕਟ ਟੂਰਨਾਮੈਂਟ ਵਿੱਚ ਸੂਬੇ ਦੀ ਅੰਡਰ-23 ਟੀਮ ਦੀ ਅਗਵਾਈ ਕਰ ਚੁੱਕੀ ਹੈ।
ਖਿਡਾਰਣਾਂ ਦੀ ਵਿੱਤੀ ਸੁਰੱਖਿਆ ਦਾ ਮੁੱਦਾ
ਪ੍ਰਧਾਨ ਨੂੰ ਵੱਡਾ ਬ੍ਰੇਕ ਸਾਲ 2019 ਵਿੱਚ ਮਿਲਿਆ ਜਦੋਂ ਉਸ ਨੂੰ ਘਰੇਲੂ ਚੈਲੇਂਜਰਜ਼ ਟਰਾਫ਼ੀ ਮਹਿਲਾ ਅੰਡਰ-23 ਟੂਰਨਾਮੈਂਟ ਵਿੱਚ ਇੰਡੀਆ ਗ੍ਰੀਨ ਟੀਮ ਦੀ ਕਪਤਾਨੀ ਲਈ ਚੁਣਿਆ ਗਿਆ।
ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਉਹ ਆਪਣੀ ਟੀਮ ਨੂੰ ਟੂਰਨਾਮੈਂਟ ਦੇ ਫਾਈਨਲ ਵਿੱਚ ਲੈ ਗਈ ਜਿੱਥੇ ਉਹ ਇੰਡੀਆ ਬਲੂ ਟੀਮ ਤੋਂ ਹਾਰ ਗਏ।
ਉਦੋਂ ਉਸ ਨੂੰ ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਦੇ ਵੁਮੈਨਜ਼ ਇਮਰਜਿੰਗ ਏਸ਼ੀਆ ਕੱਪ 2019 ਵਿੱਚ ਭਾਰਤ ਦੀ ਨੁਮਾਇੰਦਗੀ ਲਈ ਚੁਣਿਆ ਗਿਆ। ਇਸ ਟੂਰਨਾਮੈਂਟ ਵਿੱਚ ਭਾਰਤੀ ਟੀਮ ਦੀ ਜਿੱਤ ਹੋਈ ਸੀ।
ਪ੍ਰਧਾਨ ਨੇ ਉਸ ਸਫ਼ਲਤਾ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟ ਲੈ ਕੇ ਅਹਿਮ ਭੂਮਿਕਾ ਨਿਭਾਈ ਸੀ।
ਉਸ ਤੋਂ ਬਾਅਦ ਉਸ ਨੂੰ ਵੈਲੋਸਿਟੀ ਫਰੈਂਚਾਈਜ਼ੀ ਟੀਮ ਨੇ 2020 ਵਿੱਚ ਯੂਏਈ ਵਿੱਚ ਮਹਿਲਾ ਟੀ-20 ਚੈਲੇਂਜ ਵਿੱਚ ਖੇਡਣ ਲਈ ਚੁਣਿਆ।
ਜਦੋਂਕਿ ਪ੍ਰਧਾਨ ਅਤੇ ਉਸਦੀ ਟੀਮ ਲਈ ਇਹ ਛੋਟਾ ਟੂਰਨਾਮੈਂਟ ਕਦੇ ਨਾ ਭੁੱਲੇ ਜਾਣ ਵਾਲੀ ਪਾਰੀ ਸੀ।
ਉਸ ਦਾ ਕਹਿਣਾ ਹੈ ਕਿ ਵੱਡੀਆਂ ਕੌਮਾਂਤਰੀ ਖਿਡਾਰਨਾਂ ਦੇ ਨਾਲ ਅਤੇ ਕੁਝ ਦੇ ਵਿਰੋਧ ਵਿੱਚ ਖੇਡ ਕੇ ਉਸ ਨੂੰ ਬਹੁਤ ਫਾਇਦਾ ਹੋਇਆ।
ਪ੍ਰਧਾਨ ਹੁਣ ਭਾਰਤੀ ਮਹਿਲਾ ਸੀਨੀਅਰ ਟੀਮ ਵਿੱਚ ਦਾਖਲ ਹੋ ਕੇ ਆਪਣੇ ਕ੍ਰਿਕਟ ਦੇ ਸਫ਼ਰ ਨੂੰ ਅਗਲੇ ਪੱਧਰ ਤੱਕ ਪਹੁੰਚਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ।
ਉਹ ਇੱਕ ਦਿਨ ਭਾਰਤ ਲਈ ਕ੍ਰਿਕਟ ਵਿਸ਼ਵ ਕੱਪ ਆਪਣੇ ਹੱਥਾਂ ਵਿੱਚ ਫੜ੍ਹਨ ਦਾ ਸੁਪਨਾ ਦੇਖਦੀ ਹੈ।
ਪ੍ਰਧਾਨ ਨੇ ਆਪਣੇ ਲਈ ਵੱਡਾ ਟੀਚਾ ਰੱਖਿਆ ਹੈ। ਉਹ ਵਿੱਤੀ ਸੁਰੱਖਿਆ ਦੇ ਬੁਨਿਆਦੀ ਮੁੱਦੇ ਬਾਰੇ ਸੋਚਦੀ ਹੈ। ਉਹ ਕਹਿੰਦੀ ਹੈ ਕਿ ਦੇਸ ਵਿੱਚ ਪ੍ਰਤਿਭਾਵਾਨ ਖਿਡਾਰਨਾਂ ਦੀ ਵਿੱਤੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਭੂਮਿਕਾ ਅਦਾ ਕਰਨੀ ਚਾਹੀਦੀ ਹੈ।
ਸੁਸ਼੍ਰੀ ਦਿਬਯਦਰਸ਼ਿਨੀ ਪ੍ਰਧਾਨ ਦਾ ਕਹਿਣਾ ਹੈ ਕਿ ਉਦਾਹਰਣ ਵਜੋਂ ਪੂਰਬੀ ਰੇਲਵੇ ਨੂੰ ਪੂਰਬੀ ਸੂਬਿਆਂ ਜਿਵੇਂ ਕਿ ਓਡੀਸ਼ਾ ਤੋਂ ਹੋਰ ਖਿਡਾਰਨਾਂ ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਰੋਜ਼ੀ-ਰੋਟੀ ਦੀ ਪਰਵਾਹ ਕੀਤੇ ਬਿਨਾਂ ਆਪਣੀ ਖੇਡ 'ਤੇ ਧਿਆਨ ਕੇਂਦਰਿਤ ਕਰ ਸਕਣ।
(ਇਹ ਪ੍ਰੋਫ਼ਾਈਲ ਸੁਸ਼੍ਰੀ ਦਿਬਯਦਰਸ਼ਿਨੀ ਪ੍ਰਧਾਨ ਨੂੰ ਬੀਬੀਸੀ ਵੱਲੋਂ ਭੇਜੇ ਗਏ ਈਮੇਲ ਦੇ ਜਵਾਬਾਂ 'ਤੇ ਅਧਾਰਿਤ ਹੈ)
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: